ਪੰਜਾਬ ਦੇ ਲੋਕ-ਗੀਤ
Punjab De Lok-Geet
ਰੂਪ-ਰੇਖਾ
ਪੰਜਾਬ ਲੋਕ-ਗੀਤਾਂ ਦੀ ਧਰਤੀ, ਲੋਕ-ਗੀਤਾਂ ਦੀ ਰਚਨਾ, ਬੇਜੋੜ ਕਾਲਪਨਿਕ ਉਡਾਰੀ, ਲੋਕ-ਗੀਤ ਦੇ ਰੂਪ, ਦੇ ਲੋਕ-ਗੀਤ, ਆਰਥਕ ਹਾਲਤ ਦਾ ਵਰਨਣ, ਸਾਰੰਸ਼। ਬਚਪਨ ਦੇ ਲੋਕ ਗੀਤ, ਤਿਉਹਾਰਾਂ ਬਾਰੇ ਲੋਕ-ਗੀਤ, ਜਵਾਨੀ ਤੇ ਸੁੰਦਰਤਾ ਦੇ ਗੀਤ, ਵਿਆਹ ਸੰਬੰਧੀ ਲੋਕ-ਗੀਤ, ਸਹੁਰੇ ਘਰ
ਪੰਜਾਬ ਲੋਕ ਗੀਤਾਂ ਦੀ ਧਰਤੀ
ਪੰਜਾਬ ਲੋਕ-ਗੀਤਾਂ ਦੀ ਜ਼ਰਖੇਜ਼ ਧਰਤੀ ਹੈ।ਕਿਹਾ ਜਾਂਦਾ ਹੈ ਕਿ ਪੰਜਾਬੀ ਲੋਕ-ਗੀਤਾਂ ਵਿੱਚ ਪੈਦਾ ਹੁੰਦਾ ਹੈ, ਲੋਕ-ਗੀਤਾਂ ਵਿੱਚ ਜਵਾਨ ਹੁੰਦਾ ਹੈ ਤੇ ਲੋਕ-ਗੀਤਾਂ ਵਿੱਚ ਹੀ ਬੁੱਢਾ ਹੋ ਕੇ ਮਰ ਜਾਂਦਾ ਹੈ। ਇਸ ਅਨੁਸਾਰ ਲੋਕ-ਗੀਤਾਂ ਦਾ ਸੰਬੰਧ ਪੰਜਾਬ ਦੀ ਸਮੁੱਚੀ ਜੀਵਨ ਜਾਚ ਨਾਲ ਹੈ, ਸੱਭਿਆਚਾਰ ਨਾਲ ਹੈ।
ਲੋਕ-ਗੀਤਾਂ ਦੀ ਰਚਨਾ
ਲੋਕ-ਗੀਤਾਂ ਦੀ ਰਚਨਾ ਕੋਈ ਵਿਸ਼ੇਸ਼ ਕਵੀ ਨਹੀਂ ਕਰਦਾ ਸਗੋਂ ਇਹ ਆਮ ਲੋਕਾਂ ਦੇ ਮਨੋਭਾਵ ਹੁੰਦੇ ਹਨ ਜੋ ਲੋਕ-ਗੀਤਾਂ ਦਾ ਰੂਪ ਧਾਰ ਕੇ ਸਮਾਜ ਸੱਭਿਆਚਾਰ ਵਿੱਚ ਫੈਲ ਜਾਂਦੇ ਹਨ। ਇਸੇ ਪ੍ਰਕਾਰ ਲੋਕ-ਗੀਤਾਂ ਦਾ ਜਨਮ ਮਨੁੱਖੀ ਸੱਭਿਅਤਾ ਨਾਲ ਹੋਇਆ ਤੇ ਇਨ੍ਹਾਂ ਦਾ ਨਿਰੰਤਰ ਦਰਿਆ ਵਹਿ ਰਿਹਾ ਹੈ।
ਬੇਜੋੜ ਕਾਲਪਨਿਕ ਉਡਾਰੀ
ਲੋਕ-ਗੀਤਾਂ ਵਿੱਚੋਂ ਇਨ੍ਹਾਂ ਰਚਨਹਾਰਿਆਂ ਵਰਗੀ ਸਾਦਗੀ, ਸਰਲਤਾ, ਆਪ ਮੁਹਾਰਾਪਨ ਤੇ ਅਲਬੇਲਾਪਨ ਹੁੰਦਾ ਹੈ ਪਰ ਇਨ੍ਹਾਂ ਵਿਚਲੀ ਸਾਦਗੀ, ਅੰਦਰੂਨੀ ਭਾਵ ਅਤੇ ਕਲਪਨਾ ਦਾ ਬੇਜੋੜ ਸੁਮੇਲ ਹੁੰਦਾ ਹੈ। ਜਿਵੇਂ ਇਹ ਲੋਕ ਗੀਤ ਵੇਖੋ :
ਘੁੰਡ ਕੱਢ ਲੈ ਪੱਤਣ 'ਤੇ ਖੜੀਏ
ਪਾਣੀਆਂ ਨੂੰ ਅੱਗ ਲੱਗ ਜੂ।
ਲੋਕ-ਗੀਤਾਂ ਦੇ ਰੂਪ
ਲੋਕ-ਗੀਤ ਕਈ ਰੂਪਾਂ ਵਿੱਚ ਵਿਚਰਦੇ ਹਨ।ਲੋਕ-ਗੀਤਾਂ ਦਾ ਸੰਬੰਧ ਵੱਖ-ਵੱਖ ਖ਼ੁਸ਼ੀ ਗ਼ਮੀ ਦੇ ਮੌਕਿਆਂ ਨਾਲ ਹੈ ; ਖੇਡਾਂ ਅਤੇ ਰੀਤਾਂ ਰਸਮਾਂ ਨਾਲ ਹੈ।ਪੰਜਾਬ ਵਿੱਚ ਗੀਤ ਬੱਚੇ ਦੇ ਜਨਮ ਤੋਂ ਸ਼ੁਰੂ ਹੋ ਜਾਂਦੇ ਹਨ। ਬਚਪਨ ਦੇ ਗੀਤਾਂ ਵਿੱਚੋਂ ਪੁੱਤਰ ਦੇ ਜਨਮ, ਚਾਅ, ਖ਼ੁਸ਼ੀ ਤੇ ਸੱਧਰਾਂ ਬਿਆਨ ਕੀਤੀਆਂ ਹੁੰਦੀਆਂ ਹਨ।
ਬਚਪਨ ਦੇ ਲੋਕ-ਗੀਤ
ਜਨਮ ਪਿੱਛੋਂ ਬੱਚਾ ਜ਼ਰਾ ਤਕੜਾ ਹੁੰਦਾ ਹੈ।ਮਾਂ ਘਰ ਦੇ ਕੰਮ-ਕਾਰ ਵਿੱਚ ਰੁੱਝਣਾ ਚਾਹੁੰਦੀ ਹੈ ਪਰ ਬੱਚਾ ਉਸ ਨੂੰ ਤੰਗ ਕਰਦਾ ਹੈ। ਮਾਂ ਤੇ ਉਸਦੀਆਂ ਭੈਣਾਂ ਉਸ ਨੂੰ ਲੋਰੀ ਦੇ ਕੇ ਸੁਆਉਣਾ ਚਾਹੁੰਦੀਆਂ ਹਨ :
ਅੱਲੜ ਬੱਲ੍ਹੜ ਬਾਵੇ ਦਾ,
ਬਾਵਾ ਕਣਕ ਲਿਆਵੇਗਾ।
ਬਾਵੀ ਬਹਿ ਕੇ ਛੱਟੇਗੀ,
ਮਾਂ ਪੂਣੀਆਂ ਵੱਟੇਗੀ।
ਬਾਵੀ ਮੰਨ ਪਕਾਵੇਗੀ,
ਬਾਵਾ ਬੈਠਾ ਖਾਵੇਗਾ।
ਤਿਉਹਾਰਾਂ ਬਾਰੇ ਲੋਕ-ਗੀਤ
ਜ਼ਰਾ ਜਵਾਨ ਹੋਣ 'ਤੇ ਮੁੰਡਿਆਂ ਤੇ ਕੁੜੀਆਂ, ਰੁੱਤਾਂ ਤੇ ਤਿਉਹਾਰਾਂ ਨਾਲ ਸੰਬੰਧਤ ਗੀਤ ਗਾਉਂਦੇ ਹਨ। ਲੋਹੜੀ, ਬਸੰਤ ਰੁੱਤ, ਬਰਸਾਤ ਦੀ ਰੁੱਤ ਤੇ ਤ੍ਰਿੰਞਣ ਨਾਲ ਸੰਬੰਧਤ ਗੀਤਾਂ ਦੇ ਅਨੇਕਾਂ ਨਮੂਨੇ ਪੰਜਾਬੀ ਲੋਕ-ਗੀਤਾਂ ਵਿੱਚ ਮਿਲਦੇ ਹਨ।
ਜਵਾਨੀ ਤੇ ਸੁੰਦਰਤਾ ਦੇ ਗੀਤ
ਜਵਾਨ ਕੁੜੀ ਦੀ ਸੁੰਦਰਤਾ ਦਾ ਵਰਨਣ ਲੋਕ-ਗੀਤਾਂ ਵਿੱਚ ਬੇਮਿਸਾਲ ਮਿਲਦਾ ਹੈ।
ਵਿਆਹ ਸੰਬੰਧੀ ਲੋਕ-ਗੀਤ
ਮੁੰਡੇ-ਕੁੜੀ ਦੇ ਜਵਾਨ ਹੋਣ 'ਤੇ ਉਹਦਾ ਵਿਆਹ ਧਰਿਆ ਜਾਂਦਾ ਹੈ ਤਾਂ ਘਰ ਗੀਤਾਂ ਨਾਲ ਭਰ ਜਾਂਦਾ ਹੈ। ਕੁੜੀ ਦੇ ਵਿਆਹ 'ਤੇ ਸੁਹਾਗ ਤੇ ਮੁੰਡੇ ਦੇ ਵਿਆਹ 'ਤੇ ਘੋੜੀਆਂ ਗਾਈਆਂ ਜਾਂਦੀਆਂ ਹਨ। ਸਾਰੇ ਸ਼ਗਨ ਇਨ੍ਹਾਂ ਗੀਤਾਂ ਵਿੱਚ ਪ੍ਰਗਟ ਹੁੰਦੇ ਹਨ। ਮੁਟਿਆਰਾਂ, ਅੱਧਖੜ, ਬੁੱਢੀਆਂ ਤੇ ਨੱਢੀਆਂ ਸਭ ਗਿੱਧੇ ਵਿੱਚ ਨੱਚਦੀਆਂ ਹਨ।ਵਿਆਹ ਦੇ ਦਿਨ ਦਾਦਕਿਆਂ ਤੇ ਨਾਨਕਿਆਂ ਦੇ ਨੋਕ ਝੋਕ ਖ਼ੂਬ ਰੰਗ ਵਿਖਾਉਂਦੀ ਹੈ।
ਅਸੀਂ ਹਾਜ਼ਰ ਖੜੀਆਂ ਨੀ ਜੀਤੋ ਤੇਰੀਆਂ ਨਾਨਕੀਆਂ
ਸਭ ਉਧਲ ਗਈਆਂ ਨੀ ਜੀਤੋ ਤੇਰੀਆਂ ਦਾਦਕੀਆਂ
ਜੰਞ ਆਉਣ 'ਤੇ ਸਭ ਮੁਟਿਆਰਾਂ ਤੇ ਔਰਤਾਂ ਜਾਂਞੀਆਂ ਨੂੰ ਸਿੱਠਣੀਆਂ ਦਿੰਦੀਆਂ ਹਨ :
ਜਾਂਞੀ ਬੜੇ ਗੜੱਪੂ ਆਏ
ਸਾਰੀ ਰੋਟੀ ਖਾ ਨੀ ਗਏ।
ਹਾਸਿਆਂ 'ਤੇ ਢੋਲ ਢਮੱਕਿਆਂ ਨਾਲ ਕੁੜੀ ਦੀ ਵਿਦਾਇਗੀ ਦਾ ਵਕਤ ਆ ਜਾਂਦਾ ਹੈ ਤੇ ਸੋਗਮਈ ਵਾਤਾਵਰਨ ਛਾ ਜਾਂਦਾ ਹੈ।
ਸਹੁਰੇ ਘਰ ਦੇ ਗੀਤ
ਕੁੜੀ ਨੂੰਹ ਬਣ ਕੇ ਸਹੁਰੇ ਘਰ ਵੱਸਣ ਲੱਗਦੀ ਹੈ।ਸੱਸ ਦੀਆਂ ਸਖ਼ਤੀਆਂ ਉਸ ਨੂੰ ਲੂਹ ਸੁੱਟਦੀਆਂ ਹਨ, ਉਸ ਦਾ ਮਨ ਕਹਿ ਉੱਠਦਾ ਹੈ :
ਅੱਗੋਂ ਸੱਸ ਬਘਿਆੜੀ ਟੱਕਰੀ ਮਾਪਿਆਂ ਨੇ ਰੱਖੀ ਲਾਡਲੀ।
ਆਰਥਕ ਹਾਲਤ ਦਾ ਵਰਨਣ
ਪੰਜਾਬੀ ਲੋਕ ਗੀਤਾਂ ਵਿੱਚ ਪੰਜਾਬੀ ਜੀਵਨ ਵਿੱਚ ਆਰਥਕ ਮਹੱਤਤਾ ਦਾ ਵਰਨਣ ਵੀ ਮਿਲਦਾ ਹੈ:
ਜੱਟ ਜੱਟੀ ਨੂੰ ਲੈਣ ਨਾ ਜਾਵੇ ਡਰਦਾ ਕਬੀਲਦਾਰੀਓਂ !
ਸਾਰੰਸ਼
ਅਸੀਂ ਵੇਖਦੇ ਹਾਂ ਕਿ ਲੋਕ ਗੀਤਾਂ ਵਿੱਚ ਪੰਜਾਬੀ ਜੀਵਨ ਦੀ ਸਮੁੱਚਤਾ ਦੇ ਲੱਛਣ ਉਜਾਗਰ ਹੁੰਦੇ ਹਨ।ਉਨ੍ਹਾਂ ਵਿੱਚ ਸਾਡੇ ਸਮਾਜਕ ਸੱਭਿਆਚਾਰਕ ਜੀਵਨ ਅਤੇ ਆਰਥਕ ਤੇ ਇਤਿਹਾਸਕ ਘਟਨਾਵਾਂ ਦਾ ਬਿਆਨ ਬੜਾ ਸੁੰਦਰ ਮਿਲਦਾ ਹੈ। ਲੋਕ- ਗੀਤਾਂ ਦੀ ਸਾਹਿਤਕ ਪੱਖ ਤੋਂ ਵੀ ਬੜੀ ਮਹਾਨਤਾ ਹੈ।
0 Comments