Mani Jitai Jagu Jitu "ਮਨਿ ਜੀਤੈ ਜਗੁ ਜੀਤੁ " Punjabi Essay, Paragraph for Class 8, 9, 10, 11 and 12 Students Examination in 1500 Words.

ਪੰਜਾਬੀ ਨਿਬੰਧ - ਮਨਿ ਜੀਤੈ ਜਗੁ ਜੀਤੁ 
Mani Jitai Jagu Jitu



ਰੂਪ-ਰੇਖਾ

ਭੂਮਿਕਾ, ਮਨ ਕੀ ਹੈ ? ਮਨ ਉੱਤੇ ਕਾਬੂ ਕਿਵੇਂ ਪਾਈਏ ?, ਇੱਛਾਵਾਂ ਦੁੱਖ ਦਾ ਕਾਰਨ, ਮਨ 'ਤੇ ਕਾਬੂ ਪਾਉਣ ਦੇ ਲਾਭ, ਮਨ ਨੂੰ ਜਿੱਤਣ ਦੇ ਲਾਭ, ਸਾਰੰਸ਼।


ਭੂਮਿਕਾ

‘ਮਨਿ ਜੀਤੈ ਜਗੁ ਜੀਤੁ' ਤੁਕ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਹੈ ਤੇ 'ਜਪੁ ਜੀ ਸਾਹਿਬ' ਦੀ 28ਵੀਂ ਪੌੜੀ ਵਿੱਚ ਦਰਜ ਹੈ। ਇਸ ਵਿੱਚ ਗੁਰੂ ਜੀ ਨੇ ਇੱਕ ਅਟੱਲ ਸਚਾਈ ਨੂੰ ਪੇਸ਼ ਕੀਤਾ ਹੈ ਕਿ ਮਨੁੱਖ ਆਪਣੇ ਮਨ 'ਤੇ ਕਾਬੂ ਪਾ ਕੇ ਸਾਰੇ ਸੰਸਾਰ ਨੂੰ ਜਿੱਤ ਲੈਣ ਦੇ ਸਮਰੱਥ ਹੋ ਸਕਦਾ ਹੈ ਤੇ ਇੱਕ ਸੱਚੇ ਅਨੰਦ ਦੀ ਪ੍ਰਾਪਤੀ ਕਰ ਸਕਦਾ ਹੈ।


ਮਨ ਕੀ ਹੈ ?

ਮਨ ਮਨੁੱਖੀ ਜੀਵ ਦੀ ਇੱਕ ਨਾ ਦਿੱਸਣ ਵਾਲੀ ਤੇ ਅਛੋਹ ਵਸਤੂ ਹੈ। ਇਹ ਮਨ ਹੀ ਹੈ ਜਿਸ ਵਿੱਚ ਸਾਡੀਆਂ ਇੱਛਾਵਾਂ, ਲਾਲਸਾਵਾਂ, ਉਮੰਗਾਂ ਤੇ ਸੱਧਰਾਂ ਪਲਦੀਆਂ ਹਨ।ਮਨ ਦੇ ਹੁਕਮ ਅਨੁਸਾਰ ਸਾਡੀਆਂ ਗਿਆਨ ਇੰਦਰੀਆਂ ਕੰਮ ਕਰਦੀਆਂ ਹਨ।ਇਸ ਵਿੱਚ ਚੰਗਾ ਖਾਣ-ਪੀਣ, ਪਹਿਨਣ ਤੇ ਹੋਰ ਹਰ ਤਰ੍ਹਾਂ ਦੀ ਇੱਛਾ ਪੈਦਾ ਹੁੰਦੀ ਹੈ। ਇਨ੍ਹਾਂ ਇੱਛਾਵਾਂ ਦੀ ਪੂਰਤੀ ਲਈ ਹੀ ਮਨੁੱਖੀ ਮਨ ਹਰਕਤ ਵਿੱਚ ਆਉਂਦਾ ਹੈ। ਪਰੰਤੂ ਜਦੋਂ ਇਨ੍ਹਾਂ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਮਨੁੱਖ ਦੁਖੀ ਹੁੰਦਾ ਹੈ। ਇਸ ਲਈ ਕਹਿੰਦੇ ਹਨ ਕਿ ਮਨੁੱਖੀ ਮਨ ਪਾਰੇ ਵਾਂਗ ਚੰਚਲ ਅਤੇ ਹਵਾ ਨਾਲੋਂ ਤੇਜ਼ ਦੌੜਦਾ ਹੈ।ਮਨ ਦੀ ਤੁਲਨਾ ਇੱਕ ਅੱਥਰੇ ਘੋੜੇ ਨਾਲ ਵੀ ਕੀਤੀ ਜਾਂਦੀ ਹੈ।ਜੋ ਇੱਧਰ-ਉੱਧਰ ਨੱਚਦਾ-ਟੱਪਦਾ ਰਹਿੰਦਾ ਹੈ। ਇਹ ਮਨੁੱਖੀ ਮਨ ਹੀ ਹੈ ਜੋ ਮਨੁੱਖ ਨੂੰ ਚੰਗੇ-ਬੁਰੇ ਰਸਤਿਆਂ 'ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ।


ਮਨ ' ਤੇ ਕਾਬੂ ਕਿਵੇਂ ਪਾਈਏ ?

ਜ਼ਿੰਦਗੀ ਵਿੱਚ ਤਰੱਕੀ ਕਰਨ ਲਈ ਜਾਂ ਬੁਰਿਆਂ ਕੰਮਾਂ ਤੋਂ ਬਚਣ ਲਈ ਮਨ 'ਤੇ ਕਾਬੂ ਪਾਉਣਾ ਅਤਿ ਜ਼ਰੂਰੀ ਹੈ ਪਰੰਤੂ ਮਨ 'ਤੇ ਸੌਖਿਆਂ ਕਾਬੂ ਨਹੀਂ ਪਾਇਆ ਜਾ ਸਕਦਾ। ਜੇਕਰ ਮਨੁੱਖ ਦੀ ਇੱਛਾ ਸ਼ਕਤੀ ਬਲਵਾਨ ਹੈ ਤਾਂ ਉਹ ਕੁਝ ਵੀ ਕਰ ਸਕਦਾ ਹੈ। ਇਹ ਮਨ ਹੀ ਹੈ ਜੋ ਮਨੁੱਖ ਨੂੰ ਉੱਚੇ-ਉੱਚੇ ਮਹਿਲਾਂ ਦੇ ਸੁਪਨੇ ਲੈਣ ਲਈ ਮਜਬੂਰ ਕਰਦਾ ਹੈ ਤੇ ਠੱਗੀ, ਚੋਰੀ, ਬੇਈਮਾਨੀ ਆਦਿ ਲਈ ਵੀ ਪ੍ਰੇਰਿਤ ਕਰਦਾ ਹੈ।


ਇੱਛਾਵਾਂ ਦੁੱਖ ਦਾ ਕਾਰਨ

ਮਨੁੱਖ ਸੰਸਾਰ ਵਿੱਚ ਜਿੰਨੇ ਦੁੱਖ ਮੁਸੀਬਤਾਂ ਝੱਲਦਾ ਹੈ, ਸਭ ਮਨ ਦੀ ਬਦੌਲਤ ਹੀ ਹਨ ਕਿਉਂਕਿ ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਹਰ ਜਾਇਜ਼-ਨਜਾਇਜ਼ ਤਰੀਕੇ ਅਪਣਾਉਂਦਾ ਹੈ।ਉਹ ਝੂਠ, ਚੋਰੀਆਂ, ਬੇਈਮਾਨੀ ਜਿਹੀਆਂ ਕੋਝੀਆਂ ਹਰਕਤਾਂ ਕਰਦਾ ਹੈ ਤੇ ਬਾਅਦ ਵਿੱਚ ਸਜ਼ਾ ਪਾਉਂਦਾ ਹੈ, ਇਸ ਨਾਲ ਉਹ ਲੋਕਾਂ ਵਿੱਚ ਬਦਨਾਮ ਵੀ ਹੁੰਦਾ ਹੈ। ਆਪਣੇ ਸੁਖਾਂ ਨੂੰ ਪ੍ਰਾਪਤ ਕਰਨ ਲਈ ਉਹ ਥਾਂ ਥਾਂ ਟੱਕਰਾਂ ਮਾਰਦਾ ਹੈ ਤੇ ਲੋਕਾਂ ਦੀਆਂ ਖ਼ੁਸ਼ਾਮਦਾਂ ਕਰਦਾ ਹੈ। ਇਸ ਤਰ੍ਹਾਂ ਮਨੁੱਖ ਇੱਛਾਵਾਂ ਦਾ ਗ਼ੁਲਾਮ ਹੋ ਕੇ ਦੁੱਖ ਸਹੇੜ ਲੈਂਦਾ ਹੈ। ਗੁਰਬਾਣੀ ਵਿੱਚ ਠੀਕ ਹੀ ਲਿਖਿਆ ਹੈ-

ਸੁਖ ਕੈ ਹੇਤਿ ਬਹੁਤ ਦੁਖੁ ਪਾਵਤ

ਸੇਵ ਕਰਤ ਜਨ ਜਨ ਕੀ


ਮਨ 'ਤੇ ਕਾਬੂ ਪਾਉਣ ਦੇ ਲਾਭ

ਮਨ 'ਤੇ ਕਾਬੂ ਪਾਉਣ ਨਾਲ ਮਨੁੱਖ ਦੀ ਭਟਕਣਾ ਮੁੱਕ ਜਾਂਦੀ ਹੈ। ਉਹ ਇੱਕ ਅਦੁੱਤੀ ਸ਼ਕਤੀ ਪ੍ਰਾਪਤ ਕਰਨ ਦੇ ਯੋਗ ਹੋ ਜਾਂਦਾ ਹੈ। ਅਜਿਹੀ ਸ਼ਕਤੀ ਪ੍ਰਾਪਤ ਕਰਨ ਨਾਲ ਬੇਮਿਸਾਲ ਕੰਮ ਕਰ ਸਕਦਾ ਹੈ। ਮਨ 'ਤੇ ਕਾਬੂ ਪਾਉਣ ਨਾਲ ਮਨੁੱਖ ਅੰਦਰ ਨੇਕੀ, ਕੁਰਬਾਨੀ, ਪਰਉਪਕਾਰ ਜਿਹੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ ਤੇ ਉਹ ਹਰ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਲਈ ਤਿਆਰ ਹੋ ਜਾਂਦਾ ਹੈ। ਮਹਾਭਾਰਤ ਵਿੱਚ ਜੇ ਦੁਰਯੋਧਨ ਆਪਣੇ ਮਨ 'ਤੇ ਕਾਬੂ ਪਾ ਕੇ ਹਮੇਸ਼ਾ ਲਈ ਜੰਗ ਤਿਆਗ ਕੇ ਅਹਿੰਸਾਵਾਦੀ ਬਣ ਜਾਂਦਾ ਤਾਂ ਇੰਨਾ ਭਾਰੀ ਖ਼ੂਨ-ਖਰਾਬਾ ਤਾਂ ਨਾ ਹੁੰਦਾ ਤੇ ਨਾ ਹੀ ਕੌਰਵ ਖ਼ਾਨਦਾਨ ਦਾ ਖ਼ਾਤਮਾ ਹੁੰਦਾ।


ਮਨ ਨੂੰ ਜਿੱਤਣ ਦੇ ਲਾਭ

ਮਨ ਨੂੰ ਜਿੱਤਣਾ ਕੋਈ ਬੱਚਿਆਂ ਦੀ ਖੇਡ ਨਹੀਂ। ਇਸ ਮਨ 'ਤੇ ਕਾਬੂ ਪਾਉਣ ਲਈ ਜੋਗੀਆਂ, ਨਾਥਾਂ ਤਪੱਸਵੀਆਂ ਨੇ ਕਠਨ ਤਪ ਕੀਤੇ, ਗ੍ਰਹਿਸਥ ਜੀਵਨ ਤਿਆਗਿਆ, ਸਮਾਧੀਆਂ ਲਗਾਈਆਂ, ਵਰਤ ਰੱਖੇ ਪਰ ਮਨ ਨੂੰ ਨਾ ਜਿੱਤ ਸਕੇ। ਗੁਰਬਾਣੀ ਵਿੱਚ ਇਨ੍ਹਾਂ ਸਾਰੇ ਸਾਧਨਾਂ ਨੂੰ ਵਿਅਰਥ ਕਿਹਾ ਹੈ ਕਿਉਂਕਿ ਇਨ੍ਹਾਂ ਸਾਰੇ ਸਾਧਨਾਂ ਦਾ ਅਸਰ ਸਰੀਰ 'ਤੇ ਪੈਂਦਾ ਹੈ ਮਨ 'ਤੇ ਨਹੀਂ। ਸਰੀਰ ਧੋਣ ਨਾਲ ਮਨ ਦੀ ਪਵਿੱਤਰਤਾ ਨਹੀਂ ਹੁੰਦੀ। ਕਬੀਰ ਜੀ ਲਿਖਦੇ ਹਨ : 

1. ਗ੍ਰਹਿ ਤਜਿ ਬਨ ਖੰਡ ਜਾਈਐ, ਚੁਨਿ ਪਾਈਐ ਕੰਦਾ

ਅਜਹੂ ਬਿਕਾਰ ਨ ਛੋਡਈ, ਪਾਪੀ ਮਨੁ ਮੰਦਾ।

2. 'ਕਬੀਰ ਸਤਿਗੁਰ ਸੂਰਮੇ, ਬਾਹਿਆ ਬਾਨੁ ਜੁ ਏਕੁ,

ਲਾਗਤ ਹੀ ਭੁਇ ਗਿਰਿ ਪਰਿਆ, ਪਰਾ ਕਲੇਜੇ ਛੇਕ।


ਸਾਰੰਸ਼

ਇਸ ਤਰ੍ਹਾਂ ਗੁਰੂ ਜੀ ਨੇ ਇਹ ਬਹੁਤ ਹੀ ਮੁੱਲਵਾਨ ਪ੍ਰੇਰਨਾ ਦਿੱਤੀ ਹੈ। ਇਸ 'ਤੇ ਅਮਲ ਕਰ ਕੇ ਹੀ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ ਅਤੇ ਆਪਣੇ ਦੇਸ ਕੌਮ ਦੀ ਬੇਹਤਰੀ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾ ਸਕਦੇ ਹਾਂ।



Post a Comment

0 Comments