Lord Buddha, "ਭਗਵਾਨ ਬੁੱਧ " Punjabi Essay, Paragraph for Class 8, 9, 10, 11 and 12 Students Examination in 1200 Words.

ਪੰਜਾਬੀ ਨਿਬੰਧ - ਭਗਵਾਨ ਬੁੱਧ 
Lord Buddha



ਰੂਪ-ਰੇਖਾ (Outline)

ਭੂਮਿਕਾ, ਜਨਮ, ਬਚਪਨ ਤੋਂ ਹੀ ਅਧਿਆਤਮਕ ਰੁਚੀ ਵਾਲੇ, ਘਰ ਦਾ ਤਿਆਗ ਕਰਨਾ, ਤਪੱਸਿਆ ਕਰਨੀ, ਗਿਆਨ ਪ੍ਰਾਪਤ ਹੋਣਾ, ਬੁੱਧ ਧਰਮ ਦੀ ਸਥਾਪਨਾ ਤੇ ਪ੍ਰਚਾਰ, ਭਗਵਾਨ ਬੁੱਧ ਦੇ ਕਥਨ, ਬੁੱਧ ਮੱਤ ਦਾ ਮੁੱਖ ਨਿਯਮ, ਕੁਝ ਹੋਰ ਮਹੱਤਵਪੂਰਨ ਨਿਯਮ, ਵਿਦੇਸਾਂ ਵਿੱਚ ਪ੍ਰਚਾਰ, ਦੇਹਾਂਤ, ਸਾਰੰਸ਼


ਭੂਮਿਕਾ (Introduction)

ਭਾਰਤ ਪੀਰਾਂ-ਫ਼ਕੀਰਾਂ ਤੇ ਯੋਧਿਆਂ ਦੀ ਧਰਤੀ ਹੈ। ਇਸ ਧਰਤੀ ਨੇ ਸਮੇਂ-ਸਮੇਂ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਆਪਣੇ ਕਾਰਨਾਮਿਆਂ ਨਾਲ ਸਮੁੱਚੀ ਮਾਨਵਤਾ ਦੀ ਭਲਾਈ ਲਈ ਬਹੁਤ ਹੀ ਅਹਿਮ ਭੂਮਿਕਾ ਨਿਭਾਈ। ਧਾਰਮਿਕ ਸ਼ਖਸੀਅਤਾਂ ਵਿੱਚੋਂ ਮਹਾਤਮਾ ਬੁੱਧ ਦਾ ਨਾਂ ਵੀ ਬਹੁਤ ਸਤਿਕਾਰਤ ਨਾਂ ਹੈ।


ਜਨਮ (Birth)

ਭਗਵਾਨ ਬੁੱਧ ਦਾ ਜਨਮ 624 ਈਸਾ ਪੂਰਵ ਮੰਨਿਆ ਜਾਂਦਾ ਹੈ। ਇਨ੍ਹਾਂ ਦੇ ਜਨਮ ਦੀ ਤਾਰੀਖ਼ ਵੈਸਾਖ ਪੂਰਨਿਮਾ ਹੈ ਜਿਸ ਨੂੰ ਬੁੱਧ ਪੂਰਨਿਮਾ ਵੀ ਕਿਹਾ ਜਾਂਦਾ ਹੈ।ਉਨ੍ਹਾਂ ਦਾ ਜਨਮ ਨੇਪਾਲ ਦੀ ਹੱਦ ਉੱਪਰ ਸਥਾਪਤ ਲੁੰਬਿਨੀ ਵਣ ਵਿੱਚ ਪਿਤਾ ਸੁਧੋਦਨ ਕਪਿਲ ਵਸਤੂ ਅਤੇ ਮਾਤਾ ਮਹਾਮਾਯਾ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਕਪਿਲਵਸਤੂ ਦੇ ਰਾਜਾ ਸਨ। ਗੌਤਮ ਉਨ੍ਹਾਂ ਦੇ ਵੰਸ਼ ਦਾ ਨਾਂ ਸੀ।ਭਗਵਾਨ ਬੁੱਧ ਦਾ ਜਨਮ ਦਾ ਨਾਂ ਸਿਧਾਰਥ ਸੀ ਪਰ ਜਦੋਂ ਉਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਤਾਂ ਉਨ੍ਹਾਂ ਨੂੰ ‘ਬੁੱਧ ਦੀ ਉਪਾਧੀ ਪ੍ਰਾਪਤ ਹੋਈ। ਭਗਵਾਨ ਬੁੱਧ ਨੂੰ ਸ਼ਾਕਯਮੁਨੀ ਵੀ ਕਿਹਾ ਜਾਂਦਾ ਹੈ।


ਬਚਪਨ ਤੋਂ ਹੀ ਅਧਿਆਤਮਕ ਰੁਚੀ ਵਾਲੇ (Spiritually interested since childhood)

ਭਗਵਾਨ ਬੁੱਧ ਬਚਪਨ ਤੋਂ ਹੀ ਅਧਿਆਤਮਕ ਰੁਚੀ ਵਾਲੇ ਸਨ। ਉਹ ਬਹੁਤ ਹੀ ਭਾਵੁਕ ਅਨੁਭਵ ਵਾਲੇ ਸਨ।ਸਿਧਾਰਥ ਰਾਜ ਕੁਮਾਰ ਦਾ ਵਿਆਹ 19 ਵਰ੍ਹਿਆਂ ਦੀ ਉਮਰ ਵਿੱਚ ਯਸ਼ੋਧਰਾ ਨਾਲ ਹੋਇਆ ਸੀ। ਉਨ੍ਹਾਂ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਰਾਹੁਲ ਰੱਖਿਆ ਗਿਆ ਸੀ। ਇੱਕ ਦਿਨ ਨਗਰ ਦੀ ਯਾਤਰਾ ਦੌਰਾਨ ਉਨ੍ਹਾਂ ਕੁਝ ਵਚਿੱਤਰ ਦ੍ਰਿਸ਼ ਵੇਖੇ।ਇਨ੍ਹਾਂ ਵਿੱਚ ਉਨ੍ਹਾਂ ਪਹਿਲਾਂ ਇੱਕ ਬਹੁਤ ਹੀ ਨਿਰਬਲ ਅਤੇ ਬਿਰਧ ਮਨੁੱਖ ਨੂੰ ਵੇਖਿਆ, ਫਿਰ ਇੱਕ ਰੋਗੀ ਨੂੰ ਵੇਖਿਆ, ਉਸ ਉਪਰੰਤ ਮ੍ਰਿਤਕ ਸਰੀਰ ਦੀ ਅਰਥੀ ਵੇਖੀ। ਇਨ੍ਹਾਂ ਦ੍ਰਿਸ਼ਾਂ ਸੰਬੰਧੀ ਉਨ੍ਹਾਂ ਦੇ ਸਾਰਥੀ ਚੰਨਾ ਨੇ ਦੱਸਿਆ ਹੈ ਕਿ ਹਰ ਮਨੁੱਖ ਨਾਲ ਅਖ਼ੀਰ ਇਹੋ ਵਾਪਰਨਾ ਹੈ।


ਘਰ ਦਾ ਤਿਆਗ ਕਰਨਾ (Abandonment of home)

ਨਗਰ ਵਿਚਲੇ ਦ੍ਰਿਸ਼ਾਂ ਨੂੰ ਵੇਖਣ ਮਗਰੋਂ ਸਿਧਾਰਥ ਰਾਜ ਕੁਮਾਰ ਦਾ ਮਨ ਬਹੁਤ ਵਿਆਕੁਲ ਰਹਿਣ ਲੱਗਾ। ਉਹ ਸੋਚਦੇ ਸਨ ਕਿ ਇਹ ਨਾਸ਼ਵਾਨ ਸੰਸਾਰ ਦੁੱਖਾਂ ਦਾ ਘਰ ਹੈ। ਉਨ੍ਹਾਂ ਨੇ ਸੋਚਿਆ ਕਿ ਮਨੁੱਖ ਨੂੰ ਸੰਸਾਰ ਦੇ ਦੁੱਖਾਂ ਤੋਂ ਮੁਕਤੀ ਕਿਵੇਂ ਮਿਲ ਸਕਦੀ ਹੈ ? ਉਨ੍ਹਾਂ ਦਾ ਵਿਚਾਰ ਸੀ ਕਿ ਆਮ ਧਾਰਮਕ ਕਰਮ ਕਾਂਡਾਂ ਨਾਲ ਅਤੇ ਵਿਸ਼ੇਸ਼ ਕਰਕੇ ਯੱਗਾਂ ਅਤੇ ਆਹੂਤੀਆਂ ਨਾਲ ਇਨ੍ਹਾਂ ਦੁਨਿਆਵੀ ਦੁੱਖਾਂ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ।ਉਹ ਕਈ ਸਾਲ ਇਸੇ ਡੂੰਘੀ ਸੋਚ ਵਿੱਚ ਪਏ ਰਹੇ। ਅਖ਼ੀਰ ਅਠਾਈ ਸਾਲ ਦੀ ਉਮਰ ਵਿੱਚ ਇੱਕ ਦਿਨ ਉਹ ਆਪਣੀ ਪਤਨੀ ਤੇ ਪੁੱਤਰ ਨੂੰ ਸੁੱਤਿਆਂ ਛੱਡ ਕੇ ਚੁੱਪ-ਚਾਪ ਰਾਜ ਮਹਿਲ ਵਿੱਚੋਂ ਨਿਕਲ ਕੇ ਜੰਗਲਾਂ ਵੱਲ ਚਲੇ ਗਏ।


ਤਪੱਸਿਆ ਕਰਨੀ (To do penance)

ਰਾਜ ਕੁਮਾਰ ਸਿਧਾਰਥ ਬਿਹਾਰ ਪ੍ਰਾਂਤ ਦੇ ਕਈ ਜੰਗਲਾਂ ਵਿੱਚ ਇੱਕ ਜਗਿਆਸੂ ਵਾਂਗ ਕਠਨ ਤਪੱਸਿਆ ਕਰਦੇ ਰਹੇ। ਉਨ੍ਹਾਂ ਨੇ ਪੈਦਲ ਯਾਤਰਾ ਕਰਦਿਆਂ ਕਈ ਦਾਰਸ਼ਨਿਕ ਵਿਦਵਾਨਾਂ ਨਾਲ ਵਾਰਤਾਲਾਪ ਕੀਤੀ, ਪਰ ਉਹ ਕਿਸੇ ਤੋਂ ਵੀ ਸੰਤੁਸ਼ਟ ਨਾ ਹੋਏ। ਉਨ੍ਹਾਂ ਦਾ ਮਿਲਾਪ ਰਾਜਾ ਬਿੰਬਸਾਰ ਨਾਲ ਹੋਇਆ ਜਿਸ ਨੇ ਉਨ੍ਹਾਂ ਨੂੰ ਘਰ ਜਾ ਕੇ ਗ੍ਰਹਿਸਥ ਜੀਵਨ ਨਿਭਾਉਣ ਦੀ ਪ੍ਰੇਰਨਾ ਦਿੱਤੀ ਪਰੰਤੂ ਸਿਧਾਰਥ ਨੇ ਆਪਣੀ ਤਪੱਸਿਆ ਅਤੇ ਸ਼ਾਂਤੀ ਦੀ ਖੋਜ ਜਾਰੀ ਰੱਖੀ।


ਗਿਆਨ ਪ੍ਰਾਪਤ ਹੋਣਾ (Gain knowledge)

ਲੋਕਾਂ ਦਾ ਵਿਸ਼ਵਾਸ ਹੈ ਕਿ ਕਈ ਸਾਲਾਂ ਦੀ ਘੋਰ ਤਪੱਸਿਆ ਮਗਰੋਂ ਪੈਂਤੀ ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਬਿਹਾਰ ਦੇ ਗਯਾ ਦੇ ਤੀਰਥ ਸਥਾਨ ਉੱਪਰ ਇੱਕ ਪਿੱਪਲ ਦੇ ਬਿਰਛ ਹੇਠਾਂ ਧਿਆਨ ਵਿੱਚ ਬੈਠਿਆਂ ਨੂੰ ਗਿਆਨ ਦਾ ਪ੍ਰਕਾਸ਼ ਹੋਇਆ। ਇਹ ਬਿਰਛ ਹੁਣ ਵੀ ਬੋਧੀ ਬਿਰਛ ਕਰਕੇ ਪ੍ਰਸਿੱਧ ਹੈ। ਇਸ ਬਿਰਛ ਦੀਆਂ ਜੜ੍ਹਾਂ ਵਿੱਚੋਂ ਨਿਕਲੇ ਬੂਟੇ ਦੂਸਰੇ ਬੋਧੀ ਦੇਸਾਂ ਨੂੰ ਭਾਰਤ ਵੱਲੋਂ ਇੱਕ ਪਵਿੱਤਰ ਸੁਗਾਤ ਵਜੋਂ ਭੇਟ ਕੀਤੇ ਜਾਂਦੇ ਹਨ। ਇਸੇ ਪ੍ਰਕਾਸ਼ ਸਦਕਾ ਹੀ ਗਯਾ ਦਾ ਨਾਂ ਵੀ ‘ਬੋਧ ਗਯਾ' ਹੋ ਗਿਆ।ਇੱਥੋਂ ਪ੍ਰਾਪਤ ਗਿਆਨ ਦਾ ਭਗਵਾਨ ਬੁੱਧ ਨੇ ਸੰਸਾਰ ਭਰ ਵਿੱਚ ਪ੍ਰਚਾਰ ਕੀਤਾ।


ਬੁੱਧ ਧਰਮ ਦੀ ਸਥਾਪਨਾ ਤੇ ਪ੍ਰਚਾਰ (Establishment and Propagation of Buddhism)

ਗਿਆਨ ਪ੍ਰਾਪਤੀ ਉਪਰੰਤ ਮਹਾਤਮਾ ਬੁੱਧ ਨੇ ਦੇਸ ਅਤੇ ਵਿਦੇਸ ਵਿੱਚ ਪ੍ਰਾਪਤ ਗਿਆਨ ਦਾ ਪ੍ਰਚਾਰ ਕੀਤਾ।ਉਨ੍ਹਾਂ ਨੇ ਅਹਿੰਸਾ, ਸ਼ਾਂਤੀ ਅਤੇ ਪਵਿੱਤਰ ਜੀਵਨ ਦਾ ਪ੍ਰਚਾਰ ਕੀਤਾ।ਇਹੋ ਵਿਚਾਰ ਬੁੱਧ ਧਰਮ ਦੀ ਬੁਨਿਆਦ ਬਣੇ। ਉਨ੍ਹਾਂ ਸਭ ਤੋਂ ਪਹਿਲਾਂ ਪ੍ਰਾਪਤ ਗਿਆਨ ਦਾ ਪ੍ਰਚਾਰ ਬਨਾਰਸ (ਕਾਸ਼ੀ) ਨਗਰ ਦੇ ਨੇੜੇ ਇੱਕ ਬਾਗ਼ ਵਿੱਚ ਕੀਤਾ। ਇਸ ਦਾ ਨਾਂ ਸਾਰਨਾਥ ਹੈ। ਇਸੇ ਸਥਾਨ ਨੂੰ ਬੁੱਧ ਧਰਮ ਦੇ ਕੇਂਦਰ ਵਜੋਂ ਭਾਰਤ ਵਿੱਚ ਵਿਕਸਤ ਕੀਤਾ ਗਿਆ। ਸਮਰਾਟ ਅਸ਼ੋਕ ਨੇ ਇਸੇ ਥਾਂ ਵਿਸ਼ਾਲ ਆਸ਼ਰਮ ਬਣਵਾਇਆ।ਇਸੇ ਸਥਾਨ ਉੱਪਰ ਭਗਵਾਨ ਬੁੱਧ ਦੇ ਪਹਿਲੇ ਸਰੋਤੇ ਪੰਜ ਭਿਕਸ਼ੂ ਸਨ, ਜਿਨ੍ਹਾਂ ਨੇ ਉਹ ਗਿਆਨ ਸੁਣ ਕੇ ਹਿਰਦੇ ਵਿੱਚ ਵਸਾਇਆ ਅਤੇ ਫਿਰ ਆਪ ਇਸ ਦਾ ਪ੍ਰਚਾਰ ਕੀਤਾ। ਭਗਵਾਨ ਬੁੱਧ ਦੇ ਇਸ ਪਹਿਲੇ ਵਖਿਆਨ ਨੂੰ ਧਰਮ ਚੱਕਰ ਪਰਿਵਰਤਨ ਦਾ ਨਾਂ ਵੀ ਦਿੱਤਾ ਗਿਆ ਹੈ।


ਭਗਵਾਨ ਬੁੱਧ ਦੇ ਕਥਨ (Sayings of Lord Buddha)

ਮਹਾਤਮਾ ਬੁੱਧ ਨੇ ਲੋਕਾਂ ਨੂੰ ਦਇਆ ਭਰਪੂਰ ਅਤੇ ਪਵਿੱਤਰ ਜੀਵਨ ਗੁਜ਼ਾਰਨ ਲਈ ਪ੍ਰੇਰਿਆ ਜਿਸ ਨਾਲ ਦੁੱਖ ਦੂਰ ਹੁੰਦੇ ਹਨ ਅਤੇ ਮਨੁੱਖ ਜਨਮ ਦੇ ਬੰਧਨਾਂ ਤੋਂ ਮੁਕਤ ਹੋ ਕੇ ਨਿਰਵਾਨ ਪਦ ਪ੍ਰਾਪਤ ਕਰ ਲੈਂਦਾ ਹੈ। ਭਗਵਾਨ ਬੁੱਧ ਦੇ ਮਗਰੋਂ ਉਨ੍ਹਾਂ ਦੇ ਵਿਚਾਰਾਂ ਨੂੰ ਤਿੰਨ ਸੰਗ੍ਰਹਿਆਂ ਵਿੱਚ ਇਕੱਠੇ ਕੀਤਾ ਗਿਆ। ਇਨ੍ਹਾਂ ਨੂੰ ਪਿਟਕਾ ਜਾਂ ਪਟਾਰੀਆਂ ਆਖਦੇ ਹਨ। ਇਨ੍ਹਾਂ ਦੇ ਨਾਂ ਸੁਤ ਪਿਟਕਾ, ਵਿਨਯ ਪਿਟਕਾ ਅਤੇ ਅਭਿਧਮ ਪਿਟਕਾ ਹਨ। ਇਨ੍ਹਾਂ ਸੰਗ੍ਰਹਿਆਂ ਵਿੱਚ ਬੁੱਧ ਮੱਤ ਦੀ ਮੁਢਲੀ ਸਿੱਖਿਆ ਅੰਕਿਤ ਕੀਤੀ ਗਈ ਹੈ।ਹਰ ਸੰਗ੍ਰਹਿ ਵਿੱਚ ਕਈ ਗ੍ਰੰਥ ਸ਼ਾਮਲ ਹਨ ਜਿਨ੍ਹਾਂ ਨੂੰ ਨਿਕਾਯਾ ਜਾ ਕਾਯਾ ਆਖਦੇ ਹਨ।ਇਨ੍ਹਾਂ ਵਿੱਚ ਮਨੋਵਿਗਿਆਨਕ, ਨੀਤੀ ਅਤੇ ਦਾਰਸ਼ਨਿਕ ਵਿਚਾਰਾਂ ਨੂੰ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਗ੍ਰੰਥਾਂ ਦੀ ਭਾਸ਼ਾ ਸੰਸਕ੍ਰਿਤ ਨਹੀਂ ਬਲਕਿ ਉਸ ਸਮੇਂ ਦੀ ਪ੍ਰਾਕ੍ਰਿਤ ਪਾਲੀ ਹੈ।ਭਾਸ਼ਾ ਦੀ ਇਹ ਚੋਣ ਵੀ ਇਸ ਗੱਲ ਦਾ ਸੰਕੇਤ ਸੀ ਕਿ ਧਰਮ ਕੇਵਲ ਵਿਦਵਾਨਾਂ ਦਾ ਨਹੀਂ ਬਲਕਿ ਸਭ ਦਾ ਸਾਂਝਾ ਹੈ। ਮਹਾਤਮਾ ਬੁੱਧ ਕਿਸੇ ਨੂੰ ਜਨਮ ਤੋਂ ਬ੍ਰਾਹਮਣ ਜਾਂ ਸ਼ੂਦਰ ਨਹੀਂ ਸਮਝਦੇ ਸਨ ਬਲਕਿ ਉਹ ਹਰ ਇੱਕ ਮਨੁੱਖ ਨੂੰ ਉਸ ਦੇ ਕਰਮਾਂ ਅਨੁਸਾਰ ਹੀ ਉੱਚਾ ਜਾਂ ਨੀਵਾਂ ਸਥਾਨ ਦਿੰਦੇ ਸਨ।


ਬੁੱਧ ਮੱਤ ਦੇ ਮੁੱਖ ਨਿਯਮ (The main tenets of Buddhism)

ਬੁੱਧ ਮੱਤ ਦਾ ਮਹਾਨ ਨੈਤਿਕ ਗ੍ਰੰਥ ਧਮਪਦ (ਧਰਮ ਮਾਰਗ) ਹੈ। ਇਸ ਦੀ ਭਾਸ਼ਾ ਪਾਲੀ ਹੈ ਅਤੇ ਇਸ ਦੇ ਕਈ ਅਧਿਆਇ ਹਨ ਜਿਨ੍ਹਾਂ ਨੂੰ ਵੱਗ ਜਾਂ ਵਰਗ ਕਿਹਾ ਜਾਂਦਾ ਹੈ। ਭਗਵਾਨ ਬੁੱਧ ਨੇ ਨੀਤੀ ਜਾਂ ਸੁੱਚੇ ਆਚਰਨ ਸੰਬੰਧੀ ਚਾਰ ਬੁਨਿਆਦੀ ਅਸੂਲ ਦੱਸੇ ਹਨ ਜੋ ਇਹ ਹਨ : ਅਹਿੰਸਾ, ਪਰਾਈ ਵਸਤ ਨਾ ਲੈਣਾ, ਸੁੱਚਾ ਆਚਰਨ ਰੱਖਣਾ, ਝੂਠ ਨਾ ਬੋਲਣਾ। ਇਸੇ ਤਰ੍ਹਾਂ ਨੈਤਿਕ ਨਿਯਮਾਂ ਦਾ ਇੱਕ ਹੋਰ ਸਿਲਸਿਲਾ ਹੈ ਜਿਸ ਨੂੰ ਪੰਚਸ਼ੀਲ ਆਖਦੇ ਹਨ। ਇਨ੍ਹਾਂ ਵਿੱਚ ਅਹਿੰਸਾ, ਚੋਰੀ ਨਾ ਕਰਨਾ, ਬ੍ਰਹਮਚਰਯ, ਸੱਚ ਬੋਲਣਾ ਅਤੇ ਨਸ਼ਿਆਂ ਤੋਂ ਬਚਣਾ ਹਨ।ਇਸ ਜੀਵਨ-ਨੀਤੀ ਨੂੰ ਉਨ੍ਹਾਂ ਮਧਯ ਮਾਰਗ ਕਿਹਾ ਜਿਸ ਦਾ ਅਰਥ ਹੈ ਕਿ ਮਨੁੱਖ ਨੂੰ ਜੀਵਨ ਵਿੱਚ ਨਾ ਵਧੇਰੇ ਵਿਰੁਕਤਤਾ ਧਾਰਨੀ ਚਾਹੀਦੀ ਹੈ ਤੇ ਨਾ ਸਰੀਰਕ ਭੋਗਾਂ ਵਿੱਚ ਖੁਭਣਾ ਚਾਹੀਦਾ ਹੈ ਬਲਕਿ ਸਵੱਛ ਤਰੀਕੇ ਨਾਲ ਜੀਵਨ ਗੁਜ਼ਾਰਨਾ ਚਾਹੀਦਾ ਹੈ। ਅਜਿਹੀ ਨੀਤੀ ਉੱਪਰ ਚੱਲਣ ਵਾਲੇ ਮਨੁੱਖ ਨੂੰ 'ਅਨਾਗਮਿਨ' ਆਖਦੇ ਹਨ ਅਰਥਾਤ ਉਹ ਮਨੁੱਖ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ। ਉੱਚ ਜੀਵਨ ਅਤੇ ਬੁੱਧੀ ਵਾਲੇ ਮਨੁੱਖ ਨੂੰ ਅਰਹਤਾ ਤੇ ਇਸ ਤੋਂ ਵੀ ਉਚੇਰੇ ਸਥਾਨ ਵਾਲੇ ਨੂੰ ‘ਬੋਧੀਸਤਵ’ ਆਖਦੇ ਹਨ। ਅਜਿਹਾ ਮਨੁੱਖ ਦਇਆ ਭਾਵਨਾ ਨਾਲ ਮਨੁੱਖਤਾ ਦੇ ਕਲਿਆਣ ਵਾਸਤੇ ਹੀ ਜਨਮ ਧਾਰਦਾ ਹੈ।


ਕੁਝ ਹੋਰ ਮਹੱਤਵਪੂਰਨ ਨਿਯਮ (Some more important rules)

ਬੁੱਧ ਮੱਤ ਅਨੁਸਾਰ ਮਨੁੱਖ ਨੂੰ ਆਪਣੇ ਜੀਵਨ ਦੀਆਂ ਬੇੜੀਆਂ ਕੱਟਣ ਲਈ ਤ੍ਰਿਸ਼ਨਾ ਜਾਂ ਲਾਲਸਾ (ਤੰਮ੍ਹਾ) ਦਾ ਤਿਆਗ ਕਰਨਾ ਪੈਂਦਾ ਹੈ। ਬੁੱਧ ਧਰਮ ਦੇ ਅਸੂਲ ਹਰ ਮਨੁੱਖ ਲਈ ਹੋਣ ਕਰਕੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ। ਮਹਾਤਮਾ ਬੁੱਧ ਨੇ ਦਇਆ ਭਾਵਨਾ, ਪਵਿੱਤਰ ਖ਼ਿਆਲਾਂ, ਚੇਤੰਨਤਾ, ਉੱਚੇ ਆਦਰਸ਼ਾਂ, ਚੰਗੇ ਕਰਮ ਕਰਨ, ਭਰਮਾਂ ਭੁਲੇਖਿਆਂ ਦਾ ਤਿਆਗ, ਵਾਸਨਾ ਰਹਿਤ ਜੀਵਨ, ਬੁਰਾਈਆਂ ਤੋਂ ਦੂਰੀ, ਸੱਚੇ ਤੇ ਪ੍ਰੇਮ ਭਰੇ ਵਚਨਾਂ, ਸੰਗ (ਸੰਗਤ) ਦੀ ਮਹੱਤਤਾ ਆਦਿ ਨੂੰ ਜੀਵਨ-ਜਾਚ ਦਾ ਆਧਾਰ ਬਣਾਉਣ ਲਈ ਪ੍ਰੇਰਿਆ। ਇਸ ਜੀਵਨ ਜਾਚ ਦੇ ਅੱਠ ਮੁੱਖ ਅੰਗ ਹੋਣ ਕਰਕੇ ਇਸ ਨੂੰ ਅਸ਼ਟ ਮਾਰਗ ਵੀ ਕਿਹਾ ਜਾਂਦਾ ਹੈ। ਭਗਵਾਨ ਬੁੱਧ ਦਾ ਕਥਨ ‘ਨਿਬਾਣੰ ਪਰਮੰ ਸੁਖ ਦਾ ਭਾਵ ਹੈ ਕਿ ਨਿਰਵਾਨ ਦੀ ਪ੍ਰਾਪਤੀ ਹੀ ਪਰਮ ਸੁਖ ਹੈ। ਉਨ੍ਹਾਂ ਅਨੁਸਾਰ ਅਜਨਮ, ਅਨਾਸੂ ਸਥਿਤੀ ਦਾ ਨਾਂ ਹੀ ਨਿਰਵਾਣ ਹੈ। ਇਸ ਤਰ੍ਹਾਂ ਭਗਵਾਨ ਬੁੱਧ ਨੇ ਮਨੁੱਖ ਨੂੰ ਆਪਣੇ ਯਤਨਾਂ ਨਾਲ ਹੀ ਮੁਕਤੀ ਅਤੇ ਨਿਰਵਾਣ ਪ੍ਰਾਪਤ ਕਰਨ ਦਾ ਸੰਦੇਸ਼ ਦਿੱਤਾ। ਪਵਿੱਤਰ ਗ੍ਰੰਥ ਧਮਪਦ ਵਿੱਚ ਯਮਕ ਵੱਗੋ ਚਿੱਤ ਵੱਗੋ, ਪੁੱਛ ਵੱਗੇ, ਬਾਲ ਵੱਗੋ, ਪੰਡਿਤ ਵੱਗੇ, ਅਰਹਤ ਵੱਗੋ, ਪਾਪ ਵੱਗੋ, ਅੱਤ ਵੱਗੋ, ਲੋਕ ਵੱਗੋ, ਬੁੱਧ ਵੱਗੋ, ਕ੍ਰੋਧ ਵੱਗੋ, ਮੱਧ ਵੱਗੋ, ਨਾਰ ਵੱਗ ਆਦਿ ਅਧਿਆਇਆਂ ਵਿੱਚ ਵੱਖ-ਵੱਖ ਰੂਪਕਾਂ ਰਾਹੀਂ ਮਨੁੱਖਤਾ ਨੂੰ ਸਿੱਖਿਆ ਪ੍ਰਦਾਨ ਕੀਤੀ ਗਈ ਹੈ।


ਵਿਦੇਸਾਂ ਵਿੱਚ ਪ੍ਰਚਾਰ (Promotion abroad)

ਬੁੱਧ ਮੱਤ ਦਾ ਵਿਦੇਸਾਂ ਵਿੱਚ ਵੀ ਬਹੁਤ ਪ੍ਰਚਾਰ ਕੀਤਾ ਗਿਆ। ਇਸ ਵਿਚਲੇ ਨਿਯਮਾਂ ਨੂੰ ਬਹੁਤ ਸਾਰੇ ਦੇਸਾਂ ਦੇ ਲੋਕਾਂ ਨੇ ਪ੍ਰਵਾਨ ਕੀਤਾ। ਇਨ੍ਹਾਂ ਵਿੱਚ ਭਾਰਤ ਤੋਂ ਇਲਾਵਾ, ਸ੍ਰੀਲੰਕਾ, ਬਰਮਾ, ਤਿੱਬਤ, ਥਾਈਲੈਂਡ ਤੇ ਜਾਪਾਨ ਆਦਿ ਸ਼ਾਮਲ ਹਨ। ਅਜੋਕੇ ਸਮੇਂ ਵਿੱਚ ਪੱਛਮੀ ਦੇਸਾਂ ਵਿੱਚ ਵੀ ਇਸ ਦਾ ਅਧਿਐਨ ਕੀਤਾ ਜਾ ਰਿਹਾ ਹੈ।


ਦੇਹਾਂਤ (Death)

ਮਹਾਤਮਾ ਬੁੱਧ ਨੇ ਇਸ ਨਾਸ਼ਵਾਨ ਸੰਸਾਰ ਵਿੱਚ ਅੱਸੀ ਸਾਲ ਦੀ ਉਮਰ ਭੋਗੀ।544 ਈਸਾ ਪੂਰਵ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।


ਸਾਰੰਸ਼ (Summary)

ਮਹਾਤਮਾ ਬੁੱਧ ਜੀ ਨੇ ਆਪਣਾ ਸ਼ਾਹੀ ਜੀਵਨ ਤਿਆਗ ਕੇ ਕਠਨ ਤਪੱਸਿਆ ਕੀਤੀ।ਉਨ੍ਹਾਂ ਗਿਆਨ ਦੀ ਪ੍ਰਾਪਤੀ ਉਪਰੰਤ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਆਪਣੇ ਮੁੱਲਵਾਨ ਵਿਚਾਰਾਂ ਰਾਹੀਂ ਲੋਕਾਂ ਨੂੰ ਆਪਣਾ ਜੀਵਨ ਸਫਲ ਕਰਨ ਦੀ ਪ੍ਰੇਰਨਾ ਦਿੱਤੀ।


Post a Comment

0 Comments