Punjabi Essay, Paragraph on "ਆਤੰਕਵਾਦ ਦੀ ਸਮੱਸਿਆ", "Atankwad Di Samasiya" for Class 8, 9, 10, 11 and 12 Students Examination.

ਆਤੰਕਵਾਦ ਦੀ ਸਮੱਸਿਆ 
Atankwad Di Samasiya 

ਹਰ ਵਿਕਸਤ ਜਾਂ ਵਿਕਾਸਸ਼ੀਲ ਦੇਸਾਂ ਨੂੰ ਸਮੇਂ ਸਮੇਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਮੱਸਿਆਵਾਂ ਕੁਦਰਤੀ ਤੇ ਮਨੁੱਖ ਵੱਲੋਂ ਪੈਦਾ ਕੀਤੀਆਂ ਹੋ ਸਕਦੀਆਂ ਹਨ। ਕੁਦਰਤੀ ਸਮੱਸਿਆਵਾਂ ਭੁਚਾਲ, ਹੜ੍ਹ, ਸੋਕਾ, ਮਹਾਮਾਰੀ, ਸੁਨਾਮੀ, ਜਵਾਲਾਮੁਖੀ ਆਦਿ ਲਈ ਮਨੁੱਖ ਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀਂ ਹੁੰਦਾ। ਪਰ ਪਿਛਲੇ ਕੁਝ ਦਹਾਕਿਆਂ ਤੋਂ ਵਿਸ਼ਵ ਭਰ ਵਿੱਚ ਜਿਹੜੀ ਨਵੀਂ ਸਮੱਸਿਆ ਸਾਹਮਣੇ ਆਈ ਹੈ ਉਹ ਆਤੰਕਵਾਦ ਦੀ ਸਮੱਸਿਆ ਹੈ। ਵਿਸ਼ਵ ਭਰ ਦੇ ਬਹੁਤ ਸਾਰੇ ਦੇਸ ਜਿਵੇਂ ਭਾਰਤ, ਪਾਕਿਸਤਾਨ, ਬੰਗਲਾ ਦੇਸ਼, ਸ੍ਰੀਲੰਕਾ, ਅਮਰੀਕਾ, ਅਫ਼ਗਾਨਿਸਤਾਨ ਆਦਿ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਆਤੰਕਵਾਦੀ ਉਹ ਲੋਕ ਹੁੰਦੇ ਹਨ ਜੋ ਸਥਾਨਕ ਸਰਕਾਰਾਂ ਦੇ ਕੰਮ ਤੋਂ ਸੰਤੁਸ਼ਟ ਨਹੀਂ ਹੁੰਦੇ ਤੇ ਇਸ ਲਈ ਉਹ ਸਰਕਾਰੀ ਕਰਮਚਾਰੀਆਂ, ਨੇਤਾਵਾਂ ਜਾਂ ਆਮ ਲੋਕਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਕੇ ਸਰਕਾਰ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ।ਵਿਸ਼ਵ ਭਰ ਵਿੱਚ ਵੱਖ-ਵੱਖ ਆਤੰਕਵਾਦੀ ਜਥੇਬੰਦੀਆਂ ਨੇ ਆਪੋ ਆਪਣੇ ਬਹੁਤ ਹੀ ਮਜ਼ਬੂਤ ਸੰਗਠਨ ਬਣਾਏ ਹੋਏ ਹਨ। ਕਈ ਸਰਕਾਰਾਂ ਜਾਂ ਦੇਸ ਇੱਕ ਦੂਸਰੇ ਦੇ ਵਿਰੁੱਧ ਇਨ੍ਹਾਂ ਆਤੰਕਵਾਦੀ ਸੰਗਠਨਾਂ ਨੂੰ ਉਕਸਾਉਂਦੇ ਵੀ ਹਨ ਤੇ ਇਸ ਲਈ ਹਥਿਆਰ, ਧਨ ਤੇ ਹੋਰ ਸਾਧਨ ਵੀ ਮੁਹੱਈਆ ਕਰਵਾਉਂਦੇ ਹਨ। ਪਿਛਲੇ ਕੁਝ ਸਾਲਾਂ ਵਿੱਚ ਆਤੰਕਵਾਦੀ ਸੰਗਠਨਾਂ ਨੇ ਜਿਸ ਤਰ੍ਹਾਂ ਯੋਜਨਾਬੱਧ ਢੰਗ ਨਾਲ ਹਮਲੇ ਕੀਤੇ ਹਨ ਉਨ੍ਹਾਂ ਨੇ ਵੱਡੇ-ਵੱਡੇ ਦੇਸਾਂ ਦੀ ਨੀਂਦ ਉਡਾ ਦਿੱਤੀ ਹੈ। ਸਾਡੇ ਆਪਣੇ ਪ੍ਰਾਂਤ ਵਿੱਚ ਪੰਜਾਬੀਆਂ ਨੇ ਵੀ ਵੀਹਵੀਂ ਸਦੀ ਦੇ ਅਖ਼ੀਰ ਵਿੱਚ ਲਗਪਗ ਇੱਕ ਦਹਾਕਾ ਇਸ ਸਮੱਸਿਆ ਨੂੰ ਆਪਣੇ ਪਿੰਡੇ 'ਤੇ ਹੰਢਾਇਆ ਹੈ। ਭਾਰਤ ਦੇ ਹੋਰ ਵੀ ਬਹੁਤ ਸਾਰੇ ਪ੍ਰਾਂਤ ਇਸ ਸਮੱਸਿਆ ਤੋਂ ਪ੍ਰਭਾਵਿਤ ਹਨ।ਸਾਡੀ ਸਰਕਾਰ ਇਸ ਸਮੱਸਿਆ ਦੇ ਹੱਲ ਲਈ ਹਰ ਤਰ੍ਹਾਂ ਦੇ ਢੰਗ ਤਰੀਕੇ ਵਰਤ ਕੇ ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਹੈ। ਅਸਲ ਵਿੱਚ ਮਾਨਵਤਾ ਦੀ ਦ੍ਰਿਸ਼ਟੀ ਤੋਂ ਇਸ ਸਮੱਸਿਆ ਸਦਕਾ ਆਮ ਲੋਕਾਂ ਨੂੰ ਕਈ ਵਾਰੀ ਆਤੰਕਵਾਦੀਆਂ ਤੇ ਸਰਕਾਰ ਤੋਂ ਦੁਹਰੀ ਮਾਰ ਪੈਂਦੀ ਹੈ। ਇਸ ਲਈ ਸਰਕਾਰਾਂ ਨੂੰ ਹਰ ਹੀਲੇ ਇਹ ਯਤਨ ਕਰਨੇ ਚਾਹੀਦੇ ਹਨ ਕਿ ਜਿਸ ਤਰ੍ਹਾਂ ਵੀ ਹੋਵੇ ਆਮ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲਣਾ ਚਾਹੀਦਾ ਹੈ। ਵਿਸ਼ਵ ਭਰ ਦੇ ਦੇਸਾਂ ਨੂੰ ਵੀ ਇਕੱਠੇ ਹੋ ਕੇ ਪਾਉਣ ਲਈ ਢੁਕਵੇਂ ਉਪਰਾਲੇ ਕਰਨੇ ਚਾਹੀਦੇ ਹਨ।

Post a Comment

0 Comments