ਮਾਂ-ਬੋਲੀ ਦਾ ਮਹੱਤਵ
Maa-Boli Da Mahatav
ਮਾਂ-ਬੋਲੀ ਜਾਂ ਮਾਤ-ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜਿਹੜੀ ਬੱਚਾ ਆਪਣੇ ਬਚਪਨ ਵਿੱਚ ਹੀ ਆਪਣੇ ਮਾਤਾ-ਪਿਤਾ, ਭੈਣ-ਭਰਾਵਾਂ ਰਿਸ਼ਤੇਦਾਰਾਂ, ਆਂਢ-ਗੁਆਂਢ ਵਿੱਚੋਂ, ਸਮਾਜ ਵਿੱਚੋਂ ਸਹਿਜ ਰੂਪ ਵਿੱਚ ਹੀ ਸਿੱਖ ਜਾਂਦਾ ਹੈ। ਇਸ ਭਾਸ਼ਾ ਦਾ ਗਿਆਨ ਬੱਚੇ ਨੂੰ ਮਾਂ ਦੀ ਗੋਦੀ ਵਿੱਚ ਬੈਠਣ ਦੇ ਸਮੇਂ ਹੀ ਸ਼ੁਰੂ ਹੋ ਜਾਂਦਾ ਹੈ। ਬੱਚੇ ਦੀ ਪੂਰੀ ਤਰ੍ਹਾਂ ਹੋਸ਼ ਸੰਭਾਲਣ ਤੱਕ ਉਸ ਦੇ ਆਲੇ-ਦੁਆਲੇ ਵਿੱਚ ਇਸ -ਬੋਲੀ ਦੀ ਹੀ ਪ੍ਰਧਾਨਤਾ ਹੁੰਦੀ ਹੈ। ਇਸੇ ਕਾਰਨ ਬੱਚੇ ਨੂੰ ਮਾਂ-ਬੋਲੀ ਵਿੱਚ ਕਾਫ਼ੀ ਹੱਦ ਮੁਹਾਰਤ ਸਹਿਜ ਰੂਪ ਵਿੱਚ ਹੀ ਹੋ ਜਾਂਦੀ ਹੈ।ਇਸੇ ਕਾਰਨ ਹੀ ਸਾਡੇ ਵਿਦਵਾਨ ਇਸ ਗੱਲ ਨਾਲ ਪੂਰਨ ਰੂਪ ਵਿੱਚ ਸਹਿਮਤ ਹਨ ਕਿ ਮਨੁੱਖ ਭਾਵੇਂ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖ ਲਵੇ ਪਰ ਉਹ ਆਪਣੇ ਵਿਚਾਰ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਆਪਣੀ ਮਾਂ-ਬੋਲੀ ਵਿੱਚ ਹੀ ਪ੍ਰਗਟ ਕਰ ਸਕਦਾ ਹੈ। ਪੰਜਾਬੀ ਦੇ ਮਹਾਨ ਲੇਖਕ ਤੇ ਅਦਾਕਾਰ ਬਲਰਾਜ ਸਾਹਨੀ ਨੇ ਨੋਬਲ ਪੁਰਸਕਾਰ ਵਿਜੇਤਾ ਰਬਿੰਦਰ ਨਾਥ ਟੈਗੋਰ ਜੀ ਦੀ ਇਸੇ ਪ੍ਰਸੰਗ ਵਿੱਚ ਦਿੱਤੀ ਪ੍ਰੇਰਨਾ ਤੋਂ ਪ੍ਰਭਾਵਤ ਹੋ ਕੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਸੀ। ਅਜੋਕੇ ਸਮੇਂ ਵਿੱਚ ਭਾਵੇਂ ਆਮ ਲੋਕ ਵਿਖਾਵੇ ਵੱਸ ਹੀ ਅੰਗਰੇਜ਼ੀ ਭਾਸ਼ਾ ਦੇ ਗਿਆਨ ਨੂੰ ਵਿਦਵਤਾ ਦੀ ਨਿਸ਼ਾਨੀ ਮੰਨਦੇ ਹਨ ਪਰ ਭਾਸ਼ਾ ਵਿਗਿਆਨੀਆਂ ਅਨੁਸਾਰ ਭਾਸ਼ਾ ਤਾਂ ਕੇਵਲ ਸੰਚਾਰ ਦਾ ਇੱਕ ਸਾਧਨ ਹੁੰਦੀ ਹੈ। ਇਸੇ ਕਾਰਨ ਹਰ ਭਾਸ਼ਾ ਆਪਣੇ ਆਪ ਵਿੱਚ ਮਹੱਤਵਪੂਰਨ ਹੁੰਦੀ ਹੈ। ਇਹ ਵੀ ਇੱਕ ਅਟੱਲ ਸਚਾਈ ਹੈ ਕਿ ਮਨੁੱਖ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖ ਲਵੇ ਪਰ ਉਹ ਆਪਣੀ ਖ਼ੁਸ਼ੀ, ਫ਼ਿਕਰ ਤੇ ਦੁੱਖ ਦਾ ਪ੍ਰਗਟਾਵਾ ਆਪਣੀ ਮਾਂ- ਬੋਲੀ ਵਿੱਚ ਹੀ ਕਰਦਾ ਹੈ। ਅੱਜ ਵੀ ਪੰਜਾਬ ਵਿੱਚ ਵੱਧ ਪੜ੍ਹੇ-ਲਿਖੇ ਪਰਿਵਾਰਾਂ ਵਿੱਚ ਵੀ ਵਿਆਹਾਂ ਮੌਕੇ ਸੁਹਾਗ ਤੇ ਘੋੜੀਆਂ, ਟੱਪੇ, ਮਾਹੀਏ, ਸਿੱਠਣੀਆਂ ਅੰਗਰੇਜ਼ੀ ਵਿੱਚ ਨਹੀਂ ਪੰਜਾਬੀ ਅਰਥਾਤ ਮਾਂ-ਬੋਲੀ ਵਿੱਚ ਹੀ ਗਾਏ ਜਾਂਦੇ ਹਨ। ਇਸੇ ਤਰ੍ਹਾਂ ਕੀਰਨੇ ਵੀ ਮਾਂ- ਬੋਲੀ ਵਿੱਚ ਹੀ ਪੈਂਦੇ ਹਨ। ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਸਾਰੇ ਆਪਣੀ ਮਾਂ-ਬੋਲੀ ਨਾਲ ਵੱਧ ਤੋਂ ਵੱਧ ਪਿਆਰ ਕਰੀਏ ਤੇ ਇਸ ਦੇ ਵਿਕਾਸ ਲਈ ਆਪਣਾ ਬਣਦਾ ਯੋਗਦਾਨ ਪਾ ਕੇ ਮਾਂ-ਬੋਲੀ ਦਾ ਬਣਦਾ ਕਰਜ਼ਾ ਉਤਾਰੀਏ।
1 Comments
Amazing letter
ReplyDelete