ਲਾਇਬ੍ਰੇਰੀ
Library
‘ਲਾਇਬ੍ਰੇਰੀ` ਤੋਂ ਭਾਵ ਉਹ ਥਾਂ ਹੁੰਦੀ ਹੈ ਜਿੱਥੇ ਤਰ੍ਹਾਂ-ਤਰ੍ਹਾਂ ਦੀਆਂ ਪੁਸਤਕਾਂ, ਰਸਾਲੇ, ਅਖ਼ਬਾਰ ਆਦਿ ਪ੍ਰਾਪਤ ਹੁੰਦੇ ਹਨ। ਲਾਇਬ੍ਰੇਰੀ ਨੂੰ 'ਗਿਆਨ ਦਾ ਮੰਦਰ' ਵੀ ਕਿਹਾ ਗਿਆ ਹੈ। ਜਿੱਥੇ ਹਰ ਪੁਸਤਕ ਮੂਰਤੀ ਤੇ ਪਾਠਕ ਪੁਜਾਰੀ ਹੁੰਦਾ ਹੈ। ਕਿਸੇ ਵੀ ਸਕੂਲ, ਕਾਲਜ, ਯੂਨੀਵਰਸਿਟੀ ਆਦਿ ਵਿੱਚ ਉਸ ਦੀ ਲਾਇਬ੍ਰੇਰੀ ਦਾ ਆਪਣਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਅਸਲ ਵਿੱਚ ਪੁਸਤਕਾਂ ਗਿਆਨ ਦਾ ਭੰਡਾਰ ਹੁੰਦੀਆਂ ਹਨ। ਇਹ ਮਨੁੱਖ ਦਾ ਸੱਚਾ ਸਾਥੀ ਵੀ ਹੁੰਦੀਆਂ ਹਨ। ਲਾਇਬ੍ਰੇਰੀ ਵਿੱਚ ਹਰ ਵਿਸ਼ੇ ਨਾਲ ਸੰਬੰਧਤ ਪੁਸਤਕਾਂ ਸ਼ਾਮਲ ਹੁੰਦੀਆਂ ਹਨ। ਚੰਗੀ ਲਾਇਬ੍ਰੇਰੀ ਵਿੱਚ ਹਰ ਉਮਰ ਤੇ ਹਰ ਲੋੜ ਦੇ ਪਾਠਕ ਨੂੰ ਕੇਂਦਰ ਵਿੱਚ ਰੱਖਦਿਆਂ ਪੁਸਤਕਾਂ ਰੱਖੀਆਂ ਜਾਂਦੀਆਂ ਹਨ। ਸਾਹਿਤ ਦੇ ਪਾਠਕਾਂ ਲਈ ਹਰ ਸਾਹਿਤ ਰੂਪਾਂ ਦੀਆਂ ਪੁਸਤਕਾਂ ਹੁੰਦੀਆਂ ਹਨ। ਖੋਜ ਨਾਲ ਸੰਬੰਧਤ ਵਿਦਿਆਰਥੀ ਆਪਣੀ ਲੋੜ ਦੀਆਂ ਪੁਸਤਕਾਂ ਪ੍ਰਾਪਤ ਕਰਦੇ ਹਨ। ਹਰ ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹਨ ਦਾ ਪ੍ਰਬੰਧ ਵੀ ਹੁੰਦਾ ਹੈ ਅਤੇ ਪਾਠਕ ਲਾਇਬ੍ਰੇਰੀ ਦੇ ਮੈਂਬਰ ਬਣਨ ਮਗਰੋਂ ਪੁਸਤਕਾਂ ਆਪਣੇ ਨਾਂ 'ਤੇ ਕਢਵਾ ਕੇ ਘਰ ਲਿਜਾ ਕੇ ਪੜ੍ਹ ਸਕਦੇ ਹਨ। ਲਾਇਬ੍ਰੇਰੀਆਂ ਵਿੱਚ ਹੀ ਸਾਡਾ ਸਾਰਾ ਇਤਿਹਾਸ ਪਿਆ ਹੁੰਦਾ ਹੈ। ਸਾਹਿਤਕਾਰਾਂ, ਸਾਇੰਸਦਾਨਾਂ, ਦਾਰਸ਼ਨਿਕਾਂ ਆਦਿ ਦੀਆਂ ਰੂਹਾਂ ਪੁਸਤਕਾਂ ਵਿੱਚ ਧੜਕਦੀਆਂ ਹਨ।ਹਰ ਮਨੁੱਖ ਲਾਇਬ੍ਰੇਰੀ ਦੀ ਵਰਤੋਂ ਕਰ ਕੇ ਆਪਣੀ ਜ਼ਿੰਦਗੀ ਵਿੱਚ ਉਚੇਰੀਆਂ ਮੰਜ਼ਲਾਂ ਨੂੰ ਕਰ ਸਕਦਾ ਹੈ। ਲਾਇਬ੍ਰੇਰੀ ਦੀ ਉਚਿਤ ਵਰਤੋਂ ਲਈ ਵਿਦਿਆਰਥੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਪਾਠਕਾਂ ਨੂੰ ਲਾਇਬ੍ਰੇਰੀ ਦੀਆਂ ਪੁਸਤਕਾਂ ਦੀ ਸਾਂਭ ਸੰਭਾਲ ਦਾ ਖ਼ਾਸ ਧਿਆਨ ਰੱਖਣ ਲਈ ਆਪਣੀ ਨੈਤਿਕ ਜ਼ਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ। ਪੁਸਤਕਾਂ ਦੇ ਮਹੱਤਵ ਦੀ ਸਮਝ ਲਾਇਬ੍ਰੇਰੀ ਦੇ ਮਹੱਤਵ ਪ੍ਰਤੀ ਸੁਚੇਤ ਕਰਦੀ ਹੈ।
0 Comments