Novelist: Nanak Singh "ਨਾਵਲਕਾਰ: ਨਾਨਕ ਸਿੰਘ" Punjabi Essay, Paragraph for Class 8, 9, 10, 11 and 12 Students Examination in 800 Words.

ਪੰਜਾਬੀ ਨਿਬੰਧ ਨਾਵਲਕਾਰ: ਨਾਨਕ ਸਿੰਘ 
Novelist: Nanak Singh




ਰੂਪ-ਰੇਖਾ

ਭੂਮਿਕਾ, ਮਹਾਨ ਨਾਵਲਕਾਰ, ਜਨਮ ਤੇ ਮੁਢਲਾ ਜੀਵਨ, ਜੇਲ੍ਹ ਜਾਣਾ, ਭਾਈ ਵੀਰ ਸਿੰਘ ਦਾ ਪ੍ਰਭਾਵ, ਸਿੰਘ ਦਾ ਪ੍ਰਭਾਵ, ਪ੍ਰਚਾਰਕ ਤੇ ਵਿਦਰੋਹੀ, ਸਭ ਤੋਂ ਵੱਡੇ ਨਾਵਲਕਾਰ ਨਾਨਕ ਸਿੰਘ ਦਾ ਨਿਵੇਕਲਾ ਸਥਾਨ, ਸਾਰੰਸ਼। 


ਭੂਮਿਕਾ

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਨਾਨਕ ਸਿੰਘ ਦਾ ਆਪਣਾ ਬਹੁਤ ਹੀ ਵਿਲੱਖਣ ਤੇ ਮਹੱਤਵਪੂਰਨ ਸਥਾਨ ਹੈ। ਉਨ੍ਹਾਂ ਦੀ ਪੰਜਾਬੀ ਨਾਵਲ ਦੇ ਖੇਤਰ ਵਿੱਚ ਵਿਸ਼ੇਸ਼ ਦੇਣ ਹੈ। ਉਨ੍ਹਾਂ ਦੇ ਨਾਵਲ ਕਿਸੇ ਆਦਰਸ਼ ਤੋਂ ਪ੍ਰੇਰਿਤ ਹੁੰਦੇ ਹਨ।ਅੱਜ ਵੀ ਉਨ੍ਹਾਂ ਦੇ ਨਾਵਲ ਪਹਿਲਾਂ ਵਾਂਗ ਹੀ ਪੜ੍ਹੇ ਜਾ ਰਹੇ ਹਨ।


ਮਹਾਨ ਨਾਵਲਕਾਰ

ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦੇ ਇਤਿਹਾਸ ਵਿੱਚ ਉਹੀ ਮਹੱਤਵਪੂਰਨ ਸਥਾਨ ਪ੍ਰਾਪਤ ਹੈ, ਜੋ ਭਾਈ ਵੀਰ ਸਿੰਘ ਨੂੰ ਆਧੁਨਿਕ ਕਵਿਤਾ ਦੇ ਇਤਿਹਾਸ ਵਿੱਚ, ਕਰਤਾਰ ਸਿੰਘ ਦੁੱਗਲ ਨੂੰ ਆਧੁਨਿਕ ਕਹਾਣੀ ਦੇ ਇਤਿਹਾਸ ਵਿੱਚ ਤੇ ਸੰਤ ਸਿੰਘ ਸੇਖੋਂ ਨੂੰ ਆਧੁਨਿਕ ਆਲੋਚਨਾ ਦੇ ਇਤਿਹਾਸ ਵਿੱਚ ਪ੍ਰਾਪਤ ਹੈ। ਨਾਨਕ ਸਿੰਘ ਨੇ ਨਵੀਨ ਨਾਵਲ ਦਾ ਆਪਣੀ ਕਲਾ-ਨਿਪੁੰਨਤਾ ਨਾਲ ਸੰਪੂਰਨ ਵਿਕਾਸ ਕੀਤਾ। ਉਨ੍ਹਾਂ ਨੇ 40-45 ਸਾਲ ਲਗਾਤਾਰ ਨਾਵਲ ਅਤੇ ਹੋਰ ਸਾਹਿਤ ਰਚਿਆ। ਨਾਨਕ ਸਿੰਘ ਨੇ ਵਾਲਟਰ ਸਕਾਟ ਵਾਂਗ ਬਹੁਤ ਸਾਰੇ ਨਾਵਲ ਲਿਖੇ ਤੇ ਉਨ੍ਹਾਂ ਵਿੱਚ ਚਾਰਲਸ ਡਿਕਨਜ਼ ਵਰਗੀ ਸਧਾਰਨਤਾ ਵੀ ਭਰੀ ਹੈ। ਪੰਜਾਬੀ ਦੇ ਆਮ ਤੇ ਗੰਭੀਰ ਪਾਠਕਾਂ ਵਿੱਚ ਉਹ ਇੱਕੋ-ਜਿੰਨੇ ਸਤਿਕਾਰ ਦੇ ਪਾਤਰ ਹਨ।


ਜਨਮ ਤੇ ਮੁਢਲਾ ਜੀਵਨ

ਨਾਨਕ ਸਿੰਘ ਦਾ ਜਨਮ 4 ਜੁਲਾਈ, 1897 ਈ: ਨੂੰ ਚੱਕ ਹਮੀਦ, ਜ਼ਿਲ੍ਹਾ ਜਿਹਲਮ ਵਿਖੇ ਬਹਾਦਰ ਚੰਦ ਦੇ ਘਰ ਹੋਇਆ। ਉਨ੍ਹਾਂ ਦਾ ਪਹਿਲਾ ਨਾਂ ਹੰਸ ਰਾਜ ਸੀ। ਉਹ ਅਜੇ ਬਚਪਨ ਵਿੱਚ ਹੀ ਸਨ ਕਿ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ, ਜਿਸ ਕਰਕੇ ਉਨ੍ਹਾਂ ਨੂੰ ਕਰੜੇ ਸੰਘਰਸ਼ ਵਿੱਚੋਂ ਲੰਘਣਾ ਪਿਆ। ਜ਼ਰਾ ਵੱਡੇ ਹੋ ਕੇ ਉਨ੍ਹਾਂ ਨੇ ਗਿਆਨੀ ਬਾਗ ਸਿੰਘ ਦੇ ਪ੍ਰਭਾਵ ਹੇਠ ਸਿੱਖ ਧਰਮ ਵਿੱਚ ਪ੍ਰਵੇਸ਼ ਕੀਤਾ ਤੇ ਉਹ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ।ਭਾਵੇਂ ਉਨ੍ਹਾਂ ਨੂੰ ਸਕੂਲਾਂ- ਕਾਲਜਾਂ ਵਿੱਚ ਜਾਣ ਤੇ ਉੱਚੀ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਪ੍ਰਾਪਤ ਨਹੀਂ ਹੋਇਆ, ਪਰ ਫੇਰ ਵੀ ਉਨ੍ਹਾਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਪੰਜਾਬੀ, ਹਿੰਦੀ ਤੇ ਉਰਦੂ ਸਿੱਖ ਲਿਆ ਅਤੇ ਇਨ੍ਹਾਂ ਭਾਸ਼ਾਵਾਂ ਵਿੱਚ ਮਿਲਦੇ ਸਾਹਿਤ ਦਾ ਅਧਿਐਨ ਕੀਤਾ।


ਜੇਲ੍ਹ ਜਾਣਾ

1922-23 ਈ. ਵਿੱਚ ਨਾਨਕ ਸਿੰਘ ਨੇ ਗੁਰੂ ਕੇ ਬਾਗ਼ ਦੇ ਮੋਰਚੇ ਵਿੱਚ ਗ੍ਰਿਫ਼ਤਾਰੀ ਦਿੱਤੀ। ਜੇਲ੍ਹ ਵਿੱਚ ਮੁਨਸ਼ੀ ਪ੍ਰੇਮ ਚੰਦ ਦੇ ਨਾਵਲਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਨਾਵਲ ਰਚਨਾ ਅਰੰਭ ਕੀਤੀ ਤੇ ਜੇਲ੍ਹ ਤੋਂ ਬਾਹਰ ਆ ਕੇ ਉਹ ਆਪਣੇ ਆਖ਼ਰੀ ਸਮੇਂ ਤੱਕ ਸਾਹਿਤ ਰਚਨਾ ਕਰਦੇ ਰਹੇ।


ਭਾਈ ਵੀਰ ਸਿੰਘ ਦਾ ਪ੍ਰਭਾਵ

ਨਾਨਕ ਸਿੰਘ ਦੀ ਰਚਨਾ ਉੱਪਰ ਮੁਨਸ਼ੀ ਪ੍ਰੇਮ ਚੰਦ ਤੋਂ ਮਗਰੋਂ ਸਭ ਤੋਂ ਵੱਧ ਪ੍ਰਭਾਵ ਭਾਈ ਵੀਰ ਸਿੰਘ ਤੇ ਗੁਰਬਖ਼ਸ਼ ਸਿੰਘ ‘ਪ੍ਰੀਤਲੜੀ' ਦਾ ਪਿਆ। ਭਾਈ ਵੀਰ ਸਿੰਘ ਦੇ ਨਾਵਲਾਂ ਤੋਂ ਨਾਨਕ ਸਿੰਘ ਨੂੰ ਸਮਾਜ ਸੁਧਾਰ ਦਾ ਵਿਸ਼ਾ ਮਿਲਿਆ। ਸਮਾਜ-ਸੁਧਾਰ ਵੀਹਵੀਂ ਸਦੀ ਦੀ ਸਭ ਤੋਂ ਵੱਡੀ ਲਹਿਰ ਸੀ। ਅਛੂਤ-ਉੱਧਾਰ, ਵਿਧਵਾ ਤੇ ਵੇਸਵਾ ਸੁਧਾਰ, ਵਿੱਦਿਆ ਪ੍ਰਚਾਰ, ਸਮਾਜਕ ਕੁਰੀਤੀਆਂ ਵਿਰੁੱਧ ਪ੍ਰਚਾਰ, ਧਾਰਮਕ ਤੇ ਆਰਥਕ ਸੁਧਾਰ ਆਦਿ ਸਭ ਬਾਰੇ ਨਾਨਕ ਸਿੰਘ ਨੇ ਲਿਖਿਆ। ਉਨ੍ਹਾਂ ਦੇ 'ਪ੍ਰੇਮ ਸੰਗੀਤ', 'ਮਿੱਠਾ ਮਹੁਰਾ' ਤੇ 'ਮਤਰੇਈ ਮਾਂ' ਨਾਵਲ ਕਾਫ਼ੀ ਹਰਮਨ ਪਿਆਰੇ ਹੋਏ, ਪਰ ਉਨ੍ਹਾਂ ਦੀ ਅਸਲ ਪ੍ਰਸਿੱਧੀ 1932 ਈ: ਵਿੱਚ ਲਿਖੇ 'ਚਿੱਟਾ ਲਹੂ' ਨਾਲ ਹੋਈ।ਪ੍ਰਿੰ: ਤੇਜਾ ਸਿੰਘ ਤੇ ਹੋਰ ਆਲੋਚਕਾਂ ਨੇ ਇਸ ਨੂੰ ਇੰਨਾ ਸਲਾਹਿਆ ਕਿ ਉਨ੍ਹਾਂ ਨੇ ਇਸ ਨੂੰ ਹੀ ਨਾਨਕ ਸਿੰਘ ਦਾ ਸ਼ਾਹਕਾਰ ਨਾਵਲ ਮੰਨ ਲਿਆ।


ਗੁਰਬਖ਼ਸ਼ ਸਿੰਘ ਦਾ ਪ੍ਰਭਾਵ

ਨਾਨਕ ਸਿੰਘ ਉੱਤੇ ਗੁਰਬਖ਼ਸ਼ ਸਿੰਘ ਦਾ ਵੀ ਕਾਫ਼ੀ ਅਸਰ ਪਿਆ। ਇੱਥੋਂ ਤੱਕ ਕਿ ਉਹ 1938 ਈ: ਵਿੱਚ ਅੰਮ੍ਰਿਤਸਰ ਛੱਡ ਕੇ ਪ੍ਰੀਤ ਨਗਰ ਜਾ ਵਸੇ। ਇਸ ਤਰ੍ਹਾਂ ਨਾਨਕ ਸਿੰਘ ਦੀ ਰਚਨਾ ਦਾ ਪਹਿਲਾ ਕਾਲ 1923 ਈ: ਤੋਂ 1938 ਈ: ਤੱਕ ਹੈ ਤੇ ਦੂਜਾ 1938 ਈ: ਤੋਂ 1947 ਈ: ਤੱਕ ਹੈ। ਗੁਰਬਖ਼ਸ਼ ਸਿੰਘ ਨੇ ਨਾਨਕ ਸਿੰਘ ਦੇ ਅਨੁਭਵ ਨੂੰ ਸਲਾਹਿਆ ਤੇ ਹੁਣ ਉਹ ਇੱਕ ਨਵੀਂ ਪਿਆਰ ਦੀ ਦੁਨੀਆ ਦੇ ਸੁਪਨੇ ਦੇਖਣ ਲੱਗ ਪਏ। ਉਨ੍ਹਾਂ ਦੀ ਸ਼ੈਲੀ ਵਿੱਚ ਰੌਚਕਤਾ ਆ ਗਈ ਤੇ ਆਦਰਸ਼ਵਾਦ ਉਨ੍ਹਾਂ ਦੀ ਸੋਚਣੀ ਦਾ ਧੁਰਾ ਬਣ ਗਿਆ। ਹੁਣ ਨਾਨਕ ਸਿੰਘ ਸਮਾਜ ਸੁਧਾਰਕ ਤੋਂ ਪ੍ਰੀਤ ਪੁਜਾਰੀ ਬਣ ਗਏ।‘ਅੱਧ ਖਿੜਿਆ ਫੁੱਲ', 'ਜੀਵਨ ਸੰਗਰਾਮ', 'ਲਵ ਮੈਰਿਜ' ਆਦਿ ਨਾਵਲ ਇਸੇ ਪ੍ਰਭਾਵ ਦਾ ਹੀ ਸਿੱਟਾ ਹਨ। ਇੰਜ ਨਾਨਕ ਸਿੰਘ ਪੰਜਾਬੀਆਂ ਦੇ ਇੱਕ ਬਹੁਤ ਹੀ ਮਹਾਨ ਸਾਹਿਤਕਾਰ ਹਨ। ਕੁਝ ਸਾਲਾਂ ਮਗਰੋਂ ਨਾਨਕ ਸਿੰਘ ਅੰਮ੍ਰਿਤਸਰ ਆ ਗਏ, ਪਰ ਉਹ ਪ੍ਰੀਤ ਨਗਰ ਦਾ ਪ੍ਰਭਾਵ ਵੀ ਨਾਲ ਹੀ ਲੈ ਆਏ। ਗੁਰਬਖ਼ਸ਼ ਸਿੰਘ ਦੇ ਸੰਪਰਕ ਨਾਲ ਉਨ੍ਹਾਂ ਨੂੰ ਇਸਤਰੀ-ਮਰਦ ਬਰਾਬਰ ਪਿਆਰ ਦੀ ਸਮਾਜਕ ਕੀਮਤ, ਮਨੁੱਖਤਾ ਨਾਲ ਸਨੇਹ, ਸੁਹਜ-ਸੁਆਦ, ਮੌਲਿਕ ਸੋਚ ਸ਼ਕਤੀ, ਵਿਸ਼ਾਲ ਅਨੁਭਵ, ਇਸਤਰੀ ਮਨ ਦੀ ਖੋਜ, ਆਧੁਨਿਕ ਦ੍ਰਿਸ਼ਟੀਕੋਣ, ਜੀਵਨ ਜਾਚ ਦੇ ਪੱਛਮੀ ਸਿਧਾਂਤ, ਤਰਕਵਾਦੀ ਰੁਚੀ, ਸ੍ਵੈ-ਪੜਚੋਲ, ਘਰ ਤੇ ਸਮਾਜ ਨਾਲ ਪਿਆਰ ਭਰੀ ਸਾਂਝ, ਨਰੋਏ ਜੀਵਨ ਦੇ ਖੇੜੇ ਭਰਪੂਰ ਸੰਦੇਸ਼ ਆਦਿ ਵਿਚਾਰ ਪ੍ਰਾਪਤ ਹੋਏ।


ਪ੍ਰਚਾਰਕ ਤੇ ਵਿਦਰੋਹੀ

ਉਨ੍ਹਾਂ ਦੀ ਰਚਨਾ ਦਾ ਤੀਜਾ ਕਾਲ 1947 ਈ: ਤੋਂ 1972 ਈ: ਤੱਕ ਹੈ। ਇਸ ਕਾਲ ਵਿੱਚ ਨਾਨਕ ਸਿੰਘ ਨੇ ਨਵੇਂ ਦ੍ਰਿਸ਼ਟੀਕੋਣ ਅਨੁਸਾਰ ਨਾਵਲ ਰਚੇ। ਇਸ ਕਾਲ ਦੇ ਨਾਵਲਾਂ ਵਿੱਚ ਮੰਝਧਾਰ, ਚਿੱਤਰਕਾਰ, ਕੱਟੀ ਹੋਈ ਪਤੰਗ, ਆਦਮਖੋਰ, ਸੰਗਮ, ਬੰਜਰ ਤੇ ਪ੍ਰੇਮ ਪੁਜਾਰੀ ਪ੍ਰਸਿੱਧ ਨਾਵਲ ਹਨ। 1947 ਈ: ਦੇ ਦੁਖਾਂਤ ਦਾ ਉਨ੍ਹਾਂ ਦੇ ਮਨ 'ਤੇ ਡੂੰਘਾ ਅਸਰ ਪਿਆ ਤੇ ਉਹ ਪੂੰਜੀਵਾਦ ਵਿਰੁੱਧ ਬਾਗ਼ੀ ਹੋ ਗਏ। ਹੁਣ ਉਹ ਰਾਜਸੀ ਆਸ਼ੇ ਪ੍ਰਗਟ ਕਰਨ ਵਾਲੇ ਅਗਾਂਹਵਧੂ ਕਲਾਕਾਰ ਬਣ ਗਏ। 1947 ਈ: ਤੋਂ ਮਗਰੋਂ ਉਹ ਸੁਭਾਵਕ ਨਾਵਲਕਾਰ ਦੀ ਬਜਾਏ ਪ੍ਰਚਾਰਕ ਤੇ ਵਿਦਰੋਹੀ ਨਾਵਲਕਾਰ ਪ੍ਰਤੀਤ ਹੁੰਦੇ ਹਨ। ‘ਇੱਕ ਮਿਆਨ ਦੋ ਤਲਵਾਰਾਂ' ਉਨ੍ਹਾਂ ਨੇ ਸਭ ਤੋਂ ਸਫਲ ਇਤਿਹਾਸਕ ਨਾਵਲ ਲਿਖਿਆ ਹੈ। ਉਨ੍ਹਾਂ ਦੇ ਨਾਵਲਾਂ ਦੀ ਗਿਣਤੀ ਚਾਰ ਦਰਜਨ ਦੇ ਕਰੀਬ ਹੈ।


ਸਭ ਤੋਂ ਵੱਡੇ ਨਾਵਲਕਾਰ

ਨਾਨਕ ਸਿੰਘ ਪੰਜਾਬੀ ਦੇ ਸਭ ਤੋਂ ਵੱਡੇ ਨਾਵਲਕਾਰ ਹੋਏ ਹਨ। ਉਨ੍ਹਾਂ ਜੋ ਕੁਝ ਲਿਖਿਆ ਹੈ, ਸਹਿਜ ਸੁਭਾਅ ਲਿਖਿਆ ਹੈ ਤੇ ਕਲਾ ਦੀ ਕਸਵੱਟੀ 'ਤੇ ਪੂਰਾ ਉਤਰਦਾ ਹੈ। ਉਹ ਇੱਕ ਸੁਚੇਤ ਕਲਾਕਾਰ ਸਨ। ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ 'ਚਿੱਟਾ ਲਹੂ', 'ਅੱਧਖਿੜਿਆ ਫੁੱਲ', 'ਜੀਵਨ ਸੰਗਰਾਮ', 'ਪਵਿੱਤਰ ਪਾਪੀ', ‘ਮੰਝਧਾਰ', 'ਚਿੱਤਰਕਾਰ', 'ਕੱਟੀ ਹੋਈ ਪਤੰਗ' ਅਤੇ 'ਇੱਕ ਮਿਆਨ ਦੋ ਤਲਵਾਰਾਂ' ਆਦਿ ਅਦੁੱਤੀ ਨਾਵਲ ਦਿੱਤੇ ਹਨ। ਉਨ੍ਹਾਂ ਦੇ ਨਾਵਲਾਂ ਵਿੱਚ ਕੁਝ ਅਮਰ ਇਸਤਰੀ ਪਾਤਰ ਤੇ ਨਾਇਕਾਵਾਂ ਮਿਲਦੀਆਂ ਹਨ।


ਨਾਨਕ ਸਿੰਘ ਦਾ ਨਿਵੇਕਲਾ ਸਥਾਨ

1947 ਈ: ਤੋਂ ਮਗਰੋਂ ਸੁਰਿੰਦਰ ਸਿੰਘ ਨਰੂਲਾ, ਨਰਿੰਦਰਪਾਲ ਸਿੰਘ, ਅੰਮ੍ਰਿਤਾ ਪ੍ਰੀਤਮ, ਜਸਵੰਤ ਸਿੰਘ ਕੰਵਲ ਤੇ ਗੁਰਦਿਆਲ ਸਿੰਘ ਆਦਿ ਕਈ ਨਾਵਲਕਾਰ ਮੈਦਾਨ ਵਿੱਚ ਆਏ, ਪਰ ਕੋਈ ਵੀ ਨਾਨਕ ਸਿੰਘ ਦੀ ਥਾਂ ਲੈਣ ਵਾਲਾ ਨਹੀਂ ਜਾਪਦਾ। ਨਾਨਕ ਸਿੰਘ ਦਾ ਨਿਵੇਕਲਾ ਸਥਾਨ ਅਜੇ ਵੀ ਕਾਇਮ ਹੈ। ਪੰਜਾਬੀਆਂ ਦੇ ਇਹ ਹਰਮਨ ਪਿਆਰੇ ਨਾਵਲਕਾਰ 1971 ਈ: ਨੂੰ ਸਾਡੇ ਕੋਲੋਂ ਸਦਾ ਲਈ ਵਿਛੜ ਗਏ।


ਸਾਰੰਸ਼

ਇਸ ਤਰ੍ਹਾਂ ਪੰਜਾਬੀਆਂ ਦੇ ਇਹ ਹਰਮਨ ਪਿਆਰੇ ਨਾਵਲਕਾਰ ਨਾਨਕ ਸਿੰਘ ਇੱਕ ਬਹੁਤ ਹੀ ਮਹਾਨ ਸਾਹਿਤਕਾਰ ਹਨ।ਉਨ੍ਹਾਂ ਨੇ ਆਪਣੀਆਂ ਰਚਨਾਵਾਂ ਤੇ ਖ਼ਾਸ ਕਰਕੇ ਨਾਵਲਾਂ ਰਾਹੀਂ ਪੰਜਾਬੀ ਸਾਹਿਤ ਦੇ ਖ਼ਜ਼ਾਨੇ ਨੂੰ ਬਹੁਤ ਅਮੀਰ ਕੀਤਾ ਹੈ। ਉਨ੍ਹਾਂ ਦੇ ਨਾਵਲ 'ਪਵਿੱਤਰ ਪਾਪੀ' ’ਤੇ ਬਣੀ ਫ਼ਿਲਮ ਬੜੀ ਮਕਬੂਲ ਹੋਈ। ਉਨ੍ਹਾਂ ਦੇ ਨਾਵਲਾਂ ਵਿਚਲੀਆਂ ਕਹਾਣੀਆਂ ਸਾਡੇ ਸਾਹਮਣੇ ਵੀ ਪ੍ਰਾਪਤ ਹੋਏ ਹਨ। ਬਹੁਤ ਹੀ ਮਹੱਤਵਪੂਰਨ ਆਦਰਸ਼ ਰੱਖਦੀਆਂ ਹਨ।


Post a Comment

0 Comments