Internet De Labh Te Haniya "ਇੰਟਰਨੈੱਟ ਦੇ ਲਾਭ ਤੇ ਹਨੀਆਂ" Punjabi Essay, Paragraph for Class 8, 9, 10, 11 and 12 Students Examination in 700 Words.

ਪੰਜਾਬੀ ਨਿਬੰਧ - ਇੰਟਰਨੈੱਟ ਦੇ ਲਾਭ ਤੇ ਹਨੀਆਂ 
Internet De Labh Te Haniya

ਰੂਪ-ਰੇਖਾ

ਭੂਮਿਕਾ, ਇੰਟਰਨੈੱਟ ਕੀ ਹੈ ?, ਇੰਟਰਨੈੱਟ ਦੀ ਪਹਿਲੀ ਪੀੜ੍ਹੀ, ਦੂਜੀ ਪੀੜ੍ਹੀ ਦਾ ਇੰਟਰਨੈੱਟ, ਸੰਚਾਰ ਸੇਵਾਵਾਂ, ਭਵਿੱਖ, ਈ-ਕਾਮਰਸ ਦਾ ਵਿਕਾਸ, ਖ਼ਬਰਦਾਰ ਰਹਿਣ ਦੀ ਲੋੜ, ਸਾਰੰਸ਼।


ਭੂਮਿਕਾ

ਇੰਟਰਨੈੱਟ ਉਸ ਵਿਵਸਥਾ ਦਾ ਨਾਂ ਹੈ, ਜਿਸ ਰਾਹੀਂ ਦੁਨੀਆ ਭਰ ਦੇ ਕੰਪਿਊਟਰ ਇੱਕ-ਦੂਜੇ ਨਾਲ ਜੁੜੇ ਹੋਏ ਹਨ ਤੇ ਉਹ ਇੱਕ ਦੂਜੇ ਨੂੰ ਸੰਦੇਸ਼ ਭੇਜ ਤੇ ਪ੍ਰਾਪਤ ਕਰ ਸਕਦੇ ਹਨ ਅਤੇ ਇੱਕ-ਦੂਜੇ ਵਿੱਚ ਮੌਜੂਦ ਸੂਚਨਾ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ। ਇਹ ਅਜਿਹਾ ਮਾਧਿਅਮ ਹੈ, ਜਿਸ ਰਾਹੀਂ ਅਸੀਂ ਦੁਨੀਆ ਵਿੱਚ ਕਿਸੇ ਵੀ ਥਾਂ ਬੈਠੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਗੱਲਾਂ-ਬਾਤਾਂ ਕਰ ਸਕਦੇ ਹਾਂ ਤੇ ਉਨ੍ਹਾਂ ਨੂੰ ਸੂਚਨਾ ਭੇਜ ਸਕਦੇ ਹਾਂ।


ਇੰਟਰਨੈੱਟ ਕੀ ਹੈ ?

ਇੰਟਰਨੈੱਟ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ, “ਇਹ ਇੱਕ ਡਾਟਾ ਸੰਚਾਰ ਸਿਸਟਮ ਹੈ, ਜਿਹੜਾ ਕਿ ਵੱਖ-ਵੱਖ ਥਾਵਾਂ ਉੱਤੇ ਪਏ ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਕੇ ਉਨ੍ਹਾਂ ਦਾ ਇੱਕ ਨੈੱਟਵਰਕ ਤਿਆਰ ਕਰਦਾ ਹੈ। ਇਹ ਨੈੱਟਵਰਕ ਲੋਕਲ ਖੇਤਰ, ਵੱਡੇ ਖੇਤਰ ਜਾਂ ਵਿਸ਼ਵ ਵਿਆਪੀ ਹੋ ਸਕਦਾ ਹੈ। ਸਰਲ ਰੂਪ ਨੈੱਟਵਰਕ ਲਈ ਘੱਟੋ-ਘੱਟ ਦੋ ਕੰਪਿਊਟਰਾਂ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਕਿ ਇੱਕ ਤਾਰ ਨਾਲ ਆਪਸ ਵਿੱਚ ਜੁੜ ਕੇ ਸੂਚਨਾ ਦਾ ਆਦਾਨ-ਪ੍ਰਦਾਨ ਕਰਦੇ ਹਨ।


ਇੰਟਰਨੈੱਟ ਦੀ ਪਹਿਲੀ ਪੀੜ੍ਹੀ

ਅਰੰਭ ਵਿੱਚ ਇੰਟਰਨੈੱਟ ਦੀ ਵਰਤੋਂ ਬਹੁਤ ਗੁਪਤ ਰੂਪ ਵਿੱਚ ਕੀਤੀ ਜਾਂਦੀ ਸੀ ਅਤੇ ਇਹ ਸਿਸਟਮ ਮੁੱਖ ਤੌਰ 'ਤੇ ਸਰਕਾਰੀ ਸੰਸਥਾਵਾਂ, ਵਿੱਦਿਅਕ ਸੰਸਥਾਵਾਂ ਤੇ ਖੋਜ ਸੰਸਥਾਵਾਂ ਦੁਆਰਾ ਹੀ ਜਾਣਿਆ ਅਤੇ ਵਰਤਿਆ ਜਾਂਦਾ ਸੀ।ਇਸ ਦੀ ਮੁਢਲੀ ਵਰਤੋਂ ਇਲੈੱਕਟ੍ਰਾਨਿਕ ਮੇਲ ਲਈ ਵੀ ਕੀਤੀ ਜਾਂਦੀ ਸੀ।ਉਸ ਸਮੇਂ ਇਸ ਦੀ ਨਿੱਜੀ ਜਾਂ ਵਣਜ-ਵਪਾਰ ਲਈ ਵਰਤੋਂ ਉੱਤੇ ਰੋਕਾਂ ਲੱਗੀਆਂ ਹੋਈਆਂ ਸਨ।


ਦੂਜੀ ਪੀੜ੍ਹੀ ਦਾ ਇੰਟਰਨੈੱਟ

ਦੂਜੀ ਪੀੜ੍ਹੀ ਦੇ ਇੰਟਰਨੈੱਟ ਦਾ ਅਰੰਭ ਬੀਤੀ ਸਦੀ ਦੇ ਅੰਤਮ ਦਹਾਕੇ ਦੇ ਸ਼ੁਰੂ ਵਿੱਚ ਹੋਇਆ, ਜਿਸ ਨਾਲ ਇਸ ਦੀ ਵਰਤੋਂ ਗਰੁੱਪਾਂ ਵਿੱਚ ਸ਼ੁਰੂ ਹੋਈ, ਪਰ ਵਿਅਕਤੀਗਤ ਵਰਤੋਂ ਦੀ ਅਜੇ ਵੀ ਖੁੱਲ੍ਹ ਨਹੀਂ ਸੀ। ਕੁਝ ਸਮੇਂ ਵਿੱਚ ਹੀ ਅਮਰੀਕਾ ਵਿੱਚ ਬਹੁਤ ਸਾਰੀਆਂ ਕੰਪਿਊਟਰ ਸੰਚਾਰ ਸੇਵਾ ਸੰਸਥਾਵਾਂ ਨੇ ਇੰਟਰਨੈੱਟ ਨਾਲ ਸੰਬੰਧ ਜੋੜਿਆ, ਜਿਸ ਨਾਲ ਕਰੋੜਾਂ ਨਾਨ-ਤਕਨੀਕੀ ਲੋਕਾਂ ਨੂੰ ਪਹਿਲੀ ਵਾਰੀ ਇੰਟਰਨੈੱਟ ਉੱਤੇ ਸੰਚਾਰ ਦਾ ਥਰਥਰਾਹਟ ਭਰਿਆ ਮਜ਼ਾ ਪ੍ਰਾਪਤ ਹੋਇਆ। ਇੰਟਰਨੈੱਟ ਨਾਲ ਜੁੜ ਕੇ ਅਸੀਂ ਚੈਟ (Chat) ਜਾਂ ਟੈਲੀਫ਼ੋਨ ਵੀ ਕਰਦੇ ਹਾਂ ਤੇ ਹੋਰ ਕੰਮ ਕਰ ਵੀ ਲੈਂਦੇ ਹਾਂ। ਇੰਟਰਨੈੱਟ ਰਾਹੀਂ ਅਸੀਂ ਕਿਸੇ ਵੀ ਵੈਬਸਾਈਟ ਤੋਂ ਕੋਈ ਵੀ ਸੂਚਨਾ ਆਪਣੇ ਕੰਪਿਊਟਰ 'ਤੇ ਲਿਆ ਸਕਦੇ ਹਾਂ ਤੇ ਜਦੋਂ ਕੰਪਿਊਟਰ ਨੂੰ ਅਜਿਹਾ ਕੋਈ ਕੰਮ ਦੇ ਦਿੱਤਾ ਜਾਵੇ ਤਾਂ ਉਹ ਉਸ ਤੋਂ ਇਲਾਵਾ ਹੋਰ ਵੀ ਕੰਮ ਸਾਡੇ ਸੁੱਤਿਆਂ ਵੀ ਕਰ ਦਿੰਦਾ ਹੈ। ਅਸੀਂ ਕੰਪਿਊਟਰ ਤੋਂ ਕੰਮ ਲੈਣਾ ਚਾਹੀਏ ਤਾਂ ਉਸ ਵਿੱਚ ਅਜਿਹਾ ਪ੍ਰਬੰਧ ਵੀ ਹੁੰਦਾ ਹੈ।


ਸੰਚਾਰ ਸੇਵਾਵਾਂ

ਇੰਟਰਨੈੱਟ ਉੱਤੇ ਪ੍ਰਾਪਤ ਹੋਣ ਵਾਲੀਆਂ ਸੰਚਾਰ ਸੇਵਾਵਾਂ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ। ਇਨ੍ਹਾਂ ਵਿੱਚੋਂ ਇੱਕ ਹੈ, ਵਿਅਕਤੀ ਤੋਂ ਵਿਅਕਤੀ ਤੱਕ ਸੰਚਾਰ ਸੇਵਾਵਾਂ, ਜਿਨ੍ਹਾਂ ਵਿੱਚ:


(ੳ) ਈ-ਮੇਲ ਗੱਲਬਾਤ 

ਇਨ੍ਹਾਂ ਵਿੱਚੋਂ ਈ-ਮੇਲ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ। ਦੂਜੀ ਸੰਚਾਰ ਸੇਵਾ ਵਿਅਕਤੀ ਤੋਂ ਗਰੁੱਪ ਤੱਕ ਹੈ। ਇਸ ਵਿੱਚ ਇੱਕ ਵਿਅਕਤੀ ਸੰਸਾਰ ਦੇ ਵੱਖ-ਵੱਖ ਥਾਵਾਂ 'ਤੇ ਬੈਠੇ ਬਹੁਤ ਸਾਰੇ ਵਿਅਕਤੀਆਂ ਜਾਂ ਗਰੁੱਪਾਂ ਨਾਲ ਆਹਮੋ-ਸਾਹਮਣੇ ਵਿਚਾਰ-ਵਟਾਂਦਰਾ ਕਰਦਾ ਹੈ।

(ਅ) ਭਵਿੱਖ

ਇੰਟਰਨੈੱਟ ਵਿੱਚ ਪੈਦਾ ਹੋ ਰਹੇ ਨਵੇਂ ਝੁਕਾ ਅਤੇ ਤਕਨੀਕਾਂ ਇਸ ਗੱਲ ਦੀਆਂ ਸੂਚਕ ਹਨ ਕਿ ਭਵਿੱਖ ਵਿੱਚ ਇਸ ਦੀ ਮਨੁੱਖੀ ਜੀਵਨ ਵਿੱਚ ਕਿੰਨੀ ਮਹੱਤਵਪੂਰਨ ਭੂਮਿਕਾ ਹੋਵੇਗੀ। ਇੰਟਰਨੈੱਟ ਉੱਤੇ ਖ਼ਬਰਾਂ ਦੀ ਫੋਰਨ ਆਨ-ਲਾਈਨ ਰਿਪੋਰਟਿੰਗ ਜਾਂ ਸਾਖਿਆਤ ਵੈੱਬ-ਕਾਸਟਿੰਗ ਨੇ ਖ਼ਬਰਾਂ ਪੁਚਾਉਣ ਦੇ ਖੇਤਰ ਵਿੱਚ ਨਵੇਂ ਪਸਾਰ ਖੋਲ੍ਹ ਦਿੱਤੇ ਹਨ ਤੇ ਮਲਟੀ ਮੀਡੀਆ ਇੰਟਰਨੈੱਟ ਦਾ ਇੱਕ ਅਟੁੱਟ ਹਿੱਸਾ ਬਣ ਗਿਆ ਹੈ।


ਈ-ਕਾਮਰਸ ਦਾ ਵਿਕਾਸ

ਈ-ਕਾਮਰਸ ਦਾ ਵਿਕਾਸ ਦੂਜੀ ਪੀੜ੍ਹੀ ਦੇ ਇੰਟਰਨੈੱਟ ਦੀ ਇੱਕ ਹੋਰ ਹੈਰਾਨ ਕਰਨ ਵਾਲੀ ਦੇਣ ਹੈ, ਜਿਸ ਨਾਲ ਇਸ ਮਾਧਿਅਮ ਦੀ ਸਮਰੱਥਾ ਦੀ ਖੋਜ ਕਰਨ ਲਈ ਵੱਧ ਤੋਂ ਵੱਧ ਕੰਪਨੀਆਂ ਅੱਗੇ ਆ ਰਹੀਆਂ ਹਨ ਅਤੇ ਇੰਟਰਨੈੱਟ ਉੱਤੇ ਉਹ ਸੱਚਮੁੱਚ ਦੇ ਸ਼ੋਅਰੂਮ ਸਥਾਪਤ ਕਰ ਰਹੀਆਂ ਹਨ, ਜਿਨ੍ਹਾਂ ਤੱਕ ਦੁਨੀਆ ਵਿੱਚ ਕਿਸੇ ਥਾਂ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਵਿਅਕਤੀ ਮਾਊਸ ਨੂੰ ਕਲਿੱਕ ਕਰਕੇ ਪਹੁੰਚ ਕਰ ਸਕਦਾ ਹੈ ਅਤੇ ਉਹ ਉਸ ਉੱਤੇ ਇਲੈੱਕਟ੍ਰਾਨਿਕ ਕੈਟਾਲਾਗ, ਉਤਪਾਦਨ, ਤਸਵੀਰਾਂ, ਪ੍ਰਦਰਸ਼ਨ ਅਤੇ ਹੋਰ ਜਾਣਕਾਰੀ ਨੂੰ ਦੇਖ ਕੇ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦਾ ਹੋਇਆ ਕਿਸੇ ਵੀ ਚੀਜ਼ ਨੂੰ ਖ਼ਰੀਦਣ ਲਈ ਆਰਡਰ ਦੇ ਸਕਦਾ ਹੈ। ਬੈਂਕਾਂ ਵਿੱਚ ਲੈਣ-ਦੇਣ ਦਾ ਏ.ਟੀ.ਐਮ. ਇਸੇ ਦਾ ਹੀ ਹਿੱਸਾ ਹੈ।


ਖ਼ਬਰਦਾਰ ਰਹਿਣ ਦੀ ਲੋੜ

 ਇੰਟਰਨੈੱਟ ਉੱਤੇ ਭਿੰਨ-ਭਿੰਨ ਵੈਬਸਾਈਟਾਂ ਉੱਤੇ ਬਹੁਤ ਸਾਰੀ ਅਸ਼ਲੀਲ ਤੇ ਗੁੰਮਰਾਹ ਕਰਨ ਵਾਲੀ ਸਮੱਗਰੀ ਵੀ ਉਪਲੱਬਧ ਹੈ। ਇਸ ਤੋਂ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਬਚਾ ਕੇ ਰੱਖਣ ਦੀ ਬਹੁਤ ਲੋੜ ਹੈ।


ਸਾਰੰਸ਼

ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇੰਟਰਨੈੱਟ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਪਸਰ ਜਾਵੇਗਾ ਤੇ ਜਿਸ ਨਾਲ ਜੀਵਨ ਮੁਕਾਬਲੇ ਤੇ ਤਣਾਓ ਵਧਣ ਦੇ ਨਾਲ-ਨਾਲ ਤੇਜ਼ੀ, ਸੁਚੇਤਨਤਾ ਤੇ ਸਾਵਧਾਨੀ ਨੂੰ ਵੀ ਆਪਣੇ ਵਿੱਚ ਸਮੋਂਦਾ ਹੋਇਆ ਵਿਸ਼ਵ ਭਾਈਚਾਰੇ ਵਿੱਚ ਏਕਤਾ, ਸਾਂਝ ਤੇ ਮਿਲਵਰਤਨ ਦਾ ਪਸਾਰ ਕਰੇਗਾ। ਲੋੜ ਹੈ ਇੰਟਰਨੈੱਟ ਦੀ ਵਰਤੋਂ ਬਹੁਤ ਹੀ ਸੋਚ ਸਮਝ ਕੇ ਲੋੜ ਅਨੁਸਾਰ ਕੀਤੀ ਜਾਵੇ।


Post a Comment

0 Comments