Nanak Dukhiya Sabhu Sansar "ਨਾਨਕ ਦੁਖੀਆ ਸਭੁ ਸੰਸਾਰ " Punjabi Essay, Paragraph for Class 8, 9, 10, 11 and 12 Students Examination in 1200 Words.

ਪੰਜਾਬੀ ਨਿਬੰਧ - ਨਾਨਕ ਦੁਖੀਆ ਸਭੁ ਸੰਸਾਰ 
Nanak Dukhiya Sabhu Sansar

ਰੂਪ-ਰੇਖਾ

ਭੂਮਿਕਾ, ਦੁੱਖਾਂ ਦੇ ਕਾਰਨ, ਸਾਰੇ ਸੰਸਾਰ ਦਾ ਦੁਖੀ ਹੋਣਾ, ਦੁੱਖਾਂ ਨੂੰ ਦੂਰ ਕਰਨ ਦਾ ਉਪਾਅ, ਪ੍ਰਭੂ ਦਾ ਨਾਮ, ਸਾਰੰਸ਼। 


ਭੂਮਿਕਾ

‘ਨਾਨਕ ਦੁਖੀਆ ਸਭੁ ਸੰਸਾਰ' ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਬਾਣੀ ਦੀ ਇੱਕ ਤੁਕ ਹੈ। ਇਸ ਤੁਕ ਵਿੱਚ ਉਨ੍ਹਾਂ ਨੇ ਇੱਕ ਅਟੱਲ ਸਚਾਈ ਨੂੰ ਪੇਸ਼ ਕੀਤਾ ਹੈ ਜਿਸ ਕਾਰਨ ਇਹ ਤੁਕ ਇੱਕ ਅਖਾਣ ਦਾ ਰੂਪ ਧਾਰਨ ਕਰ ਗਈ ਹੈ। ਗੁਰਬਾਣੀ ਸਾਡੇ ਗੁਰੂਆਂ ਦੀ ਇੱਕ ਅਜਿਹੀ ਦੇਣ ਹੈ ਜਿਸ ਨੇ ਆਪਣੇ ਅਥਾਹ ਗਿਆਨ ਦੇ ਚਸ਼ਮਿਆਂ ਵਿੱਚ ਸਾਨੂੰ ਯੁੱਗਾਂ ਤੋਂ ਓਤਪੋਤ ਕੀਤਾ ਹੈ ਤੇ ਸਦਾ ਕਰਦੀ ਰਹੇਗੀ। ਇਸ ਵਿਚਲੀਆਂ ਤੁਕਾਂ ਮਹਾਨ ਗੁਰੂਆਂ ਦੇ ਮੁੱਖੋਂ ਨਿਕਲੇ ਅਜਿਹੇ ਵਾਕ ਹਨ ਜੋ ਜਨ ਸਧਾਰਨ ਲੋਕਾਂ ਵਿੱਚ ਅਖਾਣਾਂ ਵਾਂਗ ਪ੍ਰਚਲਿਤ ਹੋ ਚੁੱਕੇ ਹਨ।ਉਪਰੋਕਤ ਤੁਕ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਖੋਂ ਉਚਾਰੀ ਗਈ ਹੈ ਅਤੇ ਇਸ ਦਾ ਭਾਵ ਹੈ ਕਿ ਇਸ ਜਗਤ ਦੇ ਸਾਰੇ ਪ੍ਰਾਣੀ ਦੁੱਖਾਂ ਵਿੱਚ ਘਿਰੇ ਹੋਏ ਹਨ ਕਿਉਂਕਿ ਮਨੁੱਖ ਆਪਣੇ ਅਸਲ ਤੋਂ ਦੂਰ ਹੋ ਗਿਆ ਹੈ। ਉਹ ਇਹ ਭੁੱਲ ਗਿਆ ਹੈ ਕਿ ਪ੍ਰਭੂ ਦਾ ਨਾਮ ਹੀ ਸਾਰੇ ਦੁੱਖਾਂ ਦਾ ਦਾਰੂ ਹੈ।


ਦੁੱਖਾਂ ਦੇ ਕਾਰਨ

ਸਾਰੇ ਦੁੱਖਾਂ ਦਾ ਮੂਲ ਕਾਰਨ ਮਨੁੱਖ ਦੇ ਅੰਦਰਲੀ ਹਉਮੈ ਅਤੇ ਉਸ ਦੀਆਂ ਬੇਅੰਤ ਇੱਛਾਵਾਂ ਹਨ। ਜਦੋਂ ਇੱਛਾਵਾਂ ਦੀ ਪੂਰਤੀ ਹੋ ਜਾਂਦੀ ਹੈ ਤਾਂ ਉਹ ਹੰਕਾਰੀ ਬਣ ਜਾਂਦਾ ਹੈ ਤੇ ਇਹ ਹੰਕਾਰ ਉਸ ਨੂੰ ਹੋਰ ਦੁੱਖਾਂ ਵੱਲ ਧੱਕ ਦਿੰਦਾ ਹੈ ਅਤੇ ਜਦੋਂ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਵੀ ਉਹ ਦੁਖੀ ਹੋ ਜਾਂਦਾ ਹੈ। ਹਉਮੈ ਵਿੱਚ ਪੈ ਕੇ ਉਹ ਪਰਮ ਪਿਤਾ ਪਰਮਾਤਮਾ ਨੂੰ ਵੀ ਭੁੱਲ ਜਾਂਦਾ ਹੈ ਤੇ ਦੁਖੀ ਹੁੰਦਾ ਹੈ।


ਸਾਰੇ ਸੰਸਾਰ ਦਾ ਦੁਖੀ ਹੋਣਾ

ਇਸ ਸੰਸਾਰ ਦੇ ਸਾਰੇ ਪ੍ਰਾਣੀ ਕਿਸੇ ਨਾ ਕਿਸੇ ਕਾਰਨ ਕਰਕੇ ਦੁਖੀ ਹਨ।ਕੋਈ ਬਿਮਾਰ ਹੈ, ਕਿਸੇ ਦੀ ਔਲਾਦ ਚੰਗੀ ਨਹੀਂ, ਕੋਈ ਜਾਇਦਾਦ ਪਿੱਛੇ ਲੜਦਾ ਹੈ, ਕੋਈ ਦੌਲਤ ਹੋਣ ਕਰਕੇ ਦੁਖੀ ਹੈ ਅਤੇ ਕੋਈ ਧਨ-ਦੌਲਤ ਨਾ ਹੋਣ ਕਰਕੇ ਰੋਂਦਾ ਫਿਰਦਾ ਹੈ, ਕਿਤੇ ਪੈਸੇ ਦੇ ਲੋਭ ਕਰਕੇ ਲੋਕ ਭ੍ਰਿਸ਼ਟਾਚਾਰੀ ਬਣੇ ਹੋਏ ਹਨ। ਹਰ ਕੋਈ ਆਪਣੇ ਆਪ ਨੂੰ ਦੁਖੀ ਸਮਝਦਾ ਹੈ। ਦੁਖੀ ਤਾਂ ਸਾਰਾ ਸੰਸਾਰ ਹੈ।ਫ਼ਰੀਦ ਜੀ ਦਾ ਕਥਨ :

“ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ

ਊਚੇ ਚੜ੍ਹ ਕੇ ਦੇਖਿਆ ਘਰਿ ਘਰਿ ਏਹਾ ਅਗਿ।“

ਅਸਲ ਵਿੱਚ ਦੁਖੀ ਹਰ ਕੋਈ ਹੈ। ਵੱਡੇ ਮਨੁੱਖਾਂ ਨੂੰ ਵੱਡੇ ਦੁੱਖ ਤੇ ਛੋਟਿਆਂ ਦੇ ਛੋਟੇ ਦੁੱਖ ਹਨ।ਹਰ ਕਿਸੇ ਨੂੰ ਆਪਣਾ ਦੁੱਖ ਵੱਡਾ ਜਾਪਦਾ ਹੈ ਪਰ ਇਹ ਮਨੁੱਖ ਦਾ ਭਰਮ ਹੈ। ਵੱਡੇ ਤੇ ਅਮੀਰਾਂ ਕੋਲ ਪਦਾਰਥਕ ਵਸਤਾਂ ਦੀ ਕੋਈ ਘਾਟ ਨਹੀਂ ਤਾਂ ਵੀ ਉਹ ਕਈ ਕਾਰਨਾਂ ਤੋਂ ਦੁਖੀ ਹੁੰਦੇ ਹਨ ਅਤੇ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਗ਼ਰੀਬਾਂ ਨੂੰ ਧਨ-ਦੌਲਤ ਦੀ ਕਮੀ ਦਾ ਦੁੱਖ ਹੁੰਦਾ ਹੈ ਉਹ ਉਸੇ ਨੂੰ ਪੂਰਾ ਕਰਨ ਵਿੱਚ ਤਿੰਨ-ਪੰਜ ਦੇ ਚੱਕਰਾਂ ਵਿੱਚ ਪਏ ਰਹਿੰਦੇ ਹਨ। ਕਈ ਦੁੱਖ ਅਜਿਹੇ ਹੁੰਦੇ ਹਨ ਜਿਸ ਵਿੱਚ ਅਮੀਰੀ-ਗਰੀਬੀ ਦਾ ਕੋਈ ਸੁਆਲ ਨਹੀਂ ਹੁੰਦਾ। ਇਹ ਦੁੱਖ ਮਨੁੱਖ ਦੇ ਆਪਸੀ ਰਿਸ਼ਤਿਆਂ 'ਤੇ ਆਧਾਰਤ ਹੁੰਦੇ ਹਨ।


ਦੁੱਖਾਂ ਨੂੰ ਦੂਰ ਕਰਨ ਦੇ ਉਪਾਅ

ਇਸ ਸੰਸਾਰ ਵਿੱਚ ਆਮ ਮਨੁੱਖ ਤਾਂ ਕੀ ਵੱਡੇ-ਵੱਡੇ ਮਹਾਪੁਰਖਾਂ ਨੂੰ ਵੀ ਦੁੱਖਾਂ ਨੇ ਘੇਰਿਆ ਹੈ ਸਾਡੇ ਭਾਰਤੀ ਇਤਿਹਾਸ ਵਿੱਚ ਵੱਡੇ-ਵੱਡੇ ਪੀਰ-ਪੈਗ਼ੰਬਰ ਹੋਏ ਹਨ ਪਰ ਸੰਸਾਰਕ ਦੁੱਖ ਨੇ ਉਨ੍ਹਾਂ ਦਾ ਵੀ ਲਿਹਾਜ਼ ਨਹੀਂ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੂੰ ਪਿਤਾ ਦੀ ਸ਼ਹੀਦੀ ਤੇ ਫਿਰ ਪੁੱਤਰਾਂ ਦੀ ਸ਼ਹੀਦੀ ਦਾ ਦੁੱਖ ਮਿਲਿਆ, ਰਾਮ ਅਤੇ ਕ੍ਰਿਸ਼ਨ ਨੂੰ ਆਪਣਿਆਂ ਨੇ ਹੀ ਦੁੱਖ ਦਿੱਤੇ। ਦੁੱਖ ਸਾਡੇ ਜੀਵਨ ਦਾ ਅਟੁੱਟ ਅੰਗ ਹਨ। ਗੁਰੂ ਸਾਹਿਬ ਫ਼ਰਮਾਉਂਦੇ ਹਨ :

ਦੁਖੁ ਦਾਰੂ ਸੁਖੁ ਰੋਗੁ ਭਇਆ।

ਜੇਕਰ ਦੁੱਖ ਨੂੰ ਹੀ ਦਾਰੂ ਸਮਝ ਲਿਆ ਜਾਵੇ ਤਾਂ ਦੁੱਖ ਹਲਕਾ ਹੋ ਜਾਂਦਾ ਹੈ।ਦੁੱਖਾਂ ਨਾਲ ਲੜਦੇ ਸਹਿਜ-ਸੁਭਾਅ ਮਨੁੱਖ ਉਸਾਰੂ ਕੰਮ ਕਰ ਜਾਂਦਾ ਹੈ।ਦੁੱਖ ਸਹਿਣ ਮਗਰੋਂ ਉਸ ਦੇ ਅੰਦਰਲੀਆਂ ਛੋਟੀਆਂ ਮੋਟੀਆਂ ਬੁਰਾਈਆਂ ਖ਼ਤਮ ਹੋ ਜਾਂਦੀਆਂ ਹਨ ਅਤੇ ਉਹ ਸਰਬਤ ਦਾ ਭਲਾ ਸੋਚਣ ਲੱਗ ਪੈਂਦਾ ਹੈ। ਮਨੁੱਖ ਨੂੰ ਦੁੱਖਾਂ ਤੋਂ ਬਚਣ ਲਈ ਨੈਤਿਕ ਕਦਰਾਂ-ਕੀਮਤਾਂ ਨੂੰ ਵੀ ਮਹੱਤਤਾ ਦੇਣੀ ਚਾਹੀਦੀ ਹੈ। ਸੱਚਾ-ਸੁੱਚਾ ਆਚਰਨ ਅਪਣਾਉਣਾ ਚਾਹੀਦਾ ਹੈ।ਦੁੱਖਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਦੁੱਖਾਂ ਵਿੱਚ ਟੁੱਟਣਾ ਨਹੀਂ ਚਾਹੀਦਾ ਬਲਕਿ ਮਹਾਪੁਰਖਾਂ ਦੇ ਜੀਵਨ ਤੋਂ ਹਿੰਮਤ ਅਤੇ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਕਿਵੇਂ ਉਨ੍ਹਾਂ ਨੇ ਕਠਨ ਤੋਂ ਕਠਨ ਹਾਲਤਾਂ ਵਿੱਚ ਵੀ ਪ੍ਰਭੂ ਦਾ ਨਾਮ ਸਿਮਰ ਕੇ ਆਪਣੇ ਦੁੱਖ ਹਲਕੇ ਕੀਤੇ।


ਪ੍ਰਭੂ ਦਾ ਨਾਮ

ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਦੁੱਖ ਅਤੇ ਸੁਖ ਮਨੁੱਖੀ ਜੀਵਨ ਦੇ ਦੋ ਅਤਿਅੰਤ ਮਹੱਤਵਪੂਰਨ ਪਹਿਲੂ ਹਨ। ਸੁਖਾਂ ਦਾ ਅਨੰਦ ਵੀ ਦੁੱਖਾਂ ਨੂੰ ਸਹਿਣ ਤੋਂ ਮਗਰੋਂ ਹੀ ਮਾਣਿਆ ਜਾ ਸਕਦਾ ਹੈ। ਸਾਨੂੰ ਇਨ੍ਹਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਇਸ ਤੁਕ ਦੀ ਦੂਜੀ ਸਤਰ ਵਿੱਚ ਗੁਰੂ ਸਾਹਿਬ ਨੇ ਸਾਡੇ ਦੁੱਖਾਂ ਦਾ ਇਲਾਜ ਵੀ ਦੱਸ ਦਿੱਤਾ ਹੈ ਉਹ ਸਪਸ਼ਟ ਕਰਦੇ ਹਨ ਕਿ ਇਨ੍ਹਾਂ ਦੁੱਖਾਂ ਤੋਂ ਮੁਕਤ ਹੋਣ ਲਈ ਇਸ ਪਰਮਾਤਮਾ ਦੇ ਨਾਂ ਨਾਲ ਜੁੜਨਾ ਲਾਜ਼ਮੀ ਹੈ-ਸੋ ਸੁਖੀਆ ਜਿਸ ਨਾਮੁ ਆਧਾਰੁ।


ਸਾਰੰਸ਼

ਦੁੱਖਾਂ ਵਿੱਚ ਵੀ ਪ੍ਰਭੂ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ। ਇਹ ਤਾਂ ਦੋ ਕੱਪੜਿਆਂ ਦੇ ਸਮਾਨ ਹਨ ਜਿਨ੍ਹਾਂ ਨੂੰ ਮਨੁੱਖ ਸਮੇਂ-ਸਮੇਂ 'ਤੇ ਬਦਲਦਾ ਰਹਿੰਦਾ ਹੈ। ਦੁੱਖ ਦੇ ਮਗਰੋਂ ਸੁਖ ਦਾ ਆਉਣਾ ਲਾਜ਼ਮੀ ਹੈ। ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ , ਆਪਣੀ ਇਸ ਤੁਕ ਰਾਹੀਂ ਜੀਵਨ ਦੀ ਇੱਕ ਅਟੱਲ ਸਚਾਈ ਨੂੰ ਪੇਸ਼ ਕਰਦਿਆਂ ਮਨੁੱਖੀ ਜੀਵਨ ਨੂੰ ਸਫਲ ਕਰਨ ਤੇ ਸਹਿਜ ਰੂਪ ਨਾਲ ਗੁਜ਼ਾਰਨ ਲਈ ਉਸ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣ ਦੀ ਉਸਾਰੂ ਪ੍ਰੇਰਨਾ ਦਿੱਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਨ੍ਹਾਂ ਵਿਚਾਰਾਂ ਨੂੰ ਜੀਵਨ ਵਿੱਚ ਅਪਣਾ ਕੇ ਮਨੁੱਖ ਸੰਸਾਰਕ ਦੁੱਖਾਂ ਕਲੇਸ਼ਾਂ ਤੋਂ ਸਹਿਜੇ ਹੀ ਨਿਜਾਤ ਪਾ ਸਕਦਾ ਹੈ।


Post a Comment

0 Comments