Jal Pradushan "ਜਲ ਪ੍ਰਦੂਸ਼ਣ " Punjabi Essay, Paragraph for Class 8, 9, 10, 11 and 12 Students Examination in 1000 Words.

ਪੰਜਾਬੀ ਨਿਬੰਧ - ਜਲ ਪ੍ਰਦੂਸ਼ਣ 
Jal Pradushan

ਰੂਪ-ਰੇਖਾ

ਭੂਮਿਕਾ, ਪ੍ਰਦੂਸ਼ਣ ਕੀ ਹੈ ? ਜਲ ਪ੍ਰਦੂਸ਼ਣ, ਜਲ ਪ੍ਰਦੂਸ਼ਣ ਦੇ ਕਾਰਨ, ਘਰੇਲੂ ਕੂੜਾ-ਕਰਕਟ ਅਤੇ ਖੇਤੀਬਾੜੀ, ਤੇਲ ਦਾ ਰਿਸਾਅ ਅਤੇ ਪਰਮਾਣੂ ਕਚਰਾ, ਜਲ ਪ੍ਰਦੂਸ਼ਣ ਦਾ ਮਨੁੱਖਾਂ 'ਤੇ ਪ੍ਰਭਾਵ, ਜੀਵਾਂ 'ਤੇ ਮਾੜਾ ਪ੍ਰਭਾਵ, ਫ਼ਸਲਾਂ ਉੱਪਰ ਪ੍ਰਭਾਵ, ਜਲ ਪ੍ਰਦੂਸ਼ਣ ਰੋਕਣ ਦੇ ਉਪਾਅ, ਕੀਟ-ਨਾਸ਼ਕਾਂ ਦੀ ਘੱਟ ਵਰਤੋਂ, ਗੰਦੇ ਪਾਣੀ ਨੂੰ ਸਾਫ਼ ਕਰਨਾ, ਸਾਰੰਸ਼। 


ਭੂਮਿਕਾ

ਇੱਕੀਵੀਂ ਸਦੀ ਵਿਗਿਆਨ ਦੀ ਸਦੀ ਆਖੀ ਜਾ ਰਹੀ ਹੈ। ਵਿਗਿਆਨਕ ਖੋਜਾਂ ਨੇ ਮਨੁੱਖੀ ਜੀਵਨ ਦੀ ਰਫ਼ਤਾਰ ਤੇ ਨੁਹਾਰ ਬਦਲ ਦਿੱਤੀ ਹੈ। ਪਰ ਇਸ ਸਮੇਂ ਇਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਇੱਕ ਬਹੁਤ ਹੀ ਗੰਭੀਰ ਸਮੱਸਿਆ ਬਣ ਕੇ ਸਾਡੇ ਸਾਹਮਣੇ ਆ ਰਹੀ ਹੈ। ਜਲ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਮਿੱਟੀ ਪ੍ਰਦੂਸ਼ਣ, ਧੁਨੀ ਪ੍ਰਦੂਸ਼ਣ, ਤਾਪੀ ਪ੍ਰਦੂਸ਼ਣ ਆਦਿ ਅਜਿਹੇ ਪ੍ਰਦੂਸ਼ਣ ਹਨ ਜਿਹੜੇ ਮਨੁੱਖੀ ਜੀਵਨ ਤੇ ਵਾਤਾਵਰਨ ਲਈ ਬਹੁਤ ਹੀ ਨੁਕਸਾਨਦਾਇਕ ਹਨ। ਇਸ ਲਈ ਇਨ੍ਹਾਂ ਪ੍ਰਦੂਸ਼ਣਾਂ ਪ੍ਰਤੀ ਸੁਚੇਤ ਹੋਣ 'ਤੇ ਇਨ੍ਹਾਂ ਨੂੰ ਘਟਾਉਣ ਦੀ ਲੋੜ ਹੈ।


ਪ੍ਰਦੂਸ਼ਣ ਕੀ ਹੈ?

ਆਮ ਤੌਰ 'ਤੇ ਸਮੁੱਚੇ ਵਾਤਾਵਰਨ ਵਿੱਚ ਅਣਲੋੜੀਂਦੇ ਤੱਤਾਂ ਦੇ ਹੋਣ ਨੂੰ ਪ੍ਰਦੂਸ਼ਣ ਕਿਹਾ ਜਾਂਦਾ ਹੈ। ਵਾਤਾਵਰਨ ਵਿਚਲੇ ਪ੍ਰਦੂਸ਼ਣ ਕਾਰਨ ਮਨੁੱਖਾਂ, ਪੌਦਿਆਂ, ਜਾਨਵਰਾਂ ਤੇ ਇਮਾਰਤਾਂ ਉੱਤੇ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਤਰ੍ਹਾਂ ਹਵਾ, ਪਾਣੀ ਅਤੇ ਭੂਮੀ ਵਿੱਚ ਜ਼ਹਿਰੀਲੇ ਪਦਾਰਥਾਂ ਦਾ ਹੋਣਾ ਹੀ ਪ੍ਰਦੂਸ਼ਣ ਹੁੰਦਾ ਹੈ। ਇਹ ਪ੍ਰਦੂਸ਼ਣ ਸਿੱਧੇ ਜਾਂ ਅਸਿੱਧੇ ਢੰਗ ਨਾਲ ਮਨੁੱਖੀ ਸਿਹਤ ਲਈ ਬਹੁਤ ਹੀ ਘਾਤਕ ਹੁੰਦਾ ਹੈ।


ਜਲ-ਪ੍ਰਦੂਸ਼ਣ

ਧਰਤੀ ਉਪਰਲਾ ਜੀਵਨ ਪਾਣੀ ਕਾਰਨ ਹੀ ਸੰਭਵ ਹੈ। ਤਾਜ਼ਾ ਅੰਕੜਿਆਂ ਅਨੁਸਾਰ ਧਰਤੀ ਦੇ 71% ਭਾਗ 'ਤੇ ਪਾਣੀ ਹੈ। ਮਨੁੱਖਾਂ, ਜਾਨਵਰਾਂ ਅਤੇ ਪੌਦਿਆਂ ਲਈ ਪਾਣੀ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਮਨੁੱਖੀ ਜੀਵਨ ਦੇ ਇਤਿਹਾਸ ਨੂੰ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਜਿਸ ਖੇਤਰ ਵਿੱਚ ਪਾਣੀ ਮਿਲਦਾ ਸੀ ਉੱਥੇ ਹੀ ਮਨੁੱਖੀ ਜੀਵਨ ਦਾ ਵਿਕਾਸ ਹੋ ਸਕਿਆ ਸੀ।ਪਾਣੀ ਦੀ ਸਿੰਚਾਈ, ਉਦਯੋਗਾਂ ਤੇ ਹੋਰ ਕਈ ਖੇਤਰਾਂ ਵਿੱਚ ਵੀ ਵਰਤੋਂ ਕੀਤੀ ਜਾਂਦੀ ਹੈ। ਅਜੋਕੇ ਦੌਰ ਵਿੱਚ ਕਈ ਕਾਰਨਾਂ ਕਰਕੇ ਜਲ ਪ੍ਰਦੂਸ਼ਣ ਹੋ ਰਿਹਾ ਹੈ। ਜਲ ਪ੍ਰਦੂਸ਼ਣ ਤੋਂ ਭਾਵ ਪ੍ਰਦੂਸ਼ਣ ਤੱਤਾਂ ਕਾਰਨ ਜਲ ਦਾ ਦੂਸ਼ਿਤ ਹੋਣਾ ਹੈ। ਇਹ ਪ੍ਰਦੂਸ਼ਿਤ ਜਲ ਮਨੁੱਖਾਂ, ਜਾਨਵਰਾਂ ਅਤੇ ਪੌਦਿਆਂ ਲਈ ਨੁਕਸਾਨਦਾਇਕ ਹੁੰਦਾ ਹੈ। ਪਾਣੀ ਵਿਚਲੇ ਇਹ ਪ੍ਰਦੂਸ਼ਣ ਤੱਤ ਜੈਵਿਕ, ਅਜੈਵਿਕ ਅਤੇ ਰੇਡੀਓ ਧਰਮੀ ਹੋ ਸਕਦੇ ਹਨ।


ਜਲ ਪ੍ਰਦੂਸ਼ਣ ਦੇ ਕਾਰਨ

ਜਲ ਪ੍ਰਦੂਸ਼ਣ ਦੇ ਬਹੁਤ ਸਾਰੇ ਕਾਰਨ ਹਨ।ਇਨ੍ਹਾਂ ਕਾਰਨਾਂ ਵਿੱਚ ਉਦਯੋਗਿਕ ਕਿਰਿਆਵਾਂ ਪ੍ਰਮੁੱਖ ਹਨ। ਉਦਯੋਗਾਂ ਵਿੱਚ ਬਹੁਤ ਸਾਰੇ ਰਸਾਇਣ ਵਰਤੇ ਜਾਂਦੇ ਹਨ। ਇਨ੍ਹਾਂ ਨਾਲ ਜਲ ਪ੍ਰਦੂਸ਼ਣ ਹੁੰਦਾ ਹੈ। ਇਨ੍ਹਾਂ ਉਦਯੋਗਾਂ ਵਿੱਚ ਕਾਗ਼ਜ਼, ਚੀਨੀ, ਕੱਪੜਾ, ਖਾਦ, ਤੇਲ ਸੋਧਕ ਕਾਰਖ਼ਾਨੇ, ਰੰਗਾਈ ਦੇ ਕਾਰਖ਼ਾਨੇ ਮੁੱਖ ਤੌਰ 'ਤੇ ਸ਼ਾਮਲ ਹਨ। ਇਨ੍ਹਾਂ ਕਾਰਖ਼ਾਨਿਆਂ ਵਿਚਲੇ ਦੂਸ਼ਿਤ ਜਲ ਨੂੰ ਬਿਨਾਂ ਸਾਫ਼ ਕੀਤੇ ਸਿੱਧਾ ਸਾਫ਼ ਜਲ ਵਿੱਚ ਮਿਲਾ ਦਿੱਤਾ ਜਾਂਦਾ ਹੈ ਜਿਸ ਕਾਰਨ ਸਾਫ਼ ਜਲ ਵਿੱਚ ਪ੍ਰਦੂਸ਼ਣ ਹੋ ਜਾਂਦਾ ਹੈ। ਇੱਕ ਥਾਂ ਇਕੱਠਾ ਕੀਤਾ ਪ੍ਰਦੂਸ਼ਣ ਭਰਪੂਰ ਜਲ ਵੀ ਰਿਸ-ਰਿਸ ਕੇ ਭੂਮੀਗਤ ਜਲ ਨੂੰ ਦੂਸ਼ਿਤ ਕਰ ਦਿੰਦਾ ਹੈ।


ਘਰੇਲੂ ਕੂੜਾ-ਕਰਕਟ ਅਤੇ ਖੇਤੀਬਾੜੀ

ਆਮ ਤੌਰ 'ਤੇ ਘਰੇਲੂ ਕੂੜੇ-ਕਰਕਟ ਨੂੰ ਨਾਲੀਆਂ ਜਾਂ ਤਲਾਬਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਸ ਨਾਲ ਜਲ ਦੂਸ਼ਿਤ ਹੋ ਜਾਂਦਾ ਹੈ। ਇਸੇ ਤਰ੍ਹਾਂ ਖੇਤੀਬਾੜੀ ਵਿੱਚ ਕਈ ਕੀਟਨਾਸ਼ਕਾਂ ਅਤੇ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ।ਇਹ ਜ਼ਹਿਰੀਲੇ ਤੱਤ ਜਦੋਂ ਪਾਣੀ ਨਾਲ ਮਿਲਦੇ ਹਨ ਤਾਂ ਇਹ ਭੂਮੀਗਤ ਜਲ ਨੂੰ ਵੀ ਦੂਸ਼ਿਤ ਕਰ ਦਿੰਦੇ ਹਨ। ਇਸੇ ਤਰ੍ਹਾਂ ਅਜਿਹੇ ਖੇਤਾਂ ਵਿਚਲੇ ਜ਼ਹਿਰੀਲੇ ਤੱਤ ਹੌਲੀ-ਹੌਲੀ ਨਦੀਆਂ ਅਤੇ ਤਲਾਬਾਂ ਆਦਿ ਵਿੱਚ ਮਿਲ ਜਾਂਦੇ ਹਨ।


ਤੇਲ ਦਾ ਰਿਸਾਅ ਅਤੇ ਪ੍ਰਮਾਣੂ ਕਚਰਾ

ਤੇਲ ਸੋਧਕ ਕਾਰਖ਼ਾਨਿਆਂ, ਜਹਾਜ਼ਾਂ ਅਤੇ ਟੈਂਕਰਾਂ ਆਦਿ ਵਿੱਚੋਂ ਜੋ ਤੇਲ ਦਾ ਰਿਸਾਅ ਹੁੰਦਾ ਹੈ, ਉਹ ਵੀ ਜਲ ਨੂੰ ਪ੍ਰਦੂਸ਼ਿਤ ਕਰਦਾ ਹੈ।ਇਸ ਤਰ੍ਹਾਂ ਪ੍ਰਮਾਣੂ ਕਚਰੇ ਨੂੰ ਸਮੁੰਦਰ ਤਲ ਉੱਪਰ ਇਕੱਠਾ ਕੀਤਾ ਜਾਂਦਾ ਹੈ।ਇਸ ਇਕੱਠੇ ਢੇਰ ਤੋਂ ਰੇਡੀਓ ਧਰਮੀ ਕਿਰਨਾਂ ਨਿਕਲਦੀਆਂ ਹਨ ਜੋ ਪਾਣੀ ਨੂੰ ਦੂਸ਼ਿਤ ਕਰ ਦਿੰਦੀਆਂ ਹਨ।


ਜਲ ਪ੍ਰਦੂਸ਼ਣ ਦਾ ਮਨੁੱਖਾਂ 'ਤੇ ਪ੍ਰਭਾਵ

ਜਲ ਪ੍ਰਦੂਸ਼ਣ ਦੇ ਮਨੁੱਖ, ਜੀਵਾਂ ਅਤੇ ਬਨਸਪਤੀ 'ਤੇ ਬਹੁਤ ਹੀ ਮਾੜੇ ਪ੍ਰਭਾਵ ਪੈਂਦੇ ਹਨ।ਇਸ ਨਾਲ ਮਨੁੱਖੀ ਸਿਹਤ ਵਿੱਚ ਕਈ ਵਿਗਾੜ ਪੈਦਾ ਹੁੰਦੇ ਹਨ।ਦੂਸ਼ਿਤ ਪਾਣੀ ਪੀਣ ਨਾਲ ਹੈਜ਼ਾ, ਟਾਈਫਾਈਡ, ਦਸਤ ਅਤੇ ਪੀਲੀਆ ਵਰਗੀਆਂ ਨਾਮੁਰਾਦ ਬਿਮਾਰੀਆਂ ਆਣ ਘੇਰਦੀਆਂ ਹਨ। ਜਿਵੇਂ ਦੂਸ਼ਿਤ ਪਾਣੀ ਨਾਲ ਦੰਦਾਂ ਅਤੇ ਪੇਟ ਦੀਆਂ ਗੰਭੀਰ ਬਿਮਾਰੀਆਂ ਵੀ ਹੋ ਜਾਂਦੀਆਂ ਹਨ। ਇੰਜ ਦੂਸ਼ਿਤ ਪਾਣੀ ਮਨੁੱਖ ਲਈ ਬਹੁਤ ਹਾਨੀਕਾਰਕ ਹੁੰਦਾ ਹੈ।

ਜੀਵਾਂ ' ਤੇ ਮਾੜਾ ਪ੍ਰਭਾਵ- ਪ੍ਰਦੂਸ਼ਿਤ ਪਾਣੀ ਦਾ ਜੀਵਾਂ ਉੱਪਰ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਹੈ। ਸਾਫ਼ ਪਾਣੀ ਜਦੋਂ ਦੂਸ਼ਿਤ ਹੋ ਜਾਂਦਾ ਹੈ ਤਾਂ ਇਸ ਵਿਚਲੀਆਂ ਮੱਛੀਆਂ ਅਤੇ ਹੋਰ ਜਲ-ਜੀਵ ਮੌਤ ਦੇ ਮੂੰਹ ਜਾ ਪੈਂਦੇ ਹਨ।ਜਦੋਂ ਪਾਣੀ ਉੱਪਰ ਤੇਲ ਦੀ ਪਰਤ ਜੰਮ ਜਾਂਦੀ ਹੈ ਤਾਂ ਪਾਣੀ ਵਿਚਲੇ ਜੀਵ ਆਕਸੀਜਨ ਨਾ ਮਿਲਣ ਕਾਰਨ ਜਾਂ ਤਾਂ ਮਰ ਹੀ ਜਾਂਦੇ ਹਨ ਤੇ ਜਾਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਜਾਨਵਰ ਦੂਸ਼ਿਤ ਪਾਣੀ ਪੀਂਦੇ ਹਨ ਤਾਂ ਜ਼ਹਿਰੀਲੇ ਤੱਤ ਉਨ੍ਹਾਂ ਦੇ ਦੁੱਧ ਵਿੱਚ ਵੀ ਚਲੇ ਜਾਂਦੇ ਹਨ ਜਿਸ ਨਾਲ ਉਸ ਦੁੱਧ ਦੀ ਵਰਤੋਂ ਕਰਨ ਵਾਲਾ ਮਨੁੱਖ ਵੀ ਬਿਮਾਰੀ ਦੇ ਕਲਾਵੇ ਵਿੱਚ ਆ ਜਾਂਦਾ ਹੈ।


ਫ਼ਸਲਾਂ ਉੱਪਰ ਪ੍ਰਭਾਵ

ਜਦੋਂ ਦੂਸ਼ਿਤ ਜਲ ਨਾਲ ਫ਼ਸਲਾਂ ਦੀ ਸਿੰਜਾਈ ਕੀਤੀ ਜਾਂਦੀ ਹੈ ਤਾਂ ਇਸ ਦਾ ਮਾੜਾ ਪ੍ਰਭਾਵ ਪਹਿਲਾਂ ਫ਼ਸਲਾਂ 'ਤੇ ਪੈਂਦਾ ਹੈ, ਫਿਰ ਇਨ੍ਹਾਂ ਫ਼ਸਲਾਂ ਨੂੰ ਖਾਣ ਵਾਲੇ ਜੀਵ ਅਤੇ ਮਨੁੱਖ ਵੀ ਇਸ ਤੋਂ ਪ੍ਰਭਾਵਿਤ ਹੁੰਦੇ ਹਨ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (ਪੰਜਾਬ) ਦੀਆਂ ਖੋਜਾਂ ਅਨੁਸਾਰ ਲੁਧਿਆਣੇ ਵਿਚਲੇ ‘ਬੁੱਢੇ ਨਾਲੇ’ ਦੇ ਗੰਦੇ ਪਾਣੀ ਨਾਲ ਜਿਹੜੀਆਂ ਸਬਜ਼ੀਆਂ ਦੀ ਸਿੰਜਾਈ ਕੀਤੀ ਜਾਂਦੀ ਹੈ, ਉਨ੍ਹਾਂ ਸਬਜ਼ੀਆਂ ਵਿੱਚ ਬਹੁਤ ਹੀ ਜ਼ਹਿਰੀਲੇ ਤੱਤ ਮਿਲੇ ਹਨ।ਦੂਸ਼ਿਤ ਪਾਣੀ ਵਿੱਚ ਜਦੋਂ ਵਧੇਰੇ ਜਲ ਬਨਸਪਤੀ ਪੈਦਾ ਹੋ ਜਾਂਦੀ ਹੈ ਤਾਂ ਇਸ ਨਾਲ ਵੀ ਪਾਣੀ ਵਿੱਚ ਆਕਸੀਜਨ ਦੀ ਘਾਟ ਪੈਦਾ ਹੋਣ ਕਾਰਨ ਜਲ ਜੀਵ ਮਰ ਜਾਂਦੇ ਹਨ।


ਜਲ ਪ੍ਰਦੂਸ਼ਣ ਰੋਕਣ ਦੇ ਉਪਾਅ

ਜਲ ਪ੍ਰਦੂਸ਼ਣ ਇੱਕ ਬਹੁਤ ਹੀ ਗੰਭੀਰ ਅਤੇ ਨਾਮੁਰਾਦ ਸਮੱਸਿਆ ਹੈ। ਇਸ ਪ੍ਰਦੂਸ਼ਣ ਨੂੰ ਰੋਕਣ ਜਾਂ ਘਟਾਉਣ ਲਈ ਸੁਚੇਤ ਹੋਣ ਦੀ ਗੰਭੀਰ ਲੋੜ ਹੈ। ਇਸ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਲੋਕਾਂ ਨੂੰ ਜਲ ਪ੍ਰਦੂਸ਼ਣ ਦੇ ਸਾਰੇ ਕਾਰਨਾਂ ਤੇ ਇਸ ਦੇ ਗੰਭੀਰ ਅਤੇ ਖ਼ਤਰਨਾਕ ਸਿੱਟਿਆਂ ਤੋਂ ਜਾਣੂ ਕਰਵਾਇਆ ਜਾਵੇ। ਸਭ ਤੋਂ ਪਹਿਲਾਂ ਇਹ ਨਿਸਚਤ ਕਰਨਾ ਚਾਹੀਦਾ ਹੈ ਕਿ ਉਦਯੋਗਿਕ ਖੇਤਰਾਂ ਵਿਚਲੇ ਦੂਸ਼ਿਤ ਪਾਣੀ ਨੂੰ ਸਾਫ਼ ਪਾਣੀ ਦੇ ਸਰੋਤਾਂ ਵਿੱਚ ਨਾ ਸੁੱਟਿਆ ਜਾਵੇ। ਇਸ ਦੂਸ਼ਿਤ ਪਾਣੀ ਨੂੰ ਸਾਫ਼ ਕਰਨ ਲਈ ਉਦਯੋਗਾਂ ਵਿੱਚ ਢੁਕਵੇਂ ਯੰਤਰ ਲੱਗਣੇ ਲਾਜ਼ਮੀ ਕਰਨੇ ਚਾਹੀਦੇ ਹਨ। ਆਮ ਤੌਰ 'ਤੇ ਸੰਚਾਰ ਮਾਧਿਅਮ ਤੋਂ ਪਤਾ ਲੱਗਦਾ ਹੈ ਕਿ ਕਾਰਖ਼ਾਨਿਆਂ ਦੇ ਮਾਲਕ ਦਿਖਾਵੇ ਲਈ ਦੂਸ਼ਿਤ ਪਾਣੀ ਨੂੰ ਸਾਫ਼ ਕਰਨ ਵਾਲੇ ਯੰਤਰ ਲਾ ਦਿੰਦੇ ਹਨ ਪਰ ਵਿਹਾਰਕ ਤੌਰ 'ਤੇ ਮੌਕਾ ਮਿਲਦਿਆਂ ਹੀ ਉਹ ਦੂਸ਼ਿਤ ਪਾਣੀ ਨੂੰ ਬਿਨਾਂ ਸਾਫ਼ ਕੀਤਿਆਂ ਚੋਰੀ ਛਿਪੇ ਸਾਫ਼ ਪਾਣੀ ਵਿੱਚ ਮਿਲਾਉਣ ਦਾ ਮੌਕਾ ਨਹੀਂ ਗੁਆਉਂਦੇ । ਅਜਿਹਾ ਉਹ ਕੁਝ ਪੈਸੇ ਬਚਾਉਣ ਲਈ ਕਰਦੇ ਹਨ। ਇਹ ਮਨੁੱਖੀ ਵਿਹਾਰ ਦੀ ਬਹੁਤ ਹੀ ਘਟੀਆ ਸੋਚ ਦੀ ਵਧੀਆ ਉਦਾਹਰਨ ਹੈ।


ਕੀਟਨਾਸ਼ਕਾਂ ਦੀ ਘੱਟ ਵਰਤੋਂ

ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸਾਨਾਂ ਨੂੰ ਵੀ ਘੱਟ ਤੋਂ ਘੱਟ ਜ਼ਹਿਰੀਲੇ ਕੀਟ- ਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ ਕਈ ਸੰਸਥਾਵਾਂ ਵੱਲੋਂ ਆਰਗੈਨਿਕ ਖੇਤੀ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਕੀਟ-ਨਾਸ਼ਕ ਲਈ ਘਰੇਲੂ ਜਾਂ ਦੇਸੀ ਨੁਕਤਿਆਂ ਦੀ ਸਫਲਤਾ ਸਹਿਤ ਵਰਤੋਂ ਕੀਤੀ ਜਾ ਰਹੀ ਹੈ।ਇਸੇ ਤਰ੍ਹਾਂ ਆਮ ਮਨੁੱਖਾਂ ਨੂੰ ਨਦੀਆਂ ਜਾਂ ਨਾਲਿਆਂ ਦੇ ਦੂਸ਼ਿਤ ਪਾਣੀਆਂ ਨੂੰ ਵਰਤਣ ਤੇ ਨਹਾਉਣ ਆਦਿ ਤੋਂ ਵੀ ਪਰਹੇਜ ਕਰਨਾ ਚਾਹੀਦਾ ਹੈ। ਲੋਕਾਂ ਨੂੰ ਆਪਣੇ ਘਰਾਂ ਦੇ ਕੂੜੇ ਕਰਕਟ ਜਾਂ ਹੋਰ ਕਈ ਪ੍ਰਕਾਰ ਦੀ ਗੰਦਗੀ ਨੂੰ ਪਾਣੀ ਵਿੱਚ ਸੁੱਟ ਕੇ ਉਸ ਨੂੰ ਦੂਸ਼ਿਤ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਠੋਸ ਕਚਰੇ ਨੂੰ ਮਾਹਿਰਾਂ ਦੀਆਂ ਸਲਾਹਾਂ ਨਾਲ ਪੂਨਰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ।


ਗੰਦੇ ਪਾਣੀ ਨੂੰ ਸਾਫ਼ ਕਰਨਾ

ਸਰਕਾਰ ਨੂੰ ਅਜਿਹੇ ਪਲਾਂਟ ਲਾਉਣੇ ਚਾਹੀਦੇ ਹਨ ਜਿਹੜੇ ਗੰਦੇ ਪਾਣੀ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਤੇ ਫਿਰ ਉਹੀ ਪਾਣੀ ਮਨੁੱਖੀ ਵਰਤੋਂ ਦੇ ਕੰਮ ਆਵੇ। ਵਿਸ਼ਵ ਪੱਧਰ 'ਤੇ ਇਸ ਸਮੱਸਿਆ ਉੱਤੇ ਨਜ਼ਰ ਮਾਰੀਏ ਤਾਂ ਇਸਰਾਈਲ ਵਰਗੇ ਛੋਟੇ ਜਿਹੇ ਦੇਸ ਵਿੱਚ ਪਾਣੀ ਦੀ ਇੱਕ-ਇੱਕ ਬੂੰਦ ਨੂੰ ਸਾਂਭਿਆ ਜਾਂਦਾ ਹੈ।ਉੱਥੇ ਸੀਵਰੇਜ ਦੇ ਦੂਸ਼ਿਤ ਪਾਣੀ ਨੂੰ ਵੀ ਸਾਫ਼ ਕਰਕੇ ਫਿਰ ਆਮ ਵਰਤੋਂ ਲਈ ਵਰਤਿਆ ਜਾਂਦਾ ਹੈ।


ਸਾਰੰਸ਼

ਜਲ ਪ੍ਰਦੂਸ਼ਣ ਇੱਕ ਬਹੁਤ ਹੀ ਗੰਭੀਰ ਤੇ ਮਹੱਤਵਪੂਰਨ ਸਮੱਸਿਆ ਹੈ। ਜਲ ਨੂੰ ਦੂਸ਼ਿਤ ਕਰਨ ਵਾਲੇ ਕਾਰਨਾਂ ਵੱਲ ਧਿਆਨ ਦੇ ਕੇ ਇਸ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ। ਜਲ ਦੀ ਵਰਤੋਂ ਸੰਬੰਧੀ ਸੁਚੇਤ ਹੋਣਾ ਤਾਂ ਵੀ ਜ਼ਰੂਰੀ ਹੈ ਕਿ ਸਿਆਣੇ ਕਹਿ ਰਹੇ ਹਨ ਕਿ ਤੀਸਰਾ ਵਿਸ਼ਵ ਯੁੱਧ ਪਾਣੀ ਲਈ ਲੜਿਆ ਜਾਵੇਗਾ। ਇਸ ਲਈ ਸਰਕਾਰ ਤੇ ਲੋਕਾਂ ਨੂੰ ਇਸ ਸਮੱਸਿਆ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ।


Post a Comment

3 Comments