Polling Booth (Station) Da Drishya "ਪੋਲਿੰਗ ਬੂਥ (ਸਟੇਸ਼ਨ) ਦਾ ਦ੍ਰਿਸ਼" Punjabi Essay, Paragraph for Class 8, 9, 10, 11 and 12 Students.

ਪੋਲਿੰਗ ਬੂਥ (ਸਟੇਸ਼ਨ) ਦਾ ਦ੍ਰਿਸ਼ 
Polling Booth (Station) Da Drishya

ਭੂਮਿਕਾ

ਭਾਰਤ ਵਾਸੀਆਂ ਨੂੰ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਾਸੀ ਹੋਣ ਦਾ ਮਾਣ ਹੋਣਾ ਚਾਹੀਦਾ ਹੈ। ਭਾਰਤ ਵਾਸੀ ਹਰ ਪੰਜ ਸਾਲ ਮਗਰੋਂ ਕੇਂਦਰੀ ਸਰਕਾਰ ਅਤੇ ਰਾਜ ਸਰਕਾਰਾਂ ਦੀ ਚੋਣ ਵੋਟਾਂ ਪਾ ਕੇ ਕਰਦੇ ਹਨ। ਇੱਥੇ ਅਠਾਰਾਂ ਸਾਲ ਦੇ ਹਰ ਵਿਅਕਤੀ ਨੂੰ ਆਪਣੀ ਵੋਟ ਪਾਉਣ ਦਾ ਅਧਿਕਾਰ ਹੈ। ਸਰਕਾਰਾਂ ਦੀ ਤਰ੍ਹਾਂ ਪਿੰਡਾਂ, ਕਸਬਿਆਂ, ਸ਼ਹਿਰਾਂ ਤੇ ਨਗਰ ਨਿਗਮਾਂ ਵਿੱਚ ਵੀ ਪੰਚਾਂ, ਸਰਪੰਚਾਂ, ਕੌਂਸਲਰਾਂ ਆਦਿ ਦੀ ਚੋਣ ਵੀ ਵੋਟਾਂ ਰਾਹੀਂ ਹੀ ਹੁੰਦੀ ਹੈ। ਇਸ ਕਾਰਨ ਹੀ ਭਾਰਤ ਵਿੱਚ ਹਰ ਵਿਅਕਤੀ ਦੀ ਵੋਟ ਦਾ ਬਹੁਤ ਹੀ ਮਹੱਤਵ ਹੈ।

ਚੋਣਾਂ ਦਾ ਆਉਣਾ

ਇਸ ਸਾਲ ਸਾਡੇ ਸ਼ਹਿਰ ਵਿੱਚ ਪਿਛਲੇ ਮਹੀਨੇ ਨਗਰ ਨਿਗਮ ਦੀ ਚੋਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੀ। ਪਿਛਲੇ ਕਈ ਮਹੀਨਿਆਂ ਤੋਂ ਲੋਕਾਂ ਨੂੰ ਪਤਾ ਸੀ ਕਿ ਚੋਣਾਂ ਨੇੜੇ ਆ ਰਹੀਆਂ ਹਨ। ਇਸੇ ਕਾਰਨ ਕਾਫ਼ੀ ਸਮੇਂ ਤੋਂ ਰਾਜਨੀਤਕ ਪਾਰਟੀਆਂ ਨਾਲ ਸੰਬੰਧਤ ਆਗੂ ਤੇ ਚੋਣਾਂ ਲੜਨ ਦੇ ਚਾਹਵਾਨ ਹਰ ਵਿਅਕਤੀ ਅੰਦਰਖ਼ਾਤੇ ਵੋਟਰਾਂ ਨਾਲ ਲਗਾਤਾਰ ਸੰਪਰਕ ਕਰ ਰਹੇ ਸਨ। ਕੁਝ ਦਿਨਾਂ ਵਿੱਚ ਹੀ ਸਭ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਤੇ ਕੁਝ ਅਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਆ ਗਏ।


ਚੋਣ ਪ੍ਰਚਾਰ

ਉਮੀਦਵਾਰਾਂ ਨੇ ਆਪਣੇ ਕਾਗਜ਼ ਭਰਨ ਮਗਰੋਂ ਬਹੁਤ ਹੀ ਵੱਡੇ ਪੱਧਰ 'ਤੇ ਸਾਰੇ ਸ਼ਹਿਰ 'ਤੇ ਆਪੋ ਆਪਣੇ ਵਾਰਡਾਂ ਵਿੱਚ ਬਹੁਤ ਵੱਡੇ-ਵੱਡੇ ਇਸ਼ਤਿਹਾਰ ਲਾ ਦਿੱਤੇ। ਸਾਰੇ ਵਾਰਡਾਂ ਵਿੱਚ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਅਤੇ ਅਜ਼ਾਦ ਉਮੀਦਵਾਰਾਂ ਨੇ ਲਾਊਡ ਸਪੀਕਰਾਂ ਰਾਹੀਂ, ਜਲਸਿਆਂ ਰਾਹੀਂ ਤੇ ਘਰੋ-ਘਰੀਂ ਜਾ ਕੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਨੇ ਵੱਡੇ-ਵੱਡੇ ਆਗੂਆਂ ਨੂੰ ਆਪੋ ਆਪਣੇ ਵਾਰਡਾਂ ਵਿੱਚ ਲਿਆ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ। ਵੋਟਾਂ ਤੋਂ ਇੱਕ ਦਿਨ ਪਹਿਲਾਂ ਲਾਊਡ ਸਪੀਕਰਾਂ ਦਾ ਸ਼ੋਰ ਖ਼ਤਮ ਹੋਇਆ ਤਾਂ ਉਮੀਦਵਾਰਾਂ ਨੇ ਲੋਕਾਂ ਦੇ ਘਰੋਂ-ਘਰੀਂ ਜਾ ਕੇ ਆਪਣੇ ਲਈ ਵੋਟਾਂ ਦੀ ਮੰਗ ਕੀਤੀ। ਵੋਟਾਂ ਵਾਲੇ ਦਿਨ ਤੋਂ ਪਹਿਲੀ ਰਾਤ ਨੂੰ ਸਾਰੇ ਹੀ ਉਮੀਦਵਾਰਾਂ ਨੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਹਰ ਤਰ੍ਹਾਂ ਦੇ ਗ਼ੈਰ-ਕਾਨੂੰਨੀ ਯਤਨ ਵੀ ਕੀਤੇ।


ਵੋਟਾਂ ਦਾ ਦਿਨ

ਵੋਟਾਂ ਵਾਲੇ ਦਿਨ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣੀਆਂ ਸਨ।ਸਾਡੇ ਵਾਰਡ ਦਾ ਪੋਲਿੰਗ ਬੂਥ ਸਰਕਾਰੀ ਹਾਈ ਸਕੂਲ ਵਿੱਚ ਬਣਿਆ ਹੋਇਆ ਸੀ। ਪੋਲਿੰਗ ਬੂਥਾਂ ਉੱਪਰ ਪੋਲਿੰਗ ਅਧਿਕਾਰੀ ਅਤੇ ਪੁਲਿਸ ਮੁਲਾਜ਼ਮ ਇੱਕ ਦਿਨ ਪਹਿਲਾਂ ਹੀ ਸ਼ਾਮ ਨੂੰ ਪਹੁੰਚ ਗਏ ਸਨ। ਸਾਰੇ ਉਮੀਦਵਾਰਾਂ ਅਤੇ ਵੋਟਰਾਂ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ।


ਸਵੇਰ ਸਮੇਂ ਪੋਲਿੰਗ ਬੂਥ ਦਾ ਬਾਹਰਲਾ ਦ੍ਰਿਸ਼

ਪੋਲਿੰਗ ਬੂਥ ਦੇ ਬਾਹਰ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਅਤੇ ਅਜ਼ਾਦ ਉਮੀਦਵਾਰਾਂ ਨੇ ਕਾਨੂੰਨੀ ਨਿਯਮਾਂ ਅਨੁਸਾਰ ਪੋਲਿੰਗ ਬੂਥ ਤੋਂ ਕਾਫ਼ੀ ਦੂਰ ਆਪੋ ਆਪਣੇ ਤੰਬੂ ਲਾਏ ਹੋਏ ਸਨ।ਹਰ ਤੰਬੂ ਵਿੱਚ ਉਮੀਦਵਾਰਾਂ ਦੇ ਸਮਰਥਕਾਂ ਦੀਆਂ ਰੌਣਕਾਂ ਸਨ।ਉਮੀਦਵਾਰਾਂ ਦੇ ਸਮਰਥਕ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਨੂੰ ਵੋਟਾਂ ਪੁਆਉਣ ਲਈ ਬਹੁਤ ਕਾਹਲੇ ਜਾਪ ਰਹੇ ਸਨ। ਉਮੀਦਵਾਰਾਂ ਦੇ ਸਮਰਥਕ ਵੋਟਰਾਂ ਨੂੰ ਵੋਟਰ ਸੂਚੀਆਂ ਤੋਂ ਵੇਖ ਕੇ ਵੋਟਰ ਪਰਚੀਆਂ ਦੇ ਰਹੇ ਸਨ।ਪੋਲਿੰਗ ਬੂਥ ਦੇ ਬਾਹਰ ਔਰਤਾਂ ਤੇ ਮਰਦ ਵੋਟਰਾਂ ਦੀਆਂ ਵੱਖੋ-ਵੱਖਰੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਅਪਾਹਜਾਂ, ਬਿਮਾਰਾਂ ਅਤੇ ਬਜ਼ੁਰਗਾਂ ਦੀ ਵੋਟ ਜਲਦੀ ਪੁਆਉਣ ਲਈ ਖ਼ਾਸ ਪ੍ਰਬੰਧ ਕੀਤੇ ਗਏ ਸਨ। 


ਪੋਲਿੰਗ ਬੂਥ ਦੇ ਅੰਦਰ ਦਾ ਦ੍ਰਿਸ਼

ਮੇਰੀ ਵੋਟ ਇਸੇ ਸਾਲ ਹੀ ਬਣੀ ਸੀ। ਇਸ ਲਈ ਮੇਰੇ ਦਿਲ ਵਿੱਚ ਵੋਟ ਪਾਉਣ ਦਾ ਬਹੁਤ ਉਤਸ਼ਾਹ ਸੀ।ਮੈਂ ਵੇਖਿਆ ਕਿ ਸਾਰੇ ਵੋਟਰਾਂ ਕੋਲ ਵੋਟ ਪਰਚੀਆਂ ਸਨ।ਪੋਲਿੰਗ ਬੂਥ ਦੇ ਅੱਗੇ ਬੈਠੇ ਸਾਰੇ ਉਮੀਦਵਾਰਾਂ ਦੇ ਏਜੰਟ ਵੋਟਰ ਦੀ ਸ਼ਨਾਖਤ ਕਰਨ ਉਪਰੰਤ ਉਸ ਨੂੰ ਅੱਗੇ ਜਾਣ ਦੇ ਰਹੇ ਸਨ। ਪੋਲਿੰਗ ਬੂਥ ਦੇ ਅੰਦਰ ਪੋਲਿੰਗ ਅਧਿਕਾਰੀ ਕਾਨੂੰਨ ਮੁਤਾਬਕ ਕਾਰਵਾਈ ਕਰ ਕੇ ਹੀ ਵੋਟਰਾਂ ਦੀਆਂ ਵੋਟਾਂ ਪੁਆ ਰਹੇ ਸਨ।


ਵੋਟ ਪਾਉਣੀ

ਪੋਲਿੰਗ ਬੂਥ ਵਿੱਚ ਪੋਲਿੰਗ ਅਫ਼ਸਰ ਵੋਟਰ ਦੀ ਵੋਟ ਪਰਚੀ ਵੇਖਣ ਮਗਰੋਂ ਉਸ ਨੂੰ ਵੋਟਰ ਸੂਚੀ ਨਾਲ ਮੇਲਦੇ ਸਨ ਅਤੇ ਫਿਰ ਇੱਕ ਪਰਚੀ ਦੇ ਕੇ ਅੱਗੇ ਦੂਸਰੇ ਪੋਲਿੰਗ ਅਫ਼ਸਰ ਕੋਲ ਭੇਜਦੇ ਸਨ।ਅੱਗੇ ਪੋਲਿੰਗ ਅਫ਼ਸਰ ਵੋਟਰ ਤੋਂ ਦਸਤਖ਼ਤ ਜਾਂ ਅੰਗੂਠਾ ਲਵਾ ਉਸ ਨੂੰ ਅਗਲੇ ਪੋਲਿੰਗ ਅਫ਼ਸਰ ਕੋਲ ਭੇਜਦਾ ਸੀ।ਉਹ ਪੋਲਿੰਗ ਅਫ਼ਸਰ ਵੋਟਰ ਦੀ ਇੱਕ ਉਂਗਲ 'ਤੇ ਪੱਕਾ ਨਿਸ਼ਾਨ ਲਾ ਕੇ ਉਸ ਨੂੰ ਅੱਗੇ ਪਰਦੇ ਵਿੱਚ ਰੱਖੀ ਵੋਟਿੰਗ ਮਸ਼ੀਨ ਈ. ਵੀ. ਐੱਮ. (ਇਲੈਕਟਰੋਨਿਕ ਵੋਟਿੰਗ ਮਸ਼ੀਨ) 'ਤੇ ਵੋਟ ਪਾਉਣ ਲਈ ਭੇਜ ਦਿੰਦਾ ਸੀ।ਵੋਟਰ ਨੇ ਜਿਸ ਉਮੀਦਵਾਰ ਨੂੰ ਵੋਟ ਪਾਉਣੀ ਹੁੰਦੀ ਸੀ, ਉਹ ਉਸ ਦੇ ਸਾਹਮਣੇ ਵਾਲੇ ਬਟਨ ਨੂੰ ਦਬਾ ਦਿੰਦਾ ਸੀ, ਇਸ ਨਾਲ ਮਸ਼ੀਨ ਵਿੱਚੋਂ ਇੱਕ ਅਵਾਜ਼ ਆਉਂਦੀ ਸੀ ਜੋ ਇਸ ਗੱਲ ਦਾ ਸੰਕੇਤ ਦਿੰਦੀ ਸੀ ਕਿ ਵੋਟਰ ਦੀ ਵੋਟ ਪੈ ਚੁੱਕੀ ਹੈ।ਇਸ ਮਗਰੋਂ ਵੋਟਰ ਵਾਪਸ ਆ ਜਾਂਦਾ ਸੀ। ਵੋਟ ਪਾਉਣ ਦੀ ਇਹ ਸਾਰੀ ਪ੍ਰਕਿਰਿਆ ਬਹੁਤ ਹੀ ਸਹਿਜ ਰੂਪ ਵਿੱਚ ਪ੍ਰਿਜ਼ਾਈਡਿੰਗ ਅਫ਼ਸਰ ਦੀ ਨਿਗਰਾਨੀ ਵਿੱਚ ਚੱਲ ਰਹੀ ਸੀ।


ਅੰਤਮ ਪੜਾਅ

ਪੋਲਿੰਗ ਬੂਥ ਦੇ ਬਾਹਰ ਸ਼ਾਮੀਂ ਚਾਰ ਵਜੇ ਤੱਕ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਉਮੀਦਵਾਰਾਂ ਦੇ ਸਮਰਥਕ ਵੋਟਰਾਂ ਨੂੰ ਘਰੋਂ ਲਿਆ ਕੇ ਵੋਟਾਂ ਛੇਤੀ ਭੁਗਤਾਉਣ ਲਈ ਹਰ ਸੰਭਵ ਯਤਨ ਕਰ ਰਹੇ ਸਨ।ਪੋਲਿੰਗ ਬੂਥ ਦੇ ਸਾਹਮਣੇ ਇੱਕ-ਦੋ ਵਾਰੀ ਉਮੀਦਵਾਰਾਂ ਦੇ ਸਮਰਥਕਾਂ ਵਿੱਚ ਕਿਸੇ ਗੱਲੋਂ ਤੂੰ-ਤੂੰ, ਮੈਂ-ਮੈਂ ਵੀ ਹੋਈ।ਪਰ ਪੁਲਿਸ ਤੇ ਮੋਹਤਬਰਾਂ ਵੱਲੋਂ ਸਮਝਾਉਣ 'ਤੇ ਕੋਈ ਵੱਡੀ ਘਟਨਾ ਵਾਪਰਨ ਤੋਂ ਬਚਾ ਹੀ ਰਿਹਾ।ਜਿਵੇਂ-ਜਿਵੇਂ ਵੋਟਾਂ ਪੈਣ ਦਾ ਸਮਾਂ ਖ਼ਤਮ ਹੋਣ ਦੇ ਨੇੜੇ ਆ ਰਿਹਾ ਸੀ ਪੋਲਿੰਗ ਯੂਥ ਦੇ ਬਾਹਰ ਮੇਲੇ ਵਰਗਾ ਮਾਹੌਲ ਬਣਦਾ ਜਾ ਰਿਹਾ ਸੀ। ਇਸ ਦੇ ਨਾਲ ਹੀ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੁੰਦੀਆਂ ਜਾ ਰਹੀਆਂ ਸਨ।

ਆਖ਼ਰ ਪੰਜ ਵੱਜਣ ਤੋਂ ਕੁਝ ਮਿੰਟ ਪਹਿਲਾਂ ਇੱਕ ਪੋਲਿੰਗ ਅਧਿਕਾਰੀ ਨੇ ਬਾਹਰ ਆ ਕੇ ਵੋਟਰਾਂ ਨੂੰ ਦੱਸਿਆ ਕਿ ਪੂਰੇ ਪੰਜ ਵਜੇ ਸਕੂਲ ਦਾ ਮੁੱਖ ਦਰਵਾਜ਼ਾ ਬੰਦ ਕਰ ਦਿੱਤਾ ਜਾਵੇਗਾ ਤੇ ਸਭ ਵੋਟਰਾਂ ਨੂੰ ਪਰਚੀ ਜਾਰੀ ਕੀਤੀ ਜਾਵੇਗੀ। ਇਸ ਮਗਰੋਂ ਕੇਵਲ ਪਰਚੀ ਵਾਲੇ ਵੋਟਰਾਂ ਨੂੰ ਹੀ ਵੋਟ ਪਾਉਣ ਦੀ ਆਗਿਆ ਦਿੱਤੀ ਜਾਵੇਗੀ। ਇੰਜ ਪੰਜ ਵੱਜ ਕੇ ਦਸ ਮਿੰਟ ਤੱਕ ਵੋਟਾਂ ਪੈਣ ਦਾ ਕੰਮ ਪੂਰਾ ਹਗਿਆ।


ਨਤੀਜਾ ਨਿਕਲਣਾ

ਵੋਟਾਂ ਪੈਣ ਦਾ ਕੰਮ ਖ਼ਤਮ ਹੋਣ ਮਗਰੋਂ ਪ੍ਰਿਜਾਈਡਿੰਗ ਅਫ਼ਸਰ ਨੇ ਪੋਲਿੰਗ ਅਫ਼ਸਰਾਂ ਦੀ ਸਹਾਇਤਾ ਨਾਲ ਏਜੰਟਾਂ ਦੇ ਸਾਹਮਣੇ ਵੋਟਿੰਗ ਮਸ਼ੀਨ ਤੋਂ ਬਟਨ ਦਬਾ ਕੇ ਨਤੀਜੇ ਪ੍ਰਾਪਤ ਕੀਤੇ ਅਤੇ ਏਜੰਟਾਂ ਦੇ ਦਸਤਖ਼ਤ ਕਰਵਾ ਲਏ।ਹਰ ਵਾਰਡ ਦੇ ਪੋਲਿੰਗ ਬੂਥ 'ਤੇ ਇਸੇ ਤਰ੍ਹਾਂ ਹੀ ਨਤੀਜੇ ਪ੍ਰਾਪਤ ਹੋਏ। ਅਖ਼ੀਰਲਾ ਨਤੀਜਾ ਸੁਣਦਿਆਂ ਹੀ ਜਿੱਤੇ ਹੋਏ ਉਮੀਦਵਾਰਾਂ ਦੇ ਸਮਰਥਕਾਂ ਵਿਚਲਾ ਜੋਸ਼ ਵੇਖਣ ਵਾਲਾ ਸੀ।ਉਨ੍ਹਾਂ ਵੱਲੋਂ ਮਿੰਟਾਂ ਸਕਿੰਟਾਂ ਵਿੱਚ ਢੋਲ ਮੰਗਵਾਏ ਗਏ ਅਤੇ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ ਗਏ। ਹਾਰੇ ਹੋਏ ਉਮੀਦਵਾਰ, ਉਨ੍ਹਾਂ ਦੇ ਏਜੰਟ ਤੇ ਸਮਰਥਕ ਸਾਰੇ ਚੁੱਪ-ਚਾਪ ਟੁੱਟੇ ਹੋਏ ਦਿਲ ਨਾਲ ਆਪਣੇ ਘਰਾਂ ਨੂੰ ਚਲੇ ਗਏ।ਚੋਣ ਅਧਿਕਾਰੀ ਤੇ ਸੁਰੱਖਿਆ ਮੁਲਾਜ਼ਮ ਆਪਣੇ ਸਾਰੇ ਸਮਾਨ ਸਮੇਤ ਡਿਪਟੀ ਕਮਿਸ਼ਨਰ ਸਾਹਿਬ ਦੇ ਦਫ਼ਤਰ ਚਲੇ ਗਏ।


ਸਾਰੰਸ਼

ਇੰਜ ਨਗਰ ਪਾਲਿਕਾ ਦੀਆਂ ਵੋਟਾਂ ਪੈਣ ਦੇ ਐਲਾਨ ਤੋਂ ਲੈ ਕੇ ਨਤੀਜਾ ਐਲਾਨਣ ਤੱਕ ਸਾਰੀ ਪ੍ਰਕਿਰਿਆ ਵਿੱਚ ਹੀ ਉਮੀਦਵਾਰਾਂ ਤੇ ਲੋਕਾਂ ਦਾ ਜੋਸ਼ ਵੇਖਣ ਹੀ ਵਾਲਾ ਸੀ। ਸਾਰੇ ਉਮੀਦਵਾਰਾਂ ਨੇ ਆਪਣੀ ਜਿੱਤ ਲਈ ਹਰ ਹੀਲਾ ਵਰਤਿਆ ਸੀ ਭਾਵੇਂ ਕਿ ਉਹ ਗ਼ੈਰ-ਕਾਨੂੰਨੀ ਵੀ ਸੀ।ਇਸੇ ਲਈ ਲੋਕਤੰਤਰ ਵਿੱਚ ਵੀ ਵੋਟ ਦੀ ਮਹੱਤਤਾ ਗੁਆਚੀ ਜਾਪ ਰਹੀ ਸੀ। ਫਿਰ ਵੀ ਇਹ ਦਿਨ ਸਭ ਲਈ ਕਾਫ਼ੀ ਉਤਸ਼ਾਹ ਤੇ ਜੋਸ਼ ਭਰੇ ਸਨ। ਇਨ੍ਹਾਂ ਨੂੰ ਸਾਰੇ ਲੋਕ ਹੀ ਆਉਂਦੀਆਂ ਚੋਣਾਂ ਤੱਕ ਜ਼ਰੂਰ ਯਾਦ ਰੱਖਣਗੇ।


Post a Comment

0 Comments