ਕਿਤਾਬਾਂ ਦਾ ਮਹੱਤਵ
Kitaba Da Mahatva
ਹਰ ਸਮਾਜ ਵਿੱਚ ਮਨੁੱਖ ਨੂੰ ਇੱਕ ਚੰਗਾ ਜਾਂ ਸੰਪੂਰਨ ਮਨੁੱਖ ਬਣਾਉਣ ਲਈ ਕਈ ਗੱਲਾਂ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।ਜੇਕਰ ਅਸੀਂ ਵੇਖੀਏ ਤਾਂ ਹਰ ਧਰਮ ਮਨੁੱਖ ਨੂੰ ਚੰਗਾ ਮਨੁੱਖ ਬਣਨ ਲਈ ਪ੍ਰੇਰਨਾ ਦਿੰਦਾ ਹੈ।ਜੇਕਰ ਇੱਕ ਮਨੁੱਖ ਚੰਗਾ ਬਣਦਾ ਹੈ ਤਾਂ ਸਾਰਾ ਸਮਾਜ ਵੀ ਚੰਗਾ ਹੋ ਜਾਂਦਾ ਹੈ ਕਿਉਂਕਿ ਮਨੁੱਖ ਇੱਕ ਸਮਾਜਕ ਪ੍ਰਾਣੀ ਹੀ ਹੁੰਦਾ ਹੈ। ਮਹਾਨ ਚਿੰਤਕ ਨੇ ਕਿਹਾ ਸੀ ਕਿ ਮਨੁੱਖ ਸਮਾਜ ਤੋਂ ਬਿਨਾਂ ਨਹੀਂ ਰਹਿ ਸਕਦਾ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਹ ਦੇਵਤਾ ਹੈ ਜਾਂ ਪਸ਼ੂ ਇੰਜ ਸਮਾਜ ਦਾ ਹਿੱਸਾ ਹੁੰਦਿਆਂ ਮਨੁੱਖ ਦੀ ਸ਼ਖ਼ਸੀਅਤ ਦੇ ਵਿਕਾਸ ਲਈ ਕਿਤਾਬਾਂ ਬਹੁਤ ਹੀ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਆਮ ਕਿਹਾ ਜਾਂਦਾ ਹੈ ਕਿ ਕਿਤਾਬਾਂ ਮਨੁੱਖ ਦੀਆਂ ਸੱਚੀਆਂ ਮਿੱਤਰ ਹੁੰਦੀਆਂ ਹਨ। ਇਸੇ ਕਾਰਨ ਲਾਇਬ੍ਰੇਰੀਆਂ ਨੂੰ ਵੀ 'ਮੰਦਰਾਂ' ਦਾ ਰੁਤਬਾ ਦਿੱਤਾ ਜਾਂਦਾ ਹੈ। ਹਰ ਮਨੁੱਖ ਆਪਣੀ ਉਮਰ ਤੇ ਲੋੜ ਨਾਲ ਕਿਤਾਬਾਂ ਦੀ ਚੋਣ ਕਰ ਸਕਦਾ ਹੈ। ਜਿੱਥੇ ਵਿਦਿਆਰਥੀ ਆਪਣੇ ਪਾਠ-ਕ੍ਰਮ ਦੀਆਂ ਪੁਸਤਕਾਂ ਪੜ੍ਹਦੇ ਹਨ ਉੱਥੇ ਸਾਹਿਤ ਦੇ ਵੱਖ-ਵੱਖ ਰੂਪਾਂ ਨਾਲ ਸੰਬੰਧਤ ਪੁਸਤਕਾਂ ਉਨ੍ਹਾਂ ਨੂੰ ਜੀਵਨ ਜਿਊਣ ਦੀ ਜਾਚ ਦੱਸਦੀਆਂ ਹਨ। ਕਿਤਾਬਾਂ ਗਿਆਨ ਦੇ ਅਮੁੱਲ ਭੰਡਾਰ ਹਨ। ਚੰਗੀਆਂ ਤੇ ਉਸਾਰੂ ਪ੍ਰੇਰਨਾ ਵਾਲੀਆਂ ਪੁਸਤਕਾਂ ਸਮਾਜ ਵਿੱਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਂਦੀਆਂ ਹਨ। ਪ੍ਰਤੀਬੱਧ ਸਾਹਿਤਕਾਰਾਂ ਦੀਆਂ ਰਚਨਾਵਾਂ ਬਹੁਤ ਮਹੱਤਵਪੂਰਨ ਉਦੇਸ਼ ਨੂੰ ਕੇਂਦਰ 'ਚ ਰੱਖ ਕੇ ਰਚੀਆਂ ਜਾਂਦੀਆਂ ਹਨ। ਹਰ ਪਾਠਕ ਨੂੰ ਪੁਸਤਕ ਦੀ ਚੋਣ ਕਰਨ ਸਮੇਂ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਕੁਝ ਪੈਸਾ ਕਮਾਉਣ ਵਾਲੇ ਪ੍ਰਕਾਸ਼ਕ ਅਜਿਹੀਆਂ ਕਿਤਾਬਾਂ ਵੀ ਛਾਪ ਕੇ ਵੇਚਦੇ ਹਨ ਜੋ ਮਨੁੱਖੀ ਮਨ ਵਿੱਚ ਵਿਕਾਰ ਹੀ ਪੈਦਾ ਕਰਦੀਆਂ ਹਨ। ਇੰਜ ਕਿਤਾਬਾਂ ਦਾ ਮਨੁੱਖ ਦੀ ਸੋਚ ਨੂੰ ਘੜਨ ਵਿੱਚ ਬਹੁਤ ਮਹੱਤਵ ਹੁੰਦਾ ਹੈ। ਚੰਗੀਆਂ ਪੁਸਤਕਾਂ ਦੇ ਅਣਗਿਣਤ ਸੰਸਕਰਨਾਂ ਦਾ ਛਪਣਾ ਇਸੇ ਗੱਲ ਦਾ ਗਵਾਹ ਹੈ। ਇਸ ਤਰ੍ਹਾਂ ਚੰਗੀਆਂ ਕਿਤਾਬਾਂ ਸਮਾਜ ਵਿੱਚ ਆਪਣੀ ਉਸਾਰੂ ਭੂਮਿਕਾ ਬਹੁਤ ਹੀ ਸਹਿਜ ਰੂਪ 'ਚ ਨਿਭਾ ਦਿੰਦੀਆਂ ਹਨ।
0 Comments