Nojawana Vich Vadh Rahi Nashiya Di Varto "ਮੇਨੌਜਵਾਨਾਂ ਵਿੱਚ ਵਧ ਰਹੀ ਨਸ਼ਿਆਂ ਦੀ ਵਰਤੋਂ " Punjabi Essay, Paragraph for Class 8, 9, 10, 11 and 12 Students.

ਨੌਜਵਾਨਾਂ ਵਿੱਚ ਵਧ ਰਹੀ ਨਸ਼ਿਆਂ ਦੀ ਵਰਤੋਂ 
Nojawana Vich Vadh Rahi Nashiya Di Varto

ਭੂਮਿਕਾ

ਹਰ ਦੇਸ ਦੇ ਵਿਕਾਸ ਵਿੱਚ ਨੌਜਵਾਨਾਂ ਦੀ ਬਹੁਤ ਹੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਨ੍ਹਾਂ ਨੌਜਵਾਨਾਂ ਨੇ ਹੀ ਆਉਣ ਵਾਲੇ ਸਮੇਂ ਵਿੱਚ ਦੇਸ ਦੀ ਵਾਗਡੋਰ ਸੰਭਾਲਣੀ ਹੁੰਦੀ ਹੈ। ਇਸੇ ਸਦਕਾ ਹੀ ਕਿਸੇ ਵੀ ਦੇਸ ਦੀ ਤਰੱਕੀ ਤੇ ਖ਼ੁਸ਼ਹਾਲੀ ਦਾ ਭਾਰ ਨੌਜਵਾਨਾਂ ਦੇ ਮੋਢਿਆਂ 'ਤੇ ਵਧੇਰੇ ਹੁੰਦਾ ਹੈ।ਪਰ ਅਸੀਂ ਵੇਖਦੇ ਹਾਂ ਕਿ ਭਾਰਤ ਵਿਚਲੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਵਿੱਚੋਂ ਇੱਕ ਮੁੱਖ ਸਮੱਸਿਆ ਨੌਜਵਾਨਾਂ ਵਿੱਚ ਵਧ ਰਹੀ ਨਸ਼ਿਆਂ ਦੀ ਵਰਤੋਂ ਹੈ। ਪਿਛਲੇ ਕੁਝ ਸਾਲਾਂ ਵਿੱਚ ਨੌਜਵਾਨਾਂ ਵਿੱਚ ਇਹ ਰੁਝਾਨ ਜਿਸ ਤੇਜ਼ੀ ਨਾਲ ਵਧਿਆ ਹੈ ਉਸ ਸੰਬੰਧੀ ਹਰ ਇੱਕ ਨੂੰ ਫ਼ਿਕਰਮੰਦ ਹੋਣ ਦੀ ਲੋੜ ਹੈ।


ਨਸ਼ਿਆਂ ਦੇ ਕਾਰਨ

ਹਰ ਸਮੱਸਿਆ ਦੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦੇ ਹਨ।ਕੁਝ ਸਾਲ ਪਹਿਲਾਂ ਤੱਕ ਸਕੂਲਾਂ, ਕਾਲਜਾਂ ਜਾਂ ਦੂਸਰੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਵਰਤੋਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਪਰ ਹੁਣ ਛੋਟੀ ਉਮਰ ਦੇ ਬੱਚੇ ਤੇ ਲੜਕੀਆਂ ਵਿੱਚ ਵੀ ਤਰ੍ਹਾਂ-ਤਰ੍ਹਾਂ ਦੇ ਨਸ਼ੇ ਵਰਤਣ ਦੀਆਂ ਖ਼ਬਰਾਂ ਰੋਜ਼ਾਨਾ ਅਖ਼ਬਾਰਾਂ ਤੇ ਟੀ.ਵੀ. ਦੀਆਂ ਸੁਰਖੀਆਂ ਬਣ ਰਹੀਆਂ ਹਨ।ਅਸਲ ਵਿੱਚ ਨਸ਼ਿਆਂ ਦਾ ਇਹ ਮੁਢਲਾ ਰੁਝਾਨ ਹਿੱਪੀ ਸੱਭਿਆਚਾਰ ਤੇ ਪੱਛਮੀ ਸੱਭਿਆਚਾਰ ਦੀ ਦੇਣ ਹੈ।ਭਾਵੇਂ ਭਾਰਤ ਵਿੱਚ ਪਹਿਲਾਂ ਵੀ ਭੰਗ, ਅਫ਼ੀਮ, ਸ਼ਰਾਬ, ਗਾਂਜਾ, ਪੋਸਤ, ਸਿਗਰਟ ਤੇ ਸੁਲਫਾ ਆਦਿ ਪ੍ਰਚਲਤ ਸਨ, ਪਰ ਹੁਣ ਤਾਂ ਨਵੀਂ-ਨਵੀਂ ਕਿਸਮਾਂ ਦੇ ਨਸ਼ਿਆਂ ਨੇ ਸਾਨੂੰ ਇਸ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ।


ਨੌਜਵਾਨਾ ਤੇ ਸੰਗਤ ਦਾ ਪ੍ਰਭਾਵ

ਕੁਝ ਸਾਲ ਪਹਿਲਾਂ ਅਸੀਂ ਵੇਖਦੇ ਸਾਂ ਕਿ ਅਮੀਰ ਘਰਾਂ ਦੇ ਵਿਗੜੇ ਹੋਏ ਮੁੰਡੇ ਇੱਕ ਫ਼ੈਸ਼ਨ ਵਜੋਂ ਨਸ਼ਿਆਂ ਦੀ ਵਰਤੋਂ ਕਰਦੇ ਸਨ। ਕਈ ਨੌਜਵਾਨ ਨਿਰਾਸ਼ਾ ਦੀ ਸਥਿਤੀ ਵਿੱਚ ਵੀ ਨਸ਼ੇ ਕਰਦੇ ਸਨ। ਪਰ ਜਦੋਂ ਨੌਜਵਾਨ ਅਜਿਹੀ ਸੰਗਤ ਵਿੱਚ ਪੈ ਜਾਂਦਾ ਹੈ ਜਿੱਥੇ ਨੌਜਵਾਨ ਨਸ਼ੇ ਕਰਦੇ ਹਨ ਤਾਂ ਉਹ ਨਸ਼ਿਆਂ ਦੀ ਵਰਤੋਂ ਵਾਲੀ ਅਜਿਹੀ ਘੁੰਮਣ ਘੇਰੀ ਵਿੱਚ ਫਸ ਜਾਂਦਾ ਹੈ ਜਿੱਥੋਂ ਚਾਹੁੰਦਿਆਂ ਹੋਇਆਂ ਵੀ ਉਸ ਦਾ ਨਿਕਲਣਾ ਔਖਾ ਹੋ ਜਾਂਦਾ ਹੈ।


ਸਮਾਜ ਵਿੱਚ ਸ਼ਰਾਬ ਦੀ ਵਰਤੋਂ

ਅਸੀਂ ਵੇਖਦੇ ਹਾਂ ਕਿ ਪਿਛਲੇ ਕੁਝ ਸਾਲਾਂ ਤੋਂ ਸਾਡੇ ਲਗਪਗ ਹਰ ਤਰ੍ਹਾਂ ਦੇ ਖ਼ੁਸ਼ੀ ਭਰੇ ਸਮਾਗਮਾਂ 'ਤੇ ਸ਼ਰਾਬ ਦੀ ਖੁਲ੍ਹੇ ਆਮ ਵਰਤੋਂ ਕੀਤੀ ਜਾਂਦੀ ਹੈ।ਇਸੇ ਤਰ੍ਹਾਂ ਘਰਾਂ ਵਿੱਚ ਵੀ ਰੋਜ਼ਾਨਾ ਸ਼ਰਾਬ ਦੀ ਵਰਤੋਂ ਦਾ ਰੁਝਾਨ ਵਧਿਆ ਹੈ। ਇਸ ਵਰਤਾਰੇ ਦਾ ਨੌਜਵਾਨਾਂ 'ਤੇ ਬਹੁਤ ਹੀ ਮਾੜਾ ਪ੍ਰਭਾਵ ਪਿਆ ਹੈ। ਵੇਖਾ ਵੇਖੀ ਨੌਜਵਾਨ ਵੀ ਇਸ ਦੀ ਵਰਤੋਂ ਸ਼ਰੇਆਮ ਕਰਨ ਲੱਗੇ ਹਨ। ਇੰਜ ਸ਼ਰਾਬ ਵਰਤਾਉਣ ਨੂੰ ਇੱਕ ਰੁਤਬੇ ਦੀ ਨਿਸ਼ਾਨੀ ਮੰਨਣ ਕਾਰਨ ਇਸ ਦਾ ਬਹੁਤ ਬੁਰਾ ਪ੍ਰਭਾਵ ਪਿਆ ਹੈ।


ਨਸ਼ਿਆਂ ਦੇ ਤਸਕਰਾਂ ਦੀ ਭੂਮਿਕਾ

ਅਸੀਂ ਵੇਖਦੇ ਹਾਂ ਕਿ ਨੌਜਵਾਨਾਂ ਵਿੱਚ ਨਸ਼ਿਆਂ ਦੀ ਵਰਤੋਂ ਨੂੰ ਨਸ਼ਿਆਂ ਦੇ ਤਸਕਰ ਬਹੁਤ ਉਤਸ਼ਾਹਿਤ ਕਰਦੇ ਹਨ।ਅੱਜ ਤਰ੍ਹਾਂ-ਤਰ੍ਹਾਂ ਦੇ ਜੋ ਨਸ਼ੇ— ਸਮੈਕ, ਹੈਰੋਇਨ, ਆਈਸ ਇਨ੍ਹਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਸਹਿਜੇ ਹੀ ਪ੍ਰਾਪਤ ਹੋ ਜਾਂਦੇ ਹਨ। ਇਹ ਅਜਿਹੇ ਨਸ਼ੇ ਹਨ ਜਿਨ੍ਹਾਂ ਦੀ ਇੱਕ ਵਾਰ ਕੀਤੀ ਵਰਤੋਂ ਮਗਰੋਂ ਇਸ ਨੂੰ ਛੱਡਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ।ਨਸ਼ਿਆਂ ਦੇ ਵਪਾਰੀ ਆਪਣੇ ਲਾਭ ਲਈ ਰਾਜਨੀਤਕ ਨੇਤਾਵਾਂ ਤੇ ਪੁਲਿਸ ਨਾਲ ਮਿਲ ਕੇ ਹੀ ਇਨ੍ਹਾਂ ਦਾ ਵਪਾਰ ਕਰਕੇ ਇਸ ਵਿੱਚੋਂ ਮੋਟੀ ਕਮਾਈ ਕਰਦੇ ਹਨ।ਅਸੀਂ ਵੇਖਿਆ ਹੈ ਕਿ ਇਹ ਲੋਕ ਵੱਡੇ ਸ਼ਹਿਰਾਂ ਦੇ ਵੱਡੇ ਹੋਟਲਾਂ ਵਿੱਚ ਇਸ ਸੰਬੰਧੀ ‘ਰੇਵ ਪਾਰਟੀਆਂ ਦਾ ਪ੍ਰਬੰਧ ਵੀ ਕਰਦੇ ਹਨ।


ਨਸ਼ਿਆਂ ਦੀ ਵਰਤੋਂ ਦੇ ਨੁਕਸਾਨ

ਨਸ਼ਿਆਂ ਦੀ ਵਰਤੋਂ ਜਿੱਥੇ ਨੌਜਵਾਨਾਂ ਨੂੰ ਸਰੀਰਕ ਤੌਰ 'ਤੇ ਕਮਜ਼ੋਰ ਬਣਾਉਂਦੀ ਹੈ, ਉੱਥੇ ਇਨ੍ਹਾਂ ਦੀ ਵਰਤੋਂ ਕਰਨ ਵਾਲੇ ਇਨ੍ਹਾਂ ਨੂੰ ਖ਼ਰੀਦਣ ਲਈ ਚੋਰੀਆਂ, ਡਾਕਿਆਂ ਵਰਗੇ ਕੰਮ ਕਰਦੇ ਹਨ। ਸਰੀਰਕ ਸਿਹਤ ਨੂੰ ਠੀਕ ਕਰਨ ਵਾਲੀਆਂ ਦਵਾਈਆਂ ਨੂੰ ਜਦੋਂ ਨਸ਼ੇ ਵਜੋਂ ਵਰਤਿਆ ਜਾਣ ਲੱਗਦਾ ਹੈ ਤਾਂ ਸਰੀਰਕ ਪੱਖੋਂ ਉਨ੍ਹਾਂ ਨੂੰ ਬਹੁਤ ਹੀ ਨੁਕਸਾਨ ਹੁੰਦਾ ਹੈ ਜਿਸ ਦਾ ਅੰਦਾਜ਼ਾ ਬਹੁਤ ਦੇਰ ਮਗਰੋਂ ਲੱਗਦਾ ਹੈ। ਇਸ ਤਰ੍ਹਾਂ ਇਹ ਸਮੱਸਿਆ ਅੱਗੋਂ ਕਈ ਤਰ੍ਹਾਂ ਦੀਆਂ ਸਮਾਜਕ ਬੁਰਾਈਆਂ ਦੀ ਜੜ੍ਹ ਬਣਦੀ ਹੈ।


ਨਸ਼ਿਆਂ ਦੀ ਰੋਕਥਾਮ

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਨਸ਼ਿਆਂ ਦੀ ਪ੍ਰਾਪਤੀ ਸੰਬੰਧੀ ਇਨ੍ਹਾਂ ਦੇ ਵਿਉਪਾਰੀਆਂ ਨੂੰ ਨਕੇਲ ਪਾਉਣ ਲਈ ਸਖ਼ਤ ਕਾਨੂੰਨ ਬਣਾ ਕੇ ਇਨ੍ਹਾਂ 'ਤੇ ਅਮਲ ਕਰੇ। ਇਸੇ ਤਰ੍ਹਾਂ ਜਿਹੜੇ ਨੌਜਵਾਨ ਇਸ ਦਲਦਲ ਵਿੱਚ ਫਸ ਚੁੱਕੇ ਹਨ, ਉਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰ ਕੇ ਉਨ੍ਹਾਂ ਨੂੰ ਚੰਗੇਰਾ ਜੀਵਨ ਗੁਜ਼ਾਰਨ ਲਈ ਉਤਸ਼ਾਹਿਤ ਕੀਤਾ ਜਾਵੇ। ਧਾਰਮਕ ਸੰਸਥਾਵਾਂ ਤੇ ਸਵੈ-ਸੇਵੀ ਸੰਸਥਾਵਾਂ ਨੂੰ ਵੀ ਇਸ ਸਮੱਸਿਆ ਪ੍ਰਤੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।


ਸਾਰੰਸ਼

ਇੰਜ ਅਸੀਂ ਵੇਖਦੇ ਹਾਂ ਕਿ ਨੌਜਵਾਨਾਂ ਵਿੱਚ ਨਸ਼ਿਆਂ ਦੀ ਨਿਰੰਤਰ ਵਧ ਰਹੀ ਵਰਤੋਂ ਸਾਡੇ ਸਾਰਿਆਂ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਸ ਸਮੱਸਿਆ ਨਾਲ ਅੱਗੋਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਹਨ। ਸਰਕਾਰ ਨੂੰ ਸਵੈ-ਸੇਵੀ ਸੰਸਥਾਵਾਂ ਤੇ ਖ਼ੁਦ ਨੌਜਵਾਨਾਂ ਨੂੰ ਆਪ ਅੱਗੇ ਆ ਕੇ ਇਸ ਗੰਭੀਰ ਸਮੱਸਿਆ ਨੂੰ ਜੜ੍ਹੋਂ ਪੁੱਟਣ ਲਈ ਗੰਭੀਰ ਯਤਨ ਕਰਨੇ ਚਾਹੀਦੇ ਹਨ।


Post a Comment

0 Comments