Punjabi Essay, Paragraph on "ਫ਼ੈਸ਼ਨ-ਪ੍ਰਸਤੀ ਦੇ ਵਿਦਿਆਰਥੀਆਂ ਉੱਤੇ ਪੈਂਦੇ ਪ੍ਰਭਾਵ", "Fashion Prasti de Vidhyarthiya ute Pende Prabhav" for Class 8, 9, 10, 11 and 12.

ਫ਼ੈਸ਼ਨ-ਪ੍ਰਸਤੀ ਦੇ ਵਿਦਿਆਰਥੀਆਂ ਉੱਤੇ ਪੈਂਦੇ ਪ੍ਰਭਾਵ 
Fashion Prasti de Vidhyarthiya ute Pende Prabhav 



ਵਿਦਿਆਰਥੀ ਹਰ ਸਮਾਜ ਦਾ ਬਹੁਤ ਹੀ ਅਹਿਮ ਤੇ ਮਹੱਤਵਪੂਰਨ ਹਿੱਸਾ ਹੁੰਦੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਹੀ ਭਵਿੱਖ ਵਿੱਚ ਦੇਸ਼ ਦੀ ਵਾਗਡੋਰ ਸੰਭਾਲਣੀ ਹੁੰਦੀ ਹੈ। ਵਿਦਿਆਰਥੀ ਜਿੱਥੇ ਸਮੇਂ ਸਮੇਂ ਸਮਾਜ ਵਿੱਚ ਆ ਰਹੀਆਂ ਤਬਦੀਲੀਆਂ ਤੋਂ ਪ੍ਰਭਾਵਿਤ ਹੁੰਦੇ ਹਨ ਉੱਥੇ ਉਹ ਫ਼ੈਸ਼ਨ-ਪ੍ਰਸਤੀ ਤੋਂ ਵੀ ਬਹੁਤ ਪ੍ਰਭਾਵਿਤ ਹੁੰਦੇ ਹਨ । ‘ਫ਼ੈਸ਼ਨ' ਅਜਿਹਾ ਸ਼ਬਦ ਹੈ ਜਿਸ ਵੱਲ ਵਿਦਿਆਰਥੀਆਂ ਦੀ ਰੁਚੀ ਦਿਨੋ ਦਿਨ ਵਧਦੀ ਜਾ ਰਹੀ ਹੈ। ਸੰਚਾਰ ਦੇ ਸਾਰੇ ਸਾਧਨਾਂ ਵਿੱਚ ਵੀ ਜੀਵਨ ਦੇ ਹਰ ਖੇਤਰ ਵਿੱਚ ਫ਼ੈਸ਼ਨ ਦਾ ਬਹੁਤ ਹੀ ਸੋਚੇ ਸਮਝੇ ਢੰਗ ਨਾਲ ਪ੍ਰਚਾਰ ਕੀਤਾ ਜਾਂਦਾ ਹੈ।ਇਹ ਫ਼ੈਸ਼ਨ ਕੱਪੜਿਆਂ, ਐਨਕਾਂ, ਗਹਿਣੇ, ਘੜੀਆਂ, ਮੋਬਾਇਲਾਂ, ਮੋਟਰਸਾਈਕਲਾਂ ਤੇ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਹੋਰ ਵਸਤਾਂ ਨਾਲ ਵੀ ਸੰਬੰਧਤ ਹੈ। ਪਰ ਇਨ੍ਹਾਂ ਸਾਰਿਆਂ ਵਿੱਚੋਂ ਵਧੇਰੇ ਧਿਆਨ ਕੱਪੜਿਆਂ ਵੱਲ ਦਿੱਤਾ ਜਾ ਰਿਹਾ ਹੈ। ਵੱਖ-ਵੱਖ ਕੰਪਨੀਆਂ ਦੇ ‘ਬਰਾਡ’ ਦਿਨੋ-ਦਿਨ ਵਿਦਿਆਰਥੀਆਂ ਦੀ ਪਸੰਦ ਬਣਦੇ ਜਾ ਰਹੇ ਹਨ।ਜੋ ਵਿਦਿਆਰਥੀ ਅਮੀਰ ਪਰਿਵਾਰਾਂ ਨਾਲ ਸੰਬੰਧਤ ਹਨ ਉਹ ਇਨ੍ਹਾਂ ਕੱਪੜਿਆਂ ਨੂੰ ਪਾਉਣਾ ਆਪਣੀ ਸ਼ਾਨ ਸਮਝਦੇ ਹਨ। ਇਸੇ ਤਰ੍ਹਾਂ ਇਨ੍ਹਾਂ ਕੀਮਤੀ ਕੱਪੜਿਆਂ ਦੇ ਬਣਾਉਣ ਦੇ ਜੋ ਢੰਗ ਤਰੀਕੇ ਹਨ ਉਨ੍ਹਾਂ ਦੇ ਸੰਬੰਧ ਵਿੱਚ ਖ਼ਾਸ ਤੌਰ 'ਤੇ ਲੜਕੀਆਂ ਲਈ ਬਣਾਏ ਜਾ ਰਹੇ ਕੱਪੜਿਆਂ 'ਤੇ ਆਮ ਲੋਕਾਂ ਨੂੰ ਇਤਰਾਜ਼ ਹੁੰਦਾ ਹੈ। ਇਨ੍ਹਾਂ ਰਾਹੀਂ ਪ੍ਰਗਟ ਹੋ ਰਿਹਾ ਨੰਗੇਜ਼ ਭਾਰਤੀ ਕਦਰਾਂ- ਕੀਮਤਾਂ ਦੇ ਅਨੁਰੂਪ ਨਹੀਂ ਜਾਪਦਾ। ਇਸੇ ਤਰ੍ਹਾਂ ਜਦੋਂ ਵਿਦਿਆਰਥੀ ਹੋਰ ਵਰਤੀਆਂ ਜਾ ਰਹੀਆਂ ਵਸਤਾਂ ਨੂੰ ਵੀ ਫੋਕੀ ਸ਼ਾਨੋ ਸ਼ੌਕਤ ਲਈ ਵਰਤਦੇ ਹਨ ਤਾਂ ਉਹ ਅਕਸਰ ਆਪਣੇ ਅਸਲੀ ਰਾਹ ਤੋਂ ਭਟਕ ਜਾਂਦੇ ਹਨ।ਇਸ ਲਈ ਲੋੜ ਹੈ ਕਿ ਵਿਦਿਆਰਥੀ ਆਪਣਾ ਵਧੇਰੇ ਧਿਆਨ ਆਪਣੇ ਅਸਲੀ ਨਿਸ਼ਾਨੇ ਉੱਪਰ ਕੇਂਦਰਿਤ ਕਰਨ ਤਾਂ ਜੋ ਉਹ ਆਪਣੇ ਮਨਚਾਹੇ ਸੁਪਨੇ ਸਾਕਾਰ ਕਰ ਸਕਣ ਦੇ ਸਮਰੱਥ ਹੋਣ। ਫ਼ੈਸ਼ਨ ਦੀ ਇਹ ਦੌੜ ਕਦੇ ਵੀ ਖ਼ਤਮ ਹੋਣ ਵਾਲੀ ਨਹੀਂ ਹੁੰਦੀ ਤੇ ਇਸ ਨਾਲ ਸੰਬੰਧਤ ਕੰਪਨੀਆਂ ਵਿਦਿਆਰਥੀਆਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਤਰੀਕੇ ਨਾਲ ਗੁੰਮਰਾਹ ਕਰਦੀਆਂ ਹੀ ਰਹਿਣਗੀਆਂ। ਇੰਜ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਸੋਚ ਨੂੰ ਯਥਾਰਥਕ ਸਥਿਤੀਆਂ ਤੇ ਜਿੰਦਗੀ ਦੇ ਸੱਚ ਨਾਲ ਜੋੜਨ। ਫ਼ਜ਼ੂਲ ਦੇ ਫ਼ੈਸ਼ਨ ਦੇ ਵਧਦੇ ਪ੍ਰਭਾਵ ਤੋਂ ਜੇਕਰ ਵਿਦਿਆਰਥੀ ਸੁਚੇਤ ਨਾ ਹੋਏ ਤਾਂ ਉਨ੍ਹਾਂ ਨੂੰ ਆਪਣੀ ਇਸ ਗ਼ਲਤੀ ਦਾ ਅਹਿਸਾਸ ਇੱਕ ਨਾ ਇੱਕ ਦਿਨ ਜ਼ਰੂਰ ਹੋਵੇਗਾ।


Post a Comment

0 Comments