Mithtu Nivi Nanaka Guna Changiyayia Tatu "ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ " Punjabi Essay, Paragraph.

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ 
Mithtu Nivi Nanaka Guna Changiyayia Tatu




ਰੂਪ-ਰੇਖਾ

ਭੂਮਿਕਾ, ਕੌੜਾ ਬੋਲਣ ਦੇ ਨਤੀਜੇ, ਮਿੱਠਾ ਬੋਲਣਾ ਰੱਬ ਨੂੰ ਪਾਉਣਾ, ਮਿੱਠਾ ਬੋਲਣ ਵਾਲਾ ਕਦੇ ਨਹੀਂ ਹਾਰਦਾ, ਨਿਮਰ ਵਿਅਕਤੀ ਵਿੱਚ ਅਨੇਕਾਂ ਗੁਣ, ਮਿੱਠਾ ਬੋਲਣ ਦੇ ਲਾਭ, ਕੌੜਾ ਬੋਲਣ ਦੇ ਨੁਕਸਾਨ, ਨਿਮਰਤਾ ਪ੍ਰਾਪਤ ਕਰਨ ਲਈ ਘਾਲਣਾ ਦੀ ਲੋੜ, ਗੁੱਸਾ ਮਾੜਾ ਹੈ, ਮਿਠਾਸ ਕਿਵੇਂ ਧਾਰਨ ਕੀਤੀ ਜਾਵੇ, ਸਾਰੰਸ਼।


ਭੂਮਿਕਾ

“ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ' ਤੁਕ ਗੁਰਬਾਣੀ ਦੀ ਇੱਕ ਤੁਕ ਹੈ ਤੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ਗਈ ਹੈ। ਗੁਰਬਾਣੀ ਦੀਆਂ ਕਈ ਤੁਕਾਂ ਸਾਡੀ ਜ਼ਿੰਦਗੀ ਵਿੱਚ ਅਜਿਹੀਆਂ ਰਚ-ਮਿਚ ਗਈਆਂ ਹਨ ਕਿ ਅਖਾਣ ਬਣ ਕੇ ਲੋਕਾਂ ਦੇ ਮੂੰਹ 'ਤੇ ਆਮ ਚੜ੍ਹ ਗਈਆਂ ਹਨ। ਹਰ ਇੱਕ ਮਨੁੱਖ ਵਿੱਚ ਇੰਨੀ ਕੁ ਮਿਠਾਸ ਤੇ ਨਿਮਰਤਾ ਹੋਣੀ ਚਾਹੀਦੀ ਹੈ ਕਿ ਉਹ ਜਲਦੀ ਹੀ ਹਰ ਇੱਕ ਨੂੰ ਆਪਣਾ ਬਣਾ ਸਕੇ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮਿੱਠਾ ਬੋਲਣ ਵਾਲੇ ਨੂੰ ਹਰ ਕੋਈ ਗਲੇ ਲਗਾਉਂਦਾ ਹੈ। ਕੌੜੇ ਬੋਲਣ ਵਾਲੇ ਨੂੰ ਕੋਈ ਨੇੜੇ ਵੀ ਨਹੀਂ ਲੱਗਣ ਦਿੰਦਾ। ਇਸ ਭਾਵ ਨੂੰ ਸਪਸ਼ਟ ਕਰਦੇ ਹੋਏ ਹੀ ਗੁਰੂ ਜੀ ਫਰਮਾਉਂਦੇ ਹਨ :

“ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।

ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ।”


ਕੌੜਾ ਬੋਲਣ ਦੇ ਨਤੀਜੇ

ਜੇ ਅਸੀਂ ਕਿਸੇ ਨੂੰ ਮਾੜਾ ਬੋਲਦੇ ਹਾਂ ਤਾਂ ਸਾਡਾ ਤਨ ਮਨ ਵੀ ਉਹੋ ਜਿਹਾ ਹੀ ਹੋ ਜਾਂਦਾ ਹੈ।ਭੈੜਾ ਬੋਲਣ ਵਾਲਾ ਭੈੜੇ ਬੰਦੇ ਦੇ ਰੂਪ ਵਿੱਚ ਪ੍ਰਸਿੱਧ ਹੋ ਜਾਂਦਾ ਹੈ ਤੇ ਹਰ ਥਾਂ ਖੁਆਰ ਹੁੰਦਾ ਹੈ।


ਮਿੱਠਾ ਬੋਲਣਾ ਰੱਬ ਨੂੰ ਪਾਉਣਾ

ਮਿਠਾਸ ਨਾਲ ਬੰਦਾ ਤਾਂ ਕੀ, ਰੱਬ ਨੂੰ ਵੀ ਵੱਸ ਵਿੱਚ ਕੀਤਾ ਜਾ ਸਕਦਾ ਹੈ। ਕਹਿੰਦੇ ਹਨ ਕਿ ਰੱਬ ਵੀ ਆਪਣੇ ਪਿਆਰਿਆਂ ਦੇ ਪਿਆਰ ਦਾ ਹੀ ਭੁੱਖਾ ਹੁੰਦਾ ਹੈ। ਫ਼ਰੀਦ ਜੀ ਇਸ ਭਾਵ ਨੂੰ ਸਪਸ਼ਟ ਕਰਦੇ ਹਨ, ਉਹ ਫ਼ਰਮਾਉਂਦੇ ਹਨ: 

“ਨਿਵਣੁ ਸੁ ਅਖਰੁ, ਖਵਣ ਗੁਣ, ਜਿਹਬਾ ਮਣੀਆਂ ਮੰਤੁ।

ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤੂ ।”


ਮਿੱਠਾ ਬੋਲਣ ਵਾਲਾ ਕਦੇ ਨਹੀਂ ਹਾਰਦਾ

ਮਿੱਠਾ ਬੋਲਣਾ ਸਭ ਚੰਗਿਆਈਆਂ ਦਾ ਮੂਲ ਹੈ।ਮਿੱਠਾ ਬੋਲਣ ਵਾਲਾ ਕਦੇ ਵੀ ਧੋਖਾ ਨਹੀਂ ਖਾਂਦਾ। ਮਿਠਾਸ ਵਿੱਚ ਇੰਨੀ ਸ਼ਕਤੀ ਹੈ ਕਿ ਗੁੱਸੇ ਨੂੰ ਵੀ ਸ਼ਾਂਤ ਕਰ ਦਿੰਦੀ ਹੈ। ਭਾਈ ਗੁਰਦਾਸ ਜੀ ਅੱਗ ਅਤੇ ਪਾਣੀ ਦੀ ਉਦਾਹਰਨ ਦਿੰਦੇ ਹੋਏ ਆਖਦੇ ਹਨ ਕਿ ਅੱਗ ਦੀਆਂ ਲੱਪਟਾਂ ਉੱਪਰ ਨੂੰ ਜਾਂਦੀਆਂ ਹਨ ਪਰੰਤੂ ਉਨ੍ਹਾਂ ਦਾ ਕੋਈ ਲਾਭ ਨਹੀਂ ਪਰ ਪਾਣੀ ਹਮੇਸ਼ਾ ਨੀਵੇਂ ਪਾਸੇ ਵੱਲ ਨੂੰ ਚੱਲਦਾ ਹੈ। ਪਾਣੀ ਅੱਗ ਵਾਂਗ ਗਰਮ ਨਹੀਂ ਬਲਕਿ ਠੰਢਾ ਹੁੰਦਾ ਹੈ। ਕੋਈ ਕਿੰਨਾ ਵੀ ਵਿਦਵਾਨ ਹੈ, ਮਹਾਨ ਹੈ ਜੇ ਉਸ ਵਿੱਚ ਮਿਠਾਸ ਨਹੀਂ ਤਾਂ ਸਭ ਵਿਅਰਥ ਹੈ। ਮਿਠਾਸ ਦੀ ਕੁੜੱਤਣ ਤੇ ਜਿੱਤ ਦੀਆਂ ਹੋਰ ਵੀ ਕਈ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ।


ਨਿਮਰ ਵਿਅਕਤੀ ਵਿੱਚ ਅਨੇਕਾਂ ਗੁਣ

 ਇਹ ਇੱਕ ਸਚਾਈ ਹੈ ਕਿ ਗੁਰਬਾਣੀ ਵਿੱਚੋਂ ਵੀ ਇਸ ਦੀਆਂ ਉਦਾਹਰਨਾਂ ਦੇ ਕੇ ਗੁਰੂ ਜੀ ਦੱਸਦੇ ਹਨ ਕਿ ਤੱਕੜੀ ਦੇ ਜਿਹੜੇ ਪੱਲੜੇ ਵਿੱਚ ਅਸੀਂ ਵਸਤੂ ਪਾ ਕੇ ਤੋਲਦੇ ਹਾਂ ਉਹੀ ਨੀਵਾਂ ਜਾਂਦਾ ਹੈ।ਭਾਵ ਜਿਹੜਾ ਵਿਅਕਤੀ ਗੁਣਾਂ ਨਾਲ ਭਰਪੂਰ ਹੋਵੇਗਾ, ਉਹੀ ਨੀਵਾਂ ਹੋਵੇਗਾ।ਉਹੀ ਵਿਅਕਤੀ ਮਹਾਨ ਕਹਾਉਣ ਦਾ ਹੱਕਦਾਰ ਹੈ। ਨਿਮਰਤਾ ਵਿੱਚ ਵੀ ਖੋਟ ਨਹੀਂ ਹੋਣਾ ਚਾਹੀਦਾ। ਉਦਾਹਰਨ ਦੇ ਤੌਰ 'ਤੇ ਇੱਕ ਆਦਮੀ ਬੋਲਦਾ ਤਾਂ ਮਿੱਠਾ ਹੈ ਪਰੰਤੂ ਦਿਲੋਂ ਖੋਟਾ ਹੈ। ਉਸ ਦਾ ਕੋਈ ਲਾਭ ਨਹੀਂ। ਜਿਹੜਾ ਵਿਅਕਤੀ ਆਪਣੇ ਸੁਆਰਥ ਲਈ ਨੀਵਾਂ ਹੁੰਦਾ ਹੈ, ਉਸ ਦਾ ਵੀ ਕੋਈ ਲਾਭ ਨਹੀਂ। ਸੁਆਦ ਉਸ ਵਿੱਚ ਹੈ ਜੋ ਦੂਜਿਆਂ ਲਈ ਨੀਵਾਂ ਹੋਵੇ।


ਮਿੱਠਾ ਬੋਲਣ ਦੇ ਲਾਭ

ਮਿੱਠਾ ਬੋਲਣ ਦੇ ਬਹੁਤ ਸਾਰੇ ਲਾਭ ਹਨ। ਮਿੱਠਾ ਬੋਲ ਕੇ ਅਸੀਂ ਵੱਡੀ ਤੋਂ ਵੱਡੀ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ। ਅਸੀਂ ਵੱਡੇ ਤੋਂ ਵੱਡੇ ਕੰਮ ਕੱਢ ਸਕਦੇ ਹਾਂ। ਲੋਕਾਂ ਕੋਲੋਂ ਸਤਿਕਾਰ ਤੇ ਪ੍ਰਸੰਸਾ ਪ੍ਰਾਪਤ ਕਰ ਸਕਦੇ ਹਾਂ। ਅਸੀਂ ਉਨ੍ਹਾਂ ਦੇ ਦਿਲਾਂ 'ਤੇ ਆਪਣੇ ਨੇਕ ਆਚਰਨ ਦੀ ਛਾਪ ਛੱਡ ਸਕਦੇ ਹਾਂ। ਸਾਡਾ ਤਨ-ਮਨ ਠੰਢਾ ਤੇ ਪ੍ਰਸੰਨ ਰਹਿੰਦਾ ਹੈ। ਦੂਜੇ ਦੇ ਮਨ ਨੂੰ ਵੀ ਮਿੱਠੇ ਬੋਲਾਂ ਨਾਲ ਹੀ ਕੀਲਿਆ ਜਾ ਸਕਦਾ ਹੈ।


ਕੌੜਾ ਬੋਲਣ ਦੇ ਨੁਕਸਾਨ

ਕੌੜਾ ਬੋਲਣਾ ਉਹ ਔਗੁਣ ਹੈ ਜੋ ਮਨੁੱਖ ਦੇ ਸਾਰੇ ਹੋਰ ਚੰਗੇ ਗੁਣਾਂ 'ਤੇ ਵੀ ਪਰਦਾ ਪਾ ਦਿੰਦਾ ਹੈ। ਲੋਕ ਕੌੜਾ ਬੋਲਣ ਵਾਲੇ ਤੋਂ ਦੂਰ-ਦੂਰ ਰਹਿੰਦੇ ਹਨ। ਅਜਿਹਾ ਬੰਦਾ ਭਾਵੇਂ ਕਿੰਨਾ ਵੀ ਅਮੀਰ ਜਾਂ ਗਿਆਨਵਾਨ ਕਿਉਂ ਨਾ ਹੋਵੇ ਜਾਂ ਕਿਸੇ ਵੀ ਉੱਚੀ ਪਦਵੀ 'ਤੇ ਹੋਵੇ, ਉਹ ਲੋਕਾਂ ਤੋਂ ਦਿਲੀ ਆਦਰ ਪ੍ਰਾਪਤ ਨਹੀਂ ਕਰ ਸਕਦਾ। ਸਭ ਲੋਕ ਮਿੱਠੀ ਚੀਜ਼ ਦੇ ਹੀ ਗਾਹਕ ਹਨ। ਕੌੜੀ ਚੀਜ਼ ਨੂੰ ਤਾਂ ਉਹ ਥੁੱਕ ਸੁੱਟਦੇ ਹਨ। ਮੰਦੇ ਬੋਲ ਬੋਲਣ ਨਾਲ ਕਈ ਤਰ੍ਹਾਂ ਦੇ ਝਗੜੇ ਪੈਦਾ ਹੁੰਦੇ ਹਨ। ਕੌੜਾ ਬੋਲਣ ਵਾਲਾ ਨਾ ਸਿਰਫ਼ ਦੂਜਿਆਂ ਨੂੰ ਦੁਖੀ ਕਰਦਾ ਹੈ ਸਗੋਂ ਆਪ ਵੀ ਹਰ ਵੇਲੇ ਅਸ਼ਾਂਤ ਤੇ ਸੜਿਆ-ਬਲਿਆ ਰਹਿੰਦਾ ਹੈ।


ਨਿਮਰਤਾ ਪ੍ਰਾਪਤ ਕਰਨ ਲਈ ਘਾਲਣਾ ਦੀ ਲੋੜ

ਨਿਮਰਤਾ ਪ੍ਰਾਪਤ ਕਰਨ ਲਈ ਬਹੁਤ ਸਖ਼ਤ ਘਾਲਣਾ ਕਰਨੀ ਪੈਂਦੀ ਹੈ। ਇਸ ਨੂੰ ਪ੍ਰਾਪਤ ਕਰਨਾ ਖਾਲਾ ਜੀ ਦਾ ਵਾੜਾ ਨਹੀਂ।ਹਰ ਮਾੜਾ-ਮੋਟਾ ਆਦਮੀ ਵੀ ਆਪਣੀ ਆਕੜ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਹਰ ਇੱਕ ਆਪਣੇ ਆਪ ਨੂੰ ਉੱਚਾ ਸਮਝ ਕੇ ਖ਼ੁਸ਼ ਹੁੰਦਾ ਹੈ।ਇਹ ਸਭ ਮਨੋ-ਕਿਰਿਆਵਾਂ ਹੀ ਹਨ।ਜਦੋਂ ਕਿਸੇ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਅੱਗਾ-ਪਿੱਛਾ ਨਹੀਂ ਵੇਖਦਾ। ਉਸ ਵਿੱਚ ਨਿਮਰਤਾ ਦਾ ਕਿਤੇ ਨਾਮੋ-ਨਿਸ਼ਾਨ ਵੀ ਨਜ਼ਰ ਨਹੀਂ ਆਉਂਦਾ। ਕਿਉਕ ਗੁੱਸਾ ਮਾੜਾ ਹੈ— ਗੁੱਸਾ ਕਰਨ ਨਾਲ ਇਨਸਾਨ ਆਪਣੀ ਸੁੱਧ-ਬੁੱਧ ਗੁਆ ਬੈਠਦਾ ਹੈ ਅਤੇ ਨਤੀਜੇ ਵਜੋਂ ਕਈ ਗ਼ਲਤ ਕੰਮ ਕਰ ਬੈਠਦਾ ਹੈ।ਪਰ ਜਦੋਂ ਉਸ ਨੂੰ ਹੋਸ਼ ਆਉਂਦੀ ਹੈ ਤਾਂ ਉਹ ਗ਼ਲਤੀ ਦਾ ਪਛਤਾਵਾ ਵੀ ਕਰ ਲੈਂਦਾ ਹੈ।ਇਸ ਕਰਕੇ ਸਾਨੂੰ ਹਮੇਸ਼ਾ ਸ਼ਾਂਤ ਰਹਿਣਾ ਚਾਹੀਦਾ ਹੈ। ਗੁੱਸੇ ਦੀ ਅੱਗ ਵਿੱਚ ਸੜਨਾ ਨਹੀਂ ਚਾਹੀਦਾ।


ਮਿਠਾਸ ਕਿਵੇਂ ਧਾਰਨ ਕੀਤੀ ਜਾਵੇ

ਮਿਠਾਸ ਧਾਰਨ ਕਰਨੀ ਔਖੀ ਨਹੀਂ ਹੈ।ਇਸ ਲਈ ਸਾਨੂੰ ਹਰ ਇੱਕ ਨੂੰ ਸਤਿਕਾਰ ਦੀ ਨਿਗਾਹ ਨਾਲ ਵੇਖਣਾ ਚਾਹੀਦਾ ਹੈ। ਕਿਸੇ ਦੀ ਚੁਗਲੀ-ਨਿੰਦਿਆ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਿੱਥੋਂ ਤੱਕ ਹੋ ਸਕੇ ਸਭ ਦਾ ਭਲਾ ਕਰੋ।ਨਫ਼ਰਤ, ਈਰਖਾ ਤੋਂ ਦੂਰ ਰਹੋ, ਯਾਦ ਰੱਖ ਕੁੜੱਤਣ ਨੂੰ ਹਮੇਸ਼ਾ ਮਿਠਾਸ ਨਾਲ ਹੀ ਜਿੱਤਿਆ ਜਾ ਸਕਦਾ ਹੈ। ਜੇ ਅਸੀਂ ਅਜਿਹੇ ਗੁਣ ਧਾਰਨ ਕਰ ਲਵਾਂਗੇ ਤਾਂ ਅਸੀਂ ਦੁਨੀਆ ਵਿੱਚ ਹਰ ਜਗ੍ਹਾ ਇੱਜ਼ਤ ਮਾਣ ਪਾ ਸਕਦੇ ਹਾਂ। 


ਸਾਰੰਸ਼

ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਇਸ ਤੁਕ ਵਿੱਚ ਜ਼ਿੰਦਗੀ ਦੀ ਇੱਕ ਬਹੁਤ ਹੀ ਮਹੱਤਵਪੂਰਨ ਸਚਾਈ ਨੂੰ ਪੇਸ਼ ਕੀਤਾ ਹੈ। ਮਨੁੱਖ ਜ਼ਿੰਦਗੀ ਵਿੱਚ ਨਿਮਰਤਾ ਨੂੰ ਧਾਰਨ ਕਰ ਕੇ ਹੀ ਆਪਣਾ ਜੀਵਨ ਸਫਲ ਕਰ ਸਕਦਾ ਹੈ।


Post a Comment

0 Comments