ਕਰ ਮਜੂਰੀ ਖਾ ਚੂਰੀ
Kar Majuri Kha Churi
ਸਮਾਜ ਵਿੱਚ ਸਿਆਣੇ ਮਨੁੱਖ ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚੋਂ ਅਜਿਹਾ ਨਿਚੋੜ ਕੱਢ ਕੇ ਸਾਡੇ ਸਾਹਮਣੇ ਪੇਸ਼ ਕਰਦੇ ਹਨ ਕਿ ਉਹ ਗੱਲਾਂ ਜਾਂ ਨਸੀਹਤਾਂ ਸਾਡੇ ਲਈ ਇੱਕ ਅਟੱਲ ਸਚਾਈ ਦਾ ਰੂਪ ਧਾਰ ਜਾਂਦੀਆਂ ਹਨ। ਹੌਲੀ-ਹੌਲੀ ਅਜਿਹੀਆਂ ਗੱਲਾਂ ਆਪਣੇ ਵਿੱਚ ਸਮੋਈ ਬੈਠੀ ਸਚਾਈ ਸਦਕਾ ਅਖਾਣਾਂ ਵਰਗਾ ਰੂਪ ਧਾਰਨ ਕਰ ਜਾਂਦੀਆਂ ਹਨ। 'ਕਰ ਮਜੂਰੀ ਖਾ ਚੂਰੀ' ਵਿੱਚ ਵੀ ਇੱਕ ਸਚਾਈ ਨੂੰ ਹੀ ਪ੍ਰਗਟ ਕੀਤਾ ਗਿਆ ਹੈ।ਇਸ ਤੋਂ ਭਾਵ ਹੈ ਕਿ ਜਿਹੜਾ ਮਨੁੱਖ ਮਿਹਨਤ ਕਰਦਾ ਹੈ ਉਹ ਚੂਰੀ ਹੀ ਖਾਂਦਾ ਹੈ ਅਰਥਾਤ ਮਿਹਨਤੀ ਮਨੁੱਖ ਨੂੰ ਹਮੇਸ਼ਾ ਚੰਗਾ ਖਾਣ ਨੂੰ ਮਿਲਦਾ ਹੈ। ਇਸ ਦੇ ਡੂੰਘੇਰੇ ਅਰਥ ਵੀ ਇਹੋ ਹਨ ਕਿ ਮਿਹਨਤੀ ਮਨੁੱਖ ਨੂੰ ਆਰਥਕ ਪੱਖ ਤੋਂ ਜੀਵਨ ਵਿੱਚ ਕਦੇ ਕੋਈ ਤੰਗੀ ਤੁਰਸ਼ੀ ਨਹੀਂ ਆਉਂਦੀ। ਇਹ ਇੱਕ ਅਜਿਹੀ ਸਚਾਈ ਹੈ ਜਿਸ 'ਤੇ ਚੱਲ ਕੇ ਆਮ ਮਨੁੱਖ ਆਪਣੇ ਜੀਵਨ ਦੀਆਂ ਮੁੱਖ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਦੀ ਪੂਰਤੀ ਕਰ ਸਕਦਾ ਹੈ।ਇਸ ਵਿੱਚ ਇਨ੍ਹਾਂ ਲੋੜਾਂ ਦੀ ਪੂਰਤੀ ਕਰਨ ਲਈ ਕੋਈ ਪੁੱਠੇ ਰਸਤੇ ਅਖ਼ਤਿਆਰ ਕਰਨ ਦੀ ਥਾਂ ਕਿਰਤ ਕਰਨ ਦੀ ਗੱਲ ਕੀਤੀ ਗਈ ਹੈ। ਸ੍ਰੀ ਗੁਰੂ ਨਾਨਕ ਵੀ ਆਪਣੀ ਬਾਣੀ ਵਿੱਚ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਦੀ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਨੇ ਆਪ ਵੀ ਆਪਣੀ ਜ਼ਿੰਦਗੀ ਦੇ ਅਖ਼ੀਰਲੇ ਸਾਲਾਂ ਵਿੱਚ ਕਰਤਾਰਪੁਰ (ਪਾਕਿਸਤਾਨ) ਵਿੱਚ ਰਹਿ ਕੇ ਹੱਥੀਂ ਖੇਤੀ ਕਰ ਕੇ ਲੋਕਾਂ ਨੂੰ ਵੀ ਕਿਰਤ ਕਰਨ ਲਈ ਪ੍ਰੇਰਿਆ। ਹੱਥੀਂ ਕਿਰਤ ਕਰ ਕੇ ਕੀਤੀ ਕਮਾਈ ਨੂੰ ਮਨੁੱਖ ਕਦੇ ਵੀ ਵਿਅਰਥ ਨਹੀਂ ਗਵਾਉਂਦੇ। ਦੂਸਰੇ ਪਾਸੇ ਗ਼ਲਤ ਤਰੀਕੇ ਨਾਲ ਕਮਾਇਆ ਧਨ ਮਨੁੱਖ ਨੂੰ ਗ਼ਲਤ ਪਾਸੇ ਹੀ ਲਾਉਂਦਾ ਹੈ। ਇਸ ਨਾਲ ਹੀ ਮਨੁੱਖੀ ਚਰਿੱਤਰ ਦੇ ਵਿੱਚ ਵਿਕਾਰ ਹੀ ਪੈਦਾ ਹੁੰਦੇ ਹਨ। ਇਸ ਲਈ ‘ਕਰ ਮਜੂਰੀ ਖਾ ਚੂਰੀ` ਵਿੱਚ ਜ਼ਿੰਦਗੀ ਦੀ ਇੱਕ ਬਹੁਤ ਵੱਡੀ ਸਚਾਈ ਨੂੰ ਪੇਸ਼ ਕੀਤਾ ਗਿਆ ਹੈ। ਇਹ ਇੱਕ ਜੀਵਨ ਜਾਚ ਲਈ ਪ੍ਰੇਰਦੀ ਹੈ ਜਿਹੜੀ ਮਨੁੱਖੀ ਸ਼ਖ਼ਸੀਅਤ ਵਿੱਚ ਅਜਿਹੇ ਗੁਣ ਪੈਦਾ ਕਰਦੀ ਹੈ ਜਿਸ ਨਾਲ ਸਾਡਾ ਸਮੁੱਚਾ ਸਮਾਜਕ ਢਾਂਚਾ ਹੁਸੀਨ ਬਣਦਾ ਹੈ।
0 Comments