ਪੰਜਾਬੀ ਨਿਬੰਧ - ਭਗਵਾਨ ਮਹਾਵੀਰ
Lord Mahavir
ਰੂਪ-ਰੇਖਾ (Outline)
ਭੂਮਿਕਾ, ਜਨਮ ਅਤੇ ਬਚਪਨ, ਘਰ ਦਾ ਤਿਆਗ, ਘੋਰ ਤਪੱਸਿਆ ਕਰਨੀ, ਅਹਿੰਸਾ ਦਾ ਪ੍ਰਚਾਰ, ਦੇਸ ਭਰ ਵਿੱਚ ਘੁੰਮਣਾ, ਹਰ ਤਰ੍ਹਾਂ ਦੇ ਭੇਦ-ਭਾਵ ਦਾ ਵਿਰੋਧ, ਅਹਿੰਸਾ ਪਰਮੋ ਧਰਮਾ, ਅਨੇਕਤਾਵਾਦ ਦਾ ਸਿਧਾਂਤ, ਈਸ਼ਵਰ ਸੰਬੰਧੀ ਵਿਚਾਰ, ਸਵਾਮੀ ਮਹਾਵੀਰ ਦੇ ਚੇਲੇ, ਮਹਾਵੀਰ ਸਵਾਮੀ ਦੀ ਹਰਮਨ ਪਿਆਰਤਾ, ਜੈਨ ਧਰਮ ਦੇ ਗ੍ਰੰਥ, ਮਹਾਵੀਰ ਸਵਾਮੀ ਦਾ ਨਿਰਵਾਣ, ਸਾਰੰਸ਼।
ਭੂਮਿਕਾ (Introduction)
ਸਵਾਮੀ ਮਹਾਵੀਰ ਜੀ ਨੇ ਪ੍ਰਾਚੀਨ ਜੈਨ ਮੱਤ ਨੂੰ ਨਵਾਂ ਸਰੂਪ ਦਿੱਤਾ। ਉਨ੍ਹਾਂ ਨੇ ਅਹਿੰਸਾ ਦਾ ਪ੍ਰਚਾਰ ਕੀਤਾ ਅਤੇ ਵੈਦਿਕ ਰੀਤਾਂ ਦਾ ਵਿਰੋਧ ਕੀਤਾ। ਉਹ ਜੈਨ ਧਰਮ ਦੇ ਚੌਵੀਵੇਂ ਤੀਰਥੰਕਰ ਸਨ। ਤੇਈਵੇਂ ਤੀਰਥੰਕਰ ਸ੍ਰੀ ਪਾਰਸ਼ਵ ਨਾਥ ਜੀ ਸਨ। ਸਵਾਮੀ ਮਹਾਵੀਰ ਨੇ ਪਹਿਲਾਂ ਆਪ ਘੋਰ ਤਪੱਸਿਆ ਕਰ ਕੇ ਗਿਆਨ ਪ੍ਰਾਪਤ ਕੀਤਾ ਤੇ ਫਿਰ ਉਸ ਦਾ ਲੋਕਾਂ ਵਿੱਚ ਪ੍ਰਚਾਰ ਕੀਤਾ।
ਜਨਮ ਅਤੇ ਬਚਪਨ (Birth and childhood)
ਮਹਾਵੀਰ ਜੀ ਦਾ ਜਨਮ ਨਾਥ ਬੰਸ ਵਿੱਚ ਕੁੰਡਲਪੁਰ ਦੇ ਰਾਜਾ ਸਿਧਾਰਥ ਦੇ ਘਰ ਬਿਕਰਮੀ ਸੰਮਤ ਤੋਂ 542 ਵਰ੍ਹੇ ਪਹਿਲਾਂ ਹੋਇਆ। ਕੁੰਡਲਪੁਰ ਮਗਧ ਦੇਸ ਦਾ ਪ੍ਰਸਿੱਧ ਨਗਰ ਸੀ।ਉਨ੍ਹਾਂ ਦਾ ਵਰਣ ਖੱਤਰੀ ਅਤੇ ਗੋਤ ਕੇਸ਼ਬ ਸੀ। ਜਨਮ ਸਮੇਂ ਉਨ੍ਹਾਂ ਦਾ ਨਾਂ ਵਰਧਮਾਨ ਰੱਖਿਆ ਗਿਆ।ਉਹ ਬਚਪਨ ਤੋਂ ਹੀ ਬੈਰਾਗਵਾਨ ਲਗਨ ਵਾਲੇ ਸਨ। ਉਹ ਸੰਸਾਰ ਨੂੰ ਤਿਆਗਣਾ ਚਾਹੁੰਦੇ ਸਨ ਪਰ ਉਹ ਮਾਪਿਆਂ ਨੂੰ ਵੀ ਦੁਖੀ ਨਹੀਂ ਕਰਨਾ ਚਾਹੁੰਦੇ ਸਨ।
ਘਰ ਦਾ ਤਿਆਗ (Abandonment of home)
ਮਾਤਾ-ਪਿਤਾ ਦੀ ਮੌਤ ਮਗਰੋਂ ਉਨ੍ਹਾਂ ਵੱਡੇ ਭਰਾ ਦੀ ਆਗਿਆ ਨਾਲ 30 ਸਾਲ ਦੀ ਉਮਰ ਵਿੱਚ ਘਰ ਦਾ ਤਿਆਗ ਕਰ ਦਿੱਤਾ। ਉਹ ਆਪਣੇ ਕੀਮਤੀ ਕੱਪੜਿਆਂ ਨੂੰ ਉਤਾਰ ਕੇ ਤਪੱਸਵੀਆਂ ਵਾਲੇ ਕੱਪੜੇ ਪਾ ਕੇ ਜੰਗਲਾਂ ਵਿੱਚ ਚਲੇ ਗਏ।
ਘੋਰ ਤਪੱਸਿਆ ਕਰਨੀ (Do severe penance)
ਉਨ੍ਹਾਂ ਨੇ 12 ਸਾਲ ਜੰਗਲਾਂ ਵਿੱਚ ਘੋਰ ਤਪੱਸਿਆ ਕੀਤੀ। ਜਦੋਂ ਉਨ੍ਹਾਂ ਘਰ ਤਿਆਗਿਆ ਸੀ ਉਨ੍ਹਾਂ ਇਹ ਪ੍ਰਤਿਗਿਆ ਕੀਤੀ ਸੀ ਕਿ ਉਹ ਹਰ ਸਮੱਸਿਆ ਸਹਾਰਦੇ ਆਪਣੇ ਨਿਸ਼ਾਨੇ ਨੂੰ ਪ੍ਰਾਪਤ ਕਰ ਕੇ ਹੀ ਵਾਪਸ ਆਉਣਗੇ। ਉਨ੍ਹਾਂ ਨੇ ਤਿਆਗ ਅਤੇ ਤਪੱਸਿਆ ਦੇ ਆਦਰਸ਼ ਨੂੰ ਪੂਰੀ ਤਰ੍ਹਾਂ ਨਿਭਾਇਆ ਇਸੇ ਕਾਰਨ ਉਹ ਮਹਾਵੀਰ ਅਥਵਾ ਮਹਾਨ ਸੂਰਬੀਰ ਅਖਵਾਏ। ਬਾਰਾਂ ਸਾਲਾਂ ਦੀ ਤਪੱਸਿਆ ਮਗਰੋਂ 42 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਕੈਵਲਯ ਗਿਆਨ ਪ੍ਰਾਪਤ ਹੋਇਆ। ਦਿਗ਼ੰਬਰ ਸ਼ਾਸਤਰਾਂ ਅਨੁਸਾਰ ਭਗਵਾਨ ਮਹਾਵੀਰ ਨੇ ਵਿਆਹ ਨਹੀਂ ਕੀਤਾ ਸੀ। ਪਰ ਸ਼ਵੇਤਾਂਬਰ ਸ਼ਾਸਤਰਾਂ ਅਨੁਸਾਰ ਉਨ੍ਹਾਂ ਦਾ ਵਿਆਹ ਸਮਰਵੀਰ ਨਾਂ ਦੀ ਵਜ਼ੀਰ ਦੀ ਪੁੱਤਰੀ ਯਸ਼ੋਧਾ ਨਾਲ ਹੋਇਆ ਸੀ ਤੇ ਉਨ੍ਹਾਂ ਦੀ ਇੱਕ ਪੁੱਤਰੀ ਵੀ ਸੀ।
ਅਹਿੰਸਾ ਦਾ ਪ੍ਰਚਾਰ (Promotion of non-violence)
ਭਗਵਾਨ ਮਹਾਵੀਰ ਨੇ ਅਹਿੰਸਾ ਤੱਤ ਦੀ ਸਾਧਨਾ ਕੀਤੀ। ਉਨ੍ਹਾਂ ਨੇ ਸਮਾਜ ਵਿੱਚ ਸ਼ਾਂਤੀ ਤੇ ਸਮਾਨਤਾ ਦੇ ਭਾਵ ਸਥਾਪਤ ਕਰਨ ਲਈ ਇਸ ਨੂੰ ਜ਼ਰੂਰੀ ਸਮਝਿਆ। ਉਨ੍ਹਾਂ ਹਿੰਸਾ ਨੂੰ ਰੋਕਣ ਲਈ ਸੰਜਮ ਦੀ ਵਰਤੋਂ ਨੂੰ ਜ਼ਰੂਰੀ ਸਮਝਿਆ। ਉਨ੍ਹਾਂ ਦਾ ਵਿਚਾਰ ਸੀ ਕਿ ਸੰਜਮ ਮਨ ਅਤੇ ਵਚਨ ਕਰਕੇ ਹੋ ਸਕਦਾ ਹੈ। ਇਸ ਲਈ ਸਾਧਕ ਨੂੰ ਧਿਆਨ ਅਤੇ ਮੌਨ ਦੋਹਾਂ ਲਈ ਤਤਪਰ ਰਹਿਣਾ ਜ਼ਰੂਰੀ ਹੈ।ਇਸੇ ਸਦਕਾ ਹੀ ਮਹਾਵੀਰ ਸਵਾਮੀ ਦੇ ਸਾਧਕ ਜੀਵਨ ਵਿੱਚ ਤਪ ਅਤੇ ਸੰਜਮ ਦੋ ਪ੍ਰਮੁੱਖ ਤੱਤ ਸਨ। ਉਨ੍ਹਾਂ ਆਪਣੇ ਪ੍ਰਚਾਰ ਸਮੇਂ ਸੰਸਕ੍ਰਿਤ ਦੀ ਥਾਂ ਲੋਕ ਬੋਲੀ ਅਰਥਾਤ ਮਾਗਧੀ ਦੀ ਵਰਤੋਂ ਕੀਤੀ।
ਦੇਸ ਭਰ ਵਿੱਚ ਘੁੰਮਣਾ (Moving around the country)
ਕੈਵਲਯ ਗਿਆਨ ਪ੍ਰਾਪਤੀ ਤੋਂ ਪਿੱਛੋਂ ਭਗਵਾਨ ਮਹਾਵੀਰ ਨੇ ਮੁਗਧ, ਬਿਹਾਰ, ਸੁਗਮਵਤੀ, ਦੋਸ਼ਾਈ, ਰਾਜਗ੍ਰਹਿ, ਕੋਸ਼ਾਂਭੀ, ਪ੍ਰਯਾਗ, ਚੰਪਾਪੁਰੀ ਆਦਿ ਵਿੱਚ ਜਾ ਕੇ ਆਪਣੇ ਵਿਚਾਰਾਂ ਦਾ ਪ੍ਰਚਾਰ ਕੀਤਾ।ਉਨ੍ਹਾਂ ਦਾ ਵਿਚਾਰ ਸੀ ਕਿ ਸਭ ਮਨੁੱਖ ਬਰਾਬਰ ਹਨ।ਇੱਕ ਆਤਮਾ ਸਰਬ ਵਿਆਪਕ ਹੈ ਇਸ ਲਈ ਮਨੁੱਖਾਂ ਵਿੱਚ ਭਿੰਨ-ਭੇਦ ਨਹੀਂ ਹੋਣਾ ਚਾਹੀਦਾ।ਉਨ੍ਹਾਂ ਨੇ ਵੈਦਿਕ ਧਰਮ ਵਿਚਲੇ ਯੱਗਾਂ ਵਿੱਚ ਦਿੱਤੀ ਜਾਂਦੀ ਬਲੀ ਵਿਚਲੀ ਹਿੰਸਾ ਦਾ ਵਿਰੋਧ ਕੀਤਾ।ਮਹਾਵੀਰ ਤੋਂ ਪਹਿਲਾਂ ਹੋਏ ਤੀਰਥੰਕਰਾਂ ਨੇ ਵੀ ਇਸ ਦਾ ਵਿਰੋਧ ਕੀਤਾ ਸੀ। ਸ੍ਰੀ ਪਾਰਸ਼ਵ ਨਾਥ ਦੇ ਦਿੱਤੇ ਉਪਦੇਸ਼ ਨੂੰ 'ਚਾਤੁਰਯਾਮ-ਸੰਵਰ-ਸੰਵਾਦ' ਆਖਦੇ ਹਨ, ਜਿਸ ਵਿੱਚ ਹਿੰਸਾ, ਅਸਤ, ਚੋਰੀ ਅਤੇ ਪਰਗ੍ਰਹਿ ਦੇ ਤਿਆਗ ਉੱਪਰ ਜ਼ੋਰ ਦਿੱਤਾ ਗਿਆ ਹੈ।
ਹਰ ਤਰ੍ਹਾਂ ਦੇ ਭੇਦ-ਭਾਵ ਦਾ ਵਿਰੋਧ (Oppose all forms of discrimination)
ਸਵਾਮੀ ਮਹਾਵੀਰ ਨੇ ਜਾਤ-ਪਾਤ ਦੇ ਵਿਤਕਰੇ ਦਾ ਵਿਰੋਧ ਕੀਤਾ। ਉਨ੍ਹਾਂ ਅਨੁਸਾਰ ਹਰ ਮਨੁੱਖ ਉੱਚੇ ਤੋਂ ਉੱਚੇ ਅਹੁਦੇ ਦਾ ਅਧਿਕਾਰੀ ਹੋ ਸਕਦਾ ਹੈ।ਉਨ੍ਹਾਂ ਦਾ ਵਿਚਾਰ ਸੀ ਕਿ ਸ਼ੂਦਰ ਵੀ ਭਿਖਸ਼ੂ ਅਤੇ ਗੁਰੂ ਦੀ ਪਦਵੀ ਪ੍ਰਾਪਤ ਕਰ ਸਕਦਾ ਹੈ।ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਾਨਵੀ ਸ੍ਰੇਸ਼ਟਤਾ ਜਨਮ 'ਤੇ ਆਧਾਰਤ ਨਹੀਂ ਬਲਕਿ ਕੇਵਲ ਗੁਣਾਂ 'ਤੇ ਆਧਾਰਤ ਹੋ ਸਕਦੀ ਹੈ। ਉਨ੍ਹਾਂ ਪਵਿੱਤਰ ਜੀਵਨ ਦੀ ਮਹੱਤਤਾ ਨੂੰ ਸਥਾਪਤ ਕੀਤਾ। ਉਨ੍ਹਾਂ ਔਰਤ ਤੇ ਮਰਦ ਦਾ ਦਰਜਾ ਵੀ ਹਰ ਖੇਤਰ ਵਿੱਚ ਬਰਾਬਰ ਦਾ ਸਵੀਕਾਰ ਕੀਤਾ। ਉਹ ਸਾਰੀ ਮਾਨਵ ਜਾਤੀ ਨੂੰ ਆਪਣਾ ਕੁਟੰਬ ਸਮਝਦੇ ਸਨ। ਉਨ੍ਹਾਂ ਭੋਗ ਦਾ ਮਾਰਗ ਤਿਆਗਣ ਅਤੇ ਜੋਗ ਦਾ ਮਾਰਗ ਗ੍ਰਹਿਣ ਕਰਨ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਪਾਰਲੌਕਿਕ ਸੁਖਾਂ ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਯੁੱਗਾਂ ਅਤੇ ਕਰਮ ਕਾਂਡਾਂ ਦਾ ਖੰਡਨ ਕੀਤਾ।
ਅਹਿੰਸਾ ਪਰਮੋ ਧਰਮਾ (Ahimsa paramo dharma)
ਸਵਾਮੀ ਮਹਾਵੀਰ ਦਾ ਮਾਰਗ ਸੱਚੇ ਤਿਆਗ ਅਤੇ ਸੱਚੀ ਤਪੱਸਿਆ ਦਾ ਮਾਰਗ ਸੀ। ਉਨ੍ਹਾਂ ਸਭ ਤੋਂ ਵਧੇਰੇ ਬਲ ਆਪਣੇ ਪ੍ਰਮੁੱਖ ਵਿਚਾਰ ‘ਅਹਿੰਸਾ ਪਰਮੋ ਧਰਮਾ' ਉੱਪਰ ਦਿੱਤਾ। ਉਨ੍ਹਾਂ ਦੇ ਅਨੁਯਾਈ ਇਸੇ ਕਾਰਨ ਪਾਣੀ ਵੀ ਪੁਣ ਕੇ ਪੀਂਦੇ ਹਨ। ਜੈਨ ਭਿਖਸ਼ੂ ਤਾਂ ਸਿਰ ਦੇ ਵਾਲ ਇੱਕ-ਇੱਕ ਕਰਕੇ ਪੁੱਟਦੇ ਹਨ ਤਾਂ ਜੋ ਕਿਸੇ ਜੀਵ ਦਾ ਘਾਤ ਨਾ ਹੋ ਜਾਵੇ। ਉਹ ਸਾਰੀ ਉਮਰ ਜਤੀ ਰਹਿ ਕੇ ਜੀਵਨ ਗੁਜ਼ਾਰਦੇ ਹਨ ਪਰ ਗ੍ਰਹਿਸਤੀ ਜੀਵਨ ਵਾਲੇ ਜੈਨੀਆਂ ਉੱਪਰ ਅਜਿਹੀਆਂ ਬੰਦਸ਼ਾਂ ਨਹੀਂ ਹਨ।
ਅਨੇਕਤਾਵਾਦ ਦਾ ਸਿਧਾਂਤ ()
ਜੈਨ ਮੱਤ ਦਾ ਅਨੇਕਤਾਵਾਦ ਦਾ ਸਿਧਾਂਤ ਵੀ ਅਹਿੰਸਾ ਨਾਲ ਹੀ ਸੰਬੰਧਤ ਹੈ। ਇਹ ਸਿਧਾਂਤ ਬੌਧਿਕ ਅਹਿੰਸਾ ਵਿੱਚੋਂ ਪੈਦਾ ਹੋਇਆ ਹੈ। ਇਸ ਨਾਲ ਸੰਸਾਰ ਦੀ ਅਸ਼ਾਂਤੀ ਮਿਟ ਸਕਦੀ ਹੈ। ਇਸ ਸਿਧਾਂਤ ਦਾ ਦਾਰਸ਼ਨਿਕ ਆਧਾਰ ਇਹੋ ਹੈ ਕਿ ਹਰ ਗੱਲ ਨੂੰ ਅਨੇਕਾਂ ਦ੍ਰਿਸ਼ਟੀਕੋਣਾਂ ਤੋਂ ਵੇਖਿਆ ਜਾ ਸਕਦਾ ਹੈ। ਇਸੇ ਕਾਰਨ ਕਿਸੇ ਗੱਲ ਨੂੰ ਵੀ ਪੂਰਨ ਤੌਰ 'ਤੇ ਝੂਠ ਜਾਂ ਸੱਚਾ ਨਹੀਂ ਕਿਹਾ ਜਾ ਸਕਦਾ।ਜੈਨੀਆਂ ਦਾ ਸਯਾਦਵਾਦ ਦਾ ਸਿਧਾਂਤ ਵੀ ਅਹਿੰਸਾ ਦੇ ਸਿਧਾਂਤ ਨਾਲ ਹੀ ਜਾ ਜੁੜਦਾ ਹੈ। ਇਸ ਵਿੱਚ ਅਹਿੰਸਾਪੂਰਨ ਸੁਯੋਗ ਭਾਸ਼ਾ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ ਜਾਂਦਾ ਹੈ।
ਈਸ਼ਵਰ ਸੰਬੰਧੀ ਵਿਚਾਰ (The doctrine of pluralism)
ਜੈਨ ਮਤ ਈਸ਼ਵਰ ਨੂੰ ਨਹੀਂ ਮੰਨਦਾ। ਉਨ੍ਹਾਂ ਦਾ ਵਿਚਾਰ ਹੈ ਕਿ ਸੰਸਾਰ ਅਨਾਦੀ ਹੈ ਅਤੇ ਇਹ ਛੇ ਤੱਤਾਂ (ਜੀਵ, ਪੁਦਗਲ, ਧਰਮ, ਅਧਰਮ, ਅਕਾਸ਼, ਕਾਲ) ਦਾ ਬਣਿਆ ਹੋਇਆ ਹੈ। ਇਸ ਅਨੁਸਾਰ ਜੀਵ ਆਤਮਾ ਹੈ ਅਤੇ ਅਜੀਵ ਠੋਸ ਪਦਾਰਥ ਜਾਂ ਸਰੀਰ ਹੈ।ਮੁਕਤੀ ਪ੍ਰਾਪਤੀ ਲਈ ਜੀਵ ਨੂੰ ਅਜੀਵ ਤੋਂ ਵੱਖ ਹੋਣਾ ਹੈ।ਜੀਵ ਅਜੀਵ ਨਾਲ ਤੱਤਾਂ ਦੁਆਰਾ ਬੰਨ੍ਹਿਆ ਹੁੰਦਾ ਹੈ। ਇਹੋ ਉਸ ਨੂੰ ਬੰਧਨ ਵਿੱਚ ਪਾਉਂਦੇ ਹਨ। ਕਰਮਾਂ ਦੇ ਸੰਸਕਾਰਾਂ ਤੋਂ ਨਿਰਲੇਪ ਹੋਣ ਨੂੰ 'ਸੰਵਰ' ਅਤੇ ਪੂਰਬਲੇ ਸੰਸਕਾਰਾਂ ਤੋਂ ਛੁਟਕਾਰਾ ਪਾਉਣ ਦੀ ਸਾਧਨਾ ਨੂੰ 'ਨਿਰਜਰ' ਆਖਦੇ ਹਨ।ਮੁਕਤੀ ਪ੍ਰਾਪਤੀ ਲਈ ਤਿੰਨ ਰਤਨ ਠੀਕ ਗਿਆਨ, ਠੀਕ ਨਿਸਚਾ ਅਤੇ ਠੀਕ ਚਰਿੱਤਰ ਧਾਰਨ ਕਰਨੇ ਪੈਂਦੇ ਹਨ।
ਸਵਾਮੀ ਮਹਾਵੀਰ ਦੇ ਚੇਲੇ (Disciples of Swami Mahavira)
ਸਵਾਮੀ ਮਹਾਵੀਰ ਦੇ ਚੇਲਿਆਂ ਨੂੰ ਤਿਆਗੀ ਅਤੇ ਗ੍ਰਹਿਸਥੀ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ।ਉਨ੍ਹਾਂ ਦੇ ਤਿਆਗੀ ਭਿਖਸ਼ੂ ਸ਼ਿਸ਼ ਅਤੇ ਭਿਖਸ਼ੂ ਸ਼ਿਸ਼ ਇਸਤਰੀਆਂ ਬਹੁਤ ਸਨ। ਇਸੇ ਤਰ੍ਹਾਂ ਉਨ੍ਹਾਂ ਦੇ ਗ੍ਰਹਿਸਥੀ ਚੇਲੇ ਵੀ ਲੱਖਾਂ ਦੀ ਗਿਣਤੀ ਵਿੱਚ ਸਨ। ਉਨ੍ਹਾਂ ਦੇ ਸ਼ਿਸ਼ਾਂ ਵਿੱਚ ਚਾਰੇ ਵਰਣਾਂ ਦੇ ਤਿਆਗੀ ਅਤੇ ਗ੍ਰਹਿਸਥੀ ਇਸਤਰੀ-ਪੁਰਸ਼ ਸ਼ਾਮਲ ਸਨ। ਦਿਗੰਬਰ ਸ਼ਾਸਤਰ ਮਹਾਵੀਰ ਚਰਿੱਤਰ' ਵਿੱਚ ਗਿਆਰਾਂ ਗੰਧਰਵ ਬ੍ਰਾਹਮਣਾਂ ਦੇ ਜੈਨ ਧਰਮ ਨੂੰ ਧਾਰਨ ਕਰਨ ਦਾ ਬਿਰਤਾਂਤ ਮਿਲਦਾ ਹੈ।
ਮਹਾਵੀਰ ਸੁਆਮੀ ਦਾ ਹਰਮਨ ਪਿਆਰੇ ਹੋਣਾ ()
ਹੌਲੀ-ਹੌਲੀ ਮਹਾਵੀਰ ਸੁਆਮੀ ਦੇ ਪ੍ਰਸੰਸਕਾਂ ਦਾ ਘੇਰਾ ਵਧਦਾ ਗਿਆ।ਕਈ ਰਾਜੇ ਅਤੇ ਆਮ ਲੋਕ ਵੀ ਉਨ੍ਹਾਂ ਦੇ ਚੇਲੇ ਬਣੇ। ਰਾਜਾ ਸ਼ਰਨੇਕ (ਬਿੰਬਸਾਰ) ਰਾਜਗਿਰੀ ਦਾ ਰਾਜਾ ਉਨ੍ਹਾਂ ਦਾ ਵੱਡਾ ਸ਼ਰਧਾਲੂ ਸੀ। ਰਾਜਗਿਰੀ ਦੇ ਨਜ਼ਦੀਕ ਵਿਪਲਚਲ ਪਹਾੜ ਉੱਪਰ ਮਹਾਵੀਰ ਸੁਆਮੀ ਦਾ ਡੇਰਾ ਸੀ। ਰਾਜਾ ਆਪਣੀ ਪਰਜਾ ਸਮੇਤ ਉੱਥੇ ਉਪਦੇਸ਼ ਸੁਣਨ ਆਉਂਦਾ ਸੀ। ਮਹਾਵੀਰ ਸਵਾਮੀ ਦੇ ਉਪਦੇਸ਼ ਨਾਲ ਯੱਗ ਵਿੱਚ ਦੇਵਤਿਆਂ ਅੱਗੇ ਪਸ਼ੂਆਂ ਦੀ ਬਲੀ ਦੀ ਥਾਂ ਨਾਰੀਅਲ ਅਤੇ ਹਲਵਾ ਚੜ੍ਹਾਉਣ ਲੱਗ ਪਏ ਸਨ। ਇਸ ਨਾਲ ਦੁਨੀਆ ਵਿੱਚ ਸੁਖ ਤੇ ਸ਼ਾਂਤੀ ਦਾ ਪਸਾਰ ਹੋਇਆ।
ਜੈਨ ਧਰਮ ਦੇ ਗ੍ਰੰਥ (Be loved by Lord Mahavira)
ਜੈਨ ਧਰਮ ਦੇ 50 ਤੋਂ ਵਧੇਰੇ ਗ੍ਰੰਥ ਮੰਨੇ ਗਏ ਹਨ। ਇਨ੍ਹਾਂ ਵਿੱਚ ਅੰਗ-11, ਉਪੰਗ-22, ਚੰਦ-6, ਮੂਲ-ਸੂਤਰ-10, ਹੋਰ ਸੂਤਰ-2 ਹਨ।ਇਨ੍ਹਾਂ ਤੋਂ ਇਲਾਵਾ 10 ਪਕਿਨੱਕ ਹਨ।ਇਨ੍ਹਾਂ ਗ੍ਰੰਥਾਂ ਵਿੱਚ ਜੈਨ ਮੱਤ ਦੇ ਸਿਧਾਂਤ ਮਿਲਦੇ ਹਨ। ਇਨ੍ਹਾਂ ਵਿੱਚ ਹੀ ਮਹਾਵੀਰ ਦੇ ਜੀਵਨ ਤੇ ਤਪੱਸਿਆ ਵੱਲ ਵੀ ਸੰਕੇਤ ਮਿਲਦੇ ਹਨ। ਇਨ੍ਹਾਂ ਗ੍ਰੰਥਾਂ ਵਿੱਚ ਬਹੁਤ ਹੀ ਸੁੰਦਰ ਹਵਾਲਿਆਂ ਅਤੇ ਰੂਪਕਾਂ ਰਾਹੀਂ ਉਪਦੇਸ਼ ਦਿੱਤੇ ਗਏ ਮਿਲਦੇ ਹਨ, ਜਿਵੇਂ:
“ਜਿਵੇਂ ਕੰਵਲ ਸਭ ਤੋਂ ਉੱਤਮ ਫੁੱਲ ਹੈ, ਜਿਵੇਂ ਦੰਤਵਕਰ ਸਭ ਤੋਂ ਸ੍ਰੇਸ਼ਟ
ਖੱਤਰੀ ਹੈ, ਇਵੇਂ ਹੀ ਵਰਧਮਾਨ ਸਭ ਤੋਂ ਉੱਤਮ ਰਿਸ਼ੀ ਹੈ”
ਮਹਾਵੀਰ ਸਵਾਮੀ ਦਾ ਨਿਰਵਾਣ (Nirvana of Mahavir Swami)
ਮਹਾਵੀਰ ਸਵਾਮੀ 72 ਸਾਲ ਦੀ ਉਮਰ ਤੱਕ ਜਨ-ਸੇਵਾ ਅਤੇ ਸਮਾਜ ਕਲਿਆਣ ਲਈ ਪੂਰੀ ਤਰ੍ਹਾਂ ਸਮਰਪਿਤ ਰਹੇ। ਉਨ੍ਹਾਂ ਨੇ ਬਿਕਰਮੀ ਸੰਮਤ ਤੋਂ 470 ਸਾਲ ਪਹਿਲਾਂ ਕੱਤਕ ਵਦੀ ਅਮਾਵਸ ਨੂੰ ਸਵੇਰੇ ਪਾਵਾਪੁਰੀ ਵਿਖੇ ਮੁਕਤੀ ਪ੍ਰਾਪਤ ਕੀਤੀ। ਉਨ੍ਹਾਂ ਦੀ ਯਾਦ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਸਾਰੰਸ਼ (Summary)
ਮਹਾਵੀਰ ਸਵਾਮੀ ਸੰਸਾਰ ਦੇ ਮਹਾਨ ਮਹਾਪੁਰਖਾਂ ਵਿੱਚ ਸ਼ਾਮਲ ਹਨ। ਉਨ੍ਹਾਂ ਨੇ ਸ਼ਾਹੀ ਜੀਵਨ ਦਾ ਤਿਆਗ ਕਰਕੇ ਆਮ ਲੋਕਾਂ ਨੂੰ ਜ਼ਿੰਦਗੀ ਦੇ ਅਸਲੀ ਅਰਥ ਸਮਝਾਏ। ਉਨ੍ਹਾਂ ਨੇ ਅਹਿੰਸਾ ਦਾ ਪ੍ਰਚਾਰ ਕਰਦਿਆਂ ਲੋਕਾਂ ਨੂੰ ਚੰਗੇਰੇ ਕਰਮ ਕਰਨ ਤੇ ਹਰ ਤਰ੍ਹਾਂ ਦੇ ਭੇਦ-ਭਾਵ ਤੋਂ ਉੱਪਰ ਉੱਠ ਕੇ ਜੀਵਨ ਗੁਜ਼ਾਰਨ ਦੀ ਪ੍ਰੇਰਨਾ ਦਿੱਤੀ। ਸ਼ਾਂਤੀ ਦੀ ਸਥਾਪਤੀ ਲਈ ਹਿੰਸਾ ਦਾ ਤਿਆਗ ਕਰਨਾ ਤੇ ਸਾਂਝੀਵਾਲਤਾ ਨੂੰ ਅਪਣਾਉਣਾ ਉਨ੍ਹਾਂ ਦੇ ਬਹੁਤ ਮੁੱਲਵਾਨ ਤੇ ਸਦੀਵੀ ਪ੍ਰਸੰਗਿਕ ਸੰਦੇਸ਼ ਹਨ।
0 Comments