ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮੰਤਰੀ ਨੂੰ ਆਪਣੇ ਪਿੰਡ ਵਿੱਚ ਖੁੱਲ੍ਹੇ ਡੰਗਰਾਂ ਦੇ ਹਸਪਤਾਲ ਦੀ ਬਿਗੜਦੀ ਹਾਲਤ ਸੰਬੰਧੀ ਪੱਤਰ ਲਿਖੋ।
ਪਰੀਖਿਆ ਭਵਨ,
ਸ਼ਹਿਰ।
16.08.20...
ਸੇਵਾ ਵਿਖੇ,
ਮੰਤਰੀ ਸਾਹਿਬ,
ਪਸ਼ੂ ਪਾਲਣ ਵਿਭਾਗ (ਪੰਜਾਬ ਸਰਕਾਰ),
ਚੰਡੀਗੜ੍ਹ।
ਵਿਸ਼ਾ : ਪਿੰਡ ਵਿਚਲੇ ਡੰਗਰਾਂ ਦੇ ਹਸਪਤਾਲ ਦੀ ਨਿਘਰਦੀ ਹਾਲਤ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੇਰਾ ਪਿੰਡ ਜਗਰਾਓਂ ਦੇ ਨੇੜੇ ਹੈ।ਇਸ ਪਿੰਡ ਦੀ ਅਬਾਦੀ ਦੋ ਹਜ਼ਾਰ ਦੇ ਕਰੀਬ ਹੈ।ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਭਾਵੇਂ ਖੇਤੀਬਾੜੀ ਹੈ ਪਰ ਲੋਕਾਂ ਨੇ ਸਹਾਇਕ ਧੰਦੇ ਵਜੋਂ ਮੱਝਾਂ ਤੇ ਗਾਵਾਂ ਵੀ ਬਹੁਤ ਰੱਖੀਆਂ ਹੋਈਆਂ ਹਨ। ਇਸੇ ਕਾਰਨ ਚਾਰ ਸਾਲ ਪਹਿਲਾਂ ਸਰਕਾਰੀ ਅਧਿਕਾਰੀਆਂ ਨੇ ਪਿੰਡ ਵਿੱਚ ਡੰਗਰਾਂ ਦੀ ਲੋੜ ਨੂੰ ਵੇਖਦਿਆਂ ਪਸ਼ੂਆਂ ਦਾ ਛੋਟਾ ਹਸਪਤਾਲ ਖੋਲ੍ਹਿਆ ਸੀ। ਕੁਝ ਸਮਾਂ ਤਾਂ ਇਹ ਹਸਪਤਾਲ ਪਸ਼ੂਆਂ ਲਈ ਵਰਦਾਨ ਹੀ ਸਾਬਤ ਹੁੰਦਾ ਰਿਹਾ ਹੈ।
ਪਿਛਲੇ ਸਮੇਂ ਵਿੱਚ ਪਤਾ ਨਹੀਂ ਕਿਸ ਕਾਰਨ ਇਸ ਹਸਪਤਾਲ ਵਿੱਚ ਕੋਈ ਵੀ ਵੈਟਰਨਰੀ ਅਫ਼ਸਰ ਦੋ-ਚਾਰ ਮਹੀਨੇ ਤੋਂ ਵਧ ਨਹੀਂ ਟਿਕਿਆ। ਜਿਹੜਾ ਵੀ ਆਉਂਦਾ ਹੈ ਬਦਲੀ ਕਰਵਾ ਕੇ ਚਲਾ ਜਾਂਦਾ ਹੈ। ਹਸਪਤਾਲ ਵਿੱਚ ਜਿੱਥੇ ਪਹਿਲਾਂ ਪਸ਼ੂਆਂ ਲਈ ਕਈ ਟੀਕੇ ਬਿਲਕੁਲ ਥੋੜ੍ਹੀ ਕੀਮਤ 'ਤੇ ਲਾਏ ਜਾਂਦੇ ਸਨ ਉਹ ਹੁਣ ਬਿਲਕੁਲ ਹੀ ਬੰਦ ਹੋ ਚੁੱਕੇ ਹਨ।ਮੱਝਾਂ ਗਾਵਾਂ ਦੀਆਂ ਚੰਗੀਆਂ ਨਸਲਾ ਦੇ ਟੀਕੇ ਵੀ ਪਿਛਲੇ ਕਾਫ਼ੀ ਸਮੇਂ ਤੋਂ ਹਸਪਤਾਲ ਵਿੱਚ ਨਹੀਂ ਆਏ। ਹਸਪਤਾਲ ਵਿੱਚ ਪਹਿਲਾਂ ਇੱਕ ਮੁਲਾਜ਼ਮ ਰਾਤ ਸਮੇਂ ਵੀ ਰਹਿੰਦਾ ਸੀ ਪਰ ਹੁਣ ਸਾਰ ਮੁਲਾਜ਼ਮ ਚਾਰ ਵਜੇ ਹੀ ਜਿੰਦਰਾ ਮਾਰ ਕੇ ਚਲੇ ਜਾਂਦੇ ਹਨ। ਰਾਤ-ਬਰਾਤੇ ਪਸ਼ੂਆਂ ਦੀ ਸਿਹਤ ਸੰਭਾਲ ਦਾ ਪ੍ਰਬੰਧ ਨਾ ਹੋਣ ਕਰਕੇ ਦੇ ਕਈ ਅਤਿ ਕੀਮਤੀ ਪਸ਼ੂ ਮੌਤ ਦੇ ਮੂੰਹ ਵੀ ਜਾ ਪਏ ਹਨ। ਜੇਕਰ ਇਸ ਸੰਬੰਧੀ ਵੈਟਰਨਰੀ ਅਫ਼ਸਰ ਨਾਲ ਗੱਲ ਕਰੋ ਤਾਂ ਉਸ ਕੋਲੋਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕੋਈ ਉੱਤਰ ਨਹੀਂ ਹੁੰਦਾ।
ਅਜਿਹੀ ਸਥਿਤੀ ਵਿੱਚ ਮੇਰੀ ਤੁਹਾਨੂੰ ਬੇਨਤੀ ਹੈ ਕਿ ਜਿਥੇ ਸਰਕਾਰ ਪਿਛਲੇ ਕਈ ਸਾਲਾਂ ਤੋਂ ਪਸ਼ੂ ਮੇਲੇ ਕਰਵਾ ਕੇ ਵਧੀਆ ਪਸ਼ੂਆਂ ਨੂੰ ਵਧੀਆ ਇਨਾਮ ਦੇ ਰਹੀ ਹੈ ਉੱਥੇ ਛੋਟੇ ਪਿੰਡਾਂ ਦੇ ਕਿਸਾਨਾਂ ਦੇ ਪੁੱਤਾਂ ਵਾਂਗੂ ਪਾਲੇ ਪਸ਼ੂਆਂ ਦੀ ਸਿਹਤ ਲਈ ਢੁਕਵੇਂ ਪ੍ਰਬੰਧ ਕਰਨੇ ਵੀ ਸਰਕਾਰ ਦੀ ਜ਼ਿੰਮੇਵਾਰੀ ਹੀ ਹੈ।
ਮੈਨੂੰ ਆਸ ਹੈ ਕਿ ਤੁਸੀਂ ਮੇਰੇ ਪਿੰਡ ਦੀ ਇਸ ਸਮੱਸਿਆ ਵੱਲ ਉਚੇਚਾ ਧਿਆਨ ਦੇ ਕੇ ਲੋਕਾਂ ਨੂੰ ਸਹਾਇਕ ਧੰਦਿਆਂ ਪ੍ਰਤੀ ਉਤਸ਼ਾਹਿਤ ਕਰੋਗੇ। ਇਸ ਲਈ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸ ਪਾਤਰ,
ੳ ਅ ੲ,
0 Comments