Manukh ate Vigyan "ਮਨੁੱਖ ਅਤੇ ਵਿਗਿਆਨ" Punjabi Essay, Paragraph for Class 8, 9, 10, 11 and 12 Students Examination in 700 Words.

ਪੰਜਾਬੀ ਨਿਬੰਧ - ਮਨੁੱਖ ਅਤੇ ਵਿਗਿਆਨ 
Manukh ate Vigyan

ਰੂਪ-ਰੇਖਾ

ਜਾਣ-ਪਛਾਣ, ਵਿਗਿਆਨਕ ਉੱਨਤੀ, ਮਨੁੱਖ ਉੱਤੇ ਵਿਗਿਆਨ ਦਾ ਮਾੜਾ ਅਸਰ, ਸਾਰੰਸ਼


ਜਾਣ-ਪਛਾਣ

ਮਨੁੱਖ ਨੂੰ ਸੰਸਾਰ ਵਿੱਚ ਸਾਰੇ ਜੀਵਾਂ ਨਾਲੋਂ ਸਰਵੋਤਮ ਸਥਾਨ ਦਿੱਤਾ ਗਿਆ ਹੈ। ਸ੍ਰਿਸ਼ਟੀ ਦੇ ਰਚਨਹਾਰੇ ਪ੍ਰਭੂ ਨੇ ਸੋਚਣ ਸਮਝਣ ਦੀ ਅਦਭੁੱਤ ਸ਼ਕਤੀ ਕੇਵਲ ਮਨੁੱਖ ਨੂੰ ਹੀ ਪ੍ਰਦਾਨ ਕੀਤੀ ਹੈ। ਇਸੇ ਸ਼ਕਤੀ ਸਦਕਾ ਮਨੁੱਖ ਨੇ ਆਪਣੀ ਹੋਂਦ ਵਿੱਚ ਆਪਣੇ ਤੋਂ ਮਗਰੋਂ ਅਜਿਹੇ ਅਸੰਭਵ ਕਾਰਨਾਮੇ ਕਰ ਦਿਖਾਏ ਹਨ ਕਿ ਕਦੇ-ਕਦੇ ਤਾਂ ਯਕੀਨ ਕਰਨਾ ਔਖਾ ਹੋ ਜਾਂਦਾ ਹੈ। ਸਮੇਂ ਦੇ ਨਾਲ ਮਨੁੱਖ ਦੀ ਸੋਚਣ-ਸਮਝਣ ਦੀ ਸ਼ਕਤੀ ਨੇ ਵਿਗਿਆਨਕ ਸੋਚ ਦਾ ਰੂਪ ਧਾਰਿਆ ਅਤੇ ਵਿਗਿਆਨ ਦੇ ਖੇਤਰ ਵਿੱਚ ਉਸ ਨੇ ਬੇਮਿਸਾਲ ਸਫਲਤਾ ਪ੍ਰਾਪਤ ਕੀਤੀ। ਬੀਤੀ ਵੀਹਵੀਂ ਸਦੀ ਨੂੰ ਤਾਂ ਵਿਗਿਆਨ ਦਾ ਯੁੱਗ ਹੀ ਮੰਨਿਆ ਗਿਆ ਹੈ। ਇਸ ਦੌਰਾਨ ਹੋਈਆਂ ਖੋਜਾਂ ਨੇ ਤਾਂ ਇਸ ਦੁਨੀਆ ਦਾ ਸਰੂਪ ਹੀ ਬਦਲ ਦਿੱਤਾ ਹੈ।


ਵਿਗਿਆਨਕ ਉੱਨਤੀ

ਵਿਗਿਆਨਕ ਖੋਜਾਂ ਨੇ ਮਨੁੱਖ ਦੇ ਜੀਵਨ ਵਿੱਚ ਜੋ ਕ੍ਰਾਂਤੀ ਲਿਆਂਦੀ ਹੈ ਉਹ ਹਰ ਖੇਤਰ ਵਿੱਚ ਹੈ। ਇਸ ਦੀਆਂ ਉਸਾਰੂ ਕਾਢਾਂ ਨੇ ਸਾਡੇ ਰੋਜ਼ਾਨਾ ਜੀਵਨ ਨੂੰ ਬਹੁਤ ਹੀ ਅਰਾਮਦਾਇਕ ਬਣਾ ਦਿੱਤਾ ਹੈ। ਸਵੇਰੇ ਉੱਠਣ ਤੋਂ ਲੈ ਕੇ ਰਾਤੀਂ ਸੋਣ ਤੱਕ ਅਸੀਂ ਜਿਨ੍ਹਾਂ ਚੀਜ਼ਾਂ ਦਾ ਪ੍ਰਯੋਗ ਕਰਦੇ ਹਾਂ, ਇਹ ਸਭ ਆਧੁਨਿਕ ਵਿਗਿਆਨ ਦੀ ਹੀ ਤਾਂ ਦੇਣ ਹੈ। ਬਿਜਲੀ, ਰੇਡੀਓ, ਟੈਲੀਵਿਜ਼ਨ, ਬੱਸਾਂ, ਰੇਲਾਂ, ਹਵਾਈ ਜਹਾਜ਼, ਕੰਪਿਊਟਰ, ਸਮੁੰਦਰੀ ਜਹਾਜ਼, ਯੁੱਧ ਸਮੱਗਰੀ ਇਹ ਸਭ ਹੈਰਤ-ਅੰਗੇਜ਼ ਕਾਰਨਾਮੇ ਵਿਗਿਆਨ ਦੀ ਹੀ ਦੇਣ ਹਨ।ਅੱਜ ਖੇਤੀਬਾੜੀ ਵੀ ਵਿਗਿਆਨਕ ਤਰੀਕੇ ਨਾਲ ਹੋਣ ਲੱਗ ਪਈ ਹੈ। ਮਸ਼ੀਨਾਂ ਨਾਲ ਕੰਮ ਹੁੰਦਾ ਹੈ। ਨਵੇਂ-ਨਵੇਂ ਬੀਜ ਅਤੇ ਖਾਦਾਂ ਨੇ ਕਿਸਾਨ ਨੂੰ ਆਧੁਨਿਕ ਬਣਾ ਦਿੱਤਾ ਹੈ ਅਤੇ ਖੇਤਾਂ ਵਿੱਚ ਉਪਜ ਦੁੱਗਣੀ ਹੋ ਗਈ ਹੈ। ਗਲੀਆਂ, ਸੜਕਾਂ, ਰਸਤੇ ਸਭ ਕੁਝ ਇਸ ਵਿਗਿਆਨ ਨੇ ਬਦਲ ਦਿੱਤੇ ਹਨ। ਰੋਜ਼ਾਨਾ ਜੀਵਨ ਹੀ ਨਹੀਂ, ਆਤਮਾ-ਪਰਮਾਤਮਾ ਅਤੇ ਲੋਕ- ਪਰਲੋਕ ਪ੍ਰਤੀ ਵੀ ਮਨੁੱਖ ਦਾ ਨਜ਼ਰੀਆ ਹੁਣ ਵਿਗਿਆਨਕ ਸੋਚ 'ਤੇ ਆਧਾਰਤ ਬਣਦਾ ਜਾ ਰਿਹਾ।ਅੱਜ ਮਨੁੱਖੀ ਜੀਵਨ ਦਾ ਅੰਦਰ- ਬਾਹਰ ਸਭ ਕੁਝ ਵਿਗਿਆਨਕ ਹੋ ਗਿਆ ਹੈ।ਅੱਜ ਇਸ ਨੇ ਮਨੁੱਖ ਦੇ ਸਾਰੇ ਵਹਿਮ-ਭਰਮ ਦੂਰ ਕਰ ਦਿੱਤੇ ਹਨ। ਅੰਧ-ਵਿਸ਼ਵਾਸਾਂ ਨੂੰ ਖ਼ਤਮ ਕਰ ਕੇ ਵਿਗਿਆਨ ਨੇ ਮਨੁੱਖੀ ਜੀਵਨ ਨੂੰ ਵਧੇਰੇ ਯਥਾਰਥਮੁਖੀ ਅਤੇ ਅਰਾਮਦਾਇਕ ਬਣਾਇਆ ਹੈ।

ਬੇਸ਼ਕ ਅੱਜ ਵਿਗਿਆਨ ਨੇ ਮਨੁੱਖ ਦੇ ਜੀਵਨ ਨੂੰ ਮੌਲਿਕ ਰੂਪ ਵਿੱਚ ਬਦਲ ਦਿੱਤਾ ਹੈ।ਜਿੱਥੋਂ ਤੱਕ ਬਾਹਰੀ ਭੌਤਿਕ ਬਦਲਾਅ ਦਾ ਪ੍ਰਸ਼ਨ ਹੈ, ਅਸੀਂ ਉਸ ਨੂੰ ਉਚਿਤ ਆਖ ਸਕਦੇ ਹਾਂ ਪਰ ਜਿਥੋਂ ਤੱਕ ਅੰਦਰੂਨੀ ਪ੍ਰਭਾਵਾਂ ਦੀ ਗੱਲ ਹੈ, ਉਸ ਨੂੰ ਨਿਸਚਤ ਤੌਰ 'ਤੇ ਮਨੁੱਖੀ ਜੀਵਨ ਲਈ ਚੰਗਾ ਨਹੀਂ ਮੰਨਿਆ ਜਾ ਸਕਦਾ। ਵਿਗਿਆਨਕ ਉੱਨਤੀ ਨੇ ਮਨੁੱਖ ਦਾ ਬੌਧਿਕ ਵਿਕਾਸ ਏਨਾ ਵਧੇਰੇ ਕਰ ਦਿੱਤਾ ਹੈ ਕਿ ਉਸ ਨੇ ਅੱਜ ਦੇ ਮਨੁੱਖ ਨੂੰ ਆਤਮਕ ਤੌਰ 'ਤੇ ਅੰਤਰਮੁਖੀ ਬਣਾ ਕੇ ਛੱਡ ਦਿੱਤਾ ਹੈ। ਅੱਜ ਸਾਡੀ ਰੂਹ ਅਨੰਦਿਤ ਨਹੀਂ ਹੈ ਕਿਉਂਕਿ ਅਸੀਂ ਮਾਨਸਕ ਤੌਰ 'ਤੇ ਸ਼ਾਂਤ ਨਹੀਂ ਹਾਂ। ਅੱਜ ਦਾ ਮਨੁੱਖ ਏਨਾ ਸੁਆਰਥੀ ਹੋ ਗਿਆ ਹੈ ਕਿ ਉਹ ਆਪਣੇ ਤੋਂ ਬਾਹਰ ਦੇਖ ਕੇ ਸੋਚ ਹੀ ਨਹੀਂ ਸਕਦਾ । ਕੋਈ ਕਿਸੇ ਦੇ ਦੁੱਖ-ਦਰਦ ਦਾ ਸਾਥੀ ਨਹੀਂ ਬਣਦਾ। ਗੁਆਂਢੀ ਨੂੰ ਕੋਈ ਦੁੱਖ ਹੈ ਜਾਂ ਤਕਲੀਫ਼ ਹੈ ਕਿਸੇ ਨੂੰ ਕੋਈ ਚਿੰਤਾ ਨਹੀਂ ਹੁੰਦੀ। ਸਾਹਮਣੇ ਕੋਈ ਮਰ ਰਿਹਾ ਹੋਵੇ ਤਾਂ ਵੀ ਲੋਕ ਰੁਕਣਾ ਪਸੰਦ ਨਹੀਂ ਕਰਦੇ। ਇਸ ਕਰਕੇ ਅੱਜ ਸਾਰੇ ਪਾਸੇ ਸੁਆਰਥ ਅਤੇ ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਹੈ।


ਮਨੁੱਖ ਉੱਤੇ ਵਿਗਿਆਨ ਦਾ ਮਾੜਾ ਅਸਰ

ਇਸ ਤੋਂ ਇਲਾਵਾ ਵਿਗਿਆਨ ਨੇ ਮਸ਼ੀਨਾਂ ਦੀ ਕਾਢ ਕੱਢ ਕੇ ਬੇਰੁਜ਼ਗਾਰੀ ਵੀ ਵਧਾਈ ਹੈ।ਇਸ ਨੇ ਤਾਂ ਮਨੁੱਖ ਨੂੰ ਹੀ ਮਸ਼ੀਨਾਂ ਬਣਾ ਕੇ ਰੱਖ ਦਿੱਤਾ ਹੈ। ਕਾਰਖ਼ਾਨਿਆਂ ਵਿੱਚ ਰੋਜ਼ ਮਾਲਕਾਂ ਅਤੇ ਮਜ਼ਦੂਰਾਂ ਦੇ ਝਗੜੇ ਹੁੰਦੇ ਰਹਿੰਦੇ ਹਨ। ਵਿਗਿਆਨ ਨੇ ਐਟਮੀ ਹਥਿਆਰ ਬਣਾ ਕੇ ਸੰਸਾਰ-ਅਮਨ ਨੂੰ ਭੰਗ ਹੀ ਕੀਤਾ ਹੈ। ਇਹ ਸਾਰੀ ਮਨੁੱਖਤਾ ਲਈ ਸਰਾਪ ਬਣ ਗਏ ਹਨ। ਇਨ੍ਹਾਂ ਐਟਮੀ ਬੰਬਾਂ ਵਿੱਚ ਇੰਨੀ ਤਾਕਤ ਹੈ ਕਿ ਇਹ ਕੁਝ ਪਲਾਂ ਵਿੱਚ ਹੀ ਧਰਤੀ ਉੱਪਰੋਂ ਮਨੁੱਖਤਾ ਦਾ ਨਾਮੋ-ਨਿਸ਼ਾਨ ਮਿਟਾ ਸਕਦੇ ਹਨ।ਦੂਜੇ ਮਹਾਯੁੱਧ ਵਿੱਚ ਜਪਾਨ ਤੇ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ ਸੁੱਟੇ ਬੰਬ ਅੱਜ ਵੀ ਸਾਡਾ ਦਿਲ ਦਹਿਲਾ ਦਿੰਦੇ ਹਨ। ਅਜਿਹੀਆਂ ਸ਼ਕਤੀਆਂ ਨੂੰ ਜੇਕਰ ਅਸੀਂ ਸਕਾਰਾਤਮਕ ਰੂਪ ਵਿੱਚ ਵਰਤਦੇ ਹਾਂ ਤਾਂ ਇਹ ਸਾਡਾ ਕਲਿਆਣ ਕਰਦੀਆਂ ਨਹੀਂ ਤਾਂ ਭਿਆਨਕ ਤਬਾਹੀ ਲਿਆਉਂਦੀਆਂ ਹਨ।


ਸਾਰੰਸ਼

ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਵਿਗਿਆਨ ਨੇ ਅਸੀਮ ਤਰੱਕੀ ਕੀਤੀ ਹੈ ਅਤੇ ਮਨੁੱਖਤਾ ਨੂੰ ਲਾਭ ਪਹੁੰਚਾਇਆ ਹੈ ਪਰੰਤੂ ਇਸ ਦੀ ਵਰਤੋਂ ਮਨੁੱਖ ਨੂੰ ਸੋਚ-ਸਮਝ ਕੇ ਹੀ ਕਰਨੀ ਚਾਹੀਦੀ ਹੈ। ਵਿਗਿਆਨ ਦੀਆਂ ਹਾਨੀਆਂ ਵੀ ਹਨ ਪਰ ਇਹ ਵੀ ਮਨੁੱਖ ਮਾੜੀ ਸੋਚ ਸਦਕਾ ਇਨ੍ਹਾਂ ਦੀ ਕੁਵਰਤੋਂ ਕਰਕੇ ਹੀ ਹੈ। ਜੇਕਰ ਅਸੀਂ ਐਟਮ ਵਰਗੀਆਂ ਮਾਰੂ ਸ਼ਕਤੀਆਂ ਨੂੰ ਉਸਾਰੂ ਕੰਮਾਂ ਵਿੱਚ ਇਸਤੇਮਾਲ ਕਰੀਏ ਤਾਂ ਇਸ ਤੋਂ ਵਧੀਆ ਹੋਰ ਗੱਲ ਹੋ ਹੀ ਨਹੀਂ ਸਕਦੀ। ਅਜਿਹੀ ਸ਼ਕਤੀ ਨਾਲ ਪੇਂਡੂ ਇਲਾਕਿਆਂ ਵਿੱਚ ਕਾਰਖ਼ਾਨੇ ਆਦਿ ਲਗਾਏ ਜਾ ਸਕਦੇ ਹਨ। ਬੇਸ਼ਕ ਵਿਗਿਆਨ ਦੀ ਸੁਵਰਤੋਂ ਸਾਡੇ ਜੀਵਨ ਵਿੱਚ ਤਰੱਕੀ ਅਤੇ ਖ਼ੁਸ਼ਹਾਲੀ ਹੀ ਲਿਆਵੇਗੀ।


Post a Comment

2 Comments