Lohri Da Tiyuhar "ਲੋਹੜੀ ਦਾ ਤਿਉਹਾਰ" Punjabi Essay, Paragraph for Class 8, 9, 10, 11 and 12 Students Examination in 1200 Words.

ਪੰਜਾਬੀ ਨਿਬੰਧ - ਲੋਹੜੀ ਦਾ ਤਿਉਹਾਰ 
Lohri Da Tiyuhar




ਰੂਪ-ਰੇਖਾ (Outline)

ਭੂਮਿਕਾ, ਲੋਹੜੀ ਦਾ ਸ਼ਾਬਦਿਕ ਅਰਥ, ਲੋਹੜੀ ਦੀ ਪਰੰਪਰਾ, ਦੁੱਲੇ ਭੱਟੀ ਨਾਲ ਸੰਬੰਧ, ਲੋਹੜੀ ਮੰਗਣੀ, ਧੀਆਂ ਨੂੰ ਲੋਹੜੀ ਦੇਣੀ, ਲੋਹੜੀ ਵੰਡਣ ਦੇ ਮੌਕੇ, ਪਿੰਡਾਂ ਵਿਚਲੀ ਲੋਹੜੀ ਦੀ ਵਿਲੱਖਣਤਾ, ਧੀਆਂ ਦੀ ਲੋਹੜੀ, ਸਾਰੰਸ਼।


ਭੂਮਿਕਾ (Introduction)

ਭਾਰਤ ਇੱਕ ਅਜਿਹਾ ਦੇਸ ਹੈ ਜਿੱਥੇ ਬਹੁਤ ਹੀ ਵਧੇਰੇ ਗਿਣਤੀ ਵਿੱਚ ਮੇਲੇ ਤੇ ਤਿਉਹਾਰ ਮਨਾਏ ਜਾਂਦੇ ਹਨ।ਇਨ੍ਹਾਂ ਮੇਲਿਆਂ ਅਤੇ ਤਿਉਹਾਰਾਂ ਦਾ ਆਪਣਾ ਵਿਸ਼ੇਸ਼ ਪਿਛੋਕੜ ਹੁੰਦਾ ਹੈ। ਭਾਰਤ ਵਿਚਲੇ ਮੇਲਿਆਂ ਤੇ ਤਿਉਹਾਰਾਂ ਦੀ ਆਪੋ ਆਪਣੀ ਮਹਾਨਤਾ ਹੈ। ਇੰਦਰ ਧਨੁਸ਼ ਦੇ ਰੰਗਾਂ ਵਾਂਗ ਇਨ੍ਹਾਂ ਮੇਲਿਆਂ ਤੇ ਤਿਉਹਾਰਾਂ ਦੇ ਵੀ ਆਪੋ ਆਪਣੇ ਰੰਗ ਹਨ।ਦੁਸਹਿਰਾ, ਦੀਵਾਲੀ, ਲੋਹੜੀ, ਹੋਲੀ, ਰੱਖੜੀ ਆਦਿ ਇੱਥੋਂ ਦੇ ਪ੍ਰਮੁੱਖ ਤਿਉਹਾਰ ਹਨ। ਲੋਕ ਹਰ ਸਾਲ ਇਨ੍ਹਾਂ ਤਿਉਹਾਰਾਂ ਨੂੰ ਖ਼ੁਸ਼ੀਆਂ ਨਾਲ ਮਨਾਉਂਦੇ ਹਨ, ਇਸੇ ਕਾਰਨ ਇਨ੍ਹਾਂ ਤਿਉਹਾਰਾਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ।ਹੋਰ ਤਿਉਹਾਰਾਂ ਵਾਂਗ ਲੋਹੜੀ ਵੀ ਇੱਕ ਪ੍ਰਸਿੱਧ ਤਿਉਹਾਰ ਹੈ। ਪੰਜਾਬ ਵਿੱਚ ਇਸ ਤਿਉਹਾਰ ਨੂੰ ਬਹੁਤ ਹੀ ਖ਼ੁਸ਼ੀਆਂ ਸਹਿਤ ਮਨਾਇਆ ਜਾਂਦਾ ਹੈ।


ਲੋਹੜੀ ਦਾ ਸ਼ਾਬਦਿਕ ਅਰਥ (Literal meaning of Lohri)

ਲੋਹੜੀ ਸ਼ਬਦ 'ਤਿਲ ਅਤੇ ਰੋੜੀ ਤੋਂ ਮਿਲ ਕੇ ਬਣਿਆ ਹੈ। ਕਈ ਥਾਵਾਂ 'ਤੇ ਲੋਹੜੀ ਨੂੰ ‘ਲੋਹੀ ਜਾਂ ਲੋਈ` ਵੀ ਕਿਹਾ ਜਾਂਦਾ ਹੈ। ਲੋਹੜੀ ਦਾ ਤਿਉਹਾਰ ਜਨਵਰੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਹ ਮਾਘੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਲੋਹੜੀ ਦੇ ਤਿਉਹਾਰ ਮਗਰੋਂ ਠੰਢ ਘਟਣੀ ਸ਼ੁਰੂ ਹੋ ਜਾਂਦੀ ਹੈ।


ਲੋਹੜੀ ਦੀ ਪਰੰਪਰਾ (Lohri tradition)

ਲੋਹੜੀ ਦਾ ਤਿਉਹਾਰ ਬਹੁਤ ਪੁਰਾਣੇ ਸਮੇਂ ਤੋਂ ਮਨਾਇਆ ਜਾ ਰਿਹਾ ਹੈ। ਵੈਦਿਕ ਕਾਲ ਵਿੱਚ ਰਿਸ਼ੀ ਦੇਵਤਿਆ ਨੂੰ ਖ਼ੁਸ਼ ਕਰਨ ਲਈ ਹਵਨ ਕਰਦੇ ਸਨ। ਇਸ ਹਵਨ ਵਿੱਚ ਉਹ ਘਿਓ, ਸ਼ਹਿਦ, ਤਿਲ ਅਤੇ ਗੁੜ ਆਦਿ ਪਾਉਂਦੇ ਸਨ।

ਇਸ ਤਿਉਹਾਰ ਨਾਲ ਕਈ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਅਜਿਹੀ ਇੱਕ ਕਥਾ ਅਨੁਸਾਰ ਹੀ ਲੋਹੜੀ ਨਾਂ ਦੀ ਦੇਵੀ ਨੇ ਇੱਕ ਅੱਤਿਆਚਾਰੀ ਰਾਖਸ਼ ਨੂੰ ਮਾਰਿਆ ਸੀ, ਇਸ ਲਈ ਇਹ ਤਿਉਹਾਰ ਉਸ ਦੇਵੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਸੰਬੰਧ 'ਸਤੀ ਦਹਿਨ` ਕਥਾ ਨਾਲ ਵੀ ਜੋੜਿਆ ਜਾਂਦਾ ਹੈ।


ਦੁੱਲੇ ਭੱਟੀ ਨਾਲ ਸੰਬੰਧ (Relation to Dulle Bhatti)

ਲੋਹੜੀ ਦੇ ਤਿਉਹਾਰ ਦਾ ਸੰਬੰਧ ਇੱਕ ਲੋਕ ਨਾਇਕ ਦੁੱਲੇ ਭੱਟੀ ਨਾਲ ਵੀ ਜੋੜਿਆ ਜਾਂਦਾ ਹੈ।ਇਸ ਨਾਲ ਸੰਬੰਧਤ ਇੱਕ ਲੋਕ ਗਾਥਾ ਵੀ ਬਹੁਤ ਪ੍ਰਚਲਤ ਹੈ। ਕਿਹਾ ਜਾਂਦਾ ਹੈ ਕਿ ਇੱਕ ਗ਼ਰੀਬ ਬ੍ਰਾਹਮਣ ਦੀਆਂ ਦੋ ਕੁੜੀਆਂ ਸੁੰਦਰੀ ਅਤੇ ਮੁੰਦਰੀ ਸਨ। ਉਨ੍ਹਾਂ ਦੋਵਾਂ ਕੁੜੀਆਂ ਦੀ ਮੰਗਣੀ ਨਾਲ ਦੇ ਪਿੰਡ ਵਿੱਚ ਹੋਈ ਸੀ। ਦੋਵੇਂ ਕੁੜੀਆਂ ਬਹੁਤ ਹੀ ਸੁੰਦਰ ਸਨ। ਜਦੋਂ ਇਲਾਕੇ ਦੇ ਹਾਕਮ ਨੂੰ ਇਨ੍ਹਾਂ ਕੁੜੀਆਂ ਦੀ ਸੁੰਦਰਤਾ ਬਾਰੇ ਪਤਾ ਲੱਗਾ ਤਾਂ ਉਸ ਨੇ ਇਨ੍ਹਾਂ ਕੁੜੀਆਂ ਨੂੰ ਪ੍ਰਾਪਤ ਕਰਨ ਦਾ ਮਨ ਬਣਾਇਆ। ਜਦੋਂ ਕੁੜੀਆਂ ਦੇ ਬਾਪ ਗ਼ਰੀਬ ਬ੍ਰਾਹਮਣ ਨੂੰ ਹਾਕਮ ਦੀ ਅਜਿਹੀ ਸੋਚ ਦਾ ਪਤਾ ਲੱਗਾ ਤਾਂ ਉਹ ਬਹੁਤ ਹੀ ਫ਼ਿਕਰਮੰਦ ਹੋਇਆ। ਇੱਕ ਦਿਨ ਜਦੋਂ ਉਹ ਜੰਗਲ ਵਿੱਚੋਂ ਰੋਂਦਾ ਹੋਇਆ ਘਰ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਪ੍ਰਸਿੱਧ ਡਾਕੂ ਦੁੱਲਾ ਭੱਟੀ ਮਿਲਿਆ। ਦੁੱਲੇ ਭੱਟੀ ਨੇ ਬ੍ਰਾਹਮਣ ਤੋਂ ਰੋਣ ਦਾ ਕਾਰਨ ਪੁੱਛਿਆ। ਬ੍ਰਾਹਮਣ ਨੇ ਸਾਰੀ ਗੱਲ ਦੁੱਲੇ ਭੱਟੀ ਨੂੰ ਦੱਸੀ। ਇਸ ਨਾਲ ਦੁੱਲੇ ਭੱਟੀ ਨੂੰ ਇਲਾਕੇ ਦੇ ਹਾਕਮ 'ਤੇ ਬਹੁਤ ਗੁੱਸਾ ਆਇਆ। ਦੁੱਲਾ ਭੱਟੀ ਉਸ ਬ੍ਰਾਹਮਣ ਦੀ ਸਹਾਇਤਾ ਕਰਨ ਲਈ ਤਿਆਰ ਹੋ ਗਿਆ।

ਦੁੱਲੇ ਭੱਟੀ ਨੇ ਜੰਗਲ ਵਿੱਚ ਹੀ ਲੱਕੜਾਂ ਇਕੱਠੀਆਂ ਕਰ ਕੇ ਅੱਗ ਬਾਲੀ ਤੇ ਉਸ ਨੇ ਦੋਵੇਂ ਕੁੜੀਆਂ ਸੁੰਦਰੀ ਅਤੇ ਮੁੰਦਰੀ ਦਾ ਵਿਆਹ ਨਾਲ ਦੇ ਪਿੰਡ ਦੇ ਉਨ੍ਹਾਂ ਮੁੰਡਿਆਂ ਨਾਲ ਹੀ ਕਰਵਾ ਦਿੱਤਾ, ਜਿਨ੍ਹਾ ਨਾਲ ਉਹ ਮੰਗੀਆਂ ਹੋਈਆਂ ਸਨ। ਇਸ ਸਮੇਂ ਦੁੱਲੇ ਭੱਟੀ ਨੇ ਉਨ੍ਹਾਂ ਕੁੜੀਆਂ ਦਾ ਧਰਮ ਦਾ ਪਿਉ ਬਣ ਕੇ ਸ਼ਗਨ ਵਜੋਂ ਉਨ੍ਹਾਂ ਦੀਆਂ ਝੋਲੀਆਂ ਵਿੱਚ ਸ਼ੱਕਰ ਪਾਈ। ਇੰਜ ਦੁੱਲੇ ਭੱਟੀ ਦੇ ਇਸ ਮਾਨਵੀ ਵਿਹਾਰ ਦੀ ਯਾਦ ਵਿੱਚ ਵੀ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।


ਲੋਹੜੀ ਮੰਗਣੀ

ਲੋਹੜੀ ਦਾ ਤਿਉਹਾਰ ਹਰ ਸਾਲ ਹੀ ਮਨਾਇਆ ਜਾਂਦਾ ਹੈ। ਜਨਵਰੀ ਦੇ ਮਹੀਨੇ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਕਣਕ, ਸਰ੍ਹੋਂ, ਜੌਂ, ਕਮਾਦ ਆਦਿ ਦੇ ਖੇਤ ਭਰ ਜੋਬਨ 'ਤੇ ਹੁੰਦੇ ਹਨ। ਇਨ੍ਹਾਂ ਦਿਨਾਂ ਵਿੱਚ ਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਵੀ ਘੱਟ ਹੀ ਹੁੰਦੇ ਹਨ। ਲੋਹੜੀ ਦੇ ਦਿਨ ਤੋਂ ਕਈ ਦਿਨ ਪਹਿਲਾਂ ਹੀ ਛੋਟੇ-ਛੋਟੇ ਬੱਚੇ ਢਾਣੀਆਂ ਬਣਾ ਕੇ ਲੋਹੜੀ ਦੇ ਖ਼ਾਸ ਗੀਤ ਗਾਉਂਦੇ ਹੋਏ ਘਰਾਂ ਤੇ ਦੁਕਾਨਾਂ 'ਤੇ ਜਾ ਕੇ ਲੋਹੜੀ ਮੰਗਦੇ ਹਨ। ਸਾਰੇ ਲੋਕ ਉਨ੍ਹਾਂ ਨੂੰ ਪੈਸੇ, ਦਾਣੇ, ਰਿਓੜੀਆਂ, ਮੂੰਗਫਲੀ ਆਦਿ ਦਿੰਦੇ ਹਨ। 

(ੳ) 'ਦੇ ਮਾਈ ਲੋਹੜੀ ਜੀਵੇ ਤੇਰੀ ਜੋੜੀ।

ਜੱਗੀ ਖੋਲ੍ਹ ਮਾਈ ਕੁੰਡਾ ਜੀਵੇ ਤੇਰਾ ਮੁੰਡਾ।

(ਅ) ਸਾਡੇ ਪੈਰਾਂ ਹੇਠ ਸਲਾਈਆਂ,

ਅਸੀਂ ਕਿਹੜੇ ਵੇਲੇ ਦੀਆਂ ਆਈਆਂ

ਸਾਡੇ ਪੈਰਾਂ ਹੇਠ ਰੋੜ,

ਸਾਨੂੰ ਛੇਤੀ ਛੇਤੀ ਤੋਰ।


ਲੋਹੜੀ ਮੰਗਣ ਵਾਲੀਆਂ ਟੋਲੀਆਂ ਨੂੰ ਭਾਵੇਂ ਲਗਪਗ ਹਰ ਘਰ ਵਿੱਚੋਂ ਲੋਹੜੀ ਮਿਲ ਹੀ ਜਾਂਦੀ ਹੈ ਪਰ ਜੇਕਰ ਕਿਸੇ ਘਰੋਂ ਨਾਹ ਹੋ ਵੀ ਜਾਵੇ ਤਾਂ ਬੱਚੇ ਵੀ ਘੱਟ ਨਹੀਂ ਗੁਜ਼ਾਰਦੇ, ਅਜਿਹੀਆਂ ਸਥਿਤੀਆਂ ਵਿੱਚ ਉਹ ਆਪਣੇ ਮਨ ਦੀ ਖ਼ੁਸ਼ੀ ਤੇ ਗੁੱਸੇ ਨੂੰ ਇੰਜ ਪ੍ਰਗਟ ਕਰਦੇ ਹਨ:

(ੳ) ਆਖੋ ਮੁੰਡਿਓ ਰੰਬਾ,

ਇਹ ਘਰ ਚੰਗਾ।

(ਅ) ਆਖੋ ਮੁੰਡਿਓ ਹੁੱਕਾ,

ਇਹ ਘਰ ਭੁੱਖਾ। 


ਧੀਆਂ ਨੂੰ ਲੋਹੜੀ ਦੇਣੀ

ਲੋਹੜੀ ਦੇ ਤਿਉਹਾਰ ਸਮੇਂ ਮਾਪੇ ਆਪਣੀਆਂ ਧੀਆਂ ਦੇ ਸਹੁਰੇ ਘਰ ਲੋਹੜੀ ਦੇਣ ਜਾਂਦੇ ਹਨ।ਇਸ ਸਮੇਂ ਮਾਪੇ ਤਿਲ, ਭੁੱਗਾ, ਚੋਲੀ, ਗੱਚਕ, ਮੂੰਗਫਲੀ, ਰਿਉੜੀਆਂ, ਕੱਪੜੇ, ਗਹਿਣੇ ਤੇ ਤੋਹਫ਼ੇ ਲੈ ਕੇ ਜਾਂਦੇ ਹਨ।ਧੀਆਂ ਨੂੰ ਵੀ ਬੜੀ ਉਡੀਕ ਹੁੰਦੀ ਹੈ ਕਿ ਉਨ੍ਹਾਂ ਦੇ ਮਾਪੇ ਉਸ ਦੀ ਲੋਹੜੀ ਲੈ ਕੇ ਆਉਣਗੇ, ਇਸ ਨਾਲ ਧੀ ਸਹੁਰੇ ਘਰ ਵਿੱਚ ਆਪਣਾ ਮਾਨ-ਸਨਮਾਨ ਮਹਿਸੂਸ ਕਰਦੀ ਹੈ। ਇਕ ਪਾਸੇ ਲਾਨ ਵਿੱਚ ਲੱਭ


ਲੋਹੜੀ ਵੰਡਣ ਦੇ ਮੌਕੇ

ਭਾਵੇਂ ਸਾਰੇ ਲੋਕ ਹੀ ਘਰੋਂ ਲੋਹੜੀ ਮੰਗਣ ਆਏ ਮੁੰਡਿਆਂ ਤੇ ਕੁੜੀਆਂ ਨੂੰ ਲੋਹੜੀ ਪਾ ਹੀ ਦਿੰਦੇ ਹਨ, ਪਰ ਜਿਸ ਘਰ ਵਿੱਚ ਇਸ ਲੋਹੜੀ ਤੋਂ ਪਹਿਲਾਂ ਮੁੰਡਾ ਜੰਮਿਆ ਹੋਵੇ ਜਾਂ ਮੁੰਡੇ ਦਾ ਵਿਆਹ ਹੋਇਆ ਹੋਵੇ ਉਸ ਘਰ ਵੱਲੋਂ ਇਸ ਖ਼ੁਸ਼ੀ ਵਿੱਚ ਲੋਹੜੀ ਵਿਸ਼ੇਸ਼ ਤੌਰ 'ਤੇ ਵੰਡੀ ਜਾਂਦੀ ਹੈ। ਇਸ ਲਈ ਲੋਹੜੀ ਦੇ ਦਿਨ ਅਜਿਹੇ ਘਰਾਂ ਵਿਚਲੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਹਨ। ਅਜਿਹੇ ਘਰਾਂ ਵਾਲੇ ਲੋਹੜੀ ਮੰਗਣ ਵਾਲਿਆਂ ਨੂੰ ਉਨ੍ਹਾਂ ਦੀ ਗਿਣਤੀ ਤੇ ਉਮਰ ਅਨੁਸਾਰ ਮੱਕੀ ਦੇ ਫੁੱਲੇ, ਰਿਉੜੀਆਂ, ਗੁੜ, ਮੂੰਗਫਲੀ ਤੇ ਰੁਪਏ ਆਦਿ ਦੇ ਕੇ ਉਨ੍ਹਾਂ ਨਾਲ ਆਪਣੀ ਖ਼ੁਸ਼ੀ ਸਾਂਝੀ ਕਰਦੇ ਹਨ।

ਅਜਿਹੇ ਘਰਾਂ ਵਾਲੇ ਲੋਕ ਲੋਹੜੀ ਤੋਂ ਪਹਿਲਾਂ ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਘਰ ਲੋਹੜੀ ਦੇ ਕੇ ਆਉਂਦੇ ਹਨ।ਇਸ ਮਗਰੋਂ ਲੋਹੜੀ ਵਾਲੇ ਦਿਨ ਉਹ ਸਾਰੇ ਲੋਕ ਉਨ੍ਹਾਂ ਘਰ ਆ ਕੇ ਲੋਹੜੀ ਪਾਉਂਦੇ ਹਨ। ਇਸ ਸਮੇਂ ਛੋਟੀਆਂ ਵੱਡੀਆਂ ਮਹਿਫ਼ਲਾਂ ਵੀ ਸਜਦੀਆਂ ਹਨ। ਰਾਤ ਹੁੰਦਿਆਂ ਹੀ ਸਾਰੇ ਸੱਜਣ-ਮਿੱਤਰ ਤੇ ਰਿਸ਼ਤੇਦਾਰ ਲੋਹੜੀ ਮਨਾਉਣ ਵਾਲਿਆਂ ਦੇ ਘਰ ਇਕੱਠੇ ਹੋ ਜਾਂਦੇ ਹਨ।

ਇਸੇ ਸਮੇਂ ਖੁੱਲ੍ਹੀ ਥਾਂ 'ਤੇ ਪਾਥੀਆਂ ਤੇ ਲੱਕੜਾਂ ਨੂੰ ਚਿਣ ਕੇ ਅੱਗ ਲਾ ਦਿੱਤੀ ਜਾਂਦੀ ਹੈ। ਸਾਰੇ ਮਹਿਮਾਨ ਉਸ ਵਿੱਚ ਤਿਲ ਤੇ ਗੁੜ ਆਦਿ ਪਾ ਕੇ ਉਸ ਦੀ ਪੂਜਾ ਕਰਦੇ ਹਨ। ਇਸ ਦਿਨ ਲਗਪਗ ਹਰ ਘਰ ਵਿੱਚ ਹੀ ਲੋਕ ਲੋਹੜੀ ਬਾਲਦੇ ਹਨ ਤੇ ਉਸ ਵਿੱਚ ਤਿਲ, ਗੁੜ, ਦਾਣੇ ਆਦਿ ਸੁੱਟ ਕੇ ਪਰਮਾਤਮਾ ਕੋਲ ਬੁਰਾਈਆਂ ਦਾ ਨਾਸ਼ ਕਰਨ ਦੀ ਪ੍ਰਾਰਥਨਾ ਕਰਦੇ ਹਨ। ਇਸ ਸਮੇਂ ਸਮੁੱਚੀ ਮਾਨਵਤਾ ਲਈ ਸੁਖ ਤੇ ਸ਼ਾਂਤੀ ਦੀ ਅਰਦਾਸ ਵੀ ਕੀਤੀ ਜਾਂਦੀ ਹੈ।


ਪਿੰਡਾਂ ਵਿਚਲੀ ਲੋਹੜੀ ਦੀ ਵਿਲੱਖਣਤਾ (The uniqueness of Lohri in villages)

 ਲੋਹੜੀ ਹਰ ਸ਼ਹਿਰ ਤੇ ਪਿੰਡ ਵਿੱਚ ਵਿਸ਼ੇਸ਼ ਜੋਸ਼ ਨਾਲ ਹੀ ਮਨਾਈ ਜਾਂਦੀ ਹੈ ਪਰ ਤਾਂ ਵੀ ਪਿੰਡਾਂ ਵਿਚਲੀ ਲੋਹੜੀ ਦੀ ਆਪਣੀ ਵਿਲੱਖਣਤਾ ਹੁੰਦੀ ਹੈ। ਪਿੰਡਾਂ ਦੇ ਲੋਕਾਂ ਨੂੰ ਅਜਿਹੇ ਤਿਉਹਾਰਾਂ ਦਾ ਬੜਾ ਚਾਅ ਹੁੰਦਾ ਹੈ ਕਿਉਂਕਿ ਉਨ੍ਹਾਂ ਕੋਲ ਮਨੋਰੰਜਨ ਦੇ ਮੌਕੇ ਸ਼ਹਿਰੀਆਂ ਨਾਲੋਂ ਘੱਟ ਹੁੰਦੇ ਹਨ। ਇਸ ਦਿਨ ਪਿੰਡਾਂ ਵਿਚਲੇ ਨੌਜਵਾਨ ਸਾਰੇ ਘਰਾਂ ਵਿੱਚੋਂ ਲੱਕੜਾਂ ਤੇ ਪਾਥੀਆਂ ਮੰਗ ਕੇ ਇੱਕ ਥਾਂ ਇਕੱਠੀਆਂ ਕਰ ਕੇ ਬਾਲਦੇ ਹਨ। ਸਾਡੇ ਪਿੰਡ ਵਾਸੀ ਧੂਣੀ ਦੇ ਦੁਆਲੇ ਇਕੱਠੇ ਹੋ ਕੇ ਬੈਠਦੇ ਹਨ।ਉਹ ਲੋਹੜੀ ਦੀ ਪੂਜਾ ਕਰਨ ਉਪਰੰਤ ਧੂਣੀ ਦੁਆਲੇ ਗੀਤ ਸੰਗੀਤ ਦਾ ਪ੍ਰੋਗਰਾਮ ਕਰਦੇ ਹਨ। ਇਸ ਸਮੇਂ ਔਰਤਾਂ ਵੀ ਖ਼ੂਬ ਗਿੱਧਾ ਪਾਉਂਦੀਆਂ ਹਨ ਤੇ ਬਾਲ-ਬੱਚੇ ਵੀ ਖ਼ੂਬ ਨੱਚਦੇ ਹਨ।ਇਸ ਸਮੇਂ ਇਕੱਠੀਆਂ ਹੋਈਆਂ ਮਠਿਆਈਆਂ, ਗੱਚਕ, ਰਿਉੜੀਆਂ, ਭੁੱਗਾ, ਮੂੰਗਫਲੀ ਆਦਿ ਖ਼ੂਬ ਖਾਧੀਆਂ ਜਾਂਦੀਆਂ ਹਨ। ਪਿੰਡਾਂ ਵਿੱਚ ਲੋਕ ਦੇਰ ਰਾਤ ਤੱਕ ਧੂਣੀ ਦੁਆਲੇ ਬੈਠੇ ਰਹਿੰਦੇ ਹਨ।


ਧੀਆਂ ਦੀ ਲੋਹੜੀ (Lohri of daughters)

ਕੁਝ ਸਾਲ ਪਹਿਲਾਂ ਤੱਕ ਮੁੰਡੇ ਦੇ ਵਿਆਹ ਵਾਲੇ ਘਰ ਤੇ ਜਿਸ ਘਰ ਮੁੰਡਾ ਪੈਦਾ ਹੋਇਆ ਹੋਵੇ ਕੇਵਲ ਉਸੇ ਘਰ ਹੀ ਲੋਹੜੀ ਮਨਾਈ ਜਾਂਦੀ ਸੀ।ਪਰ ਬਦਲਦੀਆਂ ਸਥਿਤੀਆਂ ਨੂੰ ਦੇਖਦਿਆਂ ਜਦੋਂ ਮਾਦਾ ਭਰੂਣ ਹੱਤਿਆ ਦੇ ਰੁਝਾਨ ਨੇ ਲੋਕਾਂ ਨੂੰ ਇਸ ਅਮਾਨਵੀ ਵਿਹਾਰ ਪ੍ਰਤੀ ਸੁਚੇਤ ਕਰਦਿਆਂ ਇਸ ਦੀ ਭਵਿੱਖ ਵਿੱਚ ਅਤੀ ਗੰਭੀਰਤਾ ਤੋਂ ਜਾਣੂ ਕਰਵਾਇਆ ਹੈ ਤਾਂ ਉਦੋਂ ਤੋਂ ਲੈ ਕੇ ਹੁਣ ਧੀਆਂ ਜੰਮਣ ਤੇ ਵੀ ਲੋਹੜੀ ਮਨਾਈ ਜਾਂਦੀ ਹੈ।ਇਹ ਇੱਕ ਬਹੁਤ ਹੀ ਵਧੀਆ ਰੁਝਾਨ ਹੈ ਜਿਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਓਨੀ ਘੱਟ ਹੈ।


ਸਾਰੰਸ਼ (Summary)

ਇੰਜ ਲੋਹੜੀ ਦਾ ਤਿਉਹਾਰ ਇੱਕ ਬਹੁਤ ਹੀ ਪ੍ਰਸਿੱਧ ਤੇ ਮਹੱਤਵਪੂਰਨ ਤਿਉਹਾਰ ਹੈ।ਸਾਰੇ ਭਾਰਤੀ ਤੇ ਖ਼ਾਸ ਕਰਕੇ ਪੰਜਾਬੀ ਇਸ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਉਂਦੇ ਹਨ। ਇਹ ਤਿਉਹਾਰ ਲੋਕਾਂ ਵਿੱਚ ਆਪਣੇ ਪਿਆਰ ਤੇ ਸਦਭਾਵਨਾ ਨੂੰ ਵਧਾਉਂਦਾ ਹੈ। ਇਹ ਤਿਉਹਾਰ ਸਾਰਿਆਂ ਲਈ ਹੀ ਖੁਸ਼ੀਆਂ-ਖੇੜਿਆਂ ਦਾ ਪੈਗ਼ਾਮ ਲੈ ਕੇ ਆਉਂਦਾ ਹੈ।


Post a Comment

0 Comments