Public School Var Ja Shrap "ਪਬਲਿਕ ਸਕੂਲ ਵਰ ਜਾਂ ਸਰਾਪ" Punjabi Essay, Paragraph for Class 8, 9, 10, 11 and 12 Students Examination in 700 Words.

ਪਬਲਿਕ ਸਕੂਲ ਵਰ ਜਾਂ ਸਰਾਪ 
Public School Var Ja Shrap




ਭੂਮਿਕਾ

ਅੱਜ ਦੇ ਇਸ ਪਦਾਰਥਵਾਦੀ ਯੁੱਗ ਵਿੱਚ ਬੰਦੇ ਦਾ ਪੜ੍ਹੇ-ਲਿਖੇ ਹੋਣਾ ਬਹੁਤ ਜ਼ਰੂਰੀ ਹੈ। ਕਦੀ ਸਮਾਂ ਸੀ ਜਦੋਂ ਬੱਚਿਆਂ ਦੀ ਪੜ੍ਹਾਈ ਵੱਲ ਕੋਈ ਉਚੇਚਾ ਧਿਆਨ ਨਹੀਂ ਸੀ ਦਿੱਤਾ ਜਾਂਦਾ ਪਰੰਤੂ ਅੱਜ ਮਾਪੇ ਬੱਚਿਆਂ ਦੀ ਪੜ੍ਹਾਈ ਪ੍ਰਤੀ ਬਹੁਤ ਚਿੰਤਤ ਰਹਿੰਦੇ ਹਨ।ਉਹ ਆਪਣੇ ਬੱਚੇ ਨੂੰ ਉੱਚੀ ਤੋਂ ਉੱਚੀ ਵਿੱਦਿਆ ਦਿਵਾਉਣਾ ਚਾਹੁੰਦੇ ਹਨ।ਉਹ ਆਪਣੇ ਬੱਚਿਆਂ ਨੂੰ ਅਕਸਰ ਕਹਿੰਦੇ ਸੁਣੇ ਜਾਂਦੇ ਹਨ, ''ਬੱਚਿਓ ! ਅਸੀਂ ਤਾਂ ਨਹੀਂ ਪੜ੍ਹੇ। ਇਸ ਕਰਕੇ ਪਿੱਛੇ ਰਹਿ ਗਏ ਹਾਂ ਪਰੰਤੂ ਤੁਸੀਂ ਜ਼ਰੂਰ ਪੜ੍ਹ-ਲਿਖ ਜਾਵੋ ਤਾਂ ਕਿ ਜ਼ਿੰਦਗੀ ਦੀ ਦੌੜ ਵਿੱਚ ਕਿਸੇ ਨਾਲੋਂ ਪਿੱਛੇ ਨਾ ਰਹਿ ਸਕੇ। 


ਵਧੀਆ ਸਕੂਲ ਦੀ ਚੋਣ

ਜਦੋਂ ਬੱਚਾ ਥੋੜ੍ਹਾ ਵੱਡਾ ਹੁੰਦਾ ਹੈ ਤਾਂ ਹਰ ਇੱਕ ਮਾਪੇ ਨੂੰ ਉਸ ਨੂੰ ਕਿਸੇ ਵਧੀਆ ਸਕੂਲ ਵਿੱਚ ਦਾਖ਼ਲ ਕਰਵਾਉਣ ਦੀ ਚਿੰਤਾ ਹੋ ਜਾਂਦੀ ਹੈ। ਭਾਵੇਂ ਕੋਈ ਕਿੰਨਾ ਵੀ ਗ਼ਰੀਬ ਕਿਉਂ ਨਾ ਹੋਵੇ ਇੱਕ ਵਾਰ ਤਾਂ ਵਧੀਆ ਸਕੂਲ ਦੇ ਸੁਪਨੇ ਲੈਂਦਾ ਹੀ ਹੈ ਪਰੰਤੂ ਆਰਥਕ ਤੰਗੀਆਂ ਕਾਰਨ ਉਸ ਨੂੰ ਆਪਣੇ ਮਨਾਂ ਦੀਆਂ ਭਾਵਨਾਵਾਂ ਨੂੰ ਦਬਾਉਣਾ ਪੈਂਦਾ ਹੈ। ਅਮੀਰ ਲੋਕ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਵਧੀਆ ਸਕੂਲਾਂ ਦੀ ਚੋਣ ਕਰਦੇ ਹਨ।ਉਹ ਇਹ ਸੋਚਦੇ ਹਨ ਕਿ ਖ਼ਰਚ ਭਾਵੇਂ ਕਿੰਨਾ ਵੀ ਹੋ ਜਾਵੇ, ਉਨ੍ਹਾਂ ਦਾ ਬੱਚਾ ਇੱਕ ਵਧੀਆ ਸਕੂਲ ਵਿੱਚ ਪੜ੍ਹੇ।


ਪਬਲਿਕ ਸਕੂਲ ਵਰ ਜਾਂ ਸਰਾਪ

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਧੀਆ ਸਕੂਲ ਕਿਹੜੇ ਹਨ ਤੇ ਕਿਹੜੇ ਘਟੀਆ ਹਨ।ਜਿਹੜੇ ਸਕੂਲ ਬੱਚੇ ਨੂੰ ਪੜ੍ਹਾਈ ਵਾਸਤੇ ਵਧੀਆ ਤੋਂ ਵਧੀਆ ਮਾਹੌਲ ਦੇਣ ਦੀ ਕੋਸ਼ਸ਼ ਕਰਦੇ ਹਨ ਉਹ ਵਧੀਆ ਕਹਾਉਂਦੇ ਹਨ।ਇਨ੍ਹਾਂ ਵਿੱਚ ਪਬਲਿਕ ਸਕੂਲਾਂ ਦੀ ਗਿਣਤੀ ਪਹਿਲੇ ਨੰਬਰ 'ਤੇ ਆ ਜਾਂਦੀ ਹੈ।ਉਂਜ ਤਾਂ ਘਟੀਆ ਸਕੂਲ ਕੋਈ ਵੀ ਨਹੀਂ ਹੁੰਦਾ ਪਰੰਤੂ ਸਹੂਲਤਾਂ ਦੀ ਘਾਟ ਹੋਣ ਕਰਕੇ, ਉੱਥੋਂ ਦਾ ਮਾਹੌਲ ਵਿੱਦਿਆ ਗ੍ਰਹਿਣ ਕਰਨ ਦੇ ਯੋਗ ਨਹੀਂ ਹੋ ਸਕਦਾ।

ਹਰ ਇੱਕ ਗੱਲ ਦੇ ਦੋ ਪਹਿਲੂ ਹੁੰਦੇ ਹਨ, ਚੰਗੇ ਜਾਂ ਮਾੜੇ। ਇਸ ਤਰ੍ਹਾਂ ਹੀ ਅਸੀਂ ਵਿਚਾਰ ਕਰ ਸਕਦੇ ਹਾਂ ਕਿ ਪਬਲਿਕ ਸਕੂਲ ਵਰ ਹੁੰਦੇ ਹਨ ਜਾਂ ਸਰਾਪ। ਅਸੀਂ ਇਹ ਵਿਚਾਰਦੇ ਹਾਂ। ਇੱਕ ਪਬਲਿਕ ਸਕੂਲ ਵਰ ਜਾਂ ਸਰਾਪ ਕਿਵੇਂ ਹਨ ? ਜਿੱਥੇ ਪਬਲਿਕ ਸਕੂਲ ਇੱਕ ਵਰਦਾਨ ਹਨ ਉੱਥੇ ਇੱਕ ਬਹੁਤ ਵੱਡਾ ਸਰਾਪ ਵੀ ਹਨ। ਸਭ ਤੋਂ ਪਹਿਲਾਂ ਤਾਂ ਇਹ ਸਰਾਪ ਇਸ ਕਰਕੇ ਹਨ ਕਿ ਇਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ। ਗ਼ਰੀਬ ਆਦਮੀ ਆਪਣੇ ਬੱਚਿਆਂ ਨੂੰ ਇਨ੍ਹਾਂ ਵਿੱਚ ਪੜ੍ਹਾਉਣ ਬਾਰੇ ਸੋਚ ਵੀ ਨਹੀਂ ਸਕਦਾ। ਪਬਲਿਕ ਸਕੂਲ ਦੀਆਂ ਫ਼ੀਸਾਂ, ਦਾਖ਼ਲੇ ਇੰਨੇ ਕੁ ਜ਼ਿਆਦਾ ਹੁੰਦੇ ਹਨ ਕਿ ਆਮ ਆਦਮੀ ਬਰਦਾਸ਼ਤ ਨਹੀਂ ਕਰ ਸਕਦਾ।ਜੇ ਇਹ ਕਹਿ ਲਈਏ ਕਿ ਪਬਲਿਕ ਸਕੂਲ ਲੋਕਾਂ ਦਾ ਖ਼ੂਨ ਚੂਸਦੇ ਹਨ ਤਾਂ ਕੋਈ ਝੂਠ ਨਹੀਂ ਹੋਵੇਗਾ। ਪਬਲਿਕ ਸਕੂਲਾਂ ਵਿੱਚ ਪੜ੍ਹਾਉਣ ਵਾਸਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਪੜ੍ਹੇ-ਲਿਖੇ ਹੋਣਾ ਬਹੁਤ ਜ਼ਰੂਰੀ ਹੈ। ਜਿਹੜੇ ਮਾਪੇ ਪੜ੍ਹੇ-ਲਿਖੇ ਨਹੀਂ ਹੁੰਦੇ ਉਨ੍ਹਾਂ ਦੇ ਬੱਚਿਆਂ ਨੂੰ ਟਿਊਸ਼ਨਾਂ ਦਾ ਸਹਾਰਾ ਲੈਣਾ ਪੈਂਦਾ ਹੈ। ਜ਼ਿਆਦਾਤਰ ਇਨ੍ਹਾਂ ਸਕੂਲਾਂ ਵਿੱਚ ਅੰਗਰੇਜ਼ੀ ਮਾਧਿਅਮ ਦੁਆਰਾ ਸਿੱਖਿਆ ਦਿੱਤੀ ਜਾਂਦੀ ਹੈ। ਹਰੇਕ ਬੱਚੇ ਦਾ ਦਿਮਾਗ਼ੀ ਪੱਧਰ ਇੰਨਾ ਉੱਚਾ ਨਹੀਂ ਹੁੰਦਾ ਕਿ ਉਹ ਇਸ ਵਿਦੇਸੀ ਭਾਸ਼ਾ ਅੰਗਰੇਜ਼ੀ ਨੂੰ ਚੰਗੀ ਤਰ੍ਹਾਂ ਅਪਨਾ ਸਕਣ। ਇਸ ਲਈ ਉਹ ਪਿੱਛੇ ਰਹਿ ਜਾਂਦੇ ਹਨ।


ਪਬਲਿਕ ਸਕੂਲ ਸਰਾਪ ਕਿਵੇਂ

ਇਨ੍ਹਾਂ ਸਕੂਲਾਂ ਵਿੱਚ ਮੱਧ ਵਰਗ ਅਤੇ ਅਮੀਰ ਵਰਗ ਦੇ ਬੱਚੇ ਪੜ੍ਹਦੇ ਹਨ। ਅਮੀਰ ਲੋਕ ਆਪਣੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਦੇਣ ਦੀ ਕੋਸ਼ਸ਼ ਕਰਦੇ ਹਨ। ਜਿਵੇਂ ਆਪਣੇ ਬੱਚਿਆਂ ਨੂੰ ਕਾਰਾਂ, ਸਕੂਟਰਾਂ ਆਦਿ 'ਤੇ ਸਕੂਲ ਭੇਜਣਾ, ਟਿਊਸ਼ਨ ਨੂੰ ਇੱਕ ਫ਼ੈਸ਼ਨ ਸਮਝ ਕੇ ਅਪਣਾਉਣਾ। ਇਸ ਨਾਲ ਮੱਧ ਵਰਗ ਦੇ ਵਿਦਿਆਰਥੀਆਂ ਨੂੰ ਜਾਂ ਤਾਂ ਉਨ੍ਹਾਂ ਦੇ ਮੁਕਾਬਲੇ ਉਸੇ ਤਰ੍ਹਾਂ ਦਾ ਫਾਹਾ ਲੈਣਾ ਪੈਂਦਾ ਹੈ ਜਾਂ ਉਹ ਹੀਣ-ਭਾਵਨਾ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਤਰ੍ਹਾਂ ਵੀ ਪਬਲਿਕ ਸਕੂਲ ਇੱਕ ਸਰਾਪ ਸਿੱਧ ਹੁੰਦੇ ਹਨ।


ਸਾਰੰਸ਼

ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਹੈ ਕਿ ਹਰੇਕ ਗੱਲ ਦੇ ਦੋ ਪਹਿਲੂ ਹੁੰਦੇ ਹਨ। ਪਬਲਿਕ ਸਕੂਲਾਂ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਸਰਾਪ ਨੂੰ ਵਰਦਾਨ ਵਿੱਚ ਬਦਲਣ। ਇਹ ਸੱਚ ਹੈ ਕਿ ਉਨ੍ਹਾਂ ਨੂੰ ਆਪਣੇ ਅਧਿਆਪਕ ਦੀਆਂ ਤਨਖ਼ਾਹਾਂ, ਸਕੂਲ ਕੰਪਲੈਕਸ ਤੇ ਹੋਰ ਸਹੂਲਤਾਂ ਸੰਬੰਧੀ ਫ਼ੀਸਾਂ ਅਤੇ ਦਾਖ਼ਲਿਆਂ ਦੇ ਰੂਪ ਵਿੱਚ ਕਾਫ਼ੀ ਪੈਸੇ ਲੈਣੇ ਪੈਂਦੇ ਹਨ ਫਿਰ ਵੀ ਇਨ੍ਹਾਂ ਵਿੱਚ ਕੁਝ ਕਮੀ ਕਰ ਕੇ ਆਮ ਆਦਮੀ ਦੀ ਪਹੁੰਚ ਦੇ ਯੋਗ ਬਣਾਇਆ ਜਾਵੇ। ਵਿੱਦਿਆ ਨੂੰ ਇੱਕ ਦੁਕਾਨਦਾਰੀ ਨਾ ਬਣਨ ਦਿੱਤਾ ਜਾਵੇ। ਅੰਗਰੇਜ਼ੀ ਦੇ ਨਾਲ-ਨਾਲ ਮਾਤ ਭਾਸ਼ਾ ਪੰਜਾਬੀ, ਹਿੰਦੀ ਦਾ ਪੂਰਾ-ਪੂਰਾ ਅਧਿਐਨ ਕਰਵਾਇਆ ਜਾਵੇ ਤਾਂ ਕਿ ਵਿਦਿਆਰਥੀ ਦਾ ਸਮੁੱਚੇ ਰੂਪ ਵਿੱਚ ਵਿਕਾਸ ਹੋ ਸਕੇ। ਅਮੀਰਾਂ ਦੇ ਬੱਚਿਆਂ ਨੂੰ ਵੀ ਆਮ ਲੋਕਾਂ ਦੇ ਬੱਚਿਆਂ ਵਾਂਗ ਸਕੂਲ ਵਿੱਚ ਰਹਿਣਾ ਸਿਖਾਇਆ ਜਾਵੇ ਤਾਂ ਕਿ ਦੂਸਰੇ ਵਿਦਿਆਰਥੀ ਹੀਣ-ਭਾਵਨਾ ਦਾ ਸ਼ਿਕਾਰ ਨਾ ਹੋ ਸਕਣ। ਟਿਊਸ਼ਨ ਜਿਹੀ ਬਿਮਾਰੀ ਨੂੰ ਖ਼ਤਮ ਕੀਤਾ ਜਾਵੇ। ਅਧਿਆਪਕ ਆਪਣੇ ਕਿੱਤੇ ਪ੍ਰਤੀ ਸਮਰਪਿਤ ਹੋਵੇ। ਇਸ ਤਰ੍ਹਾਂ ਪਬਲਿਕ ਸਕੂਲ ਸਰਾਪ ਨਹੀਂ ਵਰਦਾਨ ਸਿੱਧ ਹੋ ਸਕਣਗੇ।


Post a Comment

0 Comments