Gantantra Diwas "ਗਣਤੰਤਰ ਦਿਵਸ " Punjabi Essay, Paragraph for Class 8, 9, 10, 11 and 12 Students Examination in 600 Words.

ਪੰਜਾਬੀ ਨਿਬੰਧ - ਗਣਤੰਤਰ ਦਿਵਸ 

Gantantra Diwas




ਰੂਪ-ਰੇਖਾ

ਭਾਰਤ ਦੀ ਅਜ਼ਾਦੀ ਦੇ ਇਤਿਹਾਸ ਵਿੱਚ ਮਹੱਤਵ, ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਣਾ, ਸਮਾਗਮ ਤੇ ਰੌਣਕਾਂ, ਭਾਰਤ ਦੀ ਸ਼ਕਤੀ ਦਾ ਪ੍ਰਦਰਸ਼ਨ, ਥਾਂ-ਥਾਂ ਸਮਾਗਮ ਅਤੇ ਜਲੂਸ, ਸਾਰੰਸ਼। 

ਭਾਰਤ ਦੀ ਅਜ਼ਾਦੀ ਦੇ ਇਤਿਹਾਸ ਵਿੱਚ ਮਹੱਤਵ- 26 ਜਨਵਰੀ ਦਾ ਦਿਨ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਤੇ ਅਜ਼ਾਦੀ ਮਿਲਣ ਤੋਂ ਪਿੱਛੋਂ ਦੇ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ।ਜਦੋਂ ਭਾਰਤ ਵਿੱਚ ਅਜ਼ਾਦੀ ਦਾ ਸੰਘਰਸ਼ ਚੱਲ ਰਿਹਾ ਸੀ ਤਾਂ 31 ਦਸੰਬਰ, 1929 ਈ: ਨੂੰ ਕਾਂਗਰਸ ਪਾਰਟੀ ਨੇ ਲਾਹੌਰ ਵਿਖੇ ਹੋਏ ਆਪਣੇ ਸਾਲਾਨਾ ਸਮਾਗਮ ਵਿੱਚ ਇੱਕ ਮਤੇ ਰਾਹੀਂ ਅੰਗਰੇਜ਼ਾਂ ਤੋਂ ਪੂਰਨ ਅਜ਼ਾਦੀ ਦੀ ਮੰਗ ਕੀਤੀ ਤੇ ਨਾਲ ਹੀ ਹਰ ਸਾਲ 26 ਜਨਵਰੀ ਨੂੰ ਭਾਰਤ ਦੀ ਅਜ਼ਾਦੀ ਦਾ ਦਿਨ ਮਨਾਉਣ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਭਾਰਤ ਦੇ ਇਤਿਹਾਸ ਵਿੱਚ ਇਸ ਦਿਨ ਦਾ ਆਪਣਾ ਬਹੁਤ ਹੀ ਮਹੱਤਵ ਹੈ।


ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਣਾ

ਉਸ ਦਿਨ ਤੋਂ ਲੈ ਕੇ ਭਾਰਤ ਦੇ ਅਜ਼ਾਦ ਹੋਣ ਤੱਕ ਇਹ ਦਿਨ ਪੂਰਨ ਅਜ਼ਾਦੀ ਦੀ ਮੰਗ ਨੂੰ ਲੈ ਕੇ ਮਨਾਇਆ ਜਾਂਦਾ ਰਿਹਾ। ਜਦੋਂ 15 ਅਗਸਤ, 1947 ਈ: ਨੂੰ ਭਾਰਤ ਅਜ਼ਾਦ ਹੋ ਗਿਆ ਤਾਂ ਫਿਰ ਸੁਤੰਤਰ ਭਾਰਤ ਦਾ ਸੰਵਿਧਾਨ ਬਣਾਉਣ ਦਾ ਕੰਮ ਡਾ. ਭੀਮ ਰਾਓ ਅੰਬੇਦਕਰ ਦੀ ਅਗਵਾਈ ਵਿੱਚ ਸ਼ੁਰੂ ਹੋਇਆ।26 ਜਨਵਰੀ, 1950 ਈ: ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਜਿਸ ਰਾਹੀਂ ਭਾਰਤ ਨੂੰ ਸੁਤੰਤਰ ਤੇ ਖ਼ੁਦਮੁਖ਼ਤਾਰ ਗਣਤੰਤਰ ਐਲਾਨ ਕੀਤਾ ਗਿਆ। ਇਸ ਸਮੇਂ ਭਾਰਤ ਵਿੱਚ ਲੋਕ-ਰਾਜ ਕਾਇਮ ਕਰਨ ਦਾ ਐਲਾਨ ਕੀਤਾ ਗਿਆ। ਇਸ ਨਾਲ ਭਾਰਤ-ਵਾਸੀਆਂ ਨੂੰ ਬੋਲਣ, ਲਿਖਣ, ਤੁਰਨ-ਫਿਰਨ, ਜਾਇਦਾਦ ਬਣਾਉਣ ਅਤੇ ਵੋਟਾਂ ਪਾਉਣ ਦੇ ਬੁਨਿਆਦੀ ਅਧਿਕਾਰ ਦਿੱਤੇ ਗਏ।ਇਸ ਸੰਵਿਧਾਨ ਅਨੁਸਾਰ ਹੀ ਅੱਜ ਤੱਕ ਭਾਰਤ ਵਿੱਚ ਸਮੁੱਚਾ ਰਾਜ-ਭਾਗ ਚਲਾਇਆ ਜਾ ਰਿਹਾ ਹੈ। ਇੰਜ ਭਾਰਤੀ ਸੰਵਿਧਾਨ ਦੀ ਆਪਣੀ ਮਹੱਤਤਾ ਹੈ। ਭਾਰਤ ਭਰ ਵਿੱਚ ਇਹ ਤਿਉਹਾਰ ਇੱਕ ਕੌਮੀ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ।


ਸਮਾਗਮ ਤੇ ਰੌਣਕਾਂ

ਇਸ ਤਰ੍ਹਾਂ 26 ਜਨਵਰੀ ਦਾ ਦਿਨ ਭਾਰਤੀ ਲੋਕਾਂ ਲਈ ਬਹੁਤ ਹੀ ਮਹਾਨਤਾ ਭਰਿਆ ਦਿਨ ਹੈ। ਭਾਰਤ ਭਰ ਵਿੱਚ ਇਹ ਤਿਉਹਾਰ ਬਹੁਤ ਹੀ ਖ਼ੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਸਾਰੇ ਭਾਰਤੀ ਇਸ ਦਿਨ ਨੂੰ ਬੜੇ ਜੋਸ਼ ਨਾਲ ਮਨਾਉਂਦੇ ਹਨ। ਇਸ ਤੋਂ ਇੱਕ ਦਿਨ ਪਹਿਲਾਂ ਦੇਸ ਦੇ ਰਾਸ਼ਟਰਪਤੀ ਰੇਡੀਓ ਤੋਂ ਕੌਮ ਦੇ ਨਾਂ ਆਪਣਾ ਸੁਨੇਹਾ ਦਿੰਦੇ ਹਨ। ਇਸ ਦਿਨ ਸਵੇਰੇ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਵਿਜੇ ਚੌਕ ਵਿਖੇ ਤਿਰੰਗਾ ਝੰਡਾ ਲਹਿਰਾਉਣ ਮਗਰੋਂ ਤਿੰਨਾਂ ਫ਼ੌਜਾਂ ਦੇ ਯੂਨਿਟਾਂ ਤੋਂ ਸਲਾਮੀ ਲੈਂਦੇ ਹਨ।


ਭਾਰਤ ਦੀ ਸ਼ਕਤੀ ਦਾ ਪ੍ਰਦਰਸ਼ਨ

ਇਸ ਸਮੇਂ ਦੇਸ਼ ਦੀ ਫ਼ੌਜੀ ਸ਼ਕਤੀ, ਵਿਗਿਆਨਕ ਤੇ ਸਨਅਤੀ ਖੇਤਰਾਂ ਵਿੱਚ ਤਰੱਕੀ ਦਾ ਭਾਰੀ ਪ੍ਰਦਰਸ਼ਨ ਕੀਤਾ ਜਾਂਦਾ ਹੈ।ਲੋਕ ਦੂਰੋਂ-ਦੂਰੋਂ ਦਿੱਲੀ ਵਿੱਚ 26 ਜਨਵਰੀ ਦੀਆਂ ਰੌਣਕਾਂ ਦੇਖਣ ਆਉਂਦੇ ਹਨ।ਇਸ ਸਮੇਂ ਫ਼ੌਜ, ਪੁਲਿਸ, ਕਾਲਜਾਂ ਕੇ ਮੁੰਡਿਆਂ-ਕੁੜੀਆਂ ਅਤੇ ਸਕਾਊਟਾਂ ਵੱਲੋਂ ਸਾਰੇ ਸ਼ਹਿਰ ਵਿੱਚ ਜਲੂਸ ਕੱਢਿਆ ਜਾਂਦਾ ਹੈ। ਫ਼ੌਜ ਤੇ ਪੁਲਿਸ ਦੀਆਂ ਟੁਕੜੀਆਂ ਆਪਣੇ ਨਾਲ ਹਥਿਆਰ ਲੈ ਕੇ ਚੱਲਦੀਆਂ ਹਨ।ਇਸ ਸਮੇਂ ਸਾਰੇ ਪ੍ਰਦੇਸਾਂ ਤੇ ਵੱਖ-ਵੱਖ ਵਿਭਾਗਾਂ ਵੱਲੋਂ ' ਹੀ ਸੁੰਦਰ ਝਾਕੀਆਂ ਵੀ ਕੱਢੀਆਂ ਜਾਂਦੀਆਂ ਹਨ। ਜਲੂਸ ਤੇ ਆਲਾ-ਦੁਆਲਾ ਤਿਰੰਗੇ ਝੰਡਿਆਂ ਨਾਲ ਸਜਿਆ ਹੁੰਦਾ ਹੈ।ਹਵਾਈ ਜਹਾਜ਼ ਫੁੱਲਾਂ ਦੀ ਵਰਖਾ ਕਰਦੇ ਹਨ। ਭਾਰਤ ਦੇ ਕੋਨੇ-ਕੋਨੇ ਵਿੱਚੋਂ ਲੋਕ ਨਾਚ ਨੱਚਣ ਵਾਲੀਆਂ ਟੋਲੀਆਂ ਆਉਂਦੀਆਂ ਹਨ ਤੇ ਨੈਸ਼ਨਲ ਸਟੇਡੀਅਮ ਦੇ ਵਿਸ਼ਾਲ ਮੰਚ ਉੱਤੇ ਆਪਣੇ ਨਾਚ ਪੇਸ਼ ਕਰਦੀਆਂ ਹਨ। ਲੱਖਾਂ ਦਰਸ਼ਕ ਇਨ੍ਹਾਂ ਨਾਚਾਂ ਦਾ ਅਨੰਦ ਮਾਣਦੇ ਹਨ।ਸਾਰਾ ਦਿਨ ਰਾਜਧਾਨੀ ਵਿੱਚ ਚਹਿਲ-ਚਹਿਲ ਰਹਿੰਦੀ ਹੈ।ਇਨ੍ਹਾਂ ਰੌਣਕਾਂ ਵਿੱਚ ਵਿਦੇਸੀ ਪ੍ਰਾਹੁਣੇ ਵੀ ਭਾਗ ਲੈਂਦੇ ਹਨ।ਰਾਤ ਨੂੰ ਆਤਿਸ਼ਬਾਜ਼ੀ ਤੇ ਪਟਾਕਿਆਂ ਨਾਲ ਇਸ ਦੀਆਂ ਖ਼ੁਸ਼ੀਆਂ ਵਿੱਚ ਵਾਧਾ ਕੀਤਾ ਜਾਂਦਾ ਹੈ।


ਥਾਂ-ਥਾਂ ਸਮਾਗਮ ਅਤੇ ਜਲੂਸ

ਇਸ ਤੋਂ ਬਿਨਾਂ ਦੇਸ ਦੇ ਹੋਰ ਵੱਡੇ-ਵੱਡੇ ਸ਼ਹਿਰਾਂ ਦੇ ਪ੍ਰਦੇਸਾਂ ਦੀਆਂ ਰਾਜਧਾਨੀਆਂ ਵਿੱਚ ਮੁੱਖ ਮੰਤਰੀ, ਮੰਤਰੀ ਤੇ ਸਰਕਾਰੀ ਅਫ਼ਸਰ ਝੰਡਾ ਝੁਲਾਉਣ ਦੀਆਂ ਰਸਮਾਂ ਅਦਾ ਕਰਦੇ ਹਨ। ਇਸ ਸਮੇਂ ਜਹਾਜ਼ ਫੁੱਲਾਂ ਦੀ ਵਰਖਾ ਕਰਦੇ ਹਨ। ਇਨ੍ਹਾਂ ਸਮਾਗਮਾਂ ਵਿੱਚ ਲੋਕ ਬੜੇ ਉਤਸ਼ਾਹ ਨਾਲ ਪੁੱਜਦੇ ਹਨ। ਇਸ ਸਮੇਂ ਵਜ਼ੀਰਾਂ, ਸਰਕਾਰੀ ਅਫ਼ਸਰਾਂ ਤੇ ਹੋਰਨਾਂ ਲੀਡਰਾਂ ਦੇ ਭਾਸ਼ਣ ਵੀ ਹੁੰਦੇ ਹਨ, ਜੋ ਜਨਤਾ ਨੂੰ ਇਸ ਦੀ ਮਹਾਨਤਾ ਤੋਂ ਜਾਣੂ ਕਰਾ ਕੇ ਉਨ੍ਹਾਂ ਵਿੱਚ ਦੇਸ-ਭਗਤੀ ਤੇ ਲੋਕ-ਰਾਜ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਦੇ ਹਨ। ਇਸ ਦਿਨ ਦੇਸ ਜਾਂ ਪ੍ਰਾਂਤ ਲਈ ਮਹਾਨ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ।ਇਸ ਦਿਨ ਸ਼ਹਿਰਾਂ ਵਿੱਚ ਵੱਡੇ-ਵੱਡੇ ਜਲੂਸ ਵੀ ਕੱਢੇ ਜਾਂਦੇ ਹਨ।ਇਸ ਤਰ੍ਹਾਂ 26 ਜਨਵਰੀ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਬੜੀ ਮਹੱਤਤਾ ਰੱਖਦਾ ਹੈ।


ਸਾਰੰਸ਼

ਇਹ ਦਿਨ ਜਿੱਥੇ ਸਾਨੂੰ ਸਾਡੇ ਮਹਾਨ ਗਣਤੰਤਰ ਦੀ ਯਾਦ ਦਿਵਾਉਂਦਾ ਹੈ ਉੱਥੇ ਇਹ ਸਾਨੂੰ ਆਪਣੇ ਦੇਸ ਦੀਆਂ ਮਹਾਨ ਪਰੰਪਰਾਵਾਂ ਨੂੰ ਬਣਾਈ ਰੱਖਣ ਦੀ ਪ੍ਰੇਰਨਾ ਵੀ ਦਿੰਦਾ ਹੈ।


Post a Comment

0 Comments