Jesus Christ, "ਯਿਸੂ ਮਸੀਹ " Punjabi Essay, Paragraph for Class 8, 9, 10, 11 and 12 Students Examination in 1200 Words.

ਪੰਜਾਬੀ-ਨਿਬੰਧ - 'ਯਿਸੂ ਮਸੀਹ'
Jesus Christ




ਰੂਪ-ਰੇਖਾ (Outline)

ਭੂਮਿਕਾ, ਜਨਮ, ਯਿਸੂ ਦੇ ਜਨਮ ਤੋਂ ਪਹਿਲਾਂ ਭਵਿੱਖਬਾਣੀ, ਈਸ਼ਵਰੀ ਲਗਨ, ਯਿਸੂ ਦਾ ਅਰਘ ਲੈਣਾ, ਤਪੱਸਿਆ ਕਰਨੀ, ਪ੍ਰਭੂ ਦਾ ਪ੍ਰਚਾਰ ਕਰਨਾ, ਹਰਮਨ ਪਿਆਰਤਾ, ਯਿਸੂ ਦੀ ਵਿਰੋਧਤਾ, ਯਿਸੂ ਦਾ ਯੁਰੋਸ਼ਲਮ ਪਹੁੰਚਣਾ, ਪ੍ਰਚਾਰਕਾਂ ਨੂੰ ਖ਼ਬਰਦਾਰ ਕਰਨਾ, ਯਿਸੂ ਨੂੰ ਮੌਤ ਦੀ ਸਜ਼ਾ ਸੁਣਾਉਣੀ ਤੇ ਸੂਲੀ ਚਾੜ੍ਹਨਾ, ਸਾਰੰਸ਼।


ਭੂਮਿਕਾ (Introduction)

ਯਿਸੂ ਮਸੀਹ ਨੇ ਲੋਕਾਂ ਨੂੰ ਚੰਗੇਰੇ ਕਰਮ ਕਰਨ ਦੀ ਪ੍ਰੇਰਨਾ ਦਿੱਤੀ। ਉਸ ਨੇ ਪ੍ਰਭੂ ਦਾ ਸੰਦੇਸ਼ ਆਮ ਲੋਕਾਂ ਨੂੰ ਦਿੱਤਾ। ਉਹ ਬਹੁਤ ਹਰਮਨ ਪਿਆਰੇ ਹੋਏ ਪਰ ਵਿਰੋਧੀਆਂ ਨੇ ਉਨ੍ਹਾਂ ਨੂੰ ਸੂਲੀ ਚਾੜ੍ਹ ਕੇ ਹੀ ਸਾਹ ਲਿਆ।


ਜਨਮ (Birth)

ਯਿਸੂ ਮਸੀਹ ਦਾ ਜਨਮ ਅੱਜ ਤੋਂ ਲਗਪਗ ਦੋ ਹਜ਼ਾਰ ਸਾਲ ਪਹਿਲਾਂ ਮਿਸਰ ਤੋਂ ਫਲਸਤੀਨ ਜਾਣ ਵਾਲੀ ਵੱਡੀ ਸੜਕ ਤੇ ਬੈਤਲੇਹੈਮ ਨਾਂ ਦੇ ਇੱਕ ਸ਼ਹਿਰ ਵਿੱਚ ਹੋਇਆ। ਯਿਸੂ ਦੇ ਜਨਮ ਨਾਲ ਇੱਕ ਪਵਿੱਤਰ ਲੋਕ ਵਿਸ਼ਵਾਸ ਜੁੜਿਆ ਹੋਇਆ ਹੈ। ਇਸ ਅਨੁਸਾਰ ਉਨ੍ਹਾਂ ਦਾ ਜਨਮ ਆਦਿ ਕੁਆਰੀ ਮਾਤਾ ਮਰੀਅਮ ਦੀ ਕੁੱਖੋਂ ਹੋਇਆ। ਮਰੀਅਮ ਦੇ ਮਾਪੇ ਨੇਕ ਵਿਚਾਰਾਂ ਵਾਲੇ ਯਹੂਦੀ ਸਨ। ਮਾਪਿਆਂ ਨੇ ਯਹੂਦੀ ਰਿਵਾਜ ਮੁਤਾਬਕ ਮਰੀਅਮ ਨੂੰ ਛੋਟੀ ਉਮਰ ਵਿੱਚ ਹੀ ਈਸ਼ਵਰ ਦੀ ਸੇਵਾ ਵਿੱਚ ਅਰਪਣ ਕਰ ਦਿੱਤਾ ਸੀ। ਭਾਵੇਂ ਮਰੀਅਮ ਦਾ ਵਿਆਹ ਆਪਣੇ ਹੀ ਪਿੰਡ ਦੇ ਯੂਸਫ਼ ਨਾਂ ਦੇ ਕਾਰੀਗਰ ਨਾਲ ਹੋਇਆ ਸੀ ਪਰ ਲੋਕ-ਵਿਸ਼ਵਾਸ ਅਨੁਸਾਰ ਉਹ ਭੈਣ ਭਰਾ ਵਾਂਗ ਇੱਕ ਦੂਸਰੇ ਨਾਲ ਰਹੇ।

ਇੱਕ ਵਾਰ ਜਦੋਂ ਬੈਤਲੇਹੈਮ ਸ਼ਹਿਰ ਦੀ ਮਰਦਮਸ਼ੁਮਾਰੀ ਹੋ ਰਹੀ ਸੀ ਤਾਂ ਇਸ ਸ਼ਹਿਰ ਨਾਲ ਸੰਬੰਧਤ ਲੋਕਾਂ ਦੇ ਇੱਥੇ ਆ ਕੇ ਆਪਣੇ ਨਾਂ ਦਰਜ ਕਰਵਾਉਣ ਕਰ ਕੇ ਸ਼ਹਿਰ ਦੀਆਂ ਸਭ ਸਰਾਵਾਂ ਅਤੇ ਘਰ ਲੋਕਾਂ ਨਾਲ ਭਰ ਗਏ, ਇੱਥੇ ਜਦੋਂ ਯੂਸਫ਼ ਤੇ ਮਰੀਅਮ ਪਹੁੰਚੇ ਤਾਂ ਉਨ੍ਹਾਂ ਨੂੰ ਡੰਗਰਾਂ ਦੇ ਵਾੜੇ ਵਿੱਚ ਠਹਿਰਨਾ ਪਿਆ।ਇਸੇ ਰਾਤ ਜਿਸ ਬਾਲਕ ਦਾ ਜਨਮ ਹੋਇਆ ਉਸ ਦਾ ਨਾਂ ਯਿਸੂ ਰੱਖਿਆ ਗਿਆ।


ਯਿਸੂ ਦੇ ਜਨਮ ਤੋਂ ਪਹਿਲਾਂ ਭਵਿੱਖਬਾਣੀ (Prophecy before the birth of Jesus)

ਯਿਸੂ ਦੇ ਜਨਮ ਤੋਂ ਪਹਿਲਾਂ ਹੀ ਇਹ ਭਵਿੱਖਬਾਣੀਆਂ ਹੋਣ ਲੱਗ ਪਈਆਂ ਸਨ ਕਿ ਛੇਤੀ ਹੀ ਯਹੂਦੀਆਂ ਦੇ ਦੇਸ ਵਿੱਚ ਉਨ੍ਹਾਂ ਦੇ ਵਿੱਚੋਂ ਉਨ੍ਹਾਂ ਦਾ ਮਸੀਹਾ ਪੈਦਾ ਹੋਵੇਗਾ ਜੋ 'ਯਹੂਦੀਆਂ ਦਾ ਬਾਦਸ਼ਾਹ' ਅਖਵਾਏਗਾ। ਇਹ ਭਵਿੱਖਬਾਣੀਆਂ ਉਸ ਸਮੇਂ ਦੇ ਬਾਦਸ਼ਾਹ ਹੈਰੋਦ ਨੂੰ ਬਹੁਤ ਦੁਖੀ ਕਰਦੀਆਂ ਸਨ।ਰਾਜੇ ਵੱਲੋਂ ਪੜਤਾਲ ਕਰਵਾਉਣ 'ਤੇ ਯਹੂਦੀ ਧਰਮ ਦੇ ਨੇਤਾਵਾਂ ਨੇ ਦੱਸਿਆ ਕਿ ਯਹੂਦੀਆਂ ਦਾ ਬਾਦਸ਼ਾਹ ਬੈਤਲੇਹੈਮ ਵਿੱਚ ਜਨਮ ਲਵੇਗਾ।ਰਾਜਾ ਅਜਿਹੇ ਬੱਚੇ ਦੀ ਭਾਲ ਕਰਨ ਲੱਗਾ।ਯਿਸੂ ਦੇ ਮਾਪਿਆਂ ਨੂੰ ਵੀ ਪਤਾ ਲੱਗ ਗਿਆ ਕਿ ਹੈਰੋਦ ਉਨ੍ਹਾਂ ਦੇ ਬੱਚੇ ਦੀ ਜਾਨ ਦਾ ਦੁਸ਼ਮਣ ਹੈ।ਯਿਸੂ ਦਾ ਬਚਪਨ ਬਿਗਾਨੇ ਦੇਸ ਵਿੱਚ ਬੀਤਿਆ। ਜ਼ਾਲਮ ਬਾਦਸ਼ਾਹ ਹੈਰੋਦ ਨੇ ਬੈਤਲੇਹੈਮ ਸ਼ਹਿਰ ਵਿਚਲੇ ਦੋ ਸਾਲ ਦੀ ਉਮਰ ਦੇ ਸਾਰੇ ਬੱਚੇ ਕਤਲ ਕਰਵਾ ਦਿੱਤੇ ਸਨ। ਜਦੋਂ ਤੱਕ ਹੈਰੋਦ ਜਿਊਂਦਾ ਰਿਹਾ ਯਿਸੂ ਤੇ ਮਰੀਅਮ ਆਪਣੇ ਦੇਸ ਵਾਪਸ ਨਾ ਆਏ।


ਈਸ਼ਵਰੀ ਲਗਨ (Godly Devotion)

ਯਿਸੂ ਰੱਬੋਂ ਵਰੋਸਾਇਆ ਹੋਇਆ ਸੀ। ਉਹ ਛੋਟੀ ਉਮਰੇ ਹੀ ਵੱਡੀਆਂ ਗੱਲਾਂ ਕਰਦਾ ਸੀ। ਇੱਕ ਵਾਰੀ 12 ਸਾਲ ਦੀ ਉਮਰੇ ਉਹ ਸਾਰਿਆਂ ਨਾਲ ਯਹੂਦੀਆਂ ਦੇ ਪਵਿੱਤਰ ਕੇਂਦਰ ਯੂਸ਼ਲਮ ਕਿਸੇ ਪੂਰਬ-ਦਿਹਾੜੇ 'ਤੇ ਗਿਆ। ਮਰੀਅਮ ਔਰਤ ਵਾਲੇ ਟੋਲੇ ਵਿੱਚ ਤੇ ਯੂਸਫ਼ ਮਰਦਾਂ ਦੇ ਟੋਲੇ ਵਿੱਚ ਸੀ।ਪੁਰਬ ਦਾ ਮੇਲਾ ਸੱਤ ਦਿਨਾਂ ਮਗਰੋਂ ਖ਼ਤਮ ਹੋਇਆ ਤਾਂ ਯੂਸਫ਼ ਕਿਤੇ ਨਜ਼ਰ ਨਾ ਆਇਆ।ਅਖ਼ੀਰ ਨਿਰਾਸ ਹੋਏ ਮਾਪਿਆਂ ਨੂੰ ਆਪਣਾ ਪੁੱਤਰ ਧਰਮ ਮੰਦਰ ਵਿੱਚੋਂ ਲੱਭਾ। ਉਹ ਪੰਡਤਾਂ ਨਾਲ ਗਿਆਨ- ਧਿਆਨ ਦੀਆਂ ਡੂੰਘੀਆਂ ਗੱਲਾਂ ਕਰ ਕੇ ਉਨ੍ਹਾਂ ਨੂੰ ਹੈਰਾਨ ਕਰ ਰਿਹਾ ਸੀ।


ਯਿਸੂ ਦਾ ਅਰਘ ਲੈਣਾ (Acceptance of Jesus)

ਯਿਸੂ ਦਾ ਮਨ ਪਰਮਾਤਮਾ ਦੇ ਮਾਰਗ 'ਤੇ ਚੱਲਣ ਲਈ ਬਹੁਤ ਕਾਹਲਾ ਪੈ ਰਿਹਾ ਸੀ। ਉਸ ਨੇ ਯੋਹੰਨਾ ਨਾਂ ਦੇ ਸੰਤ ਕੋਲੋਂ ਅਰਘ ਅਰਥਾਤ ਜਲ ਪਾਹੁਲ ਲਿਆ। ਯੋਹੰਨਾ ਰੱਬ ਵੱਲੋਂ ਭੇਜਿਆ ਅੰਗਰਦੂਤ ਸੀ ਤੇ ਉਹ ਰੱਬੀ ਬਾਦਸ਼ਾਹਤ ਦੀ ਅਗਾਊਂ ਖ਼ਬਰ ਦਿੰਦਾ ਸੀ।ਜਦੋਂ ਯਿਸੂ ਉਸ ਕੋਲੋਂ ਪਾਹੁਲ ਲੈਣ ਆਇਆ ਤਾਂ ਉਸ ਨੇ ਯਿਸੂ ਦੀ ਵਿਲੱਖਣ ਆਤਮਾ ਨੂੰ ਪਛਾਣ ਲਿਆ।ਜਦੋਂ ਯਿਸੂ ਪਾਹੁਲ ਲੈਣ ਮਗਰੋਂ ਦਰਿਆ ਵਿੱਚੋਂ ਬਾਹਰ ਨਿਕਲਿਆ ਤਾਂ ਯੋਹੰਨਾ ਨੂੰ ਪਰਮ ਆਤਮਾ ਯੋਗੀ ਦੀ ਸ਼ਕਲ ਵਿੱਚ ਅਰਸ਼ੋਂ ਉਤਰਦੀ ਨਜ਼ਰ ਆਈ, ਪਾਹੁਲ ਲੈਣਾ ਉਸ ਸਮੇਂ ਮਾਨਸਕ ਪਾਪਾਂ ਤੇ ਦੁਨਿਆਵੀ ਦਾਸਤਾ ਤੋਂ ਮੁਕਤ ਹੋਣ ਦਾ ਸੰਕੇਤ ਸੀ।


ਤਪੱਸਿਆ ਕਰਨੀ 

ਪਾਹੁਲ ਲੈਣ ਮਗਰੋਂ ਯਿਸੂ ਨੇ ਤਪੱਸਿਆ ਕਰਨੀ ਸ਼ੁਰੂ ਕੀਤੀ। ਉਸ ਨੇ 40 ਦਿਨ ਤੇ 40 ਰਾਤਾਂ ਕੁਝ ਨਾ ਖਾਧਾ ਪੀਤਾ। ਪਰਮਾਤਮਾ ਦੀ ਬੰਦਗੀ ਵਿੱਚ ਲੀਨ ਯਿਸੂ ਨੂੰ ਸ਼ੈਤਾਨ ਨੇ ਉਸ ਰਸਤੇ ਤੋਂ ਭਟਕਾਉਣ ਦੀ ਕੋਸ਼ਸ਼ ਕੀਤੀ ਪਰ ਯਿਸੂ ਤਾਂ ਕੇਵਲ ਉਸ ਪ੍ਰਭੂ ਦੇ ਹੁਕਮ ਨੂੰ ਹੀ ਮੰਨਦਾ ਸੀ। ਤੀਹ ਸਾਲਾਂ ਦੀ ਉਮਰੇ ਉਸ ਦਾ ਮਸੀਹਾ ਰੂਪ ਸ਼ੁਰੂ ਹੋਇਆ। ‘ਮਸੀਹਾ ਤਾਂ ਯੂਨਾਨੀ ਸ਼ਬਦ ਕ੍ਰਾਈਸਟ ਦਾ ਅਰਥ ਹੈ ਉਹ ਜਿਸ ਦੇ ਸਿਰ ਉੱਪਰ ਰੱਬ ਨੇ ਹੱਥ ਫੇਰਿਆ ਹੋਵੇ। ਯਿਸੂ ਮਸੀਹ ਲੋਕਾਂ ਨੂੰ ਪਾਪ ਵੱਲੋਂ ਮੂੰਹ ਮੋੜ ਕੇ ਰੱਬ ਨਾਲ ਜੁੜਨ ਲਈ ਆਖਦਾ ਸੀ।ਉਸ ਦੇ ਬੋਲਾਂ ਵਿੱਚ ਅਜਿਹੀ ਸ਼ਕਤੀ ਸੀ ਕਿ ਸੁਣਨ ਵਾਲੇ ਉਸ ਦੇ ਮਗਰ ਲੱਗ ਜਾਂਦੇ ਸਨ। ਮੱਛੀਆਂ ਫੜਨ ਵਾਲੇ ਦੋ ਭਰਾ ਸ਼ਿਮੋਨ (ਪਿਤਰਿਸ) ਤੇ ਅਟਰਯੂਸ ਤੇ ਮੱਛੀਆਂ ਫੜਨ ਵਾਲਾ ਜਾਲ ਮੁਰੰਮਤ ਕਰਨ ਵਾਲੇ ਦੋ ਭਰਾ ਯੋਹੰਨਾ ਤੇ ਯਾਕੂਬ ਉਸ ਦੇ ਚਾਰੇ ਪਹਿਲੇ ਚੇਲੇ ਸਨ।


ਪ੍ਰਭੂ ਦਾ ਪ੍ਰਚਾਰ ਕਰਨਾ (Preaching the Lord)

ਯਿਸੂ ਪ੍ਰਭੂ ਦਾ ਪ੍ਰਚਾਰ ਕਰਦਿਆਂ ਲੋਕਾਂ ਦੇ ਮਨੋਰੋਗ ਤੇ ਤਨ ਦੇ ਰੋਗ ਵੀ ਦੂਰ ਕਰਦਾ ਸੀ। ਉਸ ਦਾ ਉਪਦੇਸ਼ ਸੀ ਕਿ ਪ੍ਰਭੂ ਉੱਪਰ ਵਿਸ਼ਵਾਸ ਹੀ ਸਾਰੇ ਰੋਗਾਂ ਦਾ ਦਾਰੂ ਹੈ।ਉਸ ਨੇ ਲੋਕਾਂ ਨੂੰ ਜਿਨਾਂ-ਭੂਤਾਂ ਦੇ ਪਰਛਾਵੇਂ ਤੋਂ ਛੁਟਕਾਰਾ ਦਵਾਇਆ।ਇਸ ਸਮੇਂ ਕੋੜ੍ਹ ਦਾ ਰੋਗ ਫੈਲਿਆ ਹੋਇਆ ਸੀ। ਲੋਕ ਕੋੜ੍ਹੀਆਂ ਦੇ ਪਰਛਾਵੇਂ ਤੋਂ ਵੀ ਡਰਦੇ ਸਨ। ਯਿਸੂ ਨੇ ਲੋਕਾਂ ਦੇ ਮਨ ਵਿੱਚ ਵਿਸ਼ਵਾਸ ਜਗਾ ਕੇ ਉਨ੍ਹਾਂ ਨੂੰ ਰੋਗ ਮੁਕਤ ਕੀਤਾ। ਲੋਕ ਮੰਨਦੇ ਸਨ ਕਿ ਯਿਸੂ ਰੋਗੀ ਨੂੰ ਵੇਖੇ ਜਾਂ ਛੋਹੇ ਬਗ਼ੈਰ ਵੀ ਚਾਹੇ ਤਾਂ ਰੋਗੀ ਠੀਕ ਹੋ ਸਕਦਾ ਹੈ।


ਹਰਮਨ ਪਿਆਰਤਾ (Popularity)

ਯਿਸੂ ਆਪਣੇ ਤੋਂ ਪਹਿਲੇ ਪੈਗੰਬਰਾਂ ਪ੍ਰਤੀ ਬਹੁਤ ਸਤਿਕਾਰ ਰੱਖਦਾ ਸੀ। ਉਸ ਦੇ ਉਪਦੇਸ਼ ਸਰਲ ਤੇ ਮਿੱਠੀ ਬੋਲੀ ਵਿੱਚ ਹੁੰਦੇ ਸਨ।ਉਹ ਨਿਰਸੁਆਰਥ ਰੋਗੀਆਂ ਦੀ ਸੇਵਾ ਕਾਰਨ ਹਰਮਨ ਪਿਆਰਾ ਹੋ ਗਿਆ ਸੀ।ਲੋਕ ਤੇ ਲੋਕਾਂ ਦੀਆਂ ਸਮੱਸਿਆਵਾਂ ਵਧੇਰੇ ਹੋਣ ਕਰਕੇ ਉਸ ਨੇ ਆਪਣੇ ਬਾਰਾਂ ਚੇਲਿਆਂ ਨੂੰ ਵੀ ਲੋਕ ਸੇਵਾ ਲਈ ਸ਼ਕਤੀ ਅਤੇ ਅਧਿਕਾਰ ਦਿੱਤੇ। ਇਹੋ ਬਾਰਾਂ ਚੇਲੇ ਉਸ ਦੇ ਬਾਰਾਂ ਰਸੂਲ ਜਾਂ ਮੁੱਖ ਪ੍ਰਚਾਰਕ ਸਨ। ਇਨ੍ਹਾਂ ਚੇਲਿਆਂ ਨੇ ਯਿਸੂ ਮਸੀਹ ਦੇ ਆਦੇਸ਼ਾਂ ਅਨੁਸਾਰ ਨਿਮਰ ਤੇ ਨਿਰਸੁਆਰਥ ਰਹਿ ਕੇ ਵੱਖ-ਵੱਖ ਥਾਵਾਂ 'ਤੇ ਲੋਕਾਂ ਦੀ ਸੇਵਾ ਕੀਤੀ। ਅਜਿਹੇ ਸਮੇਂ ਹੀ ਬਹੁਤ ਸਾਰੇ ਲੋਕ ਯਿਸੂ ਨੂੰ ਮਸੀਹ, ਖ਼ੁਦਾ ਦਾ ਸਪੁੱਤਰ ਮੰਨਣ ਲੱਗ ਪਏ।


ਯਿਸੂ ਦੀ ਵਿਰੋਧਤਾ (Opposition to Jesus)

ਲੋਕਾਂ ਵਿੱਚ ਯਿਸੂ ਦੀ ਹਰਮਨ ਪਿਆਰਤਾ ਨਾਲ ਹੀ ਉਸ ਦੇ ਦੁਸ਼ਮਣ ਪੈਦਾ ਹੋ ਗਏ।ਕੱਟੜ ਧਾਰਮਕ ਵਿਚਾਰਾਂ ਵਾਲੇ ਫਰੀਨੀ ਉਸ ਦੇ ਵੈਰੀ ਬਣ ਗਏ।ਉਹ ਯਿਸੂ ਨੂੰ ਰੋਗੀਆਂ ਤੇ ਪਾਪੀਆਂ ਤੋਂ ਦੂਰ ਰਹਿਣ ਲਈ ਆਖਦੇ ਸਨ। ਫਰੀਨੀਆਂ ਦਾ ਵਿਚਾਰ ਸੀ ਕਿ ਪਾਪੀਆਂ ਨੂੰ ਕੇਵਲ ਪ੍ਰਭੂ ਹੀ ਬਖ਼ਸ਼ ਸਕਦਾ ਹੈ ਕੋਈ ਮਨੁੱਖ ਨਹੀਂ। ਪਰ ਯਿਸੂ ਦਾ ਮੱਤ ਸੀ ਕਿ ਪਾਪੀਆਂ ਨੂੰ ਬਖ਼ਸ਼ਣ ਦਾ ਅਧਿਕਾਰ ਮਨੁੱਖ ਦੇ ਪੁੱਤਰ ਨੂੰ ਵੀ ਹੈ।ਇੰਜ ਫਰੀਨੀ ਹਰ ਹੀਲੇ ਯਿਸੂ ਨੂੰ ਧਰਮ ਜਾਂ ਸਰਕਾਰ ਦਾ ਵੈਰੀ ਸਿੱਧ ਕਰਨਾ ਚਾਹੁੰਦੇ ਹਨ। ਇਸੇ ਸਮੇਂ ਇੱਕ ਹੋਰ ਧਾਰਮਕ ਫਿਰਕੇ ਵਾਲੇ ਸਦਿਊਨੀ ਵੀ ਯਿਸੂ ਨੂੰ ਆਪਣਾ ਵਿਰੋਧੀ ਸਮਝਦੇ ਸਨ। ਸਦਿਊਨੀ ਰੋਮ ਦੇ ਹੁਕਮਰਾਨਾਂ ਨਾਲ ਨੇੜਤਾ ਸਥਾਪਤ ਕਰ ਕੇ ਆਪਣਾ ਜੀਵਨ ਹੀ ਸੰਵਾਰਨਾ ਚਾਹੁੰਦੇ ਸਨ।ਭਾਵੇਂ ਫਰੀਨੀਆਂ ਤੇ ਸਦਿਊਨੀਆਂ ਦੀ ਸੋਚ ਵਿੱਚ ਅੰਤਰ ਸੀ ਪਰ ਉਹ ਯਿਸੂ ਵਿਰੁੱਧ ਇੱਕਮੁੱਠ ਹੋ ਗਏ ਸਨ।

ਇਸ ਤਰ੍ਹਾਂ ਧਾਰਮਕ ਆਦੇਸ਼ਾਂ ਤੇ ਗ੍ਰੰਥਾਂ ਦੇ ਪੰਡਤ ਜੋ ਕਾਤਬ ਅਖਵਾਉਂਦੇ ਸਨ, ਉਹ ਵੀ ਯਿਸੂ ਦੇ ਵਿਰੁੱਧ ਹੋ ਗਏ ਸਨ ਕਿਉਂਕਿ ਯਿਸੂ ਨੇ ਕਾਤਬਾਂ ਦੇ ਅਭਿਮਾਨ ਤੇ ਸੌੜੀ ਸੋਚ ਦਾ ਖੰਡਨ ਕੀਤਾ ਸੀ।ਇਸੇ ਤਰ੍ਹਾਂ ਬਾਦਸ਼ਾਹ ਦਾ ਸਮਰਥਕ ਰਾਜਨੀਤਕ ਟੋਲਾ ਹੇਰੋਦੀ ਵੀ ਯਿਸੂ ਦਾ ਵਿਰੋਧੀ ਸੀ।


ਯਿਸੂ ਦਾ ਯੁਰੋਸ਼ਲਮ ਪਹੁੰਚਣਾ (Jesus' arrival in Jerusalem)

ਜਦੋਂ ਯਿਸੂ ਆਪਣੇ ਦੇਸ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਧਰਮ-ਕੇਂਦਰ ਯੂਰੋਸ਼ਲਮ ਵੱਲ ਜਾ ਰਿਹਾ ਸੀ ਤਾਂ ਲੋਕਾਂ ਨੇ ਰਸਤੇ ਵਿੱਚ ਉਸ ਦਾ ਬਹੁਤ ਸਤਿਕਾਰ ਕੀਤਾ । ਯਿਸੂ ਨੇ ਯੁਰੋਸ਼ਲਮ ਦੇ ਵੱਡੇ ਮੰਦਰ ਪਹੁੰਚ ਕੇ ਵਪਾਰੀ ਤੇ ਚੋਰ ਬਿਰਤੀ ਵਾਲੇ ਪੁਜਾਰੀਆਂ ਨੂੰ ਬਾਹਰ ਕੱਢ ਦਿੱਤਾ। ਮੰਦਰ ਦੇ ਪੁਜਾਰੀ ਤੇ ਯਹੂਦੀ ਨੇਤਾ ਇਸ ਤੋਂ ਪਰੇਸ਼ਾਨ ਹੋਏ। ਲੋਕ ਯੂਸਫ਼ ਦੇ ਨਾਲ ਹੋਣ ਕਰਕੇ ਉਹ ਕੁਝ ਵੀ ਕਰਨ ਤੋਂ ਅਸਮਰੱਥ ਸਨ। ਫਰੀਨੀ, ਸਦਿਊਨੀ, ਕਾਤਬ ਤੇ ਹੇਰੋਦੀਏ ਯੂਸਫ਼ ਨੂੰ ਗ੍ਰਿਫ਼ਤਾਰ ਕਰਨ ਦੀਆਂ ਵਿਉਂਤਾਂ ਬਣਾ ਰਹੇ ਸਨ। ਇਸ ਸਮੇਂ ਯਿਸੂ ਯੁਰੋਸ਼ਲਮ ਦੇ ਆਸੇ ਪਾਸੇ ਰਹੇ।


ਪ੍ਰਚਾਰਕਾਂ ਨੂੰ ਖ਼ਬਰਦਾਰ ਕਰਨਾ (Notice to preachers)

ਯਿਸੂ ਨੇ ਆਪਣੇ ਪ੍ਰਚਾਰਕਾਂ ਨੂੰ ਖ਼ਬਰਦਾਰ ਕਰ ਦਿੱਤਾ ਸੀ ਕਿ ਵੱਡੇ ਪੁਜਾਰੀ ਤੇ ਵੱਡੇ ਨੇਤਾ ਉਸ ਨਾਲ ਧੱਕਾ ਕਰਨਗੇ ਤੇ ਮੌਤ ਦੀ ਸਜ਼ਾ ਦੇਣਗੇ। ਯਿਸੂ ਨੇ ਪ੍ਰਸਿੱਧ ਪੁਰਬ ਪੇਸ਼ਾਖ ਦੇ ਪਹਿਲੇ ਦਿਨ ਆਪਣੇ ਚੇਲਿਆਂ ਨਾਲ ਇੱਕ ਘਰ ਵਿੱਚ ਖਾਣਾ ਖਾਧਾ ਤੇ ਭਵਿੱਖਬਾਣੀਆਂ ਕੀਤੀਆਂ ਜੋ ਮਗਰੋਂ ਸੱਚੀਆਂ ਹੋਈਆਂ। ਯਿਸੂ ਨੇ ਉਸ ਰਾਤ ਰੱਬ ਦੀ ਇਬਾਦਤ ਵਿੱਚ ਗੁਜ਼ਾਰੀ। ਵਿਰੋਧੀਆਂ ਨੇ ਯਿਸੂ ਦੇ ਇੱਕ ਪ੍ਰਚਾਰਕ ਯਹੂਦਾ ਦੀ ਸਹਾਇਤਾ ਨਾਲ ਯਿਸੂ ਨੂੰ ਜ਼ਬਰਦਸਤੀ ਫੜ ਲਿਆ।


ਯਿਸੂ ਨੂੰ ਮੌਤ ਦੀ ਸਜ਼ਾ ਸੁਣਾਉਣੀ ਤੇ ਸੂਲੀ ਚਾੜ੍ਹਨਾ (Jesus was sentenced to death and crucified)

ਯਿਸੂ ਮਸੀਹ ਨੂੰ ਵੱਡੇ ਪੁਜਾਰੀ ਕਾਇਫਾਨ ਦੇ ਘਰ ਯਹੂਦੀ ਨੇਤਾਵਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਇੱਥੇ ਯਿਸੂ ਉੱਪਰ ਤਰ੍ਹਾਂ-ਤਰ੍ਹਾਂ ਦੇ ਝੂਠੇ ਦੋਸ਼ ਲਾਏ ਗਏ। ਯਿਸੂ ਨੇ ਆਪਣੇ ਮਸੀਹਾ ਹੋਣ ਦਾ ਦਾਅਵਾ ਕੀਤਾ। ਅਖ਼ੀਰ ਯਿਸੂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਯਹੂਦੀ ਕਚਹਿਰੀ ਯਿਸੂ ਨੂੰ ਸਜ਼ਾ ਤਾਂ ਸੁਣਾ ਸਕਦੀ ਸੀ ਪਰ ਸੂਲੀ ਚਾੜ੍ਹਨ ਲਈ ਰੋਮਨ ਗਵਰਨਰ ਪਲਾਤੂਨ ਦੀ ਪ੍ਰਵਾਨਗੀ ਜ਼ਰੂਰੀ ਸੀ। ਯਹੂਦੀਆਂ ਨੇ ਪਲਾਤੂਨ ਸਾਹਮਣੇ ਯਿਸੂ 'ਤੇ ਕਈ ਇਲਜ਼ਾਮ ਲਾਏ ਪਰ ਯਿਸੂ ਚੁੱਪ ਰਿਹਾ। ਪਲਾਤੂਨ ਨੇ ਨਾ ਚਾਹੁੰਦੇ ਹੋਏ ਵੀ ਪੁਜਾਰੀਆਂ ਤੇ ਯਹੂਦੀ ਨੇਤਾਵਾਂ ਦੀਆਂ ਚਾਲਾਂ ਸਦਕਾ ਯਿਸੂ ਨੂੰ ਸਲੀਬ 'ਤੇ ਚਾੜ੍ਹਨ ਦਾ ਹੁਕਮ ਸੁਣਾ ਦਿੱਤਾ। ਸਲੀਬ 'ਤੇ ਚੜ੍ਹਨ ਵਾਲਿਆਂ ਨੂੰ ਆਪਣੇ ਸਲੀਬ ਆਪ ਚੁੱਕ ਕੇ ਸ਼ਹਿਰੋਂ ਬਾਹਰ ਸਲੀਬ ਵਾਲੀ ਥਾਂ 'ਤੇ ਜਾਣਾ ਪੈਂਦਾ ਸੀ। ਯਿਸੂ ਨੇ ਇੰਜ ਹੀ ਕੀਤਾ ਤੇ ਅਖ਼ੀਰ ਉਨ੍ਹਾਂ ਨੂੰ ਸਲੀਬ 'ਤੇ ਚੜ੍ਹਾ ਦਿੱਤਾ ਗਿਆ।


ਸਾਰੰਸ਼ (Summary)

ਇਸ ਤਰ੍ਹਾਂ ਯਿਸੂ ਮਸੀਹ ਨੇ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਤੋਂ ਨਿਜਾਤ ਦਿਵਾਈ, ਪਰ ਲੋਭੀ ਪੁਜਾਰੀਆਂ ਤੇ ਸਵਾਰਥੀ ਨੇਤਾਵਾਂ ਨੇ ਆਪਣੀਆਂ ਚਾਲਾਂ ਨਾਲ ਉਨ੍ਹਾਂ ਨੂੰ ਸੂਲੀ 'ਤੇ ਚੜ੍ਹਵਾ ਦਿੱਤਾ ਪਰ ਆਪਣੇ ਉਪਦੇਸ਼ਾਂ ਸਦਕਾ ਉਹ ਅੱਜ ਵੀ ਹਰਮਨ-ਪਿਆਰੇ ਹਨ।


Post a Comment

0 Comments