ਪੰਜਾਬੀ ਪੱਤਰ -ਸ਼ਹਿਰ ਵਿੱਚ ਬੱਚਿਆਂ ਦੇ ਚੁੱਕੇ ਜਾਣ ਦੀਆਂ ਵਧਦੀਆਂ ਵਾਰਦਾਤਾਂ ਬਾਰੇ ਪੁਲਿਸ ਕਮਿਸ਼ਨਰ ਨੂੰ ਪੱਤਰ।

ਸ਼ਹਿਰ ਵਿੱਚ ਬੱਚਿਆਂ ਦੇ ਚੁੱਕੇ ਜਾਣ ਦੀਆਂ ਵਧਦੀਆਂ ਵਾਰਦਾਤਾਂ ਬਾਰੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖੋ ਜਿਸ ਵਿੱਚ ਰੋਕਥਾਮ ਲਈ ਉਪਾ ਵੀ ਲਿਖੋ।



ਪਰੀਖਿਆ ਭਵਨ,

ਸ਼ਹਿਰ। 

14.08.20...


ਸੇਵਾ ਵਿਖੇ,

ਪੁਲਿਸ ਕਮਿਸ਼ਨਰ ਸਾਹਿਬ,

ਸ਼ਹਿਰ।

ਵਿਸ਼ਾ : ਸ਼ਹਿਰ ਵਿੱਚ ਬੱਚਿਆਂ ਨੂੰ ਚੁੱਕੇ ਜਾਣ ਦੀਆਂ ਵਾਰਦਾਤਾਂ ਸੰਬੰਧੀ। 

ਸ਼੍ਰੀਮਾਨ ਜੀ,

ਬੇਨਤੀ ਹੈ ਕਿ ਪਿਛਲੇ ਲਗਪਗ ਇੱਕ ਮਹੀਨੇ ਤੋਂ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਫ਼ੀ ਤਰਸਯੋਗ ਬਣਦੀ ਜਾ ਰਹੀ ਹੈ। ਅਖ਼ਬਾਰ ਵਿੱਚ ਰੋਜ਼ ਅਜਿਹੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਜਿਸ ਨਾਲ ਆਮ ਸ਼ਹਿਰੀ ਦੇ ਮਨ ਵਿੱਚ ਡਰ ਘਰ ਕਰਦਾ ਜਾ ਰਿਹਾ ਹੈ। ਸ਼ਹਿਰ ਵਿੱਚ ਹੁੰਦੀਆਂ ਚੋਰੀਆਂ, ਡਾਕਿਆਂ ਦੇ ਨਾਲ ਨਾਲ ਛੋਟੇ ਬੱਚਿਆਂ ਨੂੰ ਚੁੱਕੇ ਜਾਣ ਦੀਆਂ ਵਾਰਦਾਤਾਂ ਪਿਛਲੇ ਮਹੀਨੇ ਤੋਂ ਲਗਾਤਾਰ ਵਧ ਰਹੀਆਂ ਹਨ। ਅਖ਼ਬਾਰਾਂ ਦੀਆਂ ਖ਼ਬਰਾਂ ਅਨੁਸਾਰ ਹੀ ਪਿਛਲੇ ਲਗਪਗ ਇੱਕ ਮਹੀਨੇ ਵਿੱਚ ਸ਼ਹਿਰ ਵਿੱਚੋਂ ਬਾਰਾਂ ਬੱਚਿਆਂ ਨੂੰ ਚੁੱਕਿਆ ਗਿਆ ਹੈ।ਇਨ੍ਹਾਂ ਬੱਚਿਆਂ ਦੀ ਉਮਰ ਵਧੇਰੇ ਕਰਕੇ ਚਾਰ ਸਾਲ ਤੋਂ ਸੱਤ ਸਾਲ ਦੇ ਵਿੱਚ ਹੀ ਹੈ।

ਬੱਚਿਆਂ ਨੂੰ ਚੁੱਕਣਾ ਇੱਕ ਬਹੁਤ ਹੀ ਵੱਡਾ ਅਪਰਾਧ ਹੈ।ਜਿਹੜਾ ਬੱਚਾ ਆਪਣੇ ਬਾਰੇ ਕੁਝ ਵੀ ਨਹੀਂ ਦੱਸ ਸਕਦਾ ਉਸ ਨੂੰ ਕਿਸੇ ਢੰਗ ਨਾਲ ਵੀ ਚੁੱਕ ਕੇ ਲੈ ਜਾਣਾ ਮਾਪਿਆਂ ਲਈ ਸਭ ਤੋਂ ਵੱਡਾ ਦੁੱਖ ਹੁੰਦਾ ਹੈ। ਇਸ ਦੁੱਖ ਨੂੰ ਕਦੇ ਵੀ ਕਿਸੇ ਵੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਅਪਰਾਧੀਆਂ ਵੱਲੋਂ ਚੁੱਕੇ ਗਏ ਬੱਚਿਆਂ ਨਾਲ ਕੀਤੇ ਜਾਂਦੇ ਵਿਹਾਰ ਨੂੰ ਪੜ੍ਹ-ਸੁਣ ਕੇ ਤਾਂ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਪੁਲਿਸ ਭਾਵੇਂ ਆਪਣੇ ਵੱਲੋਂ ਇਸ ਸਮੱਸਿਆ ਪ੍ਰਤੀ ਸੁਚੇਤ ਹੋ ਰਹੀ ਹੈ ਤੇ ਤਿੰਨ ਬੱਚਿਆਂ ਨੂੰ ਚੋਰਾਂ ਤੋਂ ਛੁਡਵਾਇਆ ਵੀ ਗਿਆ ਹੈ, ਪਰ ਫਿਰ ਵੀ ਇਸ ਪਾਸੇ ਵਧੇਰੇ ਧਿਆਨ ਦੇਣ ਦੀ ਲੋੜ ਹੈ। ਇਸ ਸੰਬੰਧੀ ਮੈਂ ਆਪਣੇ ਕੁਝ ਸੁਝਾ ਵੀ ਦੇਣਾ ਚਾਹੁੰਦਾ ਹਾਂ।

(ੳ) ਬੱਸ ਅੱਡੇ ਅਤੇ ਰੇਲਵੇ ਸਟੇਸ਼ਨ 'ਤੇ ਪੁਲਿਸ ਚੌਕਸੀ ਵਧਾਈ ਜਾਵੇ ਤੇ ਬੱਚਿਆਂ ਨਾਲ ਜਾ ਰਹੇ ਲੋਕਾਂ 'ਤੇ ਖ਼ਾਸ ਧਿਆਨ ਰੱਖਿਆ ਜਾਵੇ।

(ਅ) ਸ਼ਹਿਰ ਤੋਂ ਬਾਹਰ ਨਿਕਲਦੇ ਸਾਰੇ ਸਾਰੇ ਮੁੱਖ ਤੇ ਛੋਟੇ ਰਸਤਿਆਂ 'ਤੇ ਵੀ ਚੌਵੀ ਘੰਟੇ ਨਾਕੇ ਲਾਏ ਜਾਣ।

(ੲ) ਸਾਦਾ ਕੱਪੜਿਆਂ ਵਿੱਚ ਪੁਲਿਸ ਵਿਭਾਗ ਦੇ ਕਰਮਚਾਰੀ ਵੀ ਭੀੜ ਵਾਲੀਆਂ ਥਾਵਾਂ 'ਤੇ ਤਾਇਨਾਤ ਕੀਤੇ ਜਾਣ।

(ਸ) ਮਾਪਿਆਂ ਨੂੰ ਵੀ ਸੁਚੇਤ ਕੀਤਾ ਜਾਵੇ ਕਿ ਉਹ ਆਪਣੇ ਬੱਚਿਆਂ ਦੇ ਘਰੋਂ ਬਾਹਰ ਜਾਣ ਸਮੇਂ ਉਨ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖਣ।

ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰੇ ਸੁਝਾਵਾਂ ਵੱਲ ਜ਼ਰੂਰ ਧਿਆਨ ਦੇਵੋਗੇ ਤੇ ਆਪਣੇ ਉਚੇਚੇ ਯਤਨਾਂ ਨਾਲ ਇਸ ਸਮੱਸਿਆ ਦਾ ਠੀਕ ਹੱਲ ਲੱਭੋਗੇ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸ ਪਾਤਰ,

ੳ ਅ ੲ.


Post a Comment

0 Comments