Mere Jeevan Da Uddeshya "ਮੇਰੇ ਜੀਵਨ ਦਾ ਉਦੇਸ਼" Punjabi Essay, Paragraph for Class 8, 9, 10, 11 and 12 Students Examination in 600 Words.

ਪੰਜਾਬੀ ਨਿਬੰਧ - ਮੇਰੇ ਜੀਵਨ ਦਾ ਉਦੇਸ਼ 
Mere Jeevan Da Uddeshya 

ਜਾਣ-ਪਛਾਣ

ਜੀਵਨ ਦੇ ਉਦੇਸ਼ ਤੋਂ ਭਾਵ ਜ਼ਿੰਦਗੀ ਦਾ ਕੋਈ ਮੰਤਵ ਜਾਂ ਨਿਸ਼ਾਨਾ। ਉਹੀ ਮਨੁੱਖ ਜ਼ਿੰਦਗੀ ਵਿੱਚ ਤਰੱਕੀ ਕਰ ਸਕਦਾ ਹੈ ਜਿਸ ਨੇ ਆਪਣੇ ਜੀਵਨ ਵਿੱਚ ਕੁਝ ਬਣਨ ਦਾ ਨਿਸ਼ਾਨਾ ਮਿੱਥਿਆ ਹੋਵੇ। ਜਿਹੜੇ ਮਨੁੱਖ ਆਪਣੇ ਜੀਵਨ ਦਾ ਕੋਈ ਨਿਸ਼ਾਨਾ ਨਿਰਧਾਰਤ ਨਹੀਂ ਕਰਦੇ ਉਹ ਹਮੇਸ਼ਾ ਭਟਕਦੇ ਰਹਿੰਦੇ ਹਨ। ਉਨ੍ਹਾਂ ਦੀ ਹਾਲਤ ਉਸ ਬੇੜੀ ਵਰਗੀ ਹੁੰਦੀ ਹੈ ਜਿਸ ਦਾ ਕੋਈ ਮਲਾਹ ਹੀ ਨਾ ਹੋਵੇ। ਉਸ ਦੀ ਜੀਵਨ ਰੂਪੀ ਬੇੜੀ ਘੁੰਮਣ-ਘੇਰੀਆਂ ਵਿੱਚ ਫਸੀ ਛੱਲਾਂ ਦੇ ਥਪੇੜੇ ਖਾਂਦੀ ਰਹਿੰਦੀ ਹੈ। ਜੋ ਲੋਕ ਜ਼ਿੰਦਗੀ ਦਾ ਕੋਈ ਨਾ ਕੋਈ ਉਦੇਸ਼ ਲੈ ਕੇ ਅੱਗੇ ਵਧਦੇ ਹਨ, ਉਹ ਹਰ ਔਕੜ ਨੂੰ ਪਾਰ ਕਰਦੇ ਹੋਏ ਉਚੇਰੀਆਂ ਮੰਜ਼ਿਲਾਂ 'ਤੇ ਪਹੁੰਚ ਜਾਂਦੇ ਹਨ।


ਸਵਾਰਥ-ਰਹਿਤ ਨਿਸ਼ਾਨਾ

ਮਨੁੱਖ ਦੇ ਜੀਵਨ ਦਾ ਨਿਸ਼ਾਨਾ ਸਵਾਰਥ ਭਰਪੂਰ ਨਹੀਂ ਹੋਣਾ ਹੁੰਦਾ ਸਗੋਂ ਉਹ ਉਸ ਦੇ ਆਲੇ- ਦੁਆਲੇ ਵਸਦੇ ਲੋਕਾਂ ਲਈ ਕਲਿਆਣਕਾਰੀ ਤੇ ਲਾਭਦਾਇਕ ਹੋਣਾ ਚਾਹੀਦਾ ਹੈ।ਜਿਹੜਾ ਮਨੁੱਖ ਆਪਣੇ ਆਲੇ-ਦੁਆਲੇ ਦੇ ਮਨੁੱਖਾਂ ਦਾ ਭਲਾ ਕਰਦਾ ਹੋਵੇ, ਉਨ੍ਹਾਂ ਦਾ ਸਰੀਰਕ ਜਾਂ ਮਾਨਸਕ ਬੋਝ ਹਲਕਾ ਕਰਦਾ ਹੋਵੇ, ਉਹ ਮਨੁੱਖ ਕਦੇ ਭੁੱਖਾ ਨਹੀਂ ਮਰ ਸਕਦਾ ਤੇ ਨਾ ਹੀ ਉਸ ਨੂੰ ਸਰੀਰ ਜਾਂ ਸਿਰ ਢਕਣ ਲਈ ਕੱਪੜੇ ਜਾਂ ਮਕਾਨ ਦੀ ਕਮੀ ਆ ਸਕਦੀ ਹੈ। ਸੁਆਰਥੀ ਮਨੁੱਖ ਉਹ ਹੁੰਦੇ ਹਨ, ਜੋ ਆਪਣੀ ਬੁੱਧੀ ਦੀ ਠੀਕ ਵਰਤੋਂ ਨਹੀਂ ਕਰਨੀ ਜਾਣਦੇ। ਇਹ ਕਹਿਣਾ ਵੀ ਗ਼ਲਤ ਨਹੀਂ ਕਿ ਉਨ੍ਹਾਂ ਦੀ ਬੁੱਧੀ ਨੇ ਪਸ਼ੂਪੁਣੇ ਤੋਂ ਅੱਗੇ ਵਿਕਾਸ ਨਹੀਂ ਕੀਤਾ ਹੁੰਦਾ।


ਮੈਂ ਡਾਕਟਰ ਬਣਾਂਗਾ

ਭਾਵੇਂ ਮੈਂ ਅਜੇ ਇੱਕ ਦਸਵੀਂ ਜਮਾਤ ਦਾ ਵਿਦਿਆਰਥੀ ਹਾਂ ਪਰ ਮੈਂ ਆਪਣੇ ਜੀਵਨ ਦਾ ਇਹ ਨਿਸ਼ਾਨਾ ਮਿੱਥ ਲਿਆ ਹੈ ਕਿ ਮੈਂ ਡਾਕਟਰ ਬਣਾਂਗਾ। ਜਦੋਂ ਮੈਂ ਦੇਖਦਾ ਹਾਂ ਕਿ ਮੇਰੇ ਆਲੇ-ਦੁਆਲੇ ਬਹੁਤ ਸਾਰੇ ਲੋਕ ਰੋਗਾਂ ਵਿੱਚ ਫਸੇ ਹੋਏ ਹਨ ਤੇ ਉਹ ਗ਼ਰੀਬ ਵੀ ਹਨ, ਉਹ ਦਵਾਈਆਂ ਲੈਣੀਆਂ ਤਾਂ ਕੀ, ਆਪਣਾ ਪੇਟ ਵੀ ਬੜੀ ਮੁਸ਼ਕਲ ਨਾਲ ਪਾਲਦੇ ਹਨ। ਉਨ੍ਹਾਂ ਨੂੰ ਦੇਖ ਕੇ ਮੇਰਾ ਮਨ ਦੁੱਖ ਨਾਲ ਭਰ ਜਾਂਦਾ ਹੈ ਤੇ ਇਨ੍ਹਾਂ ਲੋਕਾਂ ਦਾ ਭਲਾ ਕਰਨ ਲਈ ਤੀਬਰ ਹੋ ਉੱਠਦਾ ਹੈ। ਇਹ ਲੋਕ ਵਰਤਮਾਨ ਮਹਿੰਗਾਈ ਦੇ ਸਮੇਂ ਵਿੱਚ ਨਾ ਦਵਾਈਆਂ ਉੱਤੇ ਲੋੜੀਂਦਾ ਖ਼ਰਚ ਕਰ ਸਕਦੇ ਹਨ ਤੇ ਨਾ ਹੀ ਡਾਕਟਰਾਂ ਦੀਆਂ ਫ਼ੀਸਾਂ ਭਰ ਸਕਦੇ ਹਨ, ਇਸ ਕਰਕੇ ਮੈਂ ਇਸ ਗੱਲ ਨੂੰ ਆਪਣੇ ਜੀਵਨ ਦਾ ਨਿਸ਼ਾਨਾ ਹੀ ਬਣਾ ਲਿਆ ਹੈ ਕਿ ਮੈਂ ਡਾਕਟਰ ਬਣਾ ਤੇ ਇਨ੍ਹਾਂ ਦੁਖੀਆਂ ਤੇ ਰੋਗੀਆਂ ਦਾ ਮੁਫ਼ਤ ਇਲਾਜ ਕਰਾਂ।


ਮੇਰੀ ਪੜ੍ਹਾਈ

ਇਸ ਉਦੇਸ਼ ਲਈ ਮੇਰਾ ਖ਼ਿਆਲ ਘੱਟੋ-ਘੱਟ ਐੱਮ. ਬੀ. ਬੀ. ਐੱਸ. ਕਰਨ ਦਾ ਹੈ।ਆਪਣੇ ਸਕੂਲ ਵਿੱਚੋਂ ਦਸਵੀਂ ਪਾਸ ਕਰਨ ਮਗਰੋਂ ਮੈਂ +2 ਮੈਡੀਕਲ ਕਰਨ ਲਈ ਕਾਲਜ ਵਿੱਚ ਦਾਖ਼ਲ ਹੋਵਾਂਗਾ।+2 ਕਰਨ ਮਗਰੋਂ ਮੈਂ ਮੈਡੀਕਲ ਦਾਖ਼ਲਾ ਟੈਸਟ ਨੂੰ ਪਾਸ ਕਰਨ ਲਈ ਦਿਨ-ਰਾਤ ਇੱਕ ਕਰ ਦਿਆਂਗਾ। ਮੈਨੂੰ ਉਮੀਦ ਹੈ ਕਿ ਮੈਂ ਐੱਮ.ਬੀ.ਬੀ.ਐੱਸ. ਕਰ ਕੇ ਇੱਕ ਚੰਗਾ ਡਾਕਟਰ ਬਣ ਜਾਵਾਂਗਾ।


ਮੈਂ ਕੰਮ ਕਿਵੇਂ ਕਰਾਂਗਾ

ਡਾਕਟਰੀ ਪਾਸ ਕਰ ਕੇ ਮੇਰਾ ਖਿਆਲ ਪ੍ਰਾਈਵੇਟ ਕੰਮ ਕਰਨ ਦਾ ਹੈ। ਇਸ ਮੰਤਵ ਲਈ ਮੈਂ ਇੱਕ ਕਲੀਨਿਕ ਖੋਲ੍ਹਾਂਗਾ ਤੇ ਸਵੇਰੇ ਅਤੇ ਸ਼ਾਮ ਕੁਝ ਸਮਾਂ ਰੋਗੀਆਂ ਦਾ ਮੁਫ਼ਤ ਇਲਾਜ ਕਰਾਂਗਾ।ਮੈਂ ਕਿਸੇ ਪਾਸੋਂ ਪੈਸੇ ਨਹੀਂ ਮੰਗਾਂਗਾ।ਉਹ ਮੇਰੇ ਮੇਜ਼ 'ਤੇ ਪਈ ਗੋਲਕ ਵਿੱਚ ਜੋ ਸਰਦਾ ਬਣਦਾ ਪਾ ਜਾਇਆ ਕਰਨਗੇ, ਮੈਨੂੰ ਉਹੀ ਮਨਜ਼ੂਰ ਹੋਵੇਗਾ। ਮੈਨੂੰ ਯਕੀਨ ਹੈ ਕਿ ਜਦੋਂ ਆਦਮੀ ਭਿਆਨਕ ਬਿਮਾਰੀ ਤੋਂ ਛੁਟਕਾਰਾ ਪ੍ਰਾਪਤ ਕਰ ਲਵੇ ਤਾਂ ਉਹ ਆਪਣਾ ਇਲਾਜ ਕਰਨ ਵਾਲੇ ਨੂੰ ਭੁੱਖਾ ਨਹੀਂ ਮਰਨ ਦਿੰਦਾ।ਮੈਂ ਫ਼ੈਕਟਰੀਆਂ ਦੇ ਮਜ਼ਦੂਰਾਂ ਦੇ ਬੀਮੇ ਦੇ ਕਾਰਡ ਜਮ੍ਹਾ ਕਰ ਕੇ ਵੀ ਉਨ੍ਹਾਂ ਦਾ ਇਲਾਜ ਕਰਾਂਗਾ। ਇਨ੍ਹਾਂ ਕਾਰਡਾਂ ਤੇ ਦਵਾਈ ਦੇਣ ਨਾਲ ਸਰਕਾਰ ਨਿਸਚਤ ਕੀਤੇ ਹੋਏ ਪੈਸੇ ਦਿੰਦੀ ਹੈ। ਇਨ੍ਹਾਂ ਨਾਲ ਮੇਰਾ ਗੁਜ਼ਾਰਾ ਠੀਕ ਤਰ੍ਹਾਂ ਚੱਲਦਾ ਰਹੇਗਾ। ਵਿਹਲੇ ਸਮੇਂ ਮੈਂ ਮਰੀਜ਼ ਦੇਖਣ ਲਈ ਉਨ੍ਹਾਂ ਦੇ ਘਰਾਂ ਵਿੱਚ ਜਾਇਆ ਕਰਾਂਗਾ ਤੇ ਵੱਧ ਤੋਂ ਵੱਧ ਕੋਸ਼ਸ਼ ਕਰ ਕੇ ਉਨ੍ਹਾਂ ਨੂੰ ਰਾਜ਼ੀ ਕਰਨ ਦਾ ਯਤਨ ਕਰਾਂਗਾ।


ਸਾਰੰਸ਼

ਬੱਸ, ਡਾਕਟਰ ਬਣਨਾ ਹੀ ਮੇਰੇ ਜੀਵਨ ਦਾ ਨਿਸ਼ਾਨਾ ਹੈ।ਇਸ ਦੀ ਪ੍ਰਾਪਤੀ ਲਈ ਮਿਹਨਤ ਕਰਨਾ ਮੇਰਾ ਮੁੱਖ ਮਕਸਦ ਹੈ, ਜਿਸ ਨੂੰ ਸਮਝਦਾ ਹੋਇਆ ਮੈਂ ਰਾਤ-ਦਿਨ ਇੱਕ ਕਰ ਕੇ ਪੜ੍ਹਾਈ ਕਰ ਰਿਹਾ ਹਾਂ।ਮੈਨੂੰ ਪੂਰੀ ਉਮੀਦ ਹੈ ਕਿ ਮੈਂ ਆਪਣੇ ਨਿਸ਼ਾਨੇ ਵਿੱਚ ਜ਼ਰੂਰ ਹੀ ਸਫਲ ਹੋਵਾਂਗਾ। 


Post a Comment

0 Comments