ਭਾਰਤ ਵਿੱਚ ਬਜ਼ੁਰਗਾਂ ਦਾ ਸਥਾਨ
Bharat Vich Bujurga Da Sthan
ਬਈ ਮਨੁੱਖ ਇੱਕ ਸਮਾਜਕ ਜੀਵ ਹੈ। ਉਹ ਸਮਾਜ ਵਿਚਲੀਆਂ ਸਥਾਪਤ ਕਦਰਾਂ-ਕੀਮਤਾਂ ਅਨੁਸਾਰ ਆਪਣਾ ਜੀਵਨ ਗੁਜ਼ਾਰਦਾ ਹੈ। ਸਮਾਜ ਵਿਚਲੀ ਜੀਵਨ ਜਾਚ ਦੇ ਇਨ੍ਹਾਂ ਮੁੱਲਾਂ ਦੀ ਆਪਣੀ ਵਿਸ਼ੇਸ਼ ਪਛਾਣ ਹੁੰਦੀ ਹੈ। ਭਾਰਤੀ ਸਮਾਜ ਵਿੱਚ ਬਜ਼ੁਰਗਾਂ ਦਾ ਬਹੁਤ ਹੀ ਸਤਿਕਾਰ ਕੀਤਾ ਜਾਂਦਾ ਹੈ। ਇਨ੍ਹਾਂ ਬਜ਼ੁਰਗਾਂ ਦੀ ਮਿਹਨਤ ਦੀ ਬਦੌਲਤ ਹੀ ਹਰ ਮਨੁੱਖ ਆਪਣਾ ਜੀਵਨ ਗੁਜ਼ਾਰ ਰਿਹਾ ਹੁੰਦਾ ਹੈ। ਹਰ ਮਾਤਾ-ਪਿਤਾ ਬੜੇ ਹੀ ਚਾਵਾਂ ਨਾਲ ਆਪਣੇ ਬੱਚਿਆਂ ਦੀ ਪਾਲਣਾ ਕਰਦਿਆਂ ਆਪ ਔਖੇ ਹੋ ਕੇ ਵੀ ਉਨ੍ਹਾਂ ਨੂੰ ਤੱਤੀ 'ਵਾ ਨਹੀਂ ਲੱਗਣ ਦਿੰਦੇ। ਛੋਟੇ ਬੱਚੇ ਨੂੰ ਪਾਲ ਰਹੀ ਮਾਂ ਆਪ ਗਿੱਲੇ ਥਾਂ 'ਤੇ ਸੌਂਦੀ ਹੈ ਬੱਚੇ ਨੂੰ ਹਮੇਸ਼ਾ ਸੁੱਕੇ ਥਾਂ 'ਤੇ ਹੀ ਸਵਾਉਂਦੀ ਹੈ। ਇਸੇ ਕਾਰਨ ਸਾਡੇ ਧਾਰਮਕ ਗ੍ਰੰਥਾਂ ਵਿੱਚ ਮਾਤਾ-ਪਿਤਾ ਦੇ ਸਥਾਨ ਨੂੰ ਬਹੁਤ ਉੱਚਾ ਸਥਾਨ ਦੇ ਕੇ ਉਨ੍ਹਾਂ ਦੇ ਸਤਿਕਾਰ ਦੀ ਗੱਲ ਕੀਤੀ ਗਈ ਹੈ। ਅਸੀਂ ਆਪਣੇ ਆਲੇ-ਦੁਆਲੇ ਵਿੱਚ ਵੇਖਦੇ ਹਾਂ ਬਹੁਤ ਸਾਰੇ ਬਜ਼ੁਰਗਾਂ ਨੂੰ ਉਨ੍ਹਾਂ ਦੀ ਔਲਾਦ ਪੂਰਾ ਮਾਣ-ਸਨਮਾਨ ਦਿੰਦੀ ਹੈ ਤੇ ਬਜ਼ੁਰਗ ਆਪਣਾ ਜੀਵਨ ਖ਼ੁਸ਼ੀ ਨਾਲ ਗੁਜਾਰਦੇ ਹਨ।ਪਰ ਇਸ ਤਸਵੀਰ ਦਾ ਦੂਸਰਾ ਪਾਸਾ ਵੀ ਹੈ, ਜਿੱਥੇ ਅਸੀਂ ਵੇਖਦੇ ਹਾਂ ਕਿ ਬੱਚੇ ਆਪਣੇ ਸਵਾਰਥਾਂ ਸਦਕਾ ਮਾਪਿਆਂ ਦੀ ਸੇਵਾ ਦੇ ਫ਼ਰਜ਼ ਤੋਂ ਕੁਤਾਹੀ ਕਰਦੇ ਹਨ। ਇਸੇ ਕਾਰਨ ਕਈ ਵਾਰੀ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਵਿੱਚ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਸਮਾਜ ਵਿੱਚ ਪੈਸੇ ਦੀ ਲੱਗੀ ਦੌੜ ਕਾਰਨ ਬੱਚਿਆਂ ਦਾ ਖੂਨ ਵੀ ਚਿੱਟਾ ਹੋ ਰਿਹਾ ਜਾਪਦਾ ਹੈ।ਜਿਹੜੇ ਬਜ਼ੁਰਗ ਆਰਥਕ ਤੌਰ 'ਤੇ ਸਾਧਨ ਸੰਪੰਨ ਹੁੰਦੇ ਹਨ ਉਨ੍ਹਾਂ ਦਾ ਸਤਿਕਾਰ ਤਾਂ ਲਗਪਗ ਹੁੰਦਾ ਹੀ ਹੈ ਪਰ ਜਿਹੜੇ ਬਜ਼ੁਰਗ ਪੂਰੀ ਤਰ੍ਹਾਂ ਔਲਾਦ ਉੱਪਰ ਹੀ ਨਿਰਭਰ ਹੋ ਜਾਂਦੇ ਹਨ ਉਨ੍ਹਾਂ ਦੀ ਸੰਭਾਲ ਲਈ ਔਲਾਦ ਬਹੁਤ ਵਾਰੀ ਪੂਰੀ ਤਰ੍ਹਾਂ ਆਪਣੇ ਫ਼ਰਜ਼ਾਂ ਨੂੰ ਨਹੀਂ ਨਿਭਾਉਂਦੀ। ਸਰਕਾਰ ਵੱਲੋਂ ਬਜ਼ੁਰਗਾਂ ਜਾਂ ਸੀਨੀਅਰ ਸਿਟੀਜ਼ਨਾਂ ਨੂੰ ਦਿੱਤੀ ਜਾਂਦੀ ਪੈਨਸ਼ਨ ਦੀ ਰਾਸ਼ੀ ਘੱਟ ਹੋਣ ਕਾਰਨ ਉਨ੍ਹਾਂ ਦਾ ਗੁਜ਼ਾਰਾ ਠੀਕ ਤਰ੍ਹਾਂ ਨਹੀਂ ਹੋ ਸਕਦਾ। ਇੰਜ ਸਮੁੱਚੇ ਤੌਰ 'ਤੇ ਅਜੋਕੇ ਸਮੇਂ ਵਿੱਚ ਬਜ਼ੁਰਗਾਂ ਦੀ ਹਾਲਤ ਨੂੰ ਵਧੇਰੇ ਤਸੱਲੀਬਖ਼ਸ਼ ਨਹੀਂ ਕਿਹਾ ਜਾ ਸਕਦਾ। ਸਾਰੇ ਲੋਕ ਇਨ੍ਹਾਂ ਬਜ਼ੁਰਗਾਂ ਦੀ ਬਦੌਲਤ ਅੱਜ ਜ਼ਿੰਦਗੀ ਮਾਣ ਰਹੇ ਹਨ, ਇਸ ਲਈ ਇਨ੍ਹਾਂ ਦੀ ਸੰਭਾਲ ਤੇ ਸਤਿਕਾਰ ਪ੍ਰਤੀ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਨੂੰ ਬਣਦਾ ਸਨਮਾਨ ਮਿਲ ਸਕੇ।
0 Comments