Jungle di Mahatata "ਜੰਗਲਾਂ ਦੀ ਮਹੱਤਤਾ" Punjabi Essay, Paragraph for Class 8, 9, 10, 11 and 12 Students Examination in 1000 Words.

ਪੰਜਾਬੀ ਨਿਬੰਧ - ਜੰਗਲਾਂ ਦੀ ਮਹੱਤਤਾ

Jungle di Mahatata




ਰੂਪ-ਰੇਖਾ

ਭੂਮਿਕਾ, ਜੰਗਲਾਂ ਦੀਆਂ ਕਿਸਮਾਂ, ਜੰਗਲਾਂ ਦੇ ਆਰਥਕ ਲਾਭ, ਜੰਗਲਾਂ ਦੇ ਵਾਤਾਵਰਨ ਸੰਬੰਧੀ ਲਾਭ, ਜੰਗਲਾਂ ਦੀ ਕਟਾਈ ਦੇ ਕਾਰਨ, ਜੰਗਲ ਘਟਣ ਦੇ ਕੁਦਰਤੀ ਕਾਰਨ, ਜੰਗਲ ਕੱਟਣ ਦੇ ਨੁਕਸਾਨ, ਲੋਕਾਂ ਦਾ ਰੁੱਖਾਂ/ਜੰਗਲਾਂ ਨਾਲ ਪਿਆਰ, ਵਣ ਮਹਾਉਤਸਵ ਮਨਾਉਣੇ, ਸਾਰੰਸ਼।


ਭੂਮਿਕਾ

ਜੰਗਲਾਂ ਦਾ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵ ਹੈ। ਮਨੁੱਖ ਦਾ ਜੰਗਲ ਨਾਲ ਰਿਸ਼ਤਾ ਮਨੁੱਖੀ ਜੀਵਨ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਜੰਗਲ ਮਨੁੱਖੀ ਜੀਵਨ ਦੇ ਬਹੁਤ ਸਾਰੇ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਪਿਛਲੇ ਕੁਝ ਸਮੇਂ ਤੋਂ ਜੰਗਲਾਂ ਦੀ ਘਟਦੀ ਜਾ ਰਹੀ ਗਿਣਤੀ ਸਦਕਾ ਕੁਦਰਤੀ ਵਾਤਾਵਰਨ ਵਿੱਚ ਕਈ ਤਰ੍ਹਾਂ ਦੇ ਵਿਗਾੜ ਪੈਦਾ ਹੋ ਰਹੇ ਹਨ।ਇਸ ਲਈ ਜੰਗਲਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।


ਜੰਗਲਾਂ ਦੀਆਂ ਕਿਸਮਾਂ

ਜੰਗਲਾਂ ਦੀਆਂ ਵੀ ਕਈ ਕਿਸਮਾਂ ਹਨ। ਪਹਾੜੀ ਅਤੇ ਪਠਾਰੀ ਖੇਤਰਾਂ ਵਿੱਚ ਮੈਦਾਨਾਂ ਅਤੇ ਮਾਰੂਥਲਾਂ ਨਾਲੋਂ ਵਧੇਰੇ ਜੰਗਲ ਪਾਏ ਜਾਂਦੇ ਹਨ। ਕਈ ਜੰਗਲ ਸਦਾ-ਬਹਾਰ ਤੇ ਸੰਘਣੇ ਜੰਗਲ ਹੁੰਦੇ ਹਨ। ਜਿੱਥੇ ਵਰਖਾ ਤੇ ਤਾਪਮਾਨ ਵਧੇਰੇ ਹੁੰਦਾ ਹੈ, ਉੱਥੇ ਵਧੇਰੇ ਜੰਗਲ ਹੁੰਦੇ ਹਨ।ਅਜਿਹੇ ਜੰਗਲਾਂ ਅੰਦਰ ਜਾਣਾ ਔਖਾ ਹੁੰਦਾ ਹੈ।ਇੱਥੋਂ ਦੀ ਜਲਵਾਯੂ ਵਧੇਰੇ ਚੰਗੀ ਨਹੀਂ ਹੁੰਦੀ। ਕਈ ਜੰਗਲ ਅਜਿਹੇ ਹਨ ਜੋ ਕੇਵਲ ਮਾਨਸੂਨ ਵਾਲੇ ਖੇਤਰਾਂ ਵਿੱਚ ਹੀ ਹੁੰਦੇ ਹਨ। ਇਨ੍ਹਾਂ ਨੂੰ ਮਾਨਸੂਨੀ ਜੰਗਲ ਵੀ ਆਖਦੇ ਹਨ।ਕਈ ਜੰਗਲ ਠੰਢੇ ਖੇਤਰਾਂ ਵਿੱਚ ਹੁੰਦੇ ਹਨ। ਇਸ ਤਰ੍ਹਾਂ ਮੌਸਮ ਦੇ ਹਿਸਾਬ ਤੇ ਧਰਤੀ ਅਨੁਸਾਰ ਵੱਖ-ਵੱਖ ਦੇਸਾਂ ਵਿੱਚ ਵੱਖਰੀ-ਵੱਖਰੀ ਤਰ੍ਹਾਂ ਦੇ ਜੰਗਲ ਹੁੰਦੇ ਹਨ। ਇਨ੍ਹਾਂ ਵਿਚਲੇ ਰੁੱਖਾਂ ਦੀਆਂ ਕਿਸਮਾਂ ਵੀ ਵੱਖੋ-ਵੱਖਰੀਆਂ ਹੁੰਦੀਆਂ ਹਨ।


ਜੰਗਲਾਂ ਦੇ ਆਰਥਕ ਲਾਭ

ਜੰਗਲਾਂ ਦੇ ਬਹੁਤ ਸਾਰੇ ਆਰਥਕ ਲਾਭ ਹਨ। ਇਨ੍ਹਾਂ ਤੋਂ ਪ੍ਰਾਪਤ ਹੋਣ ਵਾਲੀ ਲੱਕੜੀ ਫ਼ਰਨੀਚਰ, ਇਮਾਰਤਾਂ ਦੇ ਨਿਰਮਾਣ ਅਤੇ ਹੋਰ ਕਈ ਕੰਮਾਂ ਵਿੱਚ ਵਰਤੀ ਜਾਂਦੀ ਹੈ।ਜੰਗਲਾਂ ਤੋਂ ਪ੍ਰਾਪਤ ਕੱਚੇ ਮਾਲ ਨਾਲ ਕਾਗ਼ਜ਼ ਉਦਯੋਗ ਤੇ ਮਾਚਿਸ ਉਦਯੋਗ ਚਲਦੇ ਹਨ।ਜੰਗਲਾਂ ਤੋਂ ਕਈ ਤਰ੍ਹਾਂ ਦੀਆਂ ਜੜ੍ਹੀ-ਬੂਟੀਆਂ ਮਿਲਦੀਆਂ ਹਨ। ਜਿਨ੍ਹਾਂ ਤੋਂ ਦੇਸੀ ਦਵਾਈਆਂ ਬਣਾਈਆਂ ਜਾਂਦੀਆਂ ਹਨ। ਆਯੁਰਵੈਦਿਕ ਚਕਿਤਸਾ ਪ੍ਰਣਾਲੀ ਤਾਂ ਬੂਟੀਆਂ 'ਤੇ ਹੀ ਆਧਾਰਤ ਹੈ।ਖ਼ਾਸ ਦਰਖ਼ਤਾਂ ਦੇ ਪੱਤਿਆਂ ਨੂੰ ਬੀੜੀਆਂ ਤੇ ਹੋਰ ਕਈ ਵਸਤਾਂ ਬਣਾਉਣ ਲਈ ਵਰਤਿਆ ਜਾਂਦਾ ਹੈ। ਰੰਗਾਈ ਕਰਨ ਲਈ ਕੁਦਰਤੀ ਰੰਗ ਜਿਵੇਂ ਕੱਥਾ ਆਦਿ ਵੀ ਜੰਗਲਾਂ ਤੋਂ ਹੀ ਮਿਲਦਾ ਹੈ। ਇਸ ਤੋਂ ਇਲਾਵਾ ਲਾਖ, ਗੂੰਦ, ਰਬੜ ਤੇ ਤਾਰਪੀਨ ਆਦਿ ਦਾ ਤੇਲ ਵੀ ਇਨ੍ਹਾਂ ਤੋਂ ਹੀ ਪ੍ਰਾਪਤ ਹੁੰਦਾ ਹੈ।


ਜੰਗਲਾਂ ਦੇ ਵਾਤਾਵਰਨ ਸੰਬੰਧੀ ਲਾਭ

ਜੰਗਲ ਵਾਤਾਵਰਨ ਵਿੱਚ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹ ਵਾਤਾਵਰਨ ਵਿੱਚ ਆਕਸੀਜਨ ਛੱਡਦੇ ਹਨ ਜੋ ਮਨੁੱਖੀ ਜੀਵਨ ਦਾ ਆਧਾਰ ਹੈ। ਇਹ ਵਾਯੂਮੰਡਲ ਵਿੱਚ ਜਲ ਵਾਸ਼ਪ ਛੱਡਦੇ ਹਨ ਜੋ ਮੀਂਹ ਲਿਆਉਣ ਵਿੱਚ ਸਹਾਈ ਹੁੰਦੇ ਹਨ। ਹੜ੍ਹਾਂ ਦੀ ਸਥਿਤੀ ਵਿੱਚ ਜੰਗਲ ਪਾਣੀ ਦੇ ਵਹਾਉ ਨੂੰ ਘੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜੰਗਲ ਮਿੱਟੀ ਦੀ ਕਟਾਈ ਨੂੰ ਰੋਕਣ ਵਿੱਚ ਸਹਾਇਤਾ ਕਰਦੇ ਹਨ ਕਿਉਂਕਿ ਇਨ੍ਹਾਂ ਦੀਆਂ ਜੜ੍ਹਾਂ ਮਿੱਟੀ ਦੇ ਕਣਾਂ ਨੂੰ ਬੰਨ੍ਹ ਕੇ ਰੱਖਦੀਆਂ ਹਨ।ਜੰਗਲ ਜਾਨਵਰਾਂ ਦਾ ਨਿਵਾਸ ਸਥਾਨ ਬਣ ਕੇ ਵੀ ਖ਼ਾਸ ਯੋਗਦਾਨ ਪਾਉਂਦੇ ਹਨ।ਜੰਗਲਾਂ ਵਿੱਚ ਪੌਦੇ ਤੇ ਪੱਤੇ ਮਿੱਟੀ ਵਿੱਚ ਰਲ ਕੇ ਉਸ ਦੀ ਉਪਜਾਊ-ਸ਼ਕਤੀ ਨੂੰ ਵਧਾਉਣ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।


ਜੰਗਲਾਂ ਦੀ ਕਟਾਈ ਦੇ ਕਾਰਨ

ਮਨੁੱਖ ਆਪਣੀਆਂ ਲੋੜਾਂ ਲਈ ਆਦਿ ਕਾਲ ਤੋਂ ਹੀ ਜੰਗਲਾਂ ਦੀ ਕਟਾਈ ਕਰਦਾ ਆਇਆ ਹੈ।ਇਸ ਤਰ੍ਹਾਂ ਸਭਿਅਤਾ ਦੇ ਵਿਕਾਸ ਤੋਂ ਲੈ ਕੇ ਅਜੋਕੇ ਦੌਰ ਤੱਕ ਜੰਗਲਾਂ ਦੀ ਕਟਾਈ ਨਿਰੰਤਰ ਹੋ ਰਹੀ ਹੈ। ਇਸੇ ਕਾਰਨ ਪੁਰਾਣੇ ਜੰਗਲ ਖ਼ਤਮ ਹੋ ਰਹੇ ਹਨ ਅਤੇ ਘਰਾਂ ਦੇ ਨਿਰਮਾਣ ਤੇ ਖੇਤੀ ਲਈ ਵੱਧ ਜ਼ਮੀਨ ਦੀ ਲੋੜ ਕਾਰਨ ਜੰਗਲ ਖ਼ਤਮ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਉਦਯੋਗਿਕ ਵਿਕਾਸ ਵਿੱਚ ਲੱਕੜ ਦੀ ਵਧਦੀ ਮੰਗ ਤੇ ਕਾਰਖ਼ਾਨਿਆਂ ਲਈ ਭੂਮੀ ਦੀ ਮੰਗ ਕਾਰਨ ਵੀ ਜੰਗਲ ਕੱਟੇ ਜਾ ਰਹੇ ਹਨ। ਆਵਾਜਾਈ ਦੇ ਸਾਧਨਾਂ ਨੂੰ ਵਿਕਸਤ ਕਰਨ ਲਈ ਵੀ ਜੰਗਲ ਜਾਂ ਰੁੱਖ ਕੱਟੇ ਜਾ ਰਹੇ ਹਨ। ਸੜਕਾਂ ਤੇ ਗੱਡੀਆਂ ਦੀਆਂ ਲਾਈਨਾਂ ਦੇ ਵਿਸਥਾਰ ਕਾਰਨ ਲੱਖਾਂ ਦੀ ਗਿਣਤੀ ਵਿੱਚ ਰੁੱਖ ਕੱਟਣੇ ਪੈਂਦੇ ਹਨ। ਜੰਗਲਾਂ ਨੂੰ ਪਸ਼ੂਆਂ ਲਈ ਚਰਾਗਾਹਾਂ ਵਜੋਂ ਵਰਤਣਾ ਵੀ ਜੰਗਲਾਂ ਦੀ ਹੋਂਦ ਲਈ ਖ਼ਤਰਾ ਹੁੰਦਾ ਹੈ। ਪਣ-ਬਿਜਲੀ ਪੈਦਾ ਕਰਨ ਲਈ ਪਹਾੜਾਂ ਵਿੱਚ ਬਣਾਏ ਜਾਣ ਵਾਲੇ ਬੰਨ੍ਹਾਂ ਕਾਰਨ ਵੀ ਬਹੁਤ ਸਾਰੇ ਜੰਗਲ ਨਸ਼ਟ ਹੋ ਜਾਂਦੇ ਹਨ।


ਜੰਗਲ ਘਟਣ ਦੇ ਕੁਦਰਤੀ ਕਾਰਨ

ਕਈ ਕੁਦਰਤੀ ਕਾਰਨਾਂ ਕਰਕੇ ਵੀ ਜੰਗਲ ਘਟ ਰਹੇ ਹਨ।ਜੰਗਲਾਂ ਵਿੱਚ ਅੱਗਾਂ ਲੱਗਣ ਨਾਲ ਜੰਗਲ ਨਸ਼ਟ ਹੋ ਰਹੇ ਹਨ।ਵਿਸ਼ਵ ਭਰ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਅਮਰੀਕਾ, ਫ਼ਰਾਂਸ ਅਤੇ ਇੰਡੋਨੇਸ਼ੀਆ ਵਿੱਚ ਜੰਗਲਾਂ ਵਿੱਚ ਲੱਗੀਆਂ ਅੱਗਾਂ ਨੇ ਬਹੁਤ ਸਾਰੇ ਜੰਗਲਾਂ ਨੂੰ ਬਿਲਕੁਲ ਨਸ਼ਟ ਕਰ ਦਿੱਤਾ ਹੈ। ਭੁਚਾਲ, ਜਵਾਲਾਮੁਖੀ, ਸੁਨਾਮੀ ਤੇ ਚੱਕਰਵਾਤ ਵਰਗੀਆਂ ਕੁਦਰਤੀ ਆਫ਼ਤਾਂ ਕਾਰਨ ਵੀ ਜੰਗਲ ਨਸ਼ਟ ਹੋ ਰਹੇ ਹਨ। 2005 ਈ: ਵਿੱਚ ਸੁਨਾਮੀ ਦੇ ਕਾਰਨ ਇੰਡੋਨੇਸ਼ੀਆ, ਅੰਡੇਮਾਨ ਨਿਕੋਬਾਰ (ਭਾਰਤ) ਅਤੇ ਸ੍ਰੀਲੰਕਾ ਆਦਿ ਦੇਸ਼ਾਂ ਵਿੱਚ ਬਹੁਤ ਸਾਰੇ ਜੰਗਲ ਨਸ਼ਟ ਹੋ ਗਏ ਸਨ। ਕਈ ਬਿਮਾਰੀਆਂ ਅਤੇ ਕੀੜੇ-ਮਕੌੜੇ ਵੀ ਜੰਗਲਾਂ ਨੂੰ ਨਸ਼ਟ ਕਰ ਦਿੰਦੇ ਹਨ।


ਜੰਗਲ ਕੱਟਣ ਦੇ ਨੁਕਸਾਨ

ਦਿਨੋ-ਦਿਨ ਜੰਗਲਾਂ ਦੀ ਘੱਟ ਰਹੀ ਗਿਣਤੀ ਕਾਰਨ ਕੁਦਰਤੀ ਵਾਤਾਵਰਨ ਵਿੱਚ ਵਿਗਾੜ ਪੈਦਾ ਹੋ ਰਿਹਾ ਹੈ। ਜਿਸ ਅਨੁਪਾਤ ਵਿੱਚ ਧਰਤੀ ਤੇ ਜੰਗਲ ਹੋਣੇ ਚਾਹੀਦੇ ਹਨ ਉਸ ਦੇ ਘਟਣ ਨਾਲ ਕਈ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।ਜੰਗਲਾਂ ਦੀ ਘਟਦੀ ਗਿਣਤੀ ਕਾਰਨ ਵਾਤਾਵਰਨ ਵਿਚਲਾ ਗੈਸੀ ਸੰਤੁਲਨ ਵਿਗੜ ਰਿਹਾ ਹੈ। ਇਸ ਨਾਲ ਮੌਸਮ ਵਿੱਚ ਅਣਕਿਆਸੀਆਂ ਤਬਦੀਲੀਆਂ ਆ ਰਹੀਆਂ ਹਨ।ਜੰਗਲਾਂ ਦੀ ਕਟਾਈ ਕਾਰਨ ਹੀ ਜੂਨ, 2013 ਵਿੱਚ ਉਤਰਾਖੰਡ (ਭਾਰਤ) ਵਿੱਚ ਹੋਈ ਭਾਰੀ ਬਰਸਾਤ ਤੇ ਜ਼ਮੀਨ ਖਿਸਕਣ ਕਾਰਨ ਹੋਈ ਤਬਾਹੀ ਨੇ ਮਨੁੱਖ ਨੂੰ ਇਸ ਪਾਸੇ ਵੱਲ ਸੁਚੇਤ ਪੱਧਰ 'ਤੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ।


ਇਸ ਲੋਕਾਂ ਦਾ ਰੁੱਖਾਂ/ਜੰਗਲਾਂ ਨਾਲ ਪਿਆਰ

ਵਿਸ਼ਵ ਭਰ ਵਿਚਲੇ ਲੋਕ ਜੰਗਲਾਂ ਨਾਲ ਬਹੁਤ ਪਿਆਰ ਕਰਦੇ ਹਨ। ਭਾਰਤ ਵਿੱਚ 1973 ਈ: ਵਿੱਚ ਸ਼ੁਰੂ ਹੋਇਆ ਚਿਪਕੋ ਅੰਦੋਲਨ ਇਸ ਦੀ ਉੱਤਮ ਮਿਸਾਲ ਹੈ। ਇਹ ਅੰਦੋਲਨ ਸਭ ਤੋਂ ਪਹਿਲਾਂ ਉਤਰਾਖੰਡ ਦੇ ਪਹਾੜੀ ਖੇਤਰਾਂ ਵਿੱਚ ਸ਼ੁਰੂ ਹੋਇਆ ਸੀ ਤੇ ਫਿਰ ਬਹੁਤ ਸਾਰੇ ਪਹਾੜੀ ਖੇਤਰਾਂ ਵਿੱਚ ਫੈਲ ਗਿਆ ਸੀ।ਇਸ ਅੰਦੋਲਨ ਸਮੇਂ ਲੋਕ ਦਰਖ਼ਤ ਨੂੰ ਕੱਟਣ ਤੋਂ ਬਚਾਉਣ ਲਈ ਉਸ ਨਾਲ ਹੀ ਚਿਪਕ ਜਾਂਦੇ ਸਨ। ਇਸ ਅੰਦੋਲਨ ਦੇ ਆਗੂ ਤੇ ਹਰਿਆਣਾ ਦੇ ਕੁਝ ਭਾਗਾਂ ਵਿੱਚ ਬਿਸ਼ਨੋਈ ਮੱਤ ਨੂੰ ਮੰਨਣ ਵਾਲੇ ਲੋਕ ਵੀ ਆਪਣੇ ਗੁਰੂ ਜੰਬੇਸ਼ਵਰ ਦੇ ਆਦੇਸ਼ ਮੁਤਾਬਕ ਵਾਤਾਵਰਨ ਪ੍ਰੇਮੀ ਹੋਣ ਕਰਕੇ ਦਰਖ਼ਤ ਕੱਟਣ ਦਾ ਵਿਰੋਧ ਕਰਦੇ ਹਨ।


ਵਣ ਮਹਾ-ਉਸਤਵ ਮਨਾਉਣੇ

ਜੰਗਲਾਂ ਦੀ ਹੋਂਦ ਨੂੰ ਬਣਾਈ ਰੱਖਣ ਤੇ ਇਨ੍ਹਾਂ ਦੀ ਗਿਣਤੀ ਵਧਾਉਣ ਲਈ ਲੋਕਾਂ ਨੂੰ ਸੁਚੇਤ ਕਰਨਾ ਜ਼ਰੂਰੀ ਹੈ। ਇਸ ਸੰਬੰਧ ਵਿੱਚ ਠੀਕ ਮੌਸਮ ਵਿੱਚ ਰੁੱਖ ਲਾਉਣ ਲਈ ਵਣ ਮਹਾਉਤਸਵ ਮਨਾਉਣੇ ਚਾਹੀਦੇ ਹਨ। ਸਰਕਾਰ ਨੂੰ ਰੁੱਖਾਂ ਦੀ ਬੇਲੋੜੀ ਕਟਾਈ 'ਤੇ ਸਖ਼ਤ ਪਾਬੰਦੀਆਂ ਲਾਉਣੀਆਂ ਚਾਹੀਦੀਆਂ ਹਨ। ਸਰਕਾਰ ਨੂੰ ਸਕੂਲਾਂ ਕਾਲਜਾਂ ਤੇ ਹੋਰ ਸਾਂਝੀਆਂ ਥਾਵਾਂ 'ਤੇ ਰੁੱਖਾਂ ਤੇ ਜੰਗਲਾਂ ਦੀ ਮਹੱਤਤਾ ਸੰਬੰਧੀ ਨਾਅਰੇ ਲਿਖਣੇ ਚਾਹੀਦੇ ਹਨ; ਜਿਵੇਂ

1. ਰੁੱਖਾਂ ਦੇ ਹਨ ਸੁਖ ਹੀ ਸੁਖ, ਰੁੱਖਾਂ ਬਾਝੋਂ ਦੁੱਖ ਹੀ ਦੁੱਖ 

2. ਸਹਿਨਸ਼ੀਲਤਾ, ਪਰਉਪਕਾਰੀ, ਰੁੱਖਾਂ ਕੋਲੋਂ ਲਵੋ ਉਧਾਰੀ 

3. ਧਰਤੀ ਮਾਤਾ ਕਰੇ ਪੁਕਾਰ, ਰੁੱਖ ਹਨ ਸਾਡੇ ਗਲ ਦਾ ਹਾਰ

4. ਰੁੱਖਾਂ ਦੀ ਹੈ ਅਜਬ ਕਹਾਣੀ,ਦਿੰਦੇ ਹਵਾ ਤੇ ਮੀਂਹ ਦਾ ਪਾਣੀ

5. ਰੁੱਖਾਂ ਦੀ ਹਰਿਆਲੀ, ਜੀਵਨ ਦੀ ਖ਼ੁਸ਼ਹਾਲੀ।

6. ਜੇਕਰ ਮਾਣਨਾ ਜ਼ਿੰਦਗੀ ਦਾ ਸੁਖ। ਸਾਰੇ ਲਾਵੋ ਵੱਧ ਤੋਂ ਵੱਧ ਰੁੱਖ।

ਇਸੇ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਧਾਰਮਕ ਸਥਾਨਾਂ 'ਤੇ ਮਹਾਪੁਰਸ਼ਾਂ ਵੱਲੋਂ ਪ੍ਰਸਾਦ ਵਜੋਂ ਵੰਡੇ ਜਾ ਰਹੇ ਬੂਟੇ ਇੱਕ ਬਹੁਤ ਹੀ ਸ਼ਲਾਘਾਯੋਗ ਕਰਮ ਹੈ ਜਿਸ ਦੇ ਚੰਗੇ ਸਿੱਟੇ ਕੁਝ ਸਮੇਂ ਤੱਕ ਜ਼ਰੂਰ ਸਾਹਮਣੇ ਆਉਣਗੇ।


ਸਾਰੰਸ਼

ਇਸ ਤਰ੍ਹਾਂ ਜੰਗਲਾਂ ਦਾ ਸਾਡੇ ਜੀਵਨ ਵਿੱਚ ਬਹੁਤ ਹੀ ਮਹੱਤਵ ਹੈ। ਕੁਦਰਤੀ ਵਾਤਾਵਰਨ ਦੇ ਸੰਤੁਲਨ ਲਈ ਜੰਗਲਾਂ ਦਾ ਵਧੇਰੇ ਗਿਣਤੀ ਵਿੱਚ ਹੋਣਾ ਬਹੁਤ ਹੀ ਜ਼ਰੂਰੀ ਹੈ। ਇਸ ਲਈ ਲੋੜ ਹੈ ਕਿ ਸਰਕਾਰ, ਸਵੈ-ਸੇਵੀ ਸੰਸਥਾਵਾਂ ਤੇ ਆਮ ਲੋਕ ਵੀ ਇਨ੍ਹਾਂ ਦੀ ਮਹੱਤਤਾ ਸੰਬੰਧੀ ਜਾਗਰੂਕ ਹੋ ਕੇ ਇਨ੍ਹਾਂ ਦੀ ਰਖਵਾਲੀ ਲਈ ਆਪੋ-ਆਪਣੀ ਸਾਰਥਕ ਭੂਮਿਕਾ ਨਿਭਾਉਣ।


Post a Comment

0 Comments