ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ
ਬਾਣੀ ਦੀ ਇਹ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਆਸਾ ਦੀ ਵਾਰ` ਵਿੱਚ ਸ਼ਾਮਲ ਹੈ। ਇਸ ਤੁਕ ਦਾ ਅਰਥ ਇਹੋ ਹੈ ਕਿ ਮਿੱਠਾ ਬੋਲਣਾ, ਨਿਮਰਤਾ ਹੋਣੀ ਅਤੇ ਵਿਹਾਰ ਵਿੱਚ ਹਲੀਮੀ ਦੀ ਭਾਵਨਾ ਹੋਣੀ ਅਜਿਹੇ ਗੁਣ ਹਨ ਜੋ ਕਿ ਸਾਰੇ ਹੀ ਗੁਣਾਂ ਦਾ ਨਿਚੋੜ ਹਨ। ਅਰਥਾਤ ਇਹ ਗੁਣ ਆ ਜਾਣ ਨਾਲ ਸਾਰੇ ਗੁਣ ਹੀ ਆ ਜਾਂਦੇ ਹਨ। ਅਸਲ ਵਿੱਚ ਜੇਕਰ ਮਨੁੱਖ ਵਿੱਚ ਅਜਿਹੀ ਨਿਮਰਤਾ ਨਾ ਹੋਵੇ ਤਾਂ ਉਸ ਵਿੱਚ ਹੰਕਾਰ ਦਾ ਔਗੁਣ ਸਹਿਜੇ ਹੀ ਆ ਜਾਂਦਾ ਹੈ। ਜਿਸ ਮਨੁੱਖ ਵਿੱਚ ਹੰਕਾਰ ਆ ਜਾਵੇ ਉਸ ਦੇ ਮੰਦੇ ਬਚਨ ਉਸ ਦੇ ਤਨ, ਮਨ ਅਤੇ ਬੁੱਧੀ ਸਭ ਨੂੰ ਭ੍ਰਿਸ਼ਟ ਕਰ ਦਿੰਦੇ ਹਨ। ਆਮ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ “ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ' ਪਰ ਗੁਰੂ ਜੀ ਅਜਿਹੇ ਵਿਚਾਰ ਨਾਲ ਸਹਿਮਤ ਨਹੀਂ ਹਨ।ਅਸਲ ਵਿੱਚ ਅਜਿਹੇ ਲੋਕ ਜ਼ਿੰਦਗੀ ਦੀ ਸਚਾਈ ਤੋਂ ਕੋਹਾਂ ਦੂਰ ਹੁੰਦੇ ਹਨ।ਉਨ੍ਹਾਂ ਦੀ ਅਕਲ ਉੱਪਰ ਦੁਨਿਆਵੀ ਪਦਾਰਥਾਂ ਦੀ ਮੋਹ ਮਾਇਆ ਦਾ ਅਜਿਹਾ ਪਰਦਾ ਪਿਆ ਹੁੰਦਾ ਹੈ ਕਿ ਉਨ੍ਹਾਂ ਨੂੰ ਹੋਰ ਕੁਝ ਨਜ਼ਰ ਨਹੀਂ ਆਉਂਦਾ। ਗੁਰੂ ਜੀ ਦੀ ਵਿਚਾਰਧਾਰਾ ਅਨੁਸਾਰ ਉਹ ਪਰਮਾਤਮਾ ਹਰ ਮਨੁੱਖੀ ਜੀਵ ਦੇ ਹਿਰਦੇ ਅੰਦਰ ਸਮਾਇਆ ਹੋਇਆ ਹੈ; ਇਸ ਲਈ ਕਿਸੇ ਵੀ ਜੀਵ ਦੇ ਹਿਰਦੇ ਨੂੰ ਆਪਣੇ ਬੋਲਾਂ ਜਾਂ ਵਿਹਾਰ ਨਾਲ ਦੁੱਖ ਨਹੀਂ ਪਹੁੰਚਾਉਣਾ ਚਾਹੀਦਾ।ਜ਼ਿੰਦਗੀ ਵਿੱਚ ਕਠੋਰਤਾ ਭਰਪੂਰ ਵਿਹਾਰ ਨਾਲ ਮਨੁੱਖ ਨੂੰ ਕਦੇ ਵੀ ਸੰਤੁਸ਼ਟੀ ਨਹੀਂ ਮਿਲ ਸਕਦੀ। ਅਜਿਹੇ ਮਨੁੱਖ ਦਾ ਮਨ ਹਮੇਸ਼ਾ ਭਟਕਦਾ ਰਹਿੰਦਾ ਹੈ ਤੇ ਇਹ ਭਟਕਣਾ ਅੱਗੋਂ ਉਸ ਤੋਂ ਹੋਰ 'ਅਮਾਨਵੀ ਕੰਮ ਕਰਵਾਉਂਦੀ ਹੈ।ਇੰਜ ਇਹ ਵਰਤਾਰਾ ਉਦੋਂ ਤੱਕ ਨਿਰੰਤਰ ਚੱਲਦਾ ਰਹਿੰਦਾ ਹੈ ਜਦੋਂ ਤੱਕ ਮਨੁੱਖ ਨੂੰ ਸੋਝੀ ਨਹੀਂ ਆਉਂਦੀ। ਇਸ ਤਰ੍ਹਾਂ ਗੁਰੂ ਜੀ ਦੀ ਇਹ ਬਾਣੀ ਇੱਕ ਅਜਿਹੀ ਅਟੱਲ ਸਚਾਈ ਹੈ ਜਿਸ ਨੂੰ ਗੁਰਮੁਖਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਹੈ। ਇਸੇ ਕਾਰਨ ਇਹ ਤੁਕ ਅਖਾਣ ਦਾ ਰੂਪ ਧਾਰਨ ਕਰ ਚੁੱਕੀ ਹੈ।
0 Comments