ਜੇ ਮੈਂ ਮੁੱਖ ਮੰਤਰੀ ਹੋਵਾਂ
Je Me Mukh Mantri Hova
ਹਰ ਵਿਅਕਤੀ ਦੀ ਇਹ ਤਮੰਨਾ ਹੁੰਦੀ ਹੈ ਕਿ ਉਹ ਜ਼ਿੰਦਗੀ ਵਿੱਚ ਉੱਚੇ ਤੋਂ ਉੱਚੇ ਅਹੁਦੇ 'ਤੇ ਪਹੁੰਚੇ। ਇਸ ਲਈ ਮਨੁੱਖ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਮੈਨੂੰ ਸ਼ੁਰੂ ਤੋਂ ਹੀ ਰਾਜਨੀਤੀ ਨਾਲ ਜੁੜਨਾ ਚੰਗਾ ਲੱਗਦਾ ਰਿਹਾ ਹੈ। ਇਸੇ ਕਾਰਨ ਮੈਂ ਹੁਣ ਤੱਕ ਸਮੇਂ-ਸਮੇਂ ਰਾਜਨੀਤਕ ਆਗੂਆਂ ਦੇ ਸੰਪਰਕ ਵਿੱਚ ਰਿਹਾ ਹਾਂ। ਮੇਰੀ ਇਹ ਇੱਛਾ ਹੈ ਕਿ ਜੇ ਮੈਂ ਪ੍ਰਾਂਤ ਦਾ ਮੁੱਖ ਮੰਤਰੀ ਹੋਵਾਂ ਤਾਂ ਮੈਂ ਬਹੁਤ ਹੀ ਸੁਹਿਰਦਤਾ ਨਾਲ ਆਪਣੇ ਪ੍ਰਾਂਤ ਨੂੰ ਵਿਕਾਸ ਦੀਆਂ ਉਚੇਰੀਆਂ ਮੰਜ਼ਲਾਂ 'ਤੇ ਪਹੁੰਚਾ ਦੇਵਾਂਗਾ। ਆਮ ਤੌਰ 'ਤੇ ਲੋਕ ਸੁੱਤੇ ਪਏ ਸੁਪਨੇ ਲੈਂਦੇ ਹਨ ਪਰ ਮੈਂ ਇਹ ਸੁਪਨਾ ਜਾਗਦਿਆਂ ਹੀ ਲਿਆ ਹੈ। ਸਭ ਤੋਂ ਪਹਿਲਾਂ ਮੈਂ ਮਨਪਸੰਦ ਰਾਜਨੀਤਕ ਪਾਰਟੀ ਵਿੱਚ ਸ਼ਾਮਲ ਹੋ ਕੇ ਆਪਣੀ ਲਿਆਕਤ ਨਾਲ ਪਾਰਟੀ ਵਿੱਚ ਚੰਗੀ ਥਾਂ ਬਣਾ ਲੈਣੀ ਹੈ। ਇਸ ਉਪਰੰਤ ਹੌਲੀ-ਹੌਲੀ ਮੈਂ ਆਪਣੇ ਇਲਾਕੇ ਦੇ ਲੋਕਾਂ ਨਾਲ ਨੇੜਤਾ ਬਣਾ ਕੇ ਉਨ੍ਹਾਂ ਦਾ ਹਰਮਨ-ਪਿਆਰਾ ਆਗੂ ਬਣ ਜਾਣਾ ਹੈ। ਮਗਰੋਂ ਮੈਂ ਪਾਰਟੀ ਦੀ ਟਿਕਟ 'ਤੇ ਵਿਧਾਨ ਸਭਾ ਦੀ ਚੋਣ ਲੜ ਕੇ ਐੱਮ.ਐੱਲ.ਏ. ਚੁਣਿਆ ਜਾਣਾ ਹੈ। ਇਸ ਉਪਰੰਤ ਮੈਂ ਪਾਰਟੀ ਦੇ ਚੁਣੇ ਹੋਏ ਸਾਰੇ ਮੈਂਬਰਾਂ (ਐੱਮ.ਐੱਲ.ਏ.) ਦਾ ਨੇਤਾ ਚੁਣਿਆ ਜਾਣਾ ਹੈ ਤੇ ਫਿਰ ਮੈਂ ਮੁੱਖ ਮੰਤਰੀ ਬਣ ਜਾਣਾ ਹੈ। ਇਹ ਅਹੁਦਾ ਬਹੁਤ ਹੀ ਵੱਡਾ ਹੈ। ਇਸੇ ਕਾਰਨ ਵੱਡੇ ਅਹੁਦੇ ਦੀ ਜ਼ਿੰਮੇਵਾਰੀ ਵੱਡੀ ਹੁੰਦੀ ਹੈ। ਮੈਂ ਪਾਰਟੀ ਦੀਆਂ ਨੀਤੀਆਂ ਅਨੁਸਾਰ ਦੂਰ ਅੰਦੇਸ਼ੀ ਵਾਲੀਆਂ ਨੀਤੀਆਂ ਬਣਾ ਕੇ ਆਪਣੇ ਪ੍ਰਾਂਤ ਨੂੰ ਬਹੁਤ ਹੀ ਖ਼ੁਸਹਾਲ ਬਣਾ ਦੇਣਾ ਹੈ।ਮੈਂ ਆਮ ਲੋਕਾਂ ਲਈ ਮੁਢਲੀਆਂ ਲੋੜਾਂ ਰੋਟੀ, ਕੱਪੜਾ ਤੇ ਮਕਾਨ ਦਾ ਖ਼ਿਆਲ ਰੱਖਦਿਆਂ, ਉਨ੍ਹਾਂ ਦੀ ਵਿਸ਼ੇਸ਼ ਆਰਥਕ ਸਹਾਇਤਾ ਕਰਨੀ ਹੈ। ਇਸੇ ਤਰ੍ਹਾਂ ਪ੍ਰਾਂਤ ਵਿੱਚ ਮੁਢਲੀ ਤੇ ਉਚੇਰੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਹੈ।ਮੈਂ ਗ਼ਰੀਬ ਲੋਕਾਂ ਨੂੰ ਮੁਫ਼ਤ ਵਿੱਦਿਆ ਤੇ ਸਿਹਤ ਸਹੂਲਤਾਂ ਪ੍ਰਦਾਨ ਕਰਾਂਗਾ।ਇਸੇ ਤਰ੍ਹਾਂ ਪਿੰਡਾਂ ਵਿੱਚ ਵੀ ਲੋਕਾਂ ਲਈ ਮੁਢਲੀਆਂ ਸਹੂਲਤਾਂ ਨੂੰ ਸਥਾਪਤ ਕਰਨ ਦਾ ਵਿਸ਼ੇਸ਼ ਉਪਰਾਲਾ ਕਰਨਾ ਹੈ। ਇਸੇ ਤਰ੍ਹਾਂ ਪ੍ਰਾਂਤ ਵਿੱਚ ਕਿਸਾਨਾਂ ਤੇ ਮੁਲਾਜ਼ਮਾਂ ਦੀਆਂ ਲੋੜਾਂ ਵੱਲ ਵੀ ਖ਼ਾਸ ਧਿਆਨ ਦੇਣਾ ਹੈ। ਪ੍ਰਾਂਤ ਵਿੱਚ ਅਮਨ ਕਾਨੂੰਨ ਦੀ ਸਥਿਤੀ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਹੈ। ਇਸੇ ਤਰ੍ਹਾਂ ਸਮਾਜ ਵਿੱਚ ਨਸ਼ਿਆਂ ਦੀ ਵਧ ਰਹੀ ਵਰਤੋਂ 'ਤੇ ਹਰ ਹੀਲੇ ਕਿਸੇ ਨਾ ਕਿਸੇ ਤਰ੍ਹਾਂ ਨੱਥ ਪਾਉਣੀ ਹੈ। ਮੈਂ ਪ੍ਰਾਂਤ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਤੋਂ ਪੂਰਾ ਸਹਿਯੋਗ ਪ੍ਰਾਪਤ ਕਰਨ ਦਾ ਯਤਨ ਕਰਾਂਗਾ ਕਿਉਂਕਿ ਅਸੀਂ ਸਾਰੇ ਇਕੱਠੇ ਹੋ ਕੇ ਹੀ ਵਿਕਾਸ ਕਰ ਸਕਦੇ ਹਾਂ ਤੇ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸੌਖਿਆਂ ਹੱਲ ਕਰ ਸਕਦੇ ਹਾਂ। ਇਸੇ ਪ੍ਰਕਾਰ ਮੈਂ ਪ੍ਰਾਂਤ ਵਿੱਚ ਹਰ ਪੱਧਰ 'ਤੇ ਫੈਲੇ ਭ੍ਰਿਸ਼ਟਾਚਾਰ ਤੇ ਭਾਈ-ਭਤੀਜਵਾਦ ਨੂੰ ਜੜ੍ਹੋਂ ਪੁੱਟ ਦੇਣਾ ਹੈ।ਮੈਂ ਰਿਸ਼ਵਤਖ਼ੋਰ ਲੋਕਾਂ ਨਾਲ ਪੂਰੀ ਸਖ਼ਤੀ ਨਾਲ ਪੇਸ਼ ਆਵਾਂਗਾ।ਇੰਜ ਮੈਂ ਬਿਨਾਂ ਕਿਸੇ ਲੋਭ-ਲਾਲਚ ਤੋਂ ਆਪਣੇ ਪ੍ਰਾਂਤ ਦੀ ਸੇਵਾ ਕਰਾਂਗਾ ਤੇ ‘ਰਾਜ ਨਹੀਂ ਸੇਵਾ' ਦੇ ਨਾਅਰੇ ਨੂੰ ਅਮਲੀ ਰੂਪ ਵਿੱਚ ਪੂਰਿਆਂ ਕਰ ਕੇ ਲੋਕਾਂ ਦਾ ਪਿਆਰ ਪ੍ਰਾਪਤ ਕਰਾਂਗਾ। ਮੈਨੂੰ ਭਰੋਸਾ ਹੈ ਕਿ ਮੇਰੀ ਸੁਹਿਰਦਤਾ ਸਦਕਾ ਪਰਮਾਤਮਾ ਵੀ ਮੇਰੀ ਸਹਾਇਤਾ ਕਰੇਗਾ।
0 Comments