Pradushan Di Samasiya "ਪ੍ਰਦੂਸ਼ਣ ਦੀ ਸਮੱਸਿਆ " Punjabi Essay, Paragraph for Class 8, 9, 10, 11 and 12 Students Examination in 1000 Words.

ਪੰਜਾਬੀ ਨਿਬੰਧ - ਪ੍ਰਦੂਸ਼ਣ ਦੀ ਸਮੱਸਿਆ 
Pradushan Di Samasiya 

ਰੂਪ-ਰੇਖਾ (Outline)

ਭੂਮਿਕਾ, ਪ੍ਰਦੂਸ਼ਣ ਫੈਲਣ ਦੇ ਕਾਰਨ ਤੇ ਕਿਸਮਾਂ, ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ, ਧੁਨੀ ਪ੍ਰਦੁਸ਼ਣ, ਪ੍ਰਦੂਸ਼ਣ ਰੋਕਣ ਲਈ ਯਤਨ, ਸਾਰੰਸ਼।


ਭੂਮਿਕਾ (Introduction)

ਵਿਸ਼ਵ ਪੱਧਰ 'ਤੇ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਨਾਲ ਨਿਰੰਤਰ ਦੋ ਚਾਰ ਹੋਣਾ ਪੈ ਰਿਹਾ ਹੈ, ਉਨ੍ਹਾਂ ਵਿੱਚੋਂ ਪ੍ਰਦੂਸ਼ਣ ਦੀ ਸਮੱਸਿਆ ਬਹੁਤ ਹੀ ਅਹਿਮ ਤੇ ਗੰਭੀਰ ਸਮੱਸਿਆ ਹੈ। ਪ੍ਰਦੂਸ਼ਣ ਤੋਂ ਭਾਵ ਪ੍ਰਾਕ੍ਰਿਤਕ ਮਾਹੌਲ ਜਾਂ ਵਾਤਾਵਰਨ ਵਿਚਲੀਆਂ ਉਹ ਅਣਲੋੜੀਂਦੀਆਂ ਤਬਦੀਲੀਆਂ ਦਾ ਆਉਣਾ ਹੈ ਜਿਹੜੀਆਂ ਸਮੁੱਚੀ ਮਨੁੱਖਤਾ ਲਈ ਬਹੁਤ ਹੀ ਨੁਕਸਾਨਦਾਇਕ ਸਿੱਧ ਹੁੰਦੀਆਂ ਹਨ।ਹਵਾ ਤੇ ਪਾਣੀ ਵਿੱਚ ਜਦੋਂ ਅਜਿਹੀਆਂ ਤਬਦੀਲੀਆਂ ਜਾਂ ਗੰਧਲਾਪਣ ਆ ਜਾਂਦਾ ਹੈ ਤਾਂ ਇਸ ਦਾ ਸਾਰੇ ਜੀਵਾਂ ਅਤੇ ਬਨਸਪਤੀ 'ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ। ਅਜੋਕਾ ਮਨੁੱਖ ਇਨ੍ਹਾਂ ਸਮੱਸਿਆਵਾਂ ਤੋਂ ਬਹੁਤ ਹੀ ਪ੍ਰੇਸ਼ਾਨ ਹੋ ਰਿਹਾ ਹੈ। 


ਪ੍ਰਦੂਸ਼ਣ ਫੈਲਣ ਦੇ ਕਾਰਨ ਤੇ ਕਿਸਮਾਂ (Causes and types of pollution)

ਪ੍ਰਦੂਸ਼ਣ ਫੈਲਣ ਦੇ ਕਾਰਨ ਅਣਗਿਣਤ ਹਨ। ਮੁੱਖ ਤੌਰ 'ਤੇ ਇਹ ਪ੍ਰਦੂਸ਼ਣ ਹਵਾ ਤੇ ਪਾਣੀ ਵਿੱਚ ਫੈਲਦਾ ਹੈ।ਹਵਾ ਤੇ ਪਾਣੀ ਵਿੱਚ ਪ੍ਰਦੂਸ਼ਣ ਫੈਲਣ ਦੇ ਆਪਣੇ ਵੱਖਰੇ-ਵੱਖਰੇ ਕਾਰਨ ਹਨ।


ਹਵਾ ਪ੍ਰਦੂਸ਼ਣ (Air pollution)

ਸਾਫ਼ ਹਵਾ ਮਨੁੱਖ ਦੀ ਜ਼ਿੰਦਗੀ ਦੀ ਮੁੱਖ ਲੋੜ ਹੈ।ਹਵਾ ਵਿੱਚ ਹੀ ਮਨੁੱਖ ਸਾਹ ਲੈਂਦਾ ਹੈ। ਕੁਝ ਦੇਰ ਸਾਹ ਰੋਕਣ ਨਾਲ ਹੀ ਮਨੁੱਖ ਦਾ ਬੁਰਾ ਹਾਲ ਹੋ ਜਾਂਦਾ ਹੈ।ਮਨੁੱਖ ਹਵਾ ਵਿੱਚੋਂ ਆਕਸੀਜਨ ਪ੍ਰਾਪਤ ਕਰਦਾ ਹੈ ਜੋ ਕਿ ਉਸ ਦੇ ਜੀਵਨ ਦੀ ਗੱਡੀ ਨੂੰ ਚਾਲੂ ਰੱਖਦੀ ਹੈ। ਪਰ ਜਦੋਂ ਸਾਡੇ ਆਲੇ-ਦੁਆਲੇ ਦੀ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ ਤਾਂ ਇਸ ਨਾਲ ਸਾਹ ਲੈਣ ਵਿੱਚ ਮੁਸ਼ਕਲ ਵੀ ਆਉਂਦੀ ਹੈ ਤੇ ਗੰਦੀ ਜਾਂ ਪ੍ਰਦੂਸ਼ਿਤ ਹਵਾ ਅੰਦਰ ਜਾਣ ਨਾਲ ਗੰਭੀਰ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ।

ਹਵਾ ਵਿੱਚ ਪ੍ਰਦੂਸ਼ਣ ਫੈਲਣ ਦੇ ਵੀ ਅਣਗਿਣਤ ਕਾਰਨ ਹਨ।ਸਾਇੰਸ ਦੀਆਂ ਖੋਜਾਂ ਨੇ ਇੱਕੀਵੀਂ ਸਦੀ ਨੂੰ ਵਿਗਿਆਨ ਦੀ ਸਦੀ ਬਣਾ ਦਿੱਤਾ ਹੈ। ਬਹੁਤ ਵੱਡੇ-ਵੱਡੇ ਕਾਰਖ਼ਾਨਿਆਂ ਵਿੱਚੋਂ ਨਿਕਲਦਾ ਧੂੰਆਂ, ਖ਼ਤਰਨਾਕ ਗੈਸਾਂ, ਕਾਰਖ਼ਾਨਿਆਂ ਦਾ ਗੰਦਾ ਕਰ ਆਦਿ ਹਵਾ ਨੂੰ ਬਦਬੂਦਾਰ ਬਣਾਉਂਦੇ ਹਨ। ਇਸੇ ਤਰ੍ਹਾਂ ਮੋਟਰ ਗੱਡੀਆਂ ਦਾ ਧੂੰਆਂ, ਘਰੇਲੂ ਬਾਲਣ, ਕੋਲਾ, ਤੇਲ, ਕੀਟਨਾਸ਼ਕ ਅਤੇ ਨਦੀਨ ਨਾਸ਼ਕ ਦਵਾਈਆਂ ਦੀ ਵਰਤੋਂ ਆਦਿ ਸਾਰੇ ਹੀ ਆਪੋ ਆਪਣੀ ਥਾਂ ਤੇ ਢੰਗ ਨਾਲ ਹਵਾ ਨੂੰ ਪ੍ਰਦੂਸ਼ਿਤ ਕਰਦੇ ਹਨ। ਹਵਾ ਦੇ ਪ੍ਰਦੂਸ਼ਿਤ ਹੋਣ ਨਾਲ ਮਨੁੱਖ ਉੱਪਰ ਬਹੁਤ ਤਰ੍ਹਾਂ ਦੇ ਬੁਰੇ ਪ੍ਰਭਾਵ ਪੈਂਦੇ ਹਨ।ਮਨੁੱਖ ਦੇ ਸਾਹ ਲੈਣ ਸਮੇਂ ਜਦੋਂ ਪ੍ਰਦੂਸ਼ਿਤ ਜਾਂ ਗੰਦੀ ਹਵਾ ਅੰਦਰ ਜਾਂਦੀ ਹੈ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਆ ਚੰਬੜਦੀਆਂ ਹਨ।ਇਸ ਨਾਲ ਸਿਰ ਦਰਦ, ਅੱਖਾਂ ਦੇ ਰੋਗ ਤੇ ਸਾਹ ਨਾਲੀ ਦਾ ਕੈਂਸਰ ਆਦਿ ਦੀਆਂ ਬਿਮਾਰੀਆਂ ਆ ਲੱਗਦੀਆਂ ਹਨ। ਅਸੀਂ ਵੇਖਦੇ ਹਾਂ ਕਿ ਅਜਿਹੀਆਂ ਪ੍ਰਦੂਸ਼ਿਤ ਥਾਵਾਂ 'ਤੇ ਕੰਮ ਕਰਨ ਵਾਲੇ ਕੋਈ ਨਾ ਕੋਈ ਰੋਗ ਸਹੇੜ ਹੀ ਲੈਂਦੇ ਹਨ। ਅਜਿਹੀਆਂ ਖ਼ਤਰਨਾਕ ਗੈਸਾਂ ਨਾਲ ਕੇਵਲ ਮਨੁੱਖਾਂ ਜਾਂ ਜੀਵ ਜੰਤੂਆਂ 'ਤੇ ਹੀ ਬੁਰਾ ਅਸਰ ਨਹੀਂ ਹੁੰਦਾ ਸਗੋਂ ਪੌਦਿਆਂ ਜਾਂ ਬਨਸਪਤੀ ਉੱਪਰ ਵੀ ਇਨ੍ਹਾਂ ਦਾ ਮਾਰੂ ਪ੍ਰਭਾਵ ਪੈਂਦਾ ਹੈ।


ਪਾਣੀ ਪ੍ਰਦੂਸ਼ਣ (Water pollution)

ਹਵਾ ਦੇ ਪ੍ਰਦੂਸ਼ਣ ਵਾਂਗ ਹੀ ਪਾਣੀ ਪ੍ਰਦੂਸ਼ਣ ਵੀ ਕਈ ਢੰਗਾਂ ਨਾਲ ਫੈਲਦਾ ਹੈ।ਵੱਡੇ-ਛੋਟੇ ਕਾਰਖ਼ਾਨਿਆਂ ਦਾ ਤੇਜ਼ਾਬੀ ਜਾਂ ਗੰਦਾ ਪਾਣੀ ਤੇ ਘਰਾਂ ਦਾ ਗੰਦਾ ਪਾਣੀ ਜਦੋਂ ਨਦੀਆਂ ਨਾਲਿਆਂ ਵਿੱਚ ਮਿਲਦਾ ਹੈ ਤਾਂ ਇਸ ਵਿੱਚ ਤੇਜ਼ਾਬੀ ਮਾਦਾ ਵਧੇਰੇ ਹੋਣ ਕਾਰਨ ਨਦੀਆਂ ਦਾ ਸਾਫ਼ ਪਾਣੀ ਵੀ ਗੰਦਾ ਜਾਂ ਪ੍ਰਦੂਸ਼ਿਤ ਹੋ ਜਾਂਦਾ ਹੈ। ਇਸ ਨਾਲ ਪਾਣੀ ਦੇ ਜੀਵ ਹੀ ਪ੍ਰਭਾਵਿਤ ਨਹੀਂ ਹੁੰਦੇ ਸਗੋਂ ਜਦੋਂ ਮਨੁੱਖ ਇਸ ਪਾਣੀ ਦੀ ਕਿਸੇ ਤਰ੍ਹਾਂ ਦੀ ਵੀ ਵਰਤੋਂ ਕਰਦਾ ਹੈ ਤਾਂ ਉਹ ਸਹਿਜੇ ਹੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਨਾਲ ਹੈਜ਼ਾ, ਮਿਆਦੀ ਬੁਖ਼ਾਰ, ਦਸਤ ਅਤੇ ਪੇਟ ਦੀਆਂ ਹੋਰ ਅਨੇਕਾਂ ਬਿਮਾਰੀਆਂ ਫੈਲ ਜਾਂਦੀਆਂ ਹਨ।


ਧੁਨੀ ਪ੍ਰਦੂਸ਼ਣ (Noise pollution)

ਹਵਾ ਤੇ ਪਾਣੀ ਦੇ ਪ੍ਰਦੂਸ਼ਣ ਵਾਂਗ ਧੁਨੀ ਦਾ ਪ੍ਰਦੂਸ਼ਣ ਵੀ ਬਹੁਤ ਗੰਭੀਰ ਸਮੱਸਿਆ ਹੈ। ਧੁਨੀ ਦਾ ਭਾਵ ਅਵਾਜ਼ ਹੈ। ਜਦੋਂ ਅਵਾਜ਼ ਇੱਕ ਸੀਮਾ ਤੋਂ ਉੱਚੀ ਹੋ ਜਾਂਦੀ ਹੈ ਤਾਂ ਇਹ ਮਨੁੱਖੀ ਸਰੀਰ ਜਾਂ ਜੀਵਾਂ 'ਤੇ ਬਹੁਤ ਮਾਰੂ ਅਸਰ ਪਾਉਂਦੀ ਹੈ। ਵਿਗਿਆਨੀਆਂ ਅਨੁਸਾਰ 80 ਡੈਸੀਬਲ ਤੋਂ ਉੱਪਰ ਦੀ ਧੁਨੀ ਮਨੁੱਖ ਲਈ ਹਾਨੀਕਾਰਕ ਹੀ ਹੁੰਦੀ ਹੈ। ਅਜੋਕੇ ਸਮੇਂ ਵਿੱਚ ਅਬਾਦੀ ਦੇ ਵਧਣ ਕਾਰਨ ਕੰਮਕਾਜੀ ਇਮਾਰਤਾਂ ਤੇ ਰਿਹਾਇਸ਼ੀ ਥਾਵਾਂ ਵਿੱਚ ਫਾਸਲਾ ਨਿਰੰਤਰ ਘੱਟ ਰਿਹਾ ਹੈ। ਇਸ ਕਾਰਨ ਕਾਰਖ਼ਾਨਿਆਂ ਵਿਚਲੀਆਂ ਵੱਡੀਆਂ ਮਸ਼ੀਨਾਂ ਦਾ ਸ਼ੋਰ, ਮੈਰਿਜ ਪੈਲਸਾਂ ਵਿੱਚ ਡੀ. ਜੇ. ਦਾ ਸ਼ੋਰ, ਬੱਸਾਂ, ਰੇਲਾਂ, ਕਾਰਾਂ, ਟਰੱਕਾਂ ਆਦਿ ਦੇ ਪ੍ਰੈੱਸ਼ਰ ਹਾਰਨ ਧੁਨੀ ਪ੍ਰਦੂਸ਼ਣ ਪੈਦਾ ਕਰਦੇ ਹਨ। ਉੱਚੀ ਧੁਨੀ ਨਾਲ ਖ਼ੂਨ ਦਾ ਦਬਾਅ ਵਧਣਾ, ਸਿਰ ਦਰਦ ਦਿਲ ਦੀਆਂ ਬਿਮਾਰੀਆਂ ਆਦਿ ਆ ਘੇਰਦੀਆਂ ਹਨ। ਇਸੇ ਤਰ੍ਹਾਂ ਇਹ ਧੁਨੀ ਸ਼ੋਰ ਬੱਚਿਆਂ, ਬਿਮਾਰਾਂ ਤੇ ਵਿਦਿਆਰਥੀਆਂ ਲਈ ਹੋਰ ਵੀ ਨੁਕਸਾਨਦਾਇਕ ਹੁੰਦਾ ਹੈ।


ਪ੍ਰਦੂਸ਼ਣ ਰੋਕਣ ਲਈ ਯਤਨ (Efforts to prevent pollution)

ਉਪਰੋਕਤ ਤਿੰਨਾਂ ਕਿਸਮਾਂ ਦੇ ਪ੍ਰਦੂਸ਼ਣ ਮਨੁੱਖੀ ਜੀਵਨ ਤੇ ਪ੍ਰਕ੍ਰਿਤੀ ਉੱਪਰ ਬਹੁਤ ਬੁਰਾ ਅਸਰ ਪ੍ਰਦੂਸ਼ਣ ਪਾਉਂਦੇ ਹਨ।ਅੱਜ ਦੇ ਸਮੇਂ ਵਿੱਚ ਭਾਵੇਂ ਬਿਮਾਰੀ ਸ਼ੁਰੂ ਹੋਣ ਦਾ ਕਾਰਨ ਕੋਈ ਹੋਰ ਹੋਵੇ ਪਰ ਇਹ ਤਿੰਨੇ ਕਾਰਨ ਉਸ ਵਿੱਚ ਵਾਧਾ ਕਰਨ ਲਈ ਜ਼ਰੂਰ ਹੀ ਆਪਣੀ ਨਕਾਰਾਤਮਕ ਭੂਮਿਕਾ ਚੁੱਪ-ਚਪੀਤੇ ਨਿਭਾ ਜਾਂਦੇ ਹਨ। ਇਸੇ ਲਈ ਇਨ੍ਹਾਂ ਦੀ ਰੋਕਥਾਮ ਲਈ ਸੁਹਿਰਦ ਯਤਨਾਂ ਦੀ ਗੰਭੀਰ ਲੋੜ ਹੈ।

ਹਵਾ ਦਾ ਪ੍ਰਦੂਸ਼ਣ ਰੋਕਣ ਲਈ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਕਾਰਖ਼ਾਨਿਆਂ ਜਾਂ ਹੋਰ ਥਾਵਾਂ 'ਤੇ ਅਜਿਹੇ ਪ੍ਰਬੰਧ ਹੋਣ ਕਿ ਹਵਾ ਨੂੰ ਸਾਫ਼ ਕਰ ਕੇ ਹੀ ਵਾਯੂਮੰਡਲ ਵਿੱਚ ਛੱਡਿਆ ਜਾਵੇ। ਇਸ ਤਰ੍ਹਾਂ ਬਹੁਤ ਵੱਡੀਆਂ ਤੇ ਉੱਚੀਆਂ ਚਿਮਨੀਆਂ ਲਾ ਕੇ ਇਸ ਪ੍ਰਦੂਸ਼ਣ ਨੂੰ ਕੁਝ ਘਟਾਇਆ ਜਾ ਸਕਦਾ ਹੈ।ਹਵਾ ਨੂੰ ਸਾਫ਼ ਰੱਖਣ ਲਈ ਵੱਧ ਤੋਂ ਵੱਧ ਦਰਖ਼ਤ ਲਾਉਣੇ ਚਾਹੀਦੇ ਹਨ। ਇਸ ਤਰ੍ਹਾਂ ਹਰ ਤਰ੍ਹਾਂ ਦੀਆਂ ਗੱਡੀਆਂ ਦੇ ਧੂੰਏਂ ਦੇ ਮਾਰੂ ਅਸਰ ਤੋਂ ਬਚਣ ਲਈ ਇਨ੍ਹਾਂ ਦੀ ਸਮੇਂ-ਸਮੇਂ 'ਤੇ ਜਾਂਚ ਕਰਵਾਉਣੀ ਚਾਹੀਦੀ ਹੈ।ਇਸੇ ਤਰ੍ਹਾਂ ਪਾਣੀ ਦਾ ਪ੍ਰਦੂਸ਼ਣ ਰੋਕਣ ਲਈ ਕਾਰਖ਼ਾਨਿਆਂ ਵਿਚਲੇ ਤੇਜ਼ਾਬੀ ਪਾਣੀ ਨੂੰ ਸਾਫ਼ ਕਰ ਕੇ ਹੀ ਨਦੀਆਂ ਨਾਲਿਆਂ ਵਿੱਚ ਪਾਉਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਕੀਟਨਾਸ਼ਕ ਤੇ ਨਦੀਨ ਨਾਸ਼ਕ ਦਵਾਈਆਂ ਦੀ ਵਰਤੋਂ ਵੀ ਬਹੁਤ ਹੀ ਧਿਆਨ ਨਾਲ ਤੇ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ।

ਇਸੇ ਤਰ੍ਹਾਂ ਧੁਨੀ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਵੀ ਵੱਧ ਅਵਾਜ਼ ਕਰਨ ਵਾਲੀਆਂ ਮਸ਼ੀਨਾਂ ਵਿੱਚ ਤਕਨੀਕੀ ਤੌਰ 'ਤੇ ਇਸ ਤਰ੍ਹਾਂ ਦੀ ਤਬਦੀਲੀ ਕਰਨੀ ਚਾਹੀਦੀ ਹੈ ਕਿ ਇਸ ਦੀ ਅਵਾਜ਼ ਦੀ ਸੀਮਾ ਘੱਟ ਹੋ ਜਾਵੇ। ਇਸੇ ਤਰ੍ਹਾਂ ਡੀ.ਜੇ. ਤੇ ਪ੍ਰੈੱਸ਼ਰ ਹਾਰਨਾਂ ਦੇ ਸ਼ੋਰ ਉੱਪਰ ਵੀ ਕਾਨੂੰਨੀ ਤੌਰ 'ਤੇ ਕੁਝ ਪਾਬੰਦੀ ਲੱਗਣੀ ਚਾਹੀਦੀ ਹੈ।


ਸਾਰੰਸ਼ (Summary)

ਸਪਸ਼ਟ ਹੈ ਕਿ ਪ੍ਰਦੂਸ਼ਣ ਦੀ ਸਮੱਸਿਆ ਅਜੋਕੇ ਸਮੇਂ ਦੀ ਬਹੁਤ ਹੀ ਗੰਭੀਰ ਸਮੱਸਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਸਮੱਸਿਆਵਾਂ ਨੂੰ ਖ਼ਤਮ ਕਰਨ ਲਈ ਸਖ਼ਤ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਪੂਰੀ ਸਖ਼ਤੀ ਨਾਲ ਲਾਗੂ ਕਰੇ।ਪ੍ਰਦੂਸ਼ਣ ਫੈਲਾਉਣ ਲਈ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਸਰਕਾਰ ਦੇ ਨਾਲ ਹੀ ਗ਼ੈਰ-ਸਰਕਾਰੀ ਸੰਸਥਾਵਾਂ ਨੂੰ ਤੇ ਵਿਅਕਤੀਗਤ ਪੱਧਰ 'ਤੇ ਵੀ ਇਸ ਪਾਸੇ ਸੁਚੇਤ ਹੋਣ ਦੀ ਲੋੜ ਹੈ। ਲੋਕਾਂ ਨੂੰ ਇਸ ਪ੍ਰਦੂਸ਼ਣ ਦੇ ਮਾਰੂ ਸਿੱਟਿਆਂ ਪ੍ਰਤੀ ਜਾਗ੍ਰਿਤ ਕਰਦਿਆਂ ਵੱਖ-ਵੱਖ ਰੁੱਖ ਲਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਨਾ ਚਾਹੀਦਾ ਹੈ। ਸਰਕਾਰ ਦੀ ਦ੍ਰਿੜ੍ਹਤਾ ਤੇ ਲੋਕਾਂ ਦੇ ਸਹਿਯੋਗ ਨਾਲ ਇਸ ਗੰਭੀਰ ਸਮੱਸਿਆ 'ਤੇ ਕਾਬੂ ਪਾਉਣਾ ਅਸੰਭਵ ਨਹੀਂ ਕਿਉਂਕਿ ਇਸ ਦੀਆਂ ਮਿਸਾਲਾਂ ਕਈ ਵਿਕਸਤ ਦੇਸ਼ਾਂ ਵਿੱਚ ਮਿਲਦੀਆਂ ਹਨ।


Post a Comment

0 Comments