ਕੰਪਿਊਟਰ ਯੁੱਗ
Computer Yug
ਸਾਇੰਸ ਦੀਆਂ ਅਣਗਿਣਤ ਮਹੱਤਵਪੂਰਨ ਕਾਢਾਂ ਸਦਕਾ ਹੀ 21ਵੀਂ ਸਦੀ ਨੂੰ ਸਾਇੰਸ ਦਾ ਯੁੱਗ ਕਿਹਾ ਜਾ ਰਿਹਾ ਹੈ।ਅੱਜ ਸਾਡੇ ਜੀਵਨ ਦੇ ਛੋਟੇ ਤੋਂ ਛੋਟੇ ਕੰਮ ਤੋਂ ਲੈ ਕੇ ਵੱਡੇ ਤੋਂ ਵੱਡੇ ਕੰਮ ਵਿੱਚ ਸਾਇੰਸ ਦੀ ਭੂਮਿਕਾ ਵੇਖੀ ਜਾ ਸਕਦੀ ਹੈ। ਅਜੋਕੇ ਦੌਰ ਵਿੱਚ ਕੰਪਿਊਟਰ ਦੀ ਵਰਤੋਂ ਤੇ ਇਸ ਵਿਚਲੀਆਂ ਸੰਭਾਵਨਾਵਾਂ ਅਸੀਮ ਹਨ। ਅਸਲ ਵਿੱਚ ਕੰਪਿਊਟਰ ਇੱਕ ਮਸ਼ੀਨ ਹੀ ਹੈ ਜੋ ਮਨੁੱਖ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਹੁਤ ਹੀ ਤੇਜ਼ ਰਫ਼ਤਾਰ ਨਾਲ ਕੰਮ ਕਰਦਾ ਹੈ।ਅੱਜ ਬਹੁਤੇ ਘਰਾਂ ਵਿੱਚ ਕੰਪਿਊਟਰ ਵਰਤੇ ਜਾ ਰਹੇ ਹਨ। ਹਰ ਦਫ਼ਤਰ, ਸਕੂਲ, ਕਾਲਜ, ਹਸਪਤਾਲ, ਕਾਰਖ਼ਾਨਾ ਆਦਿ ਜਿੱਥੇ ਵਧੇਰੇ ਬੰਦੇ ਕੰਮ ਕਰ ਰਹੇ ਹਨ, ਉੱਥੇ ਹੀ ਕੰਪਿਊਟਰ ਵਰਤੇ ਜਾ ਰਹੇ ਹਨ। ਅੱਜ ਵੱਡੇ-ਵੱਡੇ ਕਾਰਖ਼ਾਨੇ, ਹਵਾਈ ਜਹਾਜ, ਮਾਰੂ ਹਥਿਆਰ, ਉਪਰੇਸ਼ਨ, ਹਿਸਾਬ-ਕਿਤਾਬ ਆਦਿ ਵਿੱਚ ਕੰਪਿਊਟਰ ਦੀ ਮਦਦ ਲਈ ਜਾ ਰਹੀ ਹੈ। ਅਸਲ ਵਿੱਚ ਕੰਪਿਊਟਰ ਹੀ ਸਮੁੱਚੇ ਜੀਵਨ ਦਾ ਕੇਂਦਰੀ ਧੁਰਾ ਬਣਦਾ ਜਾ ਰਿਹਾ ਹੈ। ਪਹਿਲਾਂ ਜਿੱਥੇ ਰਿਕਾਰਡ ਰੱਖਣ ਲਈ ਵੱਡੇ-ਵੱਡੇ ਰਜਿਸਟਰ ਲਾਏ ਜਾਂਦੇ ਸਨ, ਉੱਥੇ ਅੱਜ, ਡੀ.ਵੀ.ਡੀ., ਪੈੱਨ ਡਰਾਈਵ, ਹਾਰਡ ਡਿਸਕ ਆਦਿ ਵਿੱਚ ਬਹੁਤ ਹੀ ਵਧੇਰੇ ਰਿਕਾਰਡ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਕੰਪਿਊਟਰ ਦੀ ਵਰਤੋਂ ਨਾਲ ਇੰਟਰਨੈੱਟ 'ਤੇ ਕਿਤੇ ਵੀ ਈਮੇਲ ਭੇਜੀ ਜਾ ਸਕਦੀ ਹੈ, ਆਹਮੋ-ਸਾਹਮਣੇ ਗੱਲਬਾਤ ਹੋ ਸਕਦੀ ਹੈ, ਦੁਨੀਆ ਭਰ ਦੀ ਜਾਣਕਾਰੀ ਇੱਕ ਬਟਨ ਦਬਾਇਆਂ ਤੁਹਾਡੇ ਸਾਹਮਣੇ ਹੁੰਦੀ ਹੈ। ਕੰਪਿਊਟਰ ਦੇ ਅਣਗਿਣਤ ਲਾਭ ਤਾਂ ਹਨ ਹੀ ਪਰ ਇਸ ਦੀ ਗ਼ਲਤ ਵਰਤੋਂ ਦੀਆਂ ਸੰਭਾਵਨਾਵਾਂ ਵੀ ਮੌਜੂਦ ਹਨ।ਸਰਕਾਰੀ ਜਾਂ ਨਿੱਜੀ ਭੇਦ ਚੁਰਾਉਣ ਲਈ ਜਾਣਕਾਰ ਮਿੰਟ ਲਾਉਂਦੇ ਹਨ।ਸੋ ਇਸ ਦੀ ਅਜਿਹੀ ਵਰਤੋਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਅੱਜ ਕੰਪਿਊਟਰ ਦੀ ਜਿਸ ਤਰ੍ਹਾਂ ਵਰਤੋਂ ਵਧ ਰਹੀ ਹੈ ਇਹ ਨਿਸਚੇ ਹੀ ਕੰਪਿਊਟਰ ਯੁੱਗ ਅਖਵਾਉਣ ਦਾ ਹੱਕਦਾਰ ਹੈ।
0 Comments