Mera Mann Bhaunda Kavi - Shiv Kumar "ਮੇਰਾ ਮਨ-ਭਾਉਂਦਾ ਕਵੀ-ਸ਼ਿਵ ਕੁਮਾਰ" Punjabi Essay, Paragraph for Class 8, 9, 10, 11 and 12 Students.

ਮੇਰਾ ਮਨ-ਭਾਉਂਦਾ ਕਵੀ-ਸ਼ਿਵ ਕੁਮਾਰ 
Mera Mann Bhaunda Kavi - Shiv Kumar

ਭੂਮਿਕਾ

ਸ਼ਿਵ ਕੁਮਾਰ ਨੂੰ ਪੰਜਾਬੀ ਦਾ ਸਿਰਮੌਰ ਕਵੀ ਹੋਣ ਦਾ ਮਾਣ ਪ੍ਰਾਪਤ ਹੈ। ਪੰਜਾਬੀ ਕਵਿਤਾ ਦੇ ਖੇਤਰ ਵਿੱਚ ਉਸ ਦਾ ਮਹੱਤਵਪੂਰਨ ਤੇ ਵਿਲੱਖਣ ਸਥਾਨ ਹੈ।ਉਸ ਦੀ ਕਵਿਤਾ ਵਿੱਚ ਬਿਰਹਾ ਦਾ ਰੰਗ ਪ੍ਰਧਾਨ ਹੈ।ਮੈਨੂੰ ਸਾਹਿਤ ਵਿਚਲੇ ਸਾਰੇ ਪ੍ਰਮੁੱਖ ਰੂਪਾਂ ਵਿੱਚੋਂ ਕਵਿਤਾ ਚੰਗੀ ਲੱਗਦੀ ਹੈ। ਇਸ ਲਈ ਮੈਂ ਬਹੁਤ ਸਾਰੇ ਪੰਜਾਬੀ ਕਵੀਆਂ ਜਿਵੇਂ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ ਪੂਰਨ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਮੀਸ਼ਾ, ਪਾਸ਼, ਸੁਰਜੀਤ ਪਾਤਰ, ਸੰਤ ਰਾਮ ‘ਉਦਾਸੀ‘ਨੂੰ ਪੜ੍ਹਿਆ ਹੈ।ਇਨ੍ਹਾਂ ਸਾਰੇ ਕਵੀਆਂ ਦੀਆਂ ਰਚਨਾਵਾਂ ਦੀ ਆਪੋ ਆਪਣੀ ਪਛਾਣ ਹੈ ਪਰ ਮੈਨੂੰ ਸ਼ਿਵ ਕੁਮਾਰ ਬਹੁਤ ਹੀ ਚੰਗਾ ਕਵੀ ਲੱਗਦਾ ਹੈ।


ਜਨਮ

ਸ਼ਿਵ ਕੁਮਾਰ ਦਾ ਜਨਮ 8 ਅਕਤੂਬਰ, 1937 ਈ: ਨੂੰ ਸ੍ਰੀ ਕ੍ਰਿਸ਼ਨ ਗੋਪਾਲ ਦੇ ਘਰ ਪਿੰਡ ਲੋਹਟੀਆਂ ਪੱਛਮੀ ਪੰਜਾਬ ਵਿੱਚ ਹੋਇਆ ਸੀ।ਦੇਸ ਵੰਡ ਮਗਰੋਂ ਉਹ ਮਾਪਿਆਂ ਨਾਲ ਬਟਾਲੇ ਆ ਕੇ ਰਹਿਣ ਲੱਗ ਪਿਆ। ਛੋਟੀ ਉਮਰੇ ਹੀ ਉਸ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ।ਪੜ੍ਹਾਈ ਉਪਰੰਤ ਉਹ ਸਰਕਾਰੀ ਮੁਲਾਜ਼ਮ ਬਣਿਆ ਤੇ ਚੰਡੀਗੜ੍ਹ ਵਿਖੇ ਵੀ ਨੌਕਰੀ ਕਰਦਾ ਰਿਹਾ।


ਪ੍ਰਮੁੱਖ ਪੁਸਤਕਾਂ

ਸ਼ਿਵ ਕੁਮਾਰ ਨੇ ਪੰਜਾਬੀ ਕਾਵਿ ਸਾਹਿਤ ਨੂੰ ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਲੂਣਾ (ਮਹਾਂ-ਕਾਵਿ), ਮੈਂ ਤੇ ਮੈਂ, ਆਰਤੀ ਆਦਿ ਪ੍ਰਸਿੱਧ ਕਾਵਿ-ਸੰਗ੍ਰਹਿ ਦਿੱਤੇ ਹਨ। ਸ਼ਿਵ ਕੁਮਾਰ ਦੀਆਂ ਇਨ੍ਹਾਂ ਰਚਨਾਵਾਂ ਵਿੱਚ ਉਸ ਵੱਲੋਂ ਵਰਤੀਆਂ ਉਪਮਾਵਾਂ, ਅਲੰਕਾਰ, ਕੁਦਰਤੀ ਬਿੰਬ ਅਤੇ ਸਰੋਦੀ ਅੰਸ਼ ਉਸ ਦੀ ਕਵਿਤਾ ਨੂੰ ਵੱਖਰੀ ਪਛਾਣ ਦਿੰਦੇ ਹਨ। ਉਸ ਦੀਆਂ ਰਚਨਾਵਾਂ ਵਿੱਚ ਵਿਅੰਗ ਦੀ ਸੁਰ ਵੀ ਬਹੁਤ ਤਿੱਖੀ ਹੈ। ਉਸ ਨੇ ਸਵਾਰਥੀ ਲੋਕਾਂ ਦੇ ਕਿਰਦਾਰ ਨੂੰ ਬਾਖੂਬੀ ਭੰਡਿਆ ਹੈ।ਉਸ ਨੇ ਆਪਣੀਆਂ ਰਚਨਾਵਾਂ ਵਿੱਚ ਇਤਿਹਾਸਕ ਤੇ ਮਿਥਿਹਾਸਕ ਹਵਾਲਿਆਂ ਦੀ ਬਹੁਤ ਹੀ ਪ੍ਰਭਾਵਸ਼ਾਲੀ ਵਰਤੋਂ ਕੀਤੀ ਹੈ। ਉਸ ਦੀਆਂ ਰਚਨਾਵਾਂ ਵਿਚਲੇ ਵਿਚਾਰ ਬਹੁਤ ਹੀ ਪ੍ਰਭਾਵਸ਼ਾਲੀ ਹਨ। ਉਹ ਰਜਵਾੜਾਸ਼ਾਹੀ ਨਿਜ਼ਾਮ ਵਿੱਚ ‘ਲੂਣਾ' ਨੂੰ ਨਿਰਦੇਸ਼ ਸਾਬਤ ਕਰਦਿਆ ਹੀ ਲਿਖਦਾ ਹੈ।

ਪਿਤਾ ਜੋ ਧੀ ਦਾ ਰੂਪ ਹੰਢਾਵੇ

ਤਾਂ ਲੋਕਾਂ ਨੂੰ ਲਾਜ ਨਾ ਆਵੇ

ਜੇ ਲੂਣਾ ਪੂਰਨ ਨੂੰ ਚਾਹਵੇ

ਚਰਿਤਰਹੀਨ ਕਹੇ ਕਿਉਂ ਜੀਭ ਜਹਾਨ ਦੀ।


ਬਿਰਹਾ ਦਾ ਸੁਲਤਾਨ ਕਵੀ

ਸ਼ਿਵ ਕੁਮਾਰ ਨੂੰ ਬਿਰਹਾ ਦਾ ਸੁਲਤਾਨ ਕਵੀ ਹੋਣ ਦਾ ਮਾਣ ਪ੍ਰਾਪਤ ਹੈ।ਉਸ ਦੀਆਂ ਕਵਿਤਾਵਾਂ ਵਿੱਚ ਬਿਰਹਾ ਦੀ ਪੀੜਾ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਬਿਰਹਾ ਇੱਕ ਅਜਿਹੀ ਪੀੜ ਹੈ ਜਿਸ ਨੂੰ ਕਿਸੇ ਨਾਲ ਸਹਿਜੇ ਹੀ ਸਾਂਝਾ ਨਹੀਂ ਕੀਤਾ ਜਾ ਸਕਦਾ। ਇਸ ਪੀੜ ਨੂੰ ਮਨੁੱਖ ਆਪਣੇ ਅੰਦਰੋਂ ਅੰਦਰ ਹੀ ਹੰਢਾਉਂਦਾ ਹੈ। ਇਸੇ ਲਈ ਸ਼ਿਵ ਲਿਖਦਾ ਹੈ:

ਆਖ ਮਾਏਂ ਅੱਧੀ-ਅੱਧੀ, 

ਰਾਤੀਂ ਮੋਏ ਮਿੱਤਰਾਂ ਦੇ 

ਉੱਚੀ ਉੱਚੀ ਨਾਂ ਨਾ ਲਵੇ

ਮਤੇ ਸਾਡੇ ਮੋਇਆ ਪਿਛੋਂ,

ਜੱਗ ਇਹ ਸ਼ਰੀਕੜਾ ਨਹੀਂ

ਗੀਤਾਂ ਨੂੰ ਵੀ ਚੰਦਰਾ ਕਹੇ।


ਸ਼ਿਵ ਕੁਮਾਰ ਸੰਗ ਸ਼ਰਮ ਭਰੀ ਇੱਜ਼ਤਹੀਣ ਜ਼ਿੰਦਗੀ ਜਿਉਣ ਨਾਲੋਂ ਆਪਣੇ ਪਿਆਰੇ ਦੀ ਯਾਦ ਵਿੱਚ ਜਵਾਨੀ ਵਿੱਚ ਹੀ ਮਰ ਜਾਣ ਨੂੰ ਵਧੇਰੇ ਚੰਗਾ ਸਮਝਦਾ ਹੋਇਆ ਹੀ ਲਿਖਦਾ ਹੈ :-

ਅਸਾਂ ਤਾਂ ਜੋਬਨ ਰੁੱਤੇ ਮਰਨਾ,

ਤੁਰ ਜਾਣਾ ਅਸਾਂ ਭਰੇ ਭਰਾਏ,

ਹਿਜਰ ਤੇਰੇ ਦੀ ਕਰ ਪਰਕਰਮਾ

ਅਸਾਂ ਤਾਂ ਜੋਬਨ ਰੁੱਤੇ ਮਰਨਾ


ਸ਼ਾਂਤੀ ਪਸੰਦ

ਸ਼ਿਵ ਕੁਮਾਰ ਸਮੁੱਚੇ ਸੰਸਾਰ ਵਿੱਚ ਅਮਨ ਦੀ ਸਥਾਪਤੀ ਦਾ ਪ੍ਰਸੰਸਕ ਸੀ। ਇਸੇ ਲਈ 1962 ਈ: ਵਿੱਚ ਜਦੋਂ ਭਾਰਤ ਉੱਪਰ ਚੀਨੀ ਹਮਲੇ ਨਾਲ ਜਿਹੜੀ ਹਿੰਦੀ-ਚੀਨੀ ਦੋਸਤੀ ਭੰਗ ਹੋਈ ਸੀ ਤੇ ਯੁੱਧਾਂ ਨਾਲ ਜੋ ਤਬਾਹੀ ਹੁੰਦੀ ਹੈ ਉਸੇ ਦੇ ਸੰਬੰਧ ਵਿੱਚ ਉਹ ਸਮੁੱਚੇ ਸੰਸਾਰ ਦੇ ਬੁੱਧੀਜੀਵੀਆਂ, ਸਾਹਿਤਕਾਰਾਂ, ਕਲਾਕਾਰਾਂ ਤੇ ਸੰਸਾਰ ਦੀਆਂ ਵੱਡੀਆਂ ਤਾਕਤਾਂ ਨੂੰ ਹਰ ਤਰ੍ਹਾਂ ਦੀਆਂ ਲੜਾਈਆਂ ਖ਼ਤਮ ਕਰ ਕੇ ਅਮਨ ਅਤੇ ਭਾਈਚਾਰਕ ਸਾਂਝ ਸਥਾਪਤ ਕਰਨ ਦਾ ਵਾਸਤਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਇੰਜ ਪਾਉਂਦਾ ਹੈ:-

ਹਾੜਾ ਜੇ ਦੇਸਾਂ ਵਾਲਿਓ

ਹਾੜਾ ਜੋ ਕੰਮਾਂ ਵਾਲਿਓ

ਉਹ ਐਟਮਾਂ ਦੇ ਤਾਜਰੋ,

ਬਾਰੂਦ ਦੇ ਵਣਜਾਰਿਓ

ਹੁਣ ਹੋਰ ਨਾ ਮਨੁੱਖ ਸਿਰ

ਹੈ ਅੱਖ ਚੁੱਭੀ ਅਮਨ ਦੀ

ਆਇਓ ਵੇ ਫੂਕਾਂ ਮਾਰਿਓ ...


ਮਹਾਨ ਕਵੀ

ਇਸ ਤਰ੍ਹਾਂ ਸ਼ਿਵ ਕੁਮਾਰ ਪੰਜਾਬੀ ਦਾ ਇੱਕ ਬਹੁਤ ਹੀ ਮਹਾਨ ਕਵੀ ਹੈ। ਉਸ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਪ੍ਰਾਪਤ ਹੋਇਆ ਸੀ। ਉਸ ਦੀਆਂ ਕਵਿਤਾਵਾਂ ਵਿੱਚ ਸ਼ਬਦ-ਚੋਣ ਬਹੁਤ ਹੀ ਪ੍ਰਭਾਵਸ਼ਾਲੀ ਹੈ। ਉਹ ਵਧੇਰੇ ਸ਼ਬਦਾਵਲੀ ਪੇਂਡੂ ਸੱਭਿਆਚਾਰ ਵਿੱਚੋਂ ਚੁਣਦਾ ਹੈ। ਉਸ ਨੇ ਆਪਣੀਆਂ ਰਚਨਾਵਾਂ ਵਿੱਚ ਜਿੰਨੇ ਦ੍ਰਿਸ਼ਟਾਂਤ, ਅਲੰਕਾਰ, ਬਿੰਬ ਤੇ ਪ੍ਰਤੀਕ ਵਰਤੋ ਹਨ, ਉਹ ਸ਼ਾਇਦ ਹੀ ਕਿਸੇ ਹੋਰ ਕਵੀ ਦੇ ਹਿੱਸੇ ਆਏ ਹੋਣ।ਸ਼ਿਵ ਦੀਆਂ ਰਚਨਾਵਾਂ ਵਾਂਗ ਉਸ ਦੀ ਅਵਾਜ਼ ਵਿੱਚ ਵੀ ਬਹੁਤ ਸੋਜ਼ ਸੀ। ਉਹ ਕਵਿਤਾ ਪੇਸ਼ ਕਰਦਿਆਂ ਸਰੋਤਿਆਂ ਦੇ ਦਿਲ ਲੁੱਟ ਲੈਂਦਾ ਸੀ।


ਮੌਤ

ਪੰਜਾਬੀਆਂ ਦਾ ਇਹ ਹਰਮਨ-ਪਿਆਰਾ ਕਵੀ ਜੋ ਆਪਣੀਆਂ ਕਵਿਤਾਵਾਂ ਵਿੱਚ ਜੋਬਨ ਰੁੱਤੇ ਮਰਨ ਦੀ ਗੱਲ ਕਰਦਾ ਸੀ, ਉਹ 6 ਮਈ 1973 ਈ: ਨੂੰ ਭਰ ਜਵਾਨੀ ਵਿੱਚ ਹੀ ਸਾਡੇ ਤੋਂ ਸਦਾ ਲਈ ਵਿਛੜ ਗਿਆ।


ਸਾਰੰਸ਼

ਇਸ ਤਰ੍ਹਾਂ ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਸ਼ਿਵ ਕੁਮਾਰ ਨਿਰਸੰਦੇਹ ਪੰਜਾਬੀ ਕਵਿਤਾ ਦਾ ਮਾਣ ਹੈ। ਇਸੇ ਲਈ ਉਹ ਮੇਰਾ ਹਰਮਨ ਪਿਆਰਾ ਕਵੀ ਹੈ। ਉਹ ਭਾਵੇਂ ਸਰੀਰਕ ਤੌਰ 'ਤੇ ਸਾਡੇ ਕੋਲੋਂ ਛੇਤੀ ਵਿਛੜ ਗਿਆ ਹੈ, ਪਰ ਉਹ ਆਪਣੀਆਂ ਰਚਨਾਵਾਂ ਰਾਹੀਂ ਸਾਡੇ ਪਾਠਕਾਂ ਵਿੱਚ ਹਮੇਸ਼ਾ ਅਮਰ ਰਹੇਗਾ।


Post a Comment

0 Comments