ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ Punjabi Essay, Paragraph for Class 8, 9, 10, 11 and 12 Students Examination in 800 Words.

ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ



ਰੂਪ-ਰੇਖਾ

ਜਾਣ-ਪਛਾਣ, ਮਨੁੱਖ ਆਦਤਾਂ ਦਾ ਗ਼ੁਲਾਮ, ਬਚਪਨ ਦੀਆਂ ਆਦਤਾਂ ਪੱਕੀਆਂ, ਆਤਮਾ ਦੀ ਪਰਵਾਹ ਨਾ ਸ਼ਾਹ ਦੀ ਤੁਕ, ਸਾਰੰਸ਼ ਕਰਨਾ, ਚੰਗੀ ਆਦਤ ਪਾਉਣੀ ਅੱਖੀ ਅਤੇ ਭੈੜੀ ਆਦਤ ਛੱਡਣੀ ਔਖੀ, ਮਾਪਿਆ ਅਤੇ ਅਧਿਆਪਕਾਂ ਦੀ ਭੂਮਿਕਾ, ਵਾਰਿਸ ਸਾਰੰਸ਼। 


ਜਾਣ-ਪਛਾਣ

'ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ ਇੱਕ ਮਸ਼ਹੂਰ ਅਖਾਣ ਹੈ। ਇਸ ਦਾ ਅਰਥ ਇਹ ਹੈ ਕਿ ਜਿਹੜੀਆਂ ਵਾਦੀਆਂ ਭਾਵ ਆਦਤਾਂ, ਮਨੁੱਖ ਨੂੰ ਇੱਕ ਵਾਰੀ ਪੈ ਜਾਂਦੀਆਂ ਹਨ, ਉਹ ਸਾਰੀ ਉਮਰ ਹੀ ਉਸ ਨਾਲ ਤੁਰੀਆਂ ਜਾਂਦੀਆ ਹਨ।


ਮਨੁੱਖ ਆਦਤਾ ਦਾ ਗ਼ੁਲਾਮ

ਇਹ ਇੱਕ ਸਚਾਈ ਹੈ ਕਿ ਮਨੁੱਖ ਆਦਤ ਦਾ ਗ਼ੁਲਾਮ ਹੈ। ਉਹ ਆਪਣੇ ਜੀਵਨ ਦਾ ਬਹੁਤਾ ਕੰਮ ਆਦਤ ਦੇ ਅਧੀਨ ਹੀ ਕਰਦਾ ਹੈ। ਕਈ ਆਦਤਾਂ ਤਾਂ ਮਨੁੱਖ ਨੂੰ ਜਨਮ ਤੋਂ ਹੀ ਸੁਭਾਵਕ ਰੂਪ ਵਿੱਚ ਮਿਲਦੀਆਂ ਹਨ ਜਿਵੇਂ ਖਾਣਾ, ਪੀਣਾ, ਸੌਣਾ, ਹੱਸਣਾ ਆਦਿ, ਪਰ ਕੁਝ ਆਦਤਾਂ ਉਹ ਦੂਜਿਆਂ ਦੀ ਸੰਗਤ ਨਾਲ ਸਿੱਖ ਲੈਂਦਾ ਹੈ ਜੋ ਉਸ ਦੇ ਵਿਚਾਰ ਦਾ ਹਿੱਸਾ ਬਣ ਜਾਂਦੀਆਂ ਹਨ ਅਤੇ ਆਪਣਾ ਚੰਗਾ ਜਾਂ ਮੰਦਾ ਅਸਰ ਪਾਉਂਦੀਆਂ ਹਨ। ਮਨੁੱਖੀ ਆਚਰਨ ਆਦਤਾਂ ਦਾ ਹੀ ਸਮੂਹ ਹੈ। ਜਿਸ ਬੰਦੇ ਨੇ ਚੰਗੀਆਂ ਆਦਤਾਂ ਗ੍ਰਹਿਣ ਕੀਤੀਆਂ ਹਨ, ਉਸ ਦਾ ਆਚਰਨ ਉੱਚਾ ਅਤੇ ਜਿਸ ਨੂੰ ਮੰਦੀਆਂ ਵਾਦੀਆਂ ਪਈਆਂ ਹੋਣ, ਉਸ ਦਾ ਆਚਰਨ ਮੰਦਾ ਤੇ ਨੀਵਾਂ ਹੁੰਦਾ ਹੈ। ਨੀਵੇਂ ਆਚਰਨ ਵਾਲੇ ਮਨੁੱਖ ਨੂੰ ਸਮਾਜ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ।


ਬਚਪਨ ਦੀਆਂ ਆਦਤਾਂ ਪੱਕੀਆਂ

ਮਨੁੱਖ ਨੂੰ ਸਦਾ ਸੋਚ-ਸਮਝ ਕੇ ਕਿਸੇ ਆਦਤ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ। ਉਸ ਨੂੰ ਭੈੜੀਆਂ ਇੱਲਤਾਂ ਤੋਂ ਬਚਣਾ ਚਾਹੀਦਾ ਹੈ ਅਤੇ ਚੰਗੀਆਂ ਆਦਤਾਂ ਸਿੱਖਣੀਆਂ ਚਾਹੀਦੀਆਂ ਹਨ। ਜੋ ਕੁਝ ਅਸੀਂ ਸੋਚਦੇ ਜਾਂ ਕਰਦੇ ਹਾਂ ਉਸ ਦਾ ਨਿਸ਼ਾਨ ਸਾਡੇ ਮਨ 'ਤੇ ਪੈ ਜਾਂਦਾ ਹੈ।ਇਹ ਨਿਸ਼ਾਨ ਪੱਕ ਕੇ ਸਾਡੇ ਸੰਸਕਾਰ ਬਣ ਜਾਂਦੇ ਹਨ। ਸੰਸਕਾਰਾਂ ਤੋਂ ਹੀ ਵਾਦੀਆਂ ਬਣਦੀਆਂ ਹਨ ਭਾਵ ਸਾਨੂੰ ਉਨ੍ਹਾਂ ਸੋਚਾਂ ਜਾਂ ਕੰਮਾਂ ਦੀ ਆਦਤ ਪੈ ਜਾਂਦੀ ਹੈ ਅਤੇ ਸਮੇਂ-ਸਮੇਂ 'ਤੇ ਉਹ ਕੰਮ ਆਪਣੇ ਆਪ ਹੋ ਜਾਂਦੇ ਹਨ। ਚਾਹੇ ਅਸੀਂ ਉਸ ਨੂੰ ਕਰਨਾ ਚਾਹੁੰਦੇ ਹੋਈਏ ਜਾਂ ਨਾ। ਇਸ ਤੋਂ ਪ੍ਰਤੱਖ ਹੈ ਕਿ ਸਾਨੂੰ ਬੁਰੇ ਵਿਚਾਰ ਮਨ ਵਿੱਚ ਨਹੀਂ ਆਉਣ ਦੇਣੇ ਚਾਹੀਦੇ ਅਤੇ ਮੰਦੇ ਕੰਮਾਂ ਤੋਂ ਪੂਰੀ ਤਰ੍ਹਾਂ ਸੰਕੋਚ ਕਰਨਾ ਚਾਹੀਦਾ ਹੈ।


ਆਤਮਾ ਦੀ ਪਰਵਾਹ ਨਾ ਕਰਨਾ

ਜਦੋਂ ਮਨੁੱਖ ਕੋਈ ਮੰਦਾ ਕੰਮ ਕਰਨ ਲੱਗਦਾ ਹੈ ਤਾਂ ਉਸ ਦੀ ਆਤਮਾ ਉਸ ਨੂੰ ਟੋਕਦੀ ਹੈ।ਜੋ ਮਨੁੱਖ ਆਤਮਾ ਦੀ ਅਵਾਜ਼ ਦੀ ਪਰਵਾਹ ਨਾ ਕਰਦਾ ਹੋਇਆ, ਉਹ ਕੰਮ ਕਰ ਲੈਂਦਾ ਹੈ ਤਾਂ ਦੂਜੀ ਵਾਰੀ ਉਸ ਤਰ੍ਹਾਂ ਦਾ ਕਰਮ ਕਰਨ ਲੱਗਿਆਂ ਆਤਮਾ ਦੀ ਅਵਾਜ਼ ਬਿਲਕੁਲ ਹੀ ਉਸ ਤੱਕ ਨਹੀਂ ਪਹੁੰਚਦੀ ਤੇ ਉਹ ਬੁਰਾ ਕਰਮ ਉਸ ਦੀ ਵਾਦੀ ਬਣ ਜਾਂਦੀ ਹੈ। ਇਸੇ ਲਈ ਸਿਆਣਿਆਂ ਨੇ ਕਿਹਾ ਹੈ ਕਿ ਜਿਸ ਕੰਮ ਤੋਂ ਤੁਹਾਡੀ ਆਤਮਾ ਤੁਹਾਨੂੰ ਟੋਕੇ ਉਹ ਕੰਮ ਨਾ ਕਰੋ। ਅਜਿਹਾ ਕੰਮ ਪਾਪ ਹੀ ਹੁੰਦਾ ਹੈ।


ਚੰਗੀ ਆਦਤ ਪਾਉਣੀ ਔਖੀ ਅਤੇ ਭੈੜੀ ਛੱਡਣੀ ਔਖੀ

ਇਹ ਇੱਕ ਸਚਾਈ ਹੈ ਕਿ ਚੰਗੀ ਆਦਤ ਪਾਉਣੀ ਔਖੀ ਹੁੰਦੀ ਹੈ ਅਤੇ ਭੈੜੀ ਆਦਤ ਛੱਡਣੀ ਔਖੀ ਹੁੰਦੀ ਹੈ। ਆਦਤਾਂ ਬੂਟਿਆਂ ਵਾਂਗ ਹੁੰਦੀਆਂ ਹਨ। ਜਿਸ ਪ੍ਰਕਾਰ ਨਵੇਂ ਉੱਗੇ ਬੂਟੇ ਨੂੰ ਜੜ੍ਹੋਂ ਪੁੱਟਣਾ ਸੌਖਾ ਹੁੰਦਾ ਹੈ ਪਰ ਜਦੋਂ ਉਹ ਬੂਟਾ ਜੜ੍ਹ ਫੜ ਲਵੇ ਤੇ ਉਸ ਦੀਆਂ ਜੜ੍ਹਾਂ ਪੱਕੀਆਂ ਹੋ ਜਾਣ ਤਦ ਉਸ ਨੂੰ ਉਖਾੜਨਾ ਅਸੰਭਵ ਜਿਹਾ ਹੋ ਜਾਂਦਾ ਹੈ। ਬਿਲਕੁਲ ਇਸੇ ਪ੍ਰਕਾਰ ਕਿਸੇ ਭੈੜੀ ਆਦਤ ਨੂੰ ਸ਼ੁਰੂ ਵਿੱਚ ਬਦਲਣਾ ਸੌਖਾ ਹੁੰਦਾ ਹੈ ਪਰ ਜਦੋਂ ਉਹ ਮੰਦੀ ਆਦਤ ਪੱਕ ਜਾਵੇ ਤਾਂ ਮਨੁੱਖ ਦਾ ਵਿਹਾਰ ਹੀ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਇਸ ਲਈ ਜੇ ਅਸੀਂ ਚੰਗਾ ਆਚਰਨ ਬਣਾਉਣਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਕਿ ਅਸੀਂ ਅਜਿਹੀਆਂ ਆਦਤਾਂ ਪਾਈਏ ਜੋ ਮਨੁੱਖ ਲਈ ਉਸ ਦੇ ਜੀਵਨ ਵਿੱਚ ਉਸਾਰੂ ਭੂਮਿਕਾ ਹੀ ਨਿਭਾਉਣ।


ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ

 ਆਦਤਾਂ ਦਾ ਮੁੱਢ ਆਮ ਕਰਕੇ ਬਚਪਨ ਵਿੱਚ ਹੀ ਬੱਝਦਾ ਹੈ। ਛੋਟੀ ਉਮਰ ਵਿੱਚ ਮਨੁੱਖ ਦਾ ਮਨ ਮੋਮ ਵਰਗਾ ਹੁੰਦਾ ਹੈ। ਉਸ ਨੂੰ ਜਿਵੇਂ ਚਾਹੀਏ, ਮੋੜ ਸਕਦੇ ਹਾਂ। ਜੋ ਸ਼ਕਲ ਚਾਹੀਏ, ਘੜ ਸਕਦੇ ਹਾਂ। ਇਸ ਲਈ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਫ਼ਰਜ਼ ਹੈ ਕਿ ਬੱਚਿਆਂ ਨੂੰ ਇਸ ਤਰ੍ਹਾਂ ਸਾਵਧਾਨੀ ਨਾਲ ਸੰਭਾਲ ਕੇ ਅਤੇ ਤਾੜ ਕੇ ਰੱਖਣ ਕਿ ਉਨ੍ਹਾਂ ਅੰਦਰ ਕੋਈ ਮਾੜੀ ਵਾਦੀ ਨਾ ਆ ਸਕੇ।ਇਸ ਦੀ ਥਾਂ ਉਹ ਹੌਲੀ-ਹੌਲੀ ਚੰਗੀਆਂ ਆਦਤਾਂ ਸਿੱਖਣ। ਕਈ ਵਾਰੀ ਮਾਪੇ ਬੱਚਿਆਂ ਦੀਆਂ ਭੈੜੀਆਂ ਹਰਕਤਾਂ ਉੱਪਰ ਹੱਸ ਛੱਡਦੇ ਹਨ ਤੇ ਬਾਲ ਕਹਿ ਕੇ ਉਨ੍ਹਾਂ ਨੂੰ ਰੋਕਣ ਜਾਂ ਟੋਕਣ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਆਖ ਛੱਡਦੇ ਹਨ ਕਿ ਅਜੇ ਇਹ ਅੰਞਾਣੇ ਹਨ ਵੱਡੇ ਹੋ ਕੇ ਆਪੇ ਸਮਝ ਜਾਣਗੇ। ਪਰ ਇਹ ਉਨ੍ਹਾਂ ਦੀ ਸਖ਼ਤ ਭੁੱਲ ਹੈ। ਬਚਪਨ ਵਿੱਚ ਪਈਆਂ, ਵਾਦੀਆਂ ਵੱਡੀ ਉਮਰ ਵਿੱਚ ਕੁਵਾਦੀਆਂ ਬਣ ਜਾਂਦੀਆਂ ਹਨ ਐਥ ਬਣ ਜਾਂਦੇ ਹਨ। ਜੋ ਕੰਮ ਬਚਪਨ ਵਿੱਚ ਘੂਰੀ ਜਾਂ ਡਰਾਵਾ ਕਰ ਸਕਦਾ, ਵੱਡੇ ਹੋਇਆਂ ਡੰਡਾ ਵੀ ਨਹੀਂ ਕਰ ਸਕਦਾ।

ਵਾਰਿਸ਼ ਸ਼ਾਹ ਦੀ ਤੁਕ- ਪੰਜਾਬੀ ਦੇ ਪ੍ਰਸਿੱਧ ਕਿੱਸਾਕਾਰ ਨੇ ਆਪਣੇ ਕਿੱਸੇ ਵਿੱਚ ਮਨੁੱਖੀ ਆਦਤਾਂ ਦੇ ਸੰਬੰਧ ਵਿੱਚ ਬਹੁਤ ਹੀ ਸਾਰਥਕ ਟਿੱਪਣੀ ਕਰਦਿਆਂ ਲਿਖਿਆ ਹੈ:

''ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ।“

ਜਿਹੜੀ ਪਈ ਹੋਈ ਭੈੜੀ ਵਾਦੀ ਛੱਡਣੀ ਹੋਵੇ ਤਾਂ ਉਸ ਦੀ ਵਿਰੋਧੀ ਆਦਤ ਪਾਉਣ ਦਾ ਜਤਨ ਕਰਨਾ ਚਾਹੀਦਾ ਹੈ।ਜਿਵੇਂ- ਜਿਵੇਂ ਚੰਗੀ ਆਦਤ ਪੱਕਦੀ ਜਾਵੇਗੀ, ਮੰਦੀ ਵਾਦੀ ਛੁੱਟਦੀ ਜਾਵੇਗੀ।ਪਰ ਚੰਗਾ ਇਹ ਹੈ ਕਿ ਮੁੱਢ ਤੋਂ ਹੀ ਬੁਰੀਆਂ ਆਦਤਾਂ ਤੋਂ ਬਚਿਆ ਜਾਏ।


ਸਾਰੰਸ਼

ਇਸ ਤਰ੍ਹਾਂ ਸਪਸ਼ਟ ਹੈ ਕਿ ਜਿਹੜੀਆਂ ਆਦਤਾਂ ਇੱਕ ਵਾਰ ਮਨੁੱਖੀ ਸੋਚ ਦਾ ਵਿਹਾਰ ਦਾ ਭਾਗ ਬਣ ਜਾਂਦੀਆਂ ਹਨ ਉਹ ਹਮੇਸ਼ਾ ਮਨੁੱਖ ਦੇ ਨਾਲ ਹੀ ਨਿਭਦੀਆਂ ਹਨ।ਪਰ ਤਾਂ ਵੀ ਮਨੁੱਖ ਨੂੰ ਚੰਗੀਆਂ ਆਦਤਾਂ ਨੂੰ ਗ੍ਰਹਿਣ ਕਰਨ ਅਤੇ ਮਾੜੀਆਂ ਆਦਤਾਂ ਨੂੰ ਤਿਆਗਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਅਜਿਹੀ ਸੋਚ ਨਾਲ ਹੀ ਅਸੀਂ ਆਪਣੇ ਤੇ ਸਮੁੱਚੀ ਕੌਮ ਦਾ ਜੀਵਨ ਹੁਸੀਨ ਬਣਾ ਸਕਦੇ ਹਾਂ। 


Post a Comment

0 Comments