Punjab De Mele "ਪੰਜਾਬ ਦੇ ਮੇਲੇ " Punjabi Essay, Paragraph for Class 8, 9, 10, 11 and 12 Students Examination in 1200 Words.

ਪੰਜਾਬੀ ਨਿਬੰਧ - ਪੰਜਾਬ ਦੇ ਮੇਲੇ 
Punjab De Mele




ਰੂਪ-ਰੇਖਾ

ਭੂਮਿਕਾ, ਮੇਲੇ ਸ਼ਬਦ ਦਾ ਅਰਥ, ਮੇਲਿਆਂ ਦਾ ਮਹੱਤਵ, ਮੇਲਿਆਂ ਦੇ ਸ਼ੌਕੀਨ ਪੰਜਾਬੀ, ਪੰਜਾਬ ਵਿਚਲੇ ਪ੍ਰਮੁੱਖ ਮੇਲੇ, ਸਥਾਨਕ ਮੇਲੇ, ਖੇਡ ਮੇਲੇ, ਪਸ਼ੂ ਮੇਲੇ, ਸੱਭਿਆਚਾਰਕ ਮੇਲੇ, ਮੇਲਿਆਂ ਵਿਚਲੇ ਦ੍ਰਿਸ਼, ਮੇਲਿਆਂ ਦਾ ਵਿਗੜਦਾ ਸਰੂਪ, ਸਾਰੰਸ਼।


ਭੂਮਿਕਾ

ਹਰ ਦੇਸ, ਪ੍ਰਾਂਤ ਤੇ ਸਮਾਜ ਵਿੱਚ ਮੇਲਿਆਂ ਦਾ ਆਪਣਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਭਾਰਤ ਦੇਸ ਤਾਂ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ ਹੈ।ਇੱਥੇ ਹਰ ਮਹੀਨੇ ਕੋਈ ਨਾ ਕੋਈ ਮੇਲਾ ਮਨਾਇਆ ਜਾਂਦਾ ਹੈ। ਇਨ੍ਹਾਂ ਮੇਲਿਆਂ ਦਾ ਆਪਣਾ ਇਤਿਹਾਸਕ ਤੇ ਮਿਥਿਹਾਸਕ ਪਿਛੋਕੜ ਹੁੰਦਾ ਹੈ। ਪੰਜਾਬ ਵਿੱਚ ਵੀ ਬਹੁਤ ਸਾਰੇ ਮੇਲੇ ਮਨਾਏ ਜਾਂਦੇ ਹਨ। ਇਹ ਮੇਲੇ ਸਮਾਜ ਵਿੱਚ ਪਿਆਰ, ਸਦਭਾਵਨਾ ਤੇ ਸਾਂਝੀਵਾਲਤਾ ਦੇ ਭਾਵਾਂ ਨੂੰ ਵਧਾਉਂਦੇ ਹਨ। ਮੇਲੇ ਜਿੱਥੇ ਮਨ-ਪਰਚਾਵੇ ਦਾ ਸਾਧਨ ਹੁੰਦੇ ਹਨ ਉੱਥੇ ਇਨ੍ਹਾਂ ਦੀ ਇਸ ਤੋਂ ਵੱਡੀ ਉਸਾਰੂ ਭੂਮਿਕਾ ਹੁੰਦੀ ਹੈ।


ਮੇਲਾ ਸ਼ਬਦ ਦਾ ਅਰਥ

‘ਮੇਲਾ' ਸ਼ਬਦ 'ਮੇਲ' ਸ਼ਬਦ ਤੋਂ ਬਣਿਆ ਹੈ, ਜਿਸ ਦਾ ਭਾਵ ਮਿਲਣਾ ਜਾਂ ਇਕੱਠੇ ਹੋਣਾ ਹੁੰਦਾ ਹੈ। ਇਸ ਤਰ੍ਹਾਂ ਮੇਲੇ ਦਾ ਅਰਥ ਕਿਸੇ ਥਾਂ ਇਕੱਠੇ ਹੋਣਾ ਹੁੰਦਾ ਹੈ। ਇਸ ਇਕੱਠ ਵਿੱਚ ਸਾਰੇ ਲੋਕ ਬਿਨਾਂ ਕਿਸੇ ਭੇਦ-ਭਾਵ ਦੇ ਇਕੱਠੇ ਹੋ ਕੇ ਮਨ-ਪਰਚਾਵਾ ਕਰਦੇ ਹਨ ਤੇ ਆਪਣੇ ਅਰਮਾਨਾਂ, ਰੀਝਾਂ ਤੇ ਭਾਵਨਾਵਾਂ ਨੂੰ ਵਿਅਕਤ ਕਰਦੇ ਹਨ।


ਮੇਲਿਆਂ ਦਾ ਮਹੱਤਵ

ਮੇਲਿਆਂ ਦਾ ਆਪਣਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਹਰ ਮੇਲੇ ਦਾ ਆਪਣਾ ਵਿਲੱਖਣ ਪਿਛੋਕੜ ਹੁੰਦਾ ਹੈ।ਮੇਲਿਆਂ ਵਿੱਚ ਇਕੱਠੇ ਹੋ ਕੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਕਿਵੇਂ ਉਹ ਇੱਕ ਬਹੁਤ ਵੱਡੇ ਸਮਾਜ ਦਾ ਅੰਗ ਮਾਤਰ ਹਨ।ਇਹ ਮੇਲੇ ਮਨੋਰੰਜਨ ਦਾ ਬਹੁਤ ਹੀ ਪ੍ਰਮੁੱਖ ਸਾਧਨ ਹੁੰਦੇ ਹਨ। ਇਤਿਹਾਸਕ ਮੇਲੇ ਸਾਨੂੰ ਸਾਡੇ ਸੱਭਿਆਚਾਰ ਤੇ ਇਤਿਹਾਸ ਨਾਲ ਜੋੜਦੇ ਹਨ। ਧਾਰਮਕ ਦ੍ਰਿਸ਼ਟੀ ਨਾਲ ਜੁੜੇ ਮੇਲਿਆਂ ਪ੍ਰਤੀ ਲੋਕਾਂ ਦੀਆਂ ਵੱਖਰੀ ਤਰ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਪੀਰਾਂ- ਫ਼ਕੀਰਾਂ ਦੀ ਯਾਦ ਵਿੱਚ ਮਨਾਏ ਜਾਂਦੇ ਮੇਲਿਆਂ ਤੇ ਖੇਡ ਮੇਲਿਆਂ ਦਾ ਆਪੋ-ਆਪਣਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇੰਜ ਮੇਲੇ ਸਾਡੇ ਸਮਾਜਕ, ਧਾਰਮਕ ਤੇ ਸੱਭਿਆਚਾਰਕ ਜੀਵਨ ਦਾ ਬਹੁਤ ਹੀ ਅਹਿਮ ਅੰਗ ਹਨ।


ਮੇਲਿਆਂ ਦੇ ਸ਼ੌਕੀਨ ਪੰਜਾਬੀ

ਪੰਜਾਬੀ ਜਿੱਥੇ ਸਖ਼ਤ ਮਿਹਨਤ ਕਰਨ ਵਾਲੇ ਹਨ ਉੱਥੇ ਉਹ ਮਨ-ਪਰਚਾਵੇ ਵਜੋਂ ਮੇਲਿਆਂ ਦੇ ਵੀ ਬਹੁਤ ਸ਼ੌਕੀਨ ਹਨ। ਪੰਜਾਬ ਦੇ ਪੇਂਡੂ ਲੋਕ ਖੁੱਲ੍ਹੇ-ਡੁੱਲ੍ਹੇ ਸੁਭਾ ਦੇ ਮਾਲਕ ਹਨ। ਪੰਜਾਬ ਵਿਚਲੇ ਮੇਲਿਆਂ ਸਦਕਾ ਤਾਂ ਇਸ ਨੂੰ ਮੇਲਿਆਂ ਦਾ ਪ੍ਰਾਂਤ ਹੀ ਕਿਹਾ ਜਾ ਸਕਦਾ ਹੈ। ਸਾਲ ਵਿੱਚ ਸ਼ਾਇਦ ਕੋਈ ਹੀ ਅਜਿਹਾ ਹਫ਼ਤਾ ਹੋਵੇਗਾ ਜਦੋਂ ਕਿਤੇ ਕੋਈ ਨਾ ਕੋਈ ਮੇਲਾ ਨਾ ਮਨਾਇਆ ਜਾਂਦਾ ਰਿਹਾ ਹੋਵੇ। ਇੱਕ ਖੋਜ ਅਨੁਸਾਰ ਪੰਜਾਬ ਵਿੱਚ ਸਾਲ ਭਰ ਵਿੱਚ ਲਗਪਗ ਗਿਆਰਾਂ ਸੌ ਛੋਟੇ-ਵੱਡੇ ਮੇਲੇ ਲੱਗਦੇ ਹਨ।


ਪੰਜਾਬ ਵਿਚਲੇ ਪ੍ਰਮੁੱਖ ਮੇਲੇ

ਪੰਜਾਬ ਵਿੱਚ ਕਈ ਕਿਸਮ ਦੇ ਮੇਲੇ ਮਨਾਏ ਜਾਂਦੇ ਹਨ।ਦੁਸਹਿਰਾ, ਦੀਵਾਲੀ, ਵਿਸਾਖੀ, ਬਸੰਤ ਤੇ ਹੋਲੀ ਆਦਿ ਤਾਂ ਅਜਿਹੇ ਮੇਲੇ ਹਨ ਜੋ ਸਾਰੇ ਭਾਰਤ ਵਿੱਚ ਹੀ ਮਨਾਏ ਜਾਂਦੇ ਹਨ। ਇਸ ਤਰ੍ਹਾਂ ਇਹ ਸਰਬ-ਸਾਂਝੇ ਮੇਲੇ ਹੀ ਹਨ ਜਿਨ੍ਹਾਂ ਨੂੰ ਹਰ ਸ਼ਹਿਰ ਕਸਬੇ ਤੇ ਪਿੰਡ ਵਿੱਚ ਮਨਾਇਆ ਜਾਂਦਾ ਹੈ, ਪਰ ਇਨ੍ਹਾਂ ਮੇਲਿਆਂ ਵਿੱਚੋਂ ਵੀ ਕਈ ਮੇਲਿਆਂ ਦੀ ਪ੍ਰਸਿੱਧਤਾ ਕਿਸੇ ਇੱਕ ਸਥਾਨ ਨਾਲ ਜੁੜੀ ਹੋਈ ਹੈ ਜਿਵੇਂ ਦੀਵਾਲੀ ਅੰਮ੍ਰਿਤਸਰ ਦੀ ਵਧੇਰੇ ਪ੍ਰਸਿੱਧ ਹੈ, ਬਸੰਤ ਦਾ ਮੇਲਾ ਵਿਸ਼ੇਸ਼ ਕਰਕੇ ਛੇਹਰਟਾ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਵਿਸਾਖੀ ਦਾ ਮੇਲਾ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਲੋਹੜੀ ਜਾਂ ਮਾਘੀ ਮੁਕਤਸਰ ਸਾਹਿਬ ਦੀ ਵਧੇਰੇ ਮਸ਼ਹੂਰ ਹੈ ਤੇ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੇਖਣਯੋਗ ਹੁੰਦਾ ਹੈ। ਰੱਖੜ ਪੁੰਨਿਆ ਦਾ ਮੇਲਾ ਬਾਬਾ ਬਕਾਲੇ ਵਿਖੇ ਪੂਰੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।


ਸਥਾਨਕ ਮੇਲੇ

ਪੰਜਾਬ ਵਿੱਚ ਸਰਬ-ਸਾਂਝੇ ਮੇਲਿਆਂ ਵਾਂਗ ਹੀ ਵੱਖ-ਵੱਖ ਥਾਵਾਂ 'ਤੇ ਸਥਾਨਕ ਮੇਲੇ ਵੀ ਲੱਗਦੇ ਹਨ। ਇਨ੍ਹਾਂ ਮੇਲਿਆਂ ਦਾ ਸੰਬੰਧ ਇਲਾਕੇ ਵਿਸ਼ੇਸ਼ ਨਾਲ ਹੀ ਹੁੰਦਾ ਹੈ। ਇਸ ਸੰਬੰਧ ਵਿੱਚ ਅਸੀਂ ਵੇਖਦੇ ਹਾਂ ਕਿ ਤਰਨਤਾਰਨ ਵਿੱਚ ਹਰੇਕ ਮੱਸਿਆ ਨੂੰ ਮੇਲਾ ਲੱਗਦਾ ਹੈ। ਲੁਧਿਆਣੇ ਜ਼ਿਲ੍ਹੇ ਵਿੱਚ 'ਛਪਾਰ' ਪਿੰਡ ਵਿੱਚ ਗੁੱਗੇ ਦੀ ਮਾੜੀ ਦਾ ਮੇਲਾ ਲੱਗਦਾ ਹੈ। ਇਸ ਤਰ੍ਹਾਂ ਅਚਲ ਬਟਾਲੇ ਸੰਨਿਆਸੀਆਂ ਤੇ ਜੋਗੀਆਂ ਦਾ ਮੇਲਾ ਤੇ ਜਗਰਾਵਾਂ ਵਿੱਚ ਰੌਸ਼ਨੀ ਦਾ ਮੇਲਾ ਮਨਾਇਆ ਜਾਂਦਾ ਹੈ। ਇਸੇ ਪ੍ਰਕਾਰ ਹੀ ਪਟਿਆਲੇ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਦਾ ਮੇਲਾ ਲੱਗਦਾ ਹੈ। ਇਸ ਤੋਂ ਇਲਾਵਾ ਮਾਲੇਰਕੋਟਲੇ ਹੈਦਰ ਸ਼ੇਖ ਦੀ ਕਬਰ 'ਤੇ ਮੇਲਾ ਲੱਗਦਾ ਹੈ ਤੇ ਅੰਮ੍ਰਿਤਸਰ ਵਿਖੇ ਹੀ ਰਾਮ ਤੀਰਥ ਦੇ ਸਥਾਨ 'ਤੇ ਮੇਲਾ ਲੱਗਦਾ ਹੈ। ਇਨ੍ਹਾਂ ਮੇਲਿਆਂ ਤੋਂ ਇਲਾਵਾ ਗੁਰੂਆਂ, ਪੀਰਾਂ-ਫ਼ਕੀਰਾਂ, ਦੇਸ-ਭਗਤਾਂ ਤੇ ਮਹਾਨ ਆਗੂਆਂ ਦੀ ਯਾਦ ਵਿੱਚ ਕਰਵਾਏ ਜਾਣ ਵਾਲੇ ਸਮਾਗਮ ਵੀ ਬਹੁਤੀ ਵਾਰੀ ਮੇਲਿਆਂ ਦਾ ਰੂਪ ਹੀ ਧਾਰਨ ਕਰ ਜਾਂਦੇ ਹਨ। ਜਿਵੇਂ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਮੇਲਾ, ਨਾਨਕਸਰ ਵਿਖੇ ਸੰਤ ਬਾਬਾ ਨੰਦ ਸਿੰਘ ਜੀ ਦੀ ਬਰਸੀ ਜਾਂ ਮਸਤੂਆਣਾ ਸਾਹਿਬ ਵਿਖੇ ਸੰਤ ਬਾਬਾ ਅਤਰ ਸਿੰਘ ਜੀ ਦੀ ਬਰਸੀ ਦਾ ਮੇਲਾ ਇਲਾਕੇ ਦੇ ਲੋਕਾਂ ਵੱਲੋਂ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।


ਖੇਡ-ਮੇਲੇ

ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਖੇਡ ਮੇਲੇ ਕਰਵਾਉਣ ਦਾ ਰਿਵਾਜ ਬਹੁਤ ਵਧ ਗਿਆ ਹੈ। ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਵੱਖ-ਵੱਖ ਖੇਡਾਂ ਜਿਵੇਂ ਕਬੱਡੀ, ਫੁਟਬਾਲ, ਵਾਲੀਬਾਲ, ਬਾਸਕਟਬਾਲ, ਕੁਸ਼ਤੀਆਂ 'ਤੇ ਹਾਕੀ ਆਦਿ ਨਾਲ ਸੰਬੰਧਤ ਬਹੁਤ ਹੀ ਵੱਡੀ ਪੱਧਰ 'ਤੇ ਮੇਲੇ ਕਰਵਾਏ ਜਾਂਦੇ ਹਨ। ਇਨ੍ਹਾਂ ਮੇਲਿਆਂ ਵਿੱਚ ਜੇਤੂ ਖਿਡਾਰੀਆਂ ਨੂੰ ਬਹੁਤ ਹੀ ਦਿਲ ਖਿੱਚਵੇਂ ਤੇ ਵੱਡੇ ਇਨਾਮ ਦਿੱਤੇ ਜਾਂਦੇ ਹਨ।ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਅੰਤਰਰਾਸ਼ਟਰੀ ਪੰਜਾਬ ਸਟਾਈਲ ਕਬੱਡੀ ਸੰਬੰਧੀ ਬਹੁਤ ਵੱਡੀ ਪੱਧਰ 'ਤੇ ਮੇਲੇ ਕਰਵਾਏ ਜਾ ਰਹੇ ਹਨ।ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਕਿਲ੍ਹਾ ਰਾਏਪੁਰ ਵਿੱਚ ਮਨਾਇਆ ਜਾਣ ਵਾਲਾ ਪੇਂਡੂ ਖੇਡ ਮੇਲਾ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਵਿਸ਼ੇਸ਼ ਪਛਾਣ ਰੱਖਦਾ ਹੈ।


ਪਸ਼ੂ ਮੇਲੇ

ਪੰਜਾਬ ਵਿਚਲੇ ਲਗਪਗ ਹਰ ਸ਼ਹਿਰ ਦੇ ਵੱਡੇ ਕਸਬਿਆਂ ਵਿੱਚ ਸਮੇਂ-ਸਮੇਂ ਪਸ਼ੂ ਮੇਲੇ ਵੀ ਲੱਗਦੇ ਹਨ। ਇਨ੍ਹਾਂ ਮੇਲਿਆਂ ਵਿੱਚ ਜਿੱਥੇ ਲੋਕ ਆਪਣੇ ਪਸ਼ੂਆਂ ਦੀ ਖ਼ਰੀਦੋ-ਫ਼ਰੋਖ਼ਤ ਕਰਦੇ ਹਨ, ਉੱਥੇ ਇਹ ਮੇਲੇ ਕੁਝ ਹੱਦ ਤੱਕ ਮਨੋਰੰਜਨ ਦਾ ਸਾਧਨ ਵੀ ਬਣਦੇ ਹਨ।ਪੰਜਾਬ ਵਿੱਚ ਟਰੈਕਟਰਾਂ ਦੀ ਖ਼ਰੀਦੋ-ਫਰੋਖ਼ਤ ਲਈ ਵੀ ਪਿਛਲੇ ਕਈ ਸਾਲਾਂ ਤੋਂ ਨਿਸਚਤ ਤਰੀਕਾਂ ਜਾਂ ਦਿਨਾਂ 'ਤੇ ਮੇਲੇ ਲੱਗਣ ਲੱਗੇ ਹਨ।ਪੰਜਾਬ ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਖੇਤੀਬਾੜੀ ਨਾਲ ਸੰਬੰਧਤ ਮੇਲੇ ਵੀ ਲਾਏ ਜਾਂਦੇ ਹਨ।


ਸੱਭਿਆਚਾਰਕ ਮੇਲੇ

ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਸਮੇਂ-ਸਮੇਂ ਸੱਭਿਆਚਾਰਕ ਮੇਲੇ ਵੀ ਕਰਵਾਏ ਜਾਂਦੇ ਹਨ। ਪਿਛਲੇ ਕੁਝ ਸਾਲਾਂ ਤੋਂ ਬਠਿੰਡੇ ਤੇ ਫਰੀਦਕੋਟ ਵਿਖੇ ਪੇਂਡੂ ਮੇਲੇ ਬਹੁਤ ਹੀ ਵੱਡੀ ਪੱਧਰ 'ਤੇ ਮਨਾਏ ਜਾ ਰਹੇ ਹਨ।ਕਈ ਪਿੰਡਾਂ ਸ਼ਹਿਰਾਂ ਵਿੱਚ ਵੱਡੇ-ਛੋਟੇ ਕਲਾਕਾਰਾਂ ਨੂੰ ਬੁਲਾ ਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ।ਜਲੰਧਰ ਵਿੱਚ ਦੇਸ ਭਗਤ ਯਾਦਗਾਰ ਹਾਲ ਵਿੱਚ ਗ਼ਦਰੀਆਂ ਦੀ ਯਾਦ ਨੂੰ ਸਮਰਪਿਤ ਸੱਭਿਆਚਾਰਕ ਮੇਲਾ ਆਪਣੀ ਵਿਸ਼ੇਸ਼ ਪਛਾਣ ਬਣਾ ਚੁੱਕਾ ਹੈ। ਪੰਜਾਬ ਦੇ ਕਈ ਪਿੰਡਾਂ ਵਿੱਚ ਵੱਖ-ਵੱਖ ਨਾਟਕ ਮੰਡਲੀਆਂ ਵੱਲੋਂ ਵੀ ਨਾਟ-ਮੇਲੇ ਕਰਵਾਏ ਜਾ ਰਹੇ ਹਨ।


ਮੇਲਿਆਂ ਵਿਚਲੇ ਦ੍ਰਿਸ਼

ਪੰਜਾਬ ਵਿਚਲੇ ਸਾਰੇ ਮੇਲਿਆਂ ਵਿੱਚ ਹੀ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ। ਸਾਰੇ ਮੇਲਿਆਂ ਵਿੱਚ ਹੀ ਖਾਣ-ਪੀਣ ਨਾਲ ਸੰਬੰਧਤ ਦੁਕਾਨਾਂ ਲੱਗੀਆਂ ਹੁੰਦੀਆਂ ਹਨ ਤੇ ਬੱਚਿਆਂ ਦੀ ਪਸੰਦ ਦੇ ਤਰ੍ਹਾਂ-ਤਰ੍ਹਾਂ ਦੇ ਝੂਲੇ ਲੱਗੇ ਹੁੰਦੇ ਹਨ।ਲੋਕ ਇਨ੍ਹਾਂ ਮੇਲਿਆਂ ਵਿੱਚ ਬਹੁਤੀ ਵਾਰੀ ਟੋਲੀਆਂ ਬਣਾ ਕੇ ਪਹੁੰਚਦੇ ਹਨ। ਮੇਲਿਆਂ ਵਿੱਚ ਬੱਚਿਆਂ ਦੇ ਖਿਡੌਣੇ, ਭੁਕਾਨੇ, ਸੀਟੀਆਂ ਤੇ ਔਰਤਾਂ ਦੇ ਸ਼ਿੰਗਾਰ ਦਾ ਸਾਮਾਨ ਮਿਲਦਾ ਹੈ।

ਮੇਲਿਆਂ ਵਿੱਚ ਤਰ੍ਹਾਂ-ਤਰ੍ਹਾਂ ਦੇ ਦ੍ਰਿਸ਼ ਵੇਖਣ ਨੂੰ ਮਿਲਦੇ ਹਨ।ਕਿਤੇ ਲੋਕ ਝੂਲਿਆਂ 'ਤੇ ਚੀਕਾਂ ਮਾਰ ਰਹੇ ਹੁੰਦੇ ਹਨ ਤੇ ਕਿਤੇ ਕੋਈ ਨੌਜਵਾਨ ਬਾਹਾਂ 'ਤੇ ਵੇਲ-ਬੂਟੇ ਖੁਣਵਾ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਕਿਤੇ ਮਦਾਰੀ ਦਾ ਤਮਾਸ਼ਾ ਲੱਗਾ ਹੁੰਦਾ ਹੈ। ਕਿਤੇ ਮੁਟਿਆਰਾਂ ਵੰਗਾਂ ਚੜ੍ਹਵਾ ਰਹੀਆਂ ਹੁੰਦੀਆਂ ਹਨ।ਕਿਸੇ ਥਾਂ ਕੋਈ ਵੈਦ ਆਪਣੀ ਦਵਾਈ ਵੇਚਣ ਲਈ ਲੱਛੇਦਾਰ ਭਾਸ਼ਾ ਵਿੱਚ ਆਪਣਾ ਮਜਮਾ ਲਾਈ ਬੈਠਾ ਹੁੰਦਾ ਹੈ। ਇਨ੍ਹਾਂ ਮੇਲਿਆਂ ਵਿਚਲੇ ਧਾਰਮਿਕ ਸਮਾਗਮ ਤੇ ਰਾਜਨੀਤਕ ਸਟੇਜਾਂ ਦਾ ਆਪਣਾ ਵਿਸ਼ੇਸ਼ ਪ੍ਰਭਾਵ ਹੁੰਦਾ ਹੈ।


ਮੇਲਿਆਂ ਦਾ ਵਿਗੜਦਾ ਸਰੂਪ

ਭਾਵੇਂ ਮੇਲੇ ਬਹੁਤ ਹੀ ਸੁਹਿਰਦ ਭਾਵਨਾ ਨਾਲ ਮਨਾਏ ਜਾਂਦੇ ਹਨ, ਪਰ ਅਸੀਂ ਵੇਖਦੇ ਹਾਂ ਕਿ ਮੇਲਿਆਂ ਵਿੱਚ ਕਈ ਅਜਿਹੀਆਂ ਘਟਨਾਵਾਂ ਨਿਰੰਤਰ ਵਾਪਰ ਰਹੀਆਂ ਹਨ ਜਿਸ ਨਾਲ ਸ਼ਰਮ ਤੇ ਨਮੋਸ਼ੀ ਨਾਲ ਸਿਰ ਨੀਵਾਂ ਕਰਨਾ ਪੈਂਦਾ ਹੈ।ਮੇਲਿਆਂ ਦੌਰਾਨ ਨੌਜਵਾਨਾਂ ਜਾਂ ਹੋਰ ਲੋਕਾਂ ਦੀ ਬੇਹਯਾਈ, ਨਸ਼ਿਆਂ ਦੀ ਵਰਤੋਂ, ਜੇਬ ਕਤਰਿਆਂ ਦੀ ਭਰਮਾਰ, ਰਾਜਨੀਤਕ ਪਾਰਟੀਆਂ ਦਾ ਭੰਡੀ ਪ੍ਰਚਾਰ, ਖਾਣ ਵਾਲੀਆਂ ਵਸਤਾਂ ਵਿਚਲੀ ਮਿਲਾਵਟ ਆਦਿ ਅਜਿਹੇ ਰੁਝਾਨ ਵਧਣ ਕਾਰਨ ਇਨ੍ਹਾਂ ਮੇਲਿਆਂ ਦੀ ਅਸਲੀ ਠੁੱਕ ਨੂੰ ਢਾਹ ਲੱਗ ਰਹੀ ਹੈ।ਸੋ ਲੋੜ ਹੈ ਇਸ ਪਾਸੇ ਵੱਲ ਸਾਰੀਆਂ ਸੰਬੰਧਤ ਧਿਰਾਂ ਵਿਸ਼ੇਸ਼ ਧਿਆਨ ਦੇਣ ਤਾਂ ਜੋ ਮੇਲਿਆਂ ਦਾ ਅਸਲੀ ਮਹੱਤਵ ਕਾਇਮ ਰਹਿ ਸਕੇ।


ਸਾਰੰਸ਼
ਇੰਜ ਮੇਲੇ ਦੀ ਮਨੁੱਖੀ ਜੀਵਨ ਵਿੱਚ ਵਿਸ਼ੇਸ਼ ਮਹੱਤਤਾ ਹੁੰਦੀ ਹੈ। ਪੰਜਾਬ ਵਿਚਲੇ ਕੌਮੀ ਤੇ ਸਥਾਨਕ ਮੇਲਿਆਂ ਦੀ ਆਪਣੀ ਵੱਖਰੀ ਪਛਾਣ ਹੈ।ਮੇਲੇ ਲੋਕਾਂ ਵਿੱਚ ਪਿਆਰ ਤੇ ਸਦਭਾਵਨਾ ਦੇ ਗੁਣਾਂ ਨੂੰ ਵਧਾਉਂਦੇ ਹਨ।ਇਸ ਦੇ ਨਾਲ ਹੀ ਮੇਲਿਆਂ ਵਿੱਚ ਪੈਦਾ ਹੋ ਰਹੇ ਨਾਂਹ-ਪੱਖੀ ਰੁਝਾਨਾਂ ਨੂੰ ਵੀ ਤਕੜੇ ਹੋ ਕੇ ਨੱਥ ਪਾਉਣ ਦੀ ਬਹੁਤ ਲੋੜ ਹੈ।


Post a Comment

0 Comments