ਬੇਰੁਜ਼ਗਾਰੀ ਦੀ ਸਮੱਸਿਆ
Berojgari Di Samasiya
ਬੇਰੁਜ਼ਗਾਰੀ ਤੋਂ ਭਾਵ ਰੁਜ਼ਗਾਰ ਨਾ ਮਿਲਣਾ ਜਾਂ ਰੁਜ਼ਗਾਰ ਦੀ ਅਣਹੋਂਦ ਹੈ। ਸਾਡੇ ਸਮਾਜ ਵਿੱਚ ਬੇਰੁਜ਼ਗਾਰੀ ਇੱਕ ਬਹੁਤ ਹੀ ਗੰਭੀਰ ਸਮੱਸਿਆ ਬਣ ਚੁੱਕੀ ਹੈ ਜੋ ਅੱਗੋਂ ਕਈ ਹੋਰ ਸਮੱਸਿਆਵਾਂ ਦੀ ਜਨਮਦਾਤੀ ਬਣ ਰਹੀ ਹੈ। ਜਦੋਂ ਪੜ੍ਹੇ-ਲਿਖੇ ਲੋਕਾਂ ਜਾਂ ਅਨਪੜ੍ਹ ਲੋਕਾਂ ਨੂੰ ਵੀ ਆਪਣੀ ਯੋਗਤਾ ਜਾਂ ਰੁਚੀ ਅਨੁਸਾਰ ਕੰਮ ਨਹੀਂ ਮਿਲਦਾ ਤਾਂ ਸੰਬੰਧਤ ਬੇਰੁਜ਼ਗਾਰ ਗ਼ਰੀਬੀ ਹੰਢਾਉਂਦਾ ਹੋਇਆ ਬੇਈਮਾਨ, ਚਰਿੱਤਰਹੀਣ, ਨਸ਼ਈ, ਚੋਰ ਆਦਿ ਬਣ ਜਾਂਦਾ ਹੈ।ਹਰ ਦੇਸ ਦੀ ਖ਼ੁਸ਼ਹਾਲੀ ਦਾ ਆਧਾਰ ਉੱਥੋਂ ਦੇ ਲੋਕਾਂ ਨੂੰ ਮਿਲਿਆ ਰੁਜ਼ਗਾਰ ਹੀ ਹੁੰਦਾ ਹੈ। ਕੰਮ ਲੱਗਾ ਮਨੁੱਖ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਨਾਲ-ਨਾਲ ਦੇਸ ਦੀ ਸੇਵਾ ਵੀ ਕਰ ਰਿਹਾ ਹੁੰਦਾ ਹੈ। ਅਸਲ ਵਿੱਚ ਕਿਸੇ ਵੀ ਦੇਸ ਵਿੱਚ ਜਦੋਂ ਅਬਾਦੀ ਦੀ ਰਫ਼ਤਾਰ ਤੇਜ਼ ਤੇ ਰੁਜ਼ਗਾਰ ਪੈਦਾ ਹੋਣ ਦੇ ਮੌਕਿਆਂ ਦੀ ਰਫ਼ਤਾਰ ਘੱਟ ਹੁੰਦੀ ਹੈ ਤਾਂ ਇਸ ਸਮੱਸਿਆ ਦਾ ਪੈਦਾ ਹੋਣਾ ਸੁਭਾਵਕ ਹੁੰਦਾ ਹੈ। ਅੱਜ ਭਾਰਤ ਦੀ ਅਬਾਦੀ 123 ਕਰੋੜ ਤੋਂ ਟੱਪ ਚੁੱਕੀ ਹੈ, ਪਰ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਕਰੋੜਾਂ ਨੌਜਵਾਨ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਦੋ-ਚਾਰ ਹੋ ਰਹੇ ਹਨ। ਭਾਰਤ ਵਿੱਚ ਆਧੁਨਿਕ ਦੌਰ ਦੇ ਮਸ਼ੀਨੀ ਯੁੱਗ ਨੇ ਰੁਜ਼ਗਾਰ ਦੇ ਮੌਕੇ ਹੋਰ ਘਟਾ ਦਿੱਤੇ ਹਨ, ਪਰ ਵਿਸ਼ਵ ਪੱਧਰ 'ਤੇ ਅਜਿਹਾ ਰੁਝਾਨ ਵਧੇਰੇ ਨਜ਼ਰ ਨਹੀਂ ਆਉਂਦਾ। ਅਜਿਹੀ ਸਥਿਤੀ ਵਿੱਚ ਇਸ ਸਮੱਸਿਆ ਤੋਂ ਖਹਿੜਾ ਛੁਡਾਉਣ ਲਈ ਸਰਕਾਰ ਨੂੰ ਦੂਰ-ਅੰਦੇਸ਼ੀ ਵਾਲੀਆਂ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ 'ਵ੍ਹਾਈਟ ਕਾਲਰ ਜਾਬ' ਦੀ ਥਾਂ 'ਤੇ ਕਿੱਤਾ-ਮੁਖੀ ਕੋਰਸ ਵਧੇਰੇ ਚਾਲੂ ਕਰਨੇ ਚਾਹੀਦੇ ਹਨ। ਅਜੋਕੇ ਦੌਰ ਵਿੱਚ ਸਿੱਖਿਆ ਦਾ ਨਿੱਜੀਕਰਨ ਕਰ ਕੇ ਜਿਵੇਂ ਇਸ ਦਾ ਵਪਾਰੀਕਰਨ ਹੋ ਰਿਹਾ ਹੈ ਉਸ ਦੇ ਗੰਭੀਰ ਸਿੱਟੇ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਭੁਗਤਣੇ ਪੈਣਗੇ। ਸੋ ਲੋੜ ਹੈ ਕਿ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਕੇ ਦੇਸ ਦੇ ਨਿਰਮਾਣ ਵਿੱਚ ਉਨ੍ਹਾਂ ਨੂੰ ਹਿੱਸਾ ਪਾਉਣ ਦਾ ਮੌਕਾ ਦੇਵੇ।
0 Comments