Importance of Newspapers "ਅਖ਼ਬਾਰਾਂ ਦੀ ਮਹੱਤਤਾ" Punjabi Essay, Paragraph for Class 8, 9, 10, 11 and 12 Students Examination in 1100 Words.

ਪੰਜਾਬੀ ਨਿਬੰਧ - ਅਖ਼ਬਾਰਾਂ ਦੀ ਮਹੱਤਤਾ 
Importance of Newspapers



ਭੂਮਿਕਾ

21ਵੀਂ ਸਦੀ ਵਿਗਿਆਨ ਦੀ ਸਦੀ ਹੈ। ਇਸ ਸਮੇਂ ਤੱਕ ਵਿਗਿਆਨ ਨੇ ਜ਼ਿੰਦਗੀ ਨਾਲ ਸੰਬੰਧਤ ਹਰ ਖੇਤਰ ਵਿੱਚ ਬਹੁਤ ਹੀ ਤਰੱਕੀ ਕੀਤੀ ਹੈ। ਪਰੰਤੂ ਜੋ ਤਰੱਕੀ ਸੰਚਾਰ ਸਾਧਨਾਂ ਵਿੱਚ ਆਈ ਹੈ ਉਸ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ। ਇਨ੍ਹਾਂ ਸਾਧਨਾਂ ਵਿੱਚ ਅਖ਼ਬਾਰ, ਟੀ.ਵੀ., ਮੋਬਾਇਲ, ਇੰਟਰਨੈੱਟ ਆਦਿ ਪ੍ਰਮੁੱਖ ਹਨ। ਅਖ਼ਬਾਰ ਸੰਚਾਰ ਦਾ ਇੱਕ ਸਸਤਾ ਤੇ ਅਹਿਮ ਸਾਧਨ ਹੈ। ਅਸੀਂ ਸਵੇਰੇ ਉੱਠਦਿਆਂ ਹੀ ਅਖ਼ਬਾਰਾਂ ਰਾਹੀਂ ਦੇਸ-ਵਿਦੇਸ ਦੀਆਂ ਖ਼ਬਰਾਂ ਪੜ੍ਹ ਕੇ ਪੂਰੀ ਦੁਨੀਆ ਸੰਬੰਧੀ ਮੋਟੀ-ਮੋਟੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ।ਅਖ਼ਬਾਰ ਹਰ ਛੋਟੇ ਵੱਡੇ ਦੀ ਲੋੜ ਨੂੰ ਪੂਰਿਆਂ ਕਰਦੇ ਹਨ।ਜਿਸ ਦਿਨ ਕਿਸੇ ਕਾਰਨ ਘਰ ਅਖ਼ਬਾਰ ਨਾ ਆਵੇ ਤਾਂ ਸਾਰਾ ਦਿਨ ਲੰਘਾਉਣਾ ਹੀ ਔਖਾ ਲੱਗਦਾ ਹੈ।


ਅਖਬਾਰਾਂ ਦੀਆਂ ਕਿਸਮਾਂ

ਸਾਡੇ ਦੇਸ ਵਿੱਚ ਅਖ਼ਬਾਰਾਂ ਸਾਰੀਆਂ ਹੀ ਭਾਸ਼ਾਵਾਂ ਵਿੱਚ ਛਪਦੀਆਂ ਹਨ। ਹਰ ਵਿਅਕਤੀ ਆਪਣੀ ਮਨਪਸੰਦ ਦੀ ਭਾਸ਼ਾ ਵਿੱਚ ਹੀ ਅਖਬਾਰ ਪੜ੍ਹ ਕੇ ਸੰਤੁਸ਼ਟ ਹੁੰਦਾ ਹੈ। ਅਰਥਾਤ ਪੰਜਾਬੀ ਭਾਸ਼ਾ ਦਾ ਸ਼ੌਕੀਨ ਪੰਜਾਬੀ ਅਖ਼ਬਾਰ ਤੇ ਹਿੰਦੀ ਭਾਸ਼ਾ ਦਾ ਸ਼ੌਕੀਨ ਹਿੰਦੀ ਅਖ਼ਬਾਰ ਹੀ ਖੁਸ਼ ਹੋ ਕੇ ਪੜ੍ਹਦਾ ਹੈ। ਅਖ਼ਬਾਰ ਦੀਆਂ ਬਹੁਤ ਕਿਸਮਾਂ ਹੁੰਦੀਆਂ ਹਨ। ਜਿਵੇਂ ਰੋਜ਼ਾਨਾ, ਸਪਤਾਹਿਕ, ਪੰਦਰਾਂ ਰੋਜ਼ਾ ਆਦਿ। ਇਸ ਤੋਂ ਇਲਾਵਾ ਵਿਸ਼ੇ ਦੀ ਪੱਧਰ 'ਤੇ ਵੀ ਅਖ਼ਬਾਰ ਕਈ ਕਿਸਮ ਦੇ ਮਿਲਦੇ ਹਨ, ਜਿਵੇਂ ਕਈ ਅਖ਼ਬਾਰ ਕੇਵਲ ਸ਼ੇਅਰ ਬਾਜ਼ਾਰ ਨਾਲ ਹੀ ਸੰਬੰਧਤ ਹਨ ਤੇ ਕਈ ਅਖ਼ਬਾਰ ਦੇਸ ਦੀ ਅਰਥ-ਵਿਵਸਥਾ ਨਾਲ ਸੰਬੰਧਤ ਖ਼ਬਰਾਂ ਹੀ ਪ੍ਰਮੁੱਖਤਾ ਸਹਿਤ ਛਾਪਦੇ ਹਨ। ਇਸੇ ਤਰ੍ਹਾਂ ਕਈ ਅਖ਼ਬਾਰ ਕੇਵਲ ਇੰਟਰਨੈੱਟ 'ਤੇ ਹੀ ਪੜ੍ਹੇ ਜਾ ਸਕਦੇ ਹਨ। ਇਨ੍ਹਾਂ ਸਭ ਕਿਸਮਾਂ ਦੇ ਅਖ਼ਬਾਰਾਂ ਦੀ ਆਪੋ-ਆਪਣੀ ਮਹੱਤਤਾ ਹੁੰਦੀ ਹੈ।


ਅਖ਼ਬਾਰਾਂ ਦੇ ਲਾਭ

ਅਖ਼ਬਾਰ ਇੱਕ ਤਰ੍ਹਾਂ ਨਾਲ ਗਿਆਨ ਦੇ ਭੰਡਾਰ ਹੁੰਦੇ ਹਨ। ਇਸੇ ਕਾਰਨ ਅਖ਼ਬਾਰਾਂ ਦੇ ਅਣਗਿਣਤ ਲਾਭ ਹੁੰਦੇ ਹਨ। ਅਖ਼ਬਾਰਾਂ ਦੇ ਪੜ੍ਹਨ ਨਾਲ ਦੇਸ ਵਿਦੇਸ ਵਿਚਲੀਆਂ ਘਟਨਾਵਾਂ ਸੰਬੰਧੀ ਜਾਣਕਾਰੀ ਮਿਲਦੀ ਹੈ। ਇਸੇ ਕਾਰਨ ਇਹ ਸੂਚਨਾਵਾਂ ਦੇਣ ਦਾ ਵੱਡਾ ਸਾਧਨ ਹੈ। ਅਖ਼ਬਾਰਾਂ ਵਿੱਚ ਸਾਹਿਤਕ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਇਨ੍ਹਾਂ ਵਿੱਚੋਂ ਬੱਚਿਆਂ ਦੇ ਮਨੋਰੰਜਨ ਦਾ ਵੀ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ। ਇਸੇ ਤਰ੍ਹਾਂ ਅਖ਼ਬਾਰਾਂ ਵਿੱਚੋਂ ਦੇਸ ਦੀ ਰਾਜਨੀਤਕ ਸਥਿਤੀ ਬਾਰੇ ਵੀ ਜਾਣਕਾਰੀ ਮਿਲਦੀ ਹੈ। ਗੱਲ ਕੀ ਹਰ ਵਿਅਕਤੀ ਆਪਣੀ ਲੋੜ ਅਨੁਸਾਰ ਅਖ਼ਬਾਰ ਪੜ੍ਹ ਕੇ ਇਸ ਵਿੱਚੋਂ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇੰਜ ਅਖ਼ਬਾਰਾਂ ਵਿੱਚੋਂ ਘਰ-ਬੈਠੇ ਬਿਠਾਏ ਹੀ ਹਰ-ਤਰ੍ਹਾਂ ਦੀ ਸੂਚਨਾ ਸਹਿਜੇ ਪ੍ਰਾਪਤ ਹੋ ਜਾਂਦੀ ਹੈ।


ਦੇਸ-ਵਿਦੇਸ ਸੰਬੰਧੀ ਜਾਣਕਾਰੀ

ਅਖ਼ਬਾਰਾਂ ਰਾਹੀਂ ਸਵੇਰੇ ਉਠਦਿਆਂ ਹੀ ਦੇਸ-ਵਿਦੇਸ ਦੀਆਂ ਖ਼ਬਰਾਂ ਸਾਡੇ ਕੋਲ ਪਹੁੰਚ ਜਾਂਦੀਆਂ ਹਨ। ਕਿਤੇ ਵੀ ਕੋਈ ਦੁਰਘਟਨਾ ਹੋਈ ਹੋਵੇ, ਕਿਤੇ ਕੋਈ ਹੜਤਾਲ ਹੋਵੇ, ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆ, ਕਿਤੇ ਵੋਟਾਂ ਪੈਣੀਆਂ, ਕਿਤੇ ਲੜਾਈ ਝਗੜਾ ਹੋਣਾ, ਚੋਰੀਆਂ ਹੋਣੀਆਂ, ਸਰਕਾਰੀ ਨੀਤੀਆਂ ਬਾਰੇ ਪਤਾ ਲੱਗਣਾ, ਰਾਜਸੀ ਪਾਰਟੀਆਂ ਦੀ ਭੂਮਿਕਾ, ਮੁਲਾਜ਼ਮਾਂ ਸੰਬੰਧੀ ਖ਼ਬਰਾਂ, ਗੱਲ ਕੀ ਕਿ ਹਰ ਤਰ੍ਹਾਂ ਦੀਆਂ ਸੂਚਨਾਵਾਂ ਦਾ ਸੋਮਾ ਅਖ਼ਬਾਰ ਬਣਦੇ ਹਨ।


ਸਾਹਿਤਕ ਰਚਨਾਵਾਂ ਸੰਬੰਧੀ ਜਾਣਕਾਰੀ

ਲਗਪਗ ਸਾਰੇ ਹੀ ਅਖ਼ਬਾਰ ਹਫ਼ਤੇ ਦੇ ਕੁਝ ਦਿਨਾਂ ਵਿੱਚ ਵਿਸ਼ੇਸ਼ ਸਪਲੀਮੈਂਟ ਪ੍ਰਕਾਸ਼ਿਤ ਕਰਦੇ ਹਨ। ਇਸ ਦੇ ਅੰਤਰਗਤ ਉਸ ਭਾਸ਼ਾ-ਵਿਸ਼ੇਸ਼ ਦੀਆਂ ਸਾਹਿਤਕ ਰਚਨਾਵਾਂ, ਜਿਵੇਂ ਕਵਿਤਾਵਾਂ, ਗ਼ਜ਼ਲਾਂ, ਕਹਾਣੀਆਂ, ਸਫ਼ਰਨਾਮਿਆਂ, ਸਵੈ-ਜੀਵਨੀਆਂ, ਨਾਵਲਾਂ ਆਦਿ ਨੂੰ ਅਖ਼ਬਾਰ ਵਿੱਚ ਵਿਸ਼ੇਸ਼ ਥਾਂ ਦਿੱਤੀ ਜਾਂਦੀ ਹੈ। ਇਸ ਸੰਬੰਧੀ ਲੰਮੀਆਂ ਰਚਨਾਵਾਂ ਨੂੰ ਲੜੀਵਾਰ ਪੇਸ਼ ਕਰ ਕੇ ਪਾਠਕਾਂ ਨੂੰ ਉਸ ਭਾਸ਼ਾ ਵਿੱਚ ਰਚੀਆਂ ਗਈਆਂ ਵਧੀਆ ਰਚਨਾਵਾਂ ਨੂੰ ਪੜ੍ਹਨ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਅਖ਼ਬਾਰਾਂ ਵਿੱਚ ਕਿਸੇ ਹੋਰ ਭਾਸ਼ਾ ਦੀਆਂ ਉੱਤਮ ਰਚਨਾਵਾਂ ਦਾ ਅਨੁਵਾਦ ਕਰਵਾ ਕੇ ਵੀ ਛਾਪਿਆ ਜਾਂਦਾ ਹੈ, ਇਸ ਨਾਲ ਪਾਠਕ ਦੂਸਰੀਆਂ ਭਾਸ਼ਾਵਾਂ ਵਿੱਚ ਰਚੇ ਜਾ ਰਹੇ ਵਧੀਆ ਸਾਹਿਤ ਤੋਂ ਵੀ ਜਾਣੂ ਹੋ ਜਾਂਦੇ ਹਨ।


ਬੱਚਿਆਂ ਲਈ ਮਨੋਰੰਜਨ

ਹਰ ਅਖ਼ਬਾਰ ਵਿੱਚ ਬੱਚਿਆਂ ਦੀ ਪਸੰਦ ਤੇ ਮਨੋਰੰਜਨ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ। ਬੱਚਿਆਂ ਲਈ ਤਰ੍ਹਾਂ-ਤਰ੍ਹਾਂ ਦੇ ਕਾਰਟੂਨ ਛਾਪ ਕੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਬੱਚਿਆਂ ਲਈ ਬੁਝਾਰਤਾਂ, ਕਵਿਤਾਵਾਂ, ਬਾਲ-ਕਹਾਣੀਆਂ ਆਦਿ ਛਾਪ ਕੇ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ। ਬੱਚਿਆਂ ਨੂੰ ਖੋਜਾਂ ਸੰਬੰਧੀ ਬਹੁਤ ਹੀ ਰੌਚਿਕ ਢੰਗ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ। ਬੱਚਿਆਂ ਦੇ ਜਨਮ ਦਿਨ 'ਤੇ ਉਨ੍ਹਾਂ ਦੀਆਂ ਫੋਟੋਆਂ ਛਾਪੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਛੋਟੇ-ਛੋਟੇ ਬੱਚਿਆਂ ਵੱਲੋਂ ਬਣਾਏ ਗਏ ਕਾਰਟੂਨ ਅਖ਼ਬਾਰ ਵਿੱਚ ਛਾਪ ਕੇ ਉਨ੍ਹਾਂ ਦੀ ਕਲਾ ਨੂੰ ਵੀ ਉਤਸ਼ਾਹਤ ਕੀਤਾ ਜਾਂਦਾ ਹੈ। ਇਸ ਤਰ੍ਹਾਂ ਅਖ਼ਬਾਰ ਬੱਚਿਆਂ ਲਈ ਵੀ ਵਿਸ਼ੇਸ਼ ਮਹੱਤਵ ਰੱਖਦੇ ਹਨ।


ਰਾਜਸੀ ਖ਼ਬਰਾਂ

ਅਖ਼ਬਾਰਾਂ ਰਾਹੀਂ ਆਪਣੇ ਦੇਸ਼ ਅਤੇ ਵਿਦੇਸ਼ਾਂ ਵਿਚਲੀ ਰਾਜਨੀਤਕ ਸਥਿਤੀ ਸੰਬੰਧੀ ਜਾਣਕਾਰੀ ਮਿਲਦੀ ਹੈ। ਇਨ੍ਹਾਂ ਰਾਹੀਂ ਹੀ ਪਤਾ ਲੱਗਦਾ ਹੈ ਕਿ ਕਿਸੇ ਦੇਸ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਹੈ। ਕਿਹੜੇ ਦੇਸ ਵਿੱਚ ਕਿਹੜਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਹੈ।ਇਸ ਤਰ੍ਹਾਂ ਪ੍ਰਾਂਤਕ ਸਰਕਾਰਾਂ ਸੰਬੰਧੀ ਵੀ ਸਾਰੀ ਜਾਣਕਾਰੀ ਅਖ਼ਬਾਰਾਂ ਰਾਹੀਂ ਹੀ ਮਿਲਦੀ ਹੈ। ਅਖ਼ਬਾਰਾਂ ਰਾਹੀਂ ਹੀ ਪਾਰਟੀਆਂ ਤੇ ਨੇਤਾਵਾਂ ਦੀ ਕਾਰਗੁਜਾਰੀ ਬਾਰੇ ਪਤਾ ਲੱਗਦਾ ਹੈ।ਅਖ਼ਬਾਰਾਂ ਵਿੱਚੋਂ ਹੀ ਕਿਸੇ ਆਗੂ ਦੀ ਹਰਮਨ-ਪਿਆਰਤਾ ਬਾਰੇ ਵੀ ਪਤਾ ਲੱਗਦਾ ਹੈ। ਅਖ਼ਬਾਰਾਂ ਹੀ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਪਸੀ ਸੰਬੰਧਾਂ ਬਾਰੇ ਜਾਣਕਾਰੀ ਦਿੰਦੀਆਂ ਹਨ। ਕਿਸੇ ਪਾਰਟੀ ਦੀ ਅੰਦਰੂਨੀ ਸਥਿਤੀ 'ਤੇ ਵੀ ਅਖ਼ਬਾਰਾਂ ਵਿੱਚ ਬਹੁਤ ਸਹਿਜ ਰੂਪ ਵਿੱਚ ਚਰਚਾ ਕੀਤੀ ਮਿਲਦੀ ਹੈ।


ਸਰਕਾਰ ਦੀਆਂ ਪ੍ਰਾਪਤੀਆਂ

ਅਖ਼ਬਾਰਾਂ ਵਿੱਚੋਂ ਹੀ ਸਰਕਾਰ ਦੀਆਂ ਪ੍ਰਾਪਤੀਆਂ ਅਪ੍ਰਾਪਤੀਆਂ ਸੰਬੰਧੀ ਜਾਣਕਾਰੀ ਮਿਲਦੀ ਹੈ।ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਆਮ ਲੋਕਾਂ ਦੀ ਭਲਾਈ ਲਈ ਕੀ ਕਰ ਰਹੀ ਹੈ ? ਸਰਕਾਰ ਦੇ ਵਿਦੇਸਾਂ ਨਾਲ ਸੰਬੰਧ ਕਿਸ ਤਰ੍ਹਾਂ ਦੇ ਹਨ। ਸਰਕਾਰ ਦੀਆਂ ਆਪਣੀਆਂ ਸਮੁੱਚੀਆਂ ਨੀਤੀਆਂ ਜਾਂ ਕਾਰਜ ਪ੍ਰਣਾਲੀ ਕਿਸ ਤਰ੍ਹਾਂ ਦੀ ਹੈ। ਅਖ਼ਬਾਰਾਂ ਹੀ ਰਾਜਨੀਤਕ ਆਗੂਆਂ ਤੇ ਵੱਡੇ ਅਫ਼ਸਰਾਂ ਵੱਲੋਂ ਸਮੇਂ-ਸਮੇਂ ਕੀਤੇ ਜਾਣ ਵਾਲੇ ਭ੍ਰਿਸ਼ਟਾਚਾਰ ਤੇ ਘੋਟਾਲਿਆਂ ਨੂੰ ਨੰਗਿਆਂ ਕਰ ਕੇ ਉਨ੍ਹਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਸ਼ਰਮਸਾਰ ਕਰਦੀਆਂ ਹਨ। ਇਸ ਤਰ੍ਹਾਂ ਅਖ਼ਬਾਰਾਂ ਕਿਸੇ ਸਰਕਾਰ ਦੀ ਮੂੰਹ ਬੋਲਦੀ ਤਸਵੀਰ ਹੀ ਹੁੰਦੀਆਂ ਹਨ।


ਵਪਾਰਕ ਲਾਭ

ਅਖ਼ਬਾਰਾਂ ਰਾਹੀਂ ਵਪਾਰੀਆਂ ਨੂੰ ਵੀ ਬਹੁਤ ਸਾਰੇ ਲਾਭ ਹੁੰਦੇ ਹਨ ਉਹ ਆਪਣੀਆਂ ਵਸਤਾਂ ਦੀ ਇਸ਼ਤਿਹਾਰਬਾਜ਼ੀ ਕਰ ਕੇ ਆਪਣੀ ਕਮਾਈ ਵਿੱਚ ਵਾਧਾ ਕਰਦੇ ਹਨ। ਇਸੇ ਤਰ੍ਹਾਂ ਸਰਕਾਰੀ ਜਾਂ ਨਿੱਜੀ ਅਦਾਰੇ ਰੁਜ਼ਗਾਰ ਜਾਂ ਨੌਕਰੀਆਂ ਸੰਬੰਧੀ ਇਸ਼ਤਿਹਾਰ ਵੀ ਅਖ਼ਬਾਰਾਂ ਰਾਹੀਂ ਹੀ ਦਿੰਦੇ ਹਨ। ਇਸ ਦਾ ਲੋੜਵੰਦਾਂ ਨੂੰ ਬਹੁਤ ਹੀ ਲਾਭ ਹੁੰਦਾ ਹੈ। ਅਖ਼ਬਾਰਾਂ ਵਿਚਲੇ ਵਿਆਹ ਸੰਬੰਧੀ ਇਸ਼ਤਿਹਾਰ ਦੋ ਪਰਿਵਾਰਾਂ ਨੂੰ ਮਿਲਾਉਣ ਵਿੱਚ ਵਿਚੋਲੇ ਵਾਲੀ ਅਹਿਮ ਭੂਮਿਕਾ ਸਹਿਜੇ ਹੀ ਨਿਭਾ ਜਾਂਦੇ ਹਨ। ਇਸੇ ਤਰ੍ਹਾਂ ਮੋਟਰ-ਕਾਰਾਂ, ਜ਼ਮੀਨ-ਜਾਇਦਾਦ ਵੇਚਣ-ਖ਼ਰੀਦਣ ਸੰਬੰਧੀ ਇਸ਼ਤਿਹਾਰ ਵੀ ਲੋਕਾਂ ਲਈ ਲਾਭਦਾਇਕ ਹੁੰਦੇ ਹਨ। ਅਖ਼ਬਾਰਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਸੰਬੰਧਤ ਅਧਿਕਾਰੀਆਂ ਤੇ ਸਰਕਾਰ ਤੱਕ ਪਹੁੰਚਾਉਂਦੀਆਂ ਹਨ। ਅਖ਼ਬਾਰਾਂ ਰਾਹੀਂ ਖੇਡ ਪ੍ਰਤੀਯੋਗਤਾਵਾਂ ਸੰਬੰਧੀ, ਸੱਭਿਆਚਾਰਕ ਪ੍ਰੋਗਰਾਮਾਂ ਸੰਬੰਧੀ ਵੀ ਜਾਣਕਾਰੀ ਮਿਲਦੀ ਹੈ।

ਅਖ਼ਬਾਰਾਂ ਵਿੱਚੋਂ ਹੀ ਸ਼ੇਅਰ ਮਾਰਕੀਟ, ਅੰਤਰ-ਰਾਸ਼ਟਰੀ ਕਰੰਸੀ, ਸੋਨੇ ਤੇ ਕੀਮਤੀ ਧਾਤਾਂ ਦੇ ਭਾਅ, ਮੌਸਮ ਸੰਬੰਧੀ ਜਾਣਕਾਰੀ ਮਿਲਦੀ ਹੈ।ਅਖ਼ਬਾਰਾਂ ਦੇ ‘ਸੰਪਾਦਕੀ ਸੰਬੰਧਤ ਸਥਿਤੀ ਦਾ ਬਹੁਤ ਹੀ ਬਾਦਲੀਲ ਵਿਸ਼ਲੇਸ਼ਣ ਕਰ ਕੇ ਲੋਕਾਂ ਦੀ ਸੋਚ ਨੂੰ ਤਿੱਖਾ ਕਰਦੇ ਹਨ। ਇਸ ਤਰ੍ਹਾਂ ਅਖ਼ਬਾਰਾਂ ਦੇ ਲਾਭ ਅਣਗਿਣਤ ਹਨ।


ਅਖ਼ਬਾਰਾਂ ਦੀਆਂ ਹਾਨੀਆਂ

ਨਿਰਸੰਦੇਹ ਅਖ਼ਬਾਰਾਂ ਦੇ ਲਾਭ ਦੀ ਸੀਮਾ ਨਿਸਚਤ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਨ੍ਹਾਂ ਵਿੱਚੋਂ ਪ੍ਰਾਪਤ ਹੁੰਦੀ ਜਾਣਕਾਰੀ ਦਾ ਬਹੁਤ ਹੀ ਮਹੱਤਵ ਹੁੰਦਾ ਹੈ। ਪਰ ਦੂਸਰੇ ਪਾਸੇ ਨਜ਼ਰ ਮਾਰੀਏ ਤਾਂ ਅਖ਼ਬਾਰਾਂ ਦੀਆਂ ਕੁਝ ਹਾਨੀਆਂ ਵੀ ਹਨ।ਅਸਲ ਵਿੱਚ ਬਹੁਤੇ ਅਖ਼ਬਾਰ ਕਿਸੇ ਨਾ ਕਿਸੇ ਰਾਜਸੀ ਪਾਰਟੀ ਨਾਲ ਸੰਬੰਧਤ ਹੁੰਦੇ ਹਨ। ਇਸੇ ਕਾਰਨ ਉਨ੍ਹਾਂ ਦਾ ਖ਼ਬਰਾਂ ਨੂੰ ਛਾਪਣ ਦਾ ਨਜ਼ਰੀਆ ਪੱਖਪਾਤੀ ਹੁੰਦਾ ਹੈ ਜੋ ਪਾਠਕ ਨੂੰ ਅਸਲੀਅਤ ਤੋਂ ਦੂਰ ਰੱਖਦਾ ਹੈ। ਇਸੇ ਤਰ੍ਹਾਂ ਬਹੁਤੇ ਅਖ਼ਬਾਰਾਂ ਦੇ ਮਾਲਕ ਵਪਾਰਕ ਨਜ਼ਰੀਏ ਤੋਂ ਹੀ ਅਖ਼ਬਾਰ ਛਾਪਦੇ ਹਨ। ਉਨ੍ਹਾਂ ਲਈ ਲਾਭ ਕਮਾਉਣਾ ਪ੍ਰਮੁੱਖ ਹੁੰਦਾ ਹੈ। ਇਸੇ ਲਈ ਅਖ਼ਬਾਰਾਂ ਵਿੱਚ ਅਸ਼ਲੀਲਤਾ ਭਰਪੂਰ ਤਸਵੀਰਾਂ ਤੇ ਸਨਸਨੀਖੇਜ਼ ਖ਼ਬਰਾਂ ਛਾਪ ਕੇ ਪਾਠਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਅਜੋਕੇ ਸਮੇਂ ਵਿੱਚ ਪੈਸੇ ਦੇ ਕੇ ਲਵਾਈਆਂ ਜਾ ਰਹੀਆਂ ਖ਼ਬਰਾਂ (ਪੇਡ ਨਿਊਜ਼) ਨੇ ਪਾਠਕਾਂ ਲਈ ਵੱਖਰੀ ਤਰ੍ਹਾਂ ਦੀ ਸਮੱਸਿਆ ਪੈਦਾ ਕਰ ਦਿੱਤੀ ਹੈ। ਘਟੀਆ ਚੀਜ਼ਾਂ ਦੀ ਵਧੀਆ ਇਸ਼ਤਿਹਾਰਬਾਜ਼ੀ, ਜੋਤਸ਼ੀਆਂ ਤੇ ਤਾਂਤਰਿਕਾਂ ਆਦਿ ਸੰਬੰਧੀ ਇਸ਼ਤਿਹਾਰ ਛਾਪਣਾ ਸਧਾਰਨ ਲੋਕਾਂ ਨਾਲ ਧੋਖਾ ਕਰਨ ਬਰਾਬਰ ਹੀ ਹੈ।ਅਜਿਹੇ ਪੱਖਾਂ ਤੋਂ ਸੁਚੇਤ ਹੋ ਕੇ ਹੀ ਅਖ਼ਬਾਰ ਆਪਣੀ ਹੋਰ ਉਸਾਰੂ ਭੂਮਿਕਾ ਨਿਭਾ ਸਕਦੇ ਹਨ। 


ਸਾਰੰਸ਼

ਸਿੱਟਾ ਇਹੋ ਨਿਕਲਦਾ ਹੈ ਕਿ ਅਖ਼ਬਾਰ ਦੇ ਲਾਭ ਤੇ ਮਹੱਤਤਾ ਬਹੁਤ ਜ਼ਿਆਦਾ ਹੈ ਪਰ ਇਨ੍ਹਾਂ ਦੀ ਦੁਰਵਰਤੋਂ ਤੋਂ ਜੇਕਰ ਇਸ ਨੂੰ ਛਾਪਣ ਵਾਲੇ ਤੋਬਾ ਕਰ ਲੈਣ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ।


Post a Comment

0 Comments