Mera Punjab "ਮੇਰਾ ਪੰਜਾਬ " Punjabi Essay, Paragraph for Class 8, 9, 10, 11 and 12 Students Examination in 1000 Words.

ਪੰਜਾਬੀ ਨਿਬੰਧ - ਮੇਰਾ ਪੰਜਾਬ 
Mera Punjab




ਰੂਪ-ਰੇਖਾ (Outline)

ਭੂਮਿਕਾ, ਪੰਜਾਬ ਦਾ ਸ਼ਾਬਦਿਕ ਅਰਥ, ਪਹਿਰੇਦਾਰ, ਖੇਤੀ ਪ੍ਰਧਾਨ, ਪੰਜਾਬੀ ਬੋਲੀ, ਵੀਰ ਬਹਾਦਰਾਂ ਦੀ ਧਰਤੀ, ਗੁਰੂਆਂ ਦੀ ਪਵਿੱਤਰ ਧਰਤੀ, ਪ੍ਰਮੁੱਖ ਨਾਚ, ਵੱਡੇ ਸ਼ਹਿਰ ਤੇ ਕਾਰੋਬਾਰ, ਖੇਡ ਖੇਤਰ, ਤਰੱਕੀ ਦਾ ਨਿਸ਼ਾਨਾ, ਸਾਰੰਸ਼ । 


“ਸੋਹਣੇ ਪੰਜਾਬ ਕੀ ਕਰਾਂ ਮੈਂ ਸਿਫ਼ਤ ਤੇਰੀ, ਸਾਨੀ ਨਹੀਂ ਹੈ ਤੇਰਾ ਜਹਾਨ ਅੰਦਰ।

ਪੀਰਾਂ ਫ਼ਕੀਰਾਂ ਤੇ ਗੁਰੂਆਂ ਦੀ ਇਹ ਪਾਵਨ ਭੂਮੀ, ਕਰਦੇ ਨੇ ਦੇਵਤੇ ਵੀ ਨਮਸਕਾਰ ਇਸ ਨੂੰ।”


ਭੂਮਿਕਾ (Introduction)

ਭਾਰਤ ਸਾਡਾ ਦੇਸ ਹੈ, ਸਾਡੀ ਜਨਮ-ਭੂਮੀ ਹੈ। ਅਸੀਂ ਸਾਰੇ ਭਾਰਤਵਾਸੀ ਹਾਂ ਤੇ ਸਾਨੂੰ ਇਸ 'ਤੇ ਬੜਾ ਮਾਣ ਹੈ। ' ਕਈ ਰਾਜਾਂ ਨਾਲ ਮਿਲ ਕੇ ਬਣਿਆ ਹੈ ਪਰ ਪੰਜਾਬ ਦੀ ਆਪਣੀ ਨਿਰਾਲੀ ਸ਼ਾਨ ਹੈ। ਇਹ ਮੇਰੀ ਜਨਮ-ਭੂਮੀ ਵੀ ਹੈ।ਇਹ ਭਾਰਤ ਦਾ ਇੱਕ ਖ਼ੁਸ਼ਹਾਲ ਰਾਜ ਹੈ।ਇਹ ਭਾਰਤ ਦੀ ਦਿਨ-ਰਾਤ ਰਾਖੀ ਕਰਦਾ ਹੈ। ਇਸੇ ਕਾਰਨ ਇਸ ਨੂੰ ਭਾਰਤ ਦਾ ਪਹਿਰੇਦਾਰ ਵੀ ਆਖਿਆ ਜਾਂਦਾ ਹੈ।ਇੱਥੋਂ ਦੇ ਸਾਰੇ ਨੌਜਵਾਨ ਤੇ ਮੁਟਿਆਰਾਂ ਪੰਜਾਬ ਦੀ ਆਨ ਅਤੇ ਸ਼ਾਨ ਕਾਇਮ ਰੱਖਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਕਵੀ ਪੂਰਨ ਸਿੰਘ ਇਨ੍ਹਾਂ ਦੇ ਅਣਖੀਲੇ ਸੁਭਾ ਬਾਰੇ ਇਉਂ ਲਿਖਦਾ ਹੈ—


“ਇਹ ਬੇਪਰਵਾਹ ਪੰਜਾਬ ਦੇ, ਮੌਤ ਨੂੰ ਮਖੌਲਾਂ ਕਰਨ ਮਰਨ ਥੀ ਨਹੀਂ ਡਰਦੇ।

ਪਿਆਰ ਨਾਲ ਇਹ ਕਰਨ ਗੁਲਾਮੀ ਪਰ ਟੈਂ ਨਾ ਮੰਨਣ ਕਿਸੇ ਦੀ।“


ਪੰਜਾਬ ਦਾ ਸ਼ਾਬਦਿਕ ਅਰਥ (Literal meaning of Punjab)

ਪੰਜਾਬ ਦਾ ਸ਼ਾਬਦਿਕ ਅਰਥ ਹੈ “ਪੰਜ ਆਬ' ਭਾਵ ਪੰਜਾਂ ਪਾਣੀਆਂ ਦੀ ਧਰਤੀ।ਇਸ ਵਿੱਚ ਕਿਸੇ ਵੇਲੇ ਸਤਲੁਜ, ਰਾਵੀ, ਬਿਆਸ, ਚਨਾਬ ਤੇ ਜਿਹਲਮ ਪੰਜ ਦਰਿਆ ਵਹਿੰਦੇ ਸਨ।ਦੇਸ ਦੀ ਵੰਡ ਤੋਂ ਬਾਅਦ ਇਸ ਦਾ ਪੱਛਮੀ ਭਾਗ ਪਾਕਿਸਤਾਨ ਵਿੱਚ ਚਲਾ ਗਿਆ ਪਰ ਫਿਰ ਵੀ ਪੰਜਾਬ, ਪੰਜਾਬ ਹੀ ਹੈ।ਪਾਕਿਸਤਾਨ ਬਣਨ ਤੋਂ ਪਹਿਲਾਂ ਪੰਜਾਬ ਦੀ ਸਰਹੱਦ ਬਹੁਤ ਦੂਰ-ਦੂਰ ਤੱਕ ਫੈਲੀ ਹੋਈ ਸੀ। ਅਜ਼ਾਦੀ ਤੋਂ ਬਾਅਦ ਭਾਰਤੀ ਪੰਜਾਬ ਦੇ ਹਿੱਸੇ 13-14 ਜ਼ਿਲ੍ਹੇ ਹੀ ਆਏ ਤੇ 18 ਜਾਂ 19 ਜ਼ਿਲ੍ਹੇ ਪਾਕਿਸਤਾਨ ਵਿੱਚ ਰਹਿ ਗਏ। 1966 ਈ: ਨੂੰ ਪੰਜਾਬ ਦੀ ਮੁੜ ਕੇ ਵੰਡ ਹੋਈ ਤੇ ਇਸ ਦਾ ਫਿਰ ਕੁਝ ਇਲਾਕਾ ਹਿਮਾਚਲ ਤੇ ਕੁਝ ਹਰਿਆਣਾ ਵਿੱਚ ਮਿਲ ਗਿਆ।ਹੁਣ ਇਸ ਦਾ ਖੇਤਰਫਲ ਲਗਪਗ 5028 ਹੈਕਟੇਅਰ ਹੈ।ਪੰਜਾਬ ਦਾ ਇਤਿਹਾਸ ਬੜਾ ਗੌਰਵਮਈ ਹੈ। ਇੱਥੇ ਵੇਦ ਰਚੇ ਗਏ ਤੇ ਇਹ ਗੁਰੂਆਂ, ਪੀਰਾਂ ਤੇ ਰਿਸ਼ੀਆਂ-ਮੁਨੀਆਂ ਦੀ ਪਵਿੱਤਰ ਧਰਤੀ ਹੈ।


ਪਹਿਰੇਦਾਰ 

ਮੇਰੇ ਪੰਜਾਬ ਨੂੰ ਭਾਰਤ ਦੀ ਖੜਗ ਭੁਜਾ ਕਹਿ ਕੇ ਸਨਮਾਨਿਆ ਜਾਂਦਾ ਹੈ। ਇਹ ਉੱਤਰ-ਪੱਛਮੀ ਸਰਹੱਦ 'ਤੇ ਸਥਿਤ ਹੈ। ਪੰਜਾਬ ਵਾਸੀਆਂ ਦਾ ਯੁੱਧਾਂ, ਜੰਗਾਂ ਤੇ ਕੁਰਬਾਨੀਆਂ ਨਾਲ ਹੀ ਵਾਸਤਾ ਰਿਹਾ ਹੈ। ਆਪਣੀ ਵਿਸ਼ੇਸ਼ ਭੂਗੋਲਿਕ ਸਥਿਤੀ ਕਾਰਨ ਵਿਦੇਸ਼ੀ ਹਮਲਾਵਰਾਂ ਦਾ ਸਭ ਤੋਂ ਪਹਿਲਾਂ ਸਾਹਮਣਾ ਪੰਜਾਬੀਆਂ ਨੂੰ ਹੀ ਕਰਨਾ ਪਿਆ ਹੈ।ਇਸੇ ਕਾਰਨ ਹੀ ਪੰਜਾਬੀ ਕੌਮ ਬਹਾਦਰ ਤੇ ਬੇਪ੍ਰਵਾਹ ਹੈ।


ਖੇਤੀ ਪ੍ਰਧਾਨ (Agricultural President)

ਮੇਰਾ ਪੰਜਾਬ ਖੇਤੀਬਾੜੀ ਦੇ ਖੇਤਰ ਵਿੱਚ ਸਭ ਤੋਂ ਅੱਗੇ ਹੈ। ਇਹ ਦੇਸ ਵਿਦੇਸਾਂ ਨੂੰ ਕਣਕ, ਚਾਵਲ, ਮੱਕੀ ਤੇ ਕਈ ਹੋਰ ਅਨਾਜ ਦਿੰਦਾ ਹੈ। ਇੱਥੋਂ ਦੇ ਕਿਸਾਨ ਬੜੇ ਮਿਹਨਤੀ ਹਨ। ਉਨ੍ਹਾਂ ਨੇ ਦਿਨ-ਰਾਤ ਮਿਹਨਤ ਕਰ ਕੇ ਅੰਨ ਦੇ ਭੰਡਾਰ ਵਿੱਚ ਢੇਰ ਸਾਰਾ ਵਾਧਾ ਕੀਤਾ ਹੈ ਤੇ ਇੱਥੋਂ ਦੀ ਜ਼ਮੀਨ ਨੂੰ ਉਪਜਾਊ ਬਣਾਇਆ ਹੈ। ਇਸ ਨੂੰ ਅੰਨ ਦਾਤਾ ਕਹਿ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬ ਦਾ ਭਾਰਤ ਦੇ ਅਨਾਜ ਭੰਡਾਰ ਵਿੱਚ ਯੋਗਦਾਨ ਬਹੁਤ ਜ਼ਿਆਦਾ ਹੈ।


ਪੰਜਾਬੀ ਬੋਲੀ (Punjabi language)

ਮੇਰੇ ਪੰਜਾਬ ਦੀ ਬੋਲੀ ਪੰਜਾਬੀ ਹੈ। ਇਥੇ ਦੇ ਲੋਕਾਂ ਨੇ ਪੰਜਾਬੀ ਨੂੰ ਰਾਜ-ਭਾਸ਼ਾ ਦਾ ਦਰਜਾ ਦੁਆਇਆ ਹੈ। ਇਹ ਸ਼ਹਿਦ ਵਰਗੀ ਮਿੱਠੀ ਤੇ ਪਿਆਰੀ ਬੋਲੀ ਹੈ।ਪੰਜਾਬੀਆਂ ਨੂੰ ਆਪਣੀ ਬੋਲੀ 'ਤੇ ਬੜਾ ਮਾਣ ਹੈ।ਇਹ ਸਾਡੀ ਮਾਂ-ਬੋਲੀ ਹੈ। ਕਿਸੇ ਵੀ ਪੰਜਾਬੀ ਨੂੰ ਆਪਣੀ ਮਾਂ-ਬੋਲੀ ਪੰਜਾਬੀ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ।


ਵੀਰ-ਬਹਾਦਰਾਂ ਦੀ ਧਰਤੀ (The land of the brave)

ਮੇਰਾ ਪੰਜਾਬ ਵੀਰਾਂ ਦੀ ਭੂਮੀ ਹੈ। ਸੰਸਾਰ ਜੇਤੂ ਸਿਕੰਦਰ ਜਦੋਂ ਪੰਜਾਬ ਜਿੱਤਣ ਲਈ ਆਇਆ ਤੇ ਇੱਥੋਂ ਦੇ ਰਾਜੇ ਪੋਰਸ ਨੇ ਉਸ ਨੂੰ ਮੂੰਹ ਤੋੜ ਜਵਾਬ ਦੇ ਕੇ ਨਸਾ ਦਿੱਤਾ ਸੀ। ਮਹਾਨ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਤੇ ਲਾਲਾ ਲਾਜਪਤ ਰਾਏ ਆਦਿ ਦੇਸ-ਭਗਤਾਂ ਨੇ ਇੱਥੇ ਜਨਮ ਲੈ ਕੇ ਦੇਸ ਦੀ ਅਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ। ਪੰਜਾਬ ਨੂੰ ਆਪਣੇ ਸੂਰਬੀਰਾਂ 'ਤੇ ਸਦਾ ਮਾਣ ਰਹੇਗਾ।


ਗੁਰੂਆਂ ਦੀ ਪਵਿੱਤਰ ਧਰਤੀ (The holy land of the Gurus)

ਮੇਰੇ ਪੰਜਾਬ ਦੀ ਧਰਤੀ ਗੁਰੂਆਂ ਦੀ ਪਵਿੱਤਰ ਛੂਹ ਨਾਲ ਮਾਲਾਮਾਲ ਹੈ। ਦਸਾ ਗੁਰੂ ਸਾਹਿਬਾਨਾਂ ਨੇ ਇਸ ਧਰਤੀ ਦਾ ਮਾਣ ਵਧਾਇਆ। ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ, ਬਾਬਾ ਦੀਪ ਸਿੰਘ ਜੀ ਆਦਿ ਮਹਾਪੁਰਖਾਂ ਦਾ ਜਨਮ ਇੱਥੇ ਹੀ ਹੋਇਆ। ਇੱਥੇ ਹਰ ਸਾਲ ਗੁਰਪੁਰਬ ਮਨਾਏ ਜਾਂਦੇ ਹਨ।ਪੰਜਾਬੀ ਆਪਣੇ ਗੁਰੂਆਂ ਦਾ ਬੜਾ ਸਤਿਕਾਰ ਕਰਦੇ ਹਨ।ਉਹ ਬਾਣੀ ਰੂਪੀ ਅੰਮ੍ਰਿਤ ਵਿੱਚ ਭਿੱਜੇ ਹਨ ਅਤੇ ਜ਼ੁਲਮ ਦਾ ਟਾਕਰਾ ਕਰਨ ਲਈ ਵੀ ਹਮੇਸ਼ਾ ਤੱਤਪਰ ਹਨ।


ਪ੍ਰਮੁੱਖ ਨਾਚ (Leading dance)

ਗਿੱਧਾ ਤੇ ਭੰਗੜਾ ਮੇਰੇ ਪੰਜਾਬ ਦੇ ਮੁੱਖ ਨਾਚ ਹਨ।ਢੋਲ 'ਤੇ ਡੱਗਾ ਵੱਜਦੇ ਸਾਰ ਪੰਜਾਬੀਆਂ ਦੇ ਪੈਰ ਥਿਰਕਣ ਲੱਗ ਪੈਂਦੇ ਹਨ। ਮੁਟਿਆਰਾਂ ਗਿੱਧਾ ਪਾ ਕੇ ਧਰਤੀ ਹਿਲਾ ਦਿੰਦੀਆਂ ਹਨ। ਵਿਆਹ-ਸ਼ਾਦੀਆਂ ਜਾਂ ਖ਼ੁਸ਼ੀਆਂ ਦੇ ਮੌਕੇ 'ਤੇ ਭੰਗੜੇ, ਗਿੱਧੇ ਖ਼ੂਬ ਧੁੰਮਾਂ ਮਚਾਉਂਦੇ ਹਨ।ਪੰਜਾਬੀਆਂ ਦੇ ਇਹ ਨਾਚ ਅੱਜ-ਕੱਲ੍ਹ ਵਿਸ਼ਵ ਪੱਧਰ 'ਤੇ ਆਪਣਾ ਨਾਮਣਾ ਖੱਟ ਚੁੱਕੇ ਹਨ। ਵਿਦੇਸੀ ਤੇ ਹਿੰਦੀ ਜਾਂ ਹੋਰ ਪ੍ਰਾਂਤਕ ਫ਼ਿਲਮਾਂ ਵਿੱਚ ਪੰਜਾਬੀ ਨਾਚਾਂ ਨੂੰ ਸ਼ਾਮਲ ਕਰਨਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ।


ਵੱਡੇ ਸ਼ਹਿਰ ਤੇ ਕਾਰੋਬਾਰ (Business at the big city)

ਪੰਜਾਬ ਨੂੰ 22 ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਹੈ। ਜਲੰਧਰ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਤੇ ਬਠਿੰਡਾ ਆਦਿ ਮਹਾਨਗਰ ਕਹਾਉਂਦੇ ਹਨ। ਲੁਧਿਆਣਾ ਹੌਜ਼ਰੀ ਦੇ ਸਾਮਾਨ ਲਈ, ਜਲੰਧਰ ਖੇਡਾਂ ਦਾ ਸਮਾਨ ਬਣਾਉਣ ਲਈ ਤੇ ਅੰਮ੍ਰਿਤਸਰ ਕੱਪੜੇ ਦੇ ਵਪਾਰ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਵਿਦੇਸਾਂ ਵਿੱਚ ਇੱਥੋਂ ਦੇ ਸਾਮਾਨ ਦੀ ਭਾਰੀ ਮੰਗ ਹੈ। ਚੰਡੀਗੜ੍ਹ ਇਸ ਦੀ ਰਾਜਧਾਨੀ ਹੈ। ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਉੱਤਰ ਭਾਰਤ ਦਾ ਪ੍ਰਸਿੱਧ ਤੇ ਹਰਮਨ ਪਿਆਰਾ ਤੀਰਥ ਸਥਾਨ ਹੈ।


ਖੇਡ ਖੇਤਰ (Sports field)

ਮੇਰੇ ਪੰਜਾਬ ਦੀ ਧਰਤੀ ਨੇ ਅਨੇਕਾਂ ਸੰਸਾਰ-ਪ੍ਰਸਿੱਧ ਖਿਡਾਰੀ ਵੀ ਪੈਦਾ ਕੀਤੇ ਹਨ। ਮਿਲਖਾ ਸਿੰਘ, ਯੁਵਰਾਜ ਸਿੰਘ, ਹਰਭਜਨ ਸਿੰਘ, ਪਰਗਟ ਸਿੰਘ, ਸੁਰਜੀਤ ਸਿੰਘ ਤੇ ਨਵਜੋਤ ਸਿੰਘ ਸਿੱਧੂ ਆਦਿ ਨੇ ਦੇਸ ਦਾ ਨਾਂ ਉੱਚਾ ਕੀਤਾ ਹੈ। ਪੰਜਾਬ ਦਾ ਦਾਰਾ ਸਿੰਘ ਸੰਸਾਰ-ਪ੍ਰਸਿੱਧ ਭਲਵਾਨ ਹੋਇਆ ਹੈ। ਕਰਤਾਰ ਸਿੰਘ ਨੇ ਵੀ ਪਹਿਲਵਾਨੀ ਦੇ ਖੇਤਰ ਵਿੱਚ ਝੰਡੇ ਗੱਡੇ ਹਨ।


ਤਰੱਕੀ ਦਾ ਨਿਸ਼ਾਨਾ (Aim for progress)

ਮੇਰਾ ਪੰਜਾਬ ਦਿਨੋ-ਦਿਨ ਖ਼ੂਬ ਤਰੱਕੀ ਕਰ ਰਿਹਾ ਹੈ। ਇੱਥੋਂ ਦੇ ਮਿਹਨਤੀ ਤੇ ਉੱਦਮੀ ਲੋਕ ਇਸ ਨੂੰ ਅੱਗੇ ਵੱਲ ਲਿਜਾ ਰਹੇ ਹਨ। ਇਹ ਪ੍ਰਦੇਸ ਸਭ ਤੋਂ ਵੱਧ ਖ਼ੁਸ਼ਹਾਲ ਪ੍ਰਦੇਸ ਦੇ ਰੂਪ ਵਿੱਚ ਸਭ ਦੇ ਸਾਹਮਣੇ ਆਇਆ ਹੈ। ਮੈਂ ਆਪਣੇ ਪੰਜਾਬ ਦੀ ਜਿੰਨੀ ਸਿਫ਼ਤ ਕਰਾਂ ਓਨੀ ਥੋੜ੍ਹੀ ਹੈ। ਮੈਨੂੰ ਇਸ 'ਤੇ ਬੜਾ ਮਾਣ ਹੈ, ਫ਼ਖਰ ਹੈ। ਇਸਦੀ ਪ੍ਰਸੰਸਾ ਕਰਦਿਆਂ ਇੱਕ ਕਵੀ ਲਿਖਦਾ ਹੈ :


“ਸੋਹਣੇ ਦੇਸਾਂ ਵਿੱਚੋਂ ਦੇਸ ਪੰਜਾਬ ਨੀ ਸਈਓ, 

ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ।"


ਸਾਰੰਸ਼ (Summary)

 ਇੰਜ ਪੰਜਾਬ ਭਾਰਤ ਦਾ ਇੱਕ ਬਹੁਤ ਹੀ ਮਹੱਤਵਪੂਰਨ ਪ੍ਰਾਂਤ ਹੈ। ਇਸ ਪ੍ਰਾਂਤ ਦੇ ਲੋਕਾਂ ਦੀ ਆਪਣੀ ਵਿਲੱਖਣ ਜੀਵਨ ਜਾਚ ਹੈ। ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਦੇਸ ਤੇ ਵਿਦੇਸ ਵਿੱਚ ਆਪਣਾ ਨਾਂ ਬਣਾਇਆ ਹੈ।ਦੇਸ 'ਤੇ ਕਦੇ ਵੀ ਭੀੜ ਬਣੇ ਤਾਂ ਪੰਜਾਬੀ ਮੋਢੀਆਂ ਵਾਲੀ ਭੂਮਿਕਾ ਨਿਭਾਉਂਦੇ ਹਨ।ਦੇਸ ਦੀ ਅਜ਼ਾਦੀ ਤੇ ਹੋਰ ਲੜਾਈਆਂ ਵਿੱਚ ਪੰਜਾਬੀਆਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਆਪਣੇ ਦੇਸ ਤੇ ਆਪਣਾ ਮਾਣ ਵਧਾਇਆ ਹੈ।


Post a Comment

0 Comments