ਸਿਹਤ ਵਿਭਾਗ ਨੂੰ ਇੱਕ ਬਿਨੈ-ਪੱਤਰ ਲਿਖੋ ਕਿ ਤੁਹਾਡੇ ਇਲਾਕੇ ਵਿੱਚ ਲੋਕਾਂ ਨੂੰ ਸਿਹਤ ਸੰਬੰਧੀ ਜਾਣਕਾਰੀ ਦੇਣ ਲਈ ਛੁੱਟੀ ਵਾਲੇ ਦਿਨ ਕੋਈ ਕੈਂਪ ਲਾਇਆ ਜਾਵੇ।

ਨਿਰਦੇਸ਼ਕ ਸਿਹਤ ਵਿਭਾਗ ਨੂੰ ਇੱਕ ਬਿਨੈ-ਪੱਤਰ ਲਿਖੋ ਕਿ ਤੁਹਾਡੇ ਇਲਾਕੇ ਵਿੱਚ ਲੋਕਾਂ ਨੂੰ ਸਿਹਤ ਸੰਬੰਧੀ ਜਾਣਕਾਰੀ ਦੇਣ ਲਈ ਛੁੱਟੀ ਵਾਲੇ ਦਿਨ ਕੋਈ ਕੈਂਪ ਲਾਇਆ ਜਾਵੇ।



ਪਰੀਖਿਆ ਭਵਨ,

ਸ਼ਹਿਰ।

17.03.20...


ਸੇਵਾ ਵਿਖੇ,

ਨਿਰਦੇਸ਼ਕ ਸਾਹਿਬ,

ਸਿਹਤ ਵਿਭਾਗ,

ਸ਼ਹਿਰ।


ਵਿਸ਼ਾ : ਇਲਾਕੇ ਵਿੱਚ ਸਿਹਤ ਸੰਬੰਧੀ ਜਾਣਕਾਰੀ ਦੇਣ ਲਈ ਕੈਂਪ ਲਾਉਣ ਸੰਬੰਧੀ। 


ਸ੍ਰੀਮਾਨ ਜੀ,

ਬੇਨਤੀ ਹੈ ਕਿ ਸਾਡੇ ਇਲਾਕੇ ਦੇ ਪਿੰਡ ਸ਼ਹਿਰ ਤੋਂ ਕਾਫ਼ੀ ਦੂਰ ਪੈਂਦੇ ਹਨ। ਲੋਕਾਂ ਨੂੰ ਆਪਣੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਲਈ ਵਧੇਰੇ ਕਰ ਕੇ ਦੂਰ ਸ਼ਹਿਰ ਹੀ ਜਾਣਾ ਪੈਂਦਾ ਹੈ। ਬਾਕੀ ਅਜੋਕੇ ਸਮੇਂ ਦੌਰਾਨ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਹਨ ਜਿਨ੍ਹਾਂ ਸੰਬੰਧੀ ਜੇਕਰ ਜਾਣਕਾਰੀ ਹੋਵੇ ਤਾਂ ਬਚਿਆ ਜਾ ਸਕਦਾ ਹੈ ; ਜਿਵੇਂ— ਅੱਜ-ਕੱਲ੍ਹ ਹਰ ਤੀਜਾ ਚੌਥਾ ਮਨੁੱਖ ਸ਼ੂਗਰ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਹੈ। ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਦਾ ਭਾਰ ਬਹੁਤ ਵੱਧ ਹੈ। ਲੋਕਾਂ ਨੂੰ ਖਾਣ-ਪੀਣ ਸੰਬੰਧੀ ਕੋਈ ਬਹੁਤ ਗਿਆਨ ਨਹੀਂ ਹੈ। ਇਸੇ ਤਰ੍ਹਾਂ ਲੋਕ ਦੰਦਾਂ ਜਾਂ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਲੋਕਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਕਦੋਂ ਡਾਕਟਰ ਕੋਲ ਜਾਣਾ ਚਾਹੀਦਾ ਹੈ। ਇੰਜ ਜਦੋਂ ਉਹ ਡਾਕਟਰ ਕੋਲ ਪਹੁੰਚਦੇ ਹਨ ਤਾਂ ਬਿਮਾਰੀ ਕਾਫ਼ੀ ਵੱਧ ਚੁੱਕੀ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਇਲਾਜ ਲੰਬਾ ਤੇ ਮਹਿੰਗਾ ਵੀ ਹੋ ਜਾਂਦਾ ਹੈ।

ਅਜਿਹੀਆਂ ਸਥਿਤੀਆਂ ਵਿੱਚ ਮੇਰੀ ਆਪ ਨੂੰ ਬੇਨਤੀ ਹੈ ਕਿ ਤੁਸੀਂ ਸਾਡੇ ਇਲਾਕੇ ਦੇ ਕੁਝ ਪਿੰਡਾਂ ਵਿੱਚ ਕਿਸੇ ਛੁੱਟੀ ਵਾਲੇ ਦਿਨ ਇੱਕ ਸਾਂਝਾ ਕੈਂਪ ਲਾਵੋ। ਇਸ ਵਿੱਚ ਲੋਕਾਂ ਨੂੰ ਵੱਖ-ਵੱਖ ਮਾਹਰਾਂ ਵੱਲੋਂ ਸਿਹਤ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਪਿੰਡਾਂ ਦੇ ਭੋਲੇ ਭਾਲੇ ਲੋਕ ਬਿਮਾਰੀਆਂ ਦੀ ਜਕੜ ਵਿੱਚ ਆਉਣ ਤੋਂ ਕੁਝ ਬਚ ਸਕਣ। ਮੇਰੀ ਆਪ ਨੂੰ ਬੇਨਤੀ ਹੈ ਕਿ ਤੁਸੀਂ ਇਸ ਸੰਬੰਧੀ ਕੋਈ ਤਾਰੀਖ ਨਿਸਚਤ ਕਰੋ। ਸਾਡੇ ਇਲਾਕਾ ਵਾਸੀ, ਪੰਚਾਇਤਾਂ ਤੇ ਕਲੱਬਾਂ ਵਾਲੇ ਇਸ ਸੰਬੰਧੀ ਤੁਹਾਡੇ ਨਾਲ ਪੂਰਾ ਸਹਿਯੋਗ ਕਰਨਗੇ। ਸਾਡੇ ਵੱਲੋਂ ਮਾਹਰਾਂ ਲਈ ਸਾਰੇ ਲੋੜੀਂਦੇ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੇ ਜਾਣਗੇ।

ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਲਾਕੇ ਦੇ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਸਮਝਦਿਆਂ ਛੇਤੀ ਤੋਂ ਛੇਤੀ ਕੈਂਪ ਲਾ ਕੇ ਲੋਕਾਂ ਨੂੰ ਬਿਮਾਰੀਆਂ ਪ੍ਰਤੀ ਸੁਚੇਤ ਕਰੋਗੇ। ਇਸ ਲਈ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।

ਤੁਹਾਡਾ ਵਿਸ਼ਵਾਸ ਪਾਤਰ,

ੳ, ਅ, ੲ


Post a Comment

0 Comments