Ek Chup So Sukh "ਇੱਕ ਚੁੱਪ ਸੌ ਸੁਖ" Punjabi Essay, Paragraph for Class 8, 9, 10, 11 and 12 Students Examination in 800 Words.

ਇੱਕ ਚੁੱਪ ਸੌ ਸੁਖ 
Ek Chup So Sukh



ਰੂਪ-ਰੇਖਾ

ਭੂਮਿਕਾ, ਬਹੁਤਾ ਬੋਲਣ ਦੇ ਨੁਕਸਾਨ, ਬਹੁਤਾ ਬੋਲਣ ਵਾਲੇ ਨੂੰ ਨਜ਼ਰ-ਅੰਦਾਜ਼ ਕਰਨਾ, ਮੂਰਖ ਬੰਦੇ ਨਾਲ ਘੱਟ ਬੋਲਣਾ, ਚੰਗੇ ਬੰਦਿਆਂ ਨਾਲ ਗੱਲਬਾਤ ਕਰਨਾ, ਪਹਿਲਾਂ ਤੋਲੋ ਫਿਰ ਬੋਲੋ, ਜ਼ਿਆਦਾ ਬੋਲਣ ਦੇ ਸਰੀਰ ਨੂੰ ਨੁਕਸਾਨ, ਝੂਠੇ ਦਾ ਜ਼ਿਆਦਾ ਬੋਲਣਾ, ਸਾਰੰਸ਼।


ਭੂਮਿਕਾ

'ਇੱਕ ਚੁੱਪ ਸੌ ਸੁਖ' ਪੰਜਾਬੀ ਦਾ ਇੱਕ ਅਖਾਣ ਹੈ। ਇਸ ਵਿੱਚ ਚੁੱਪ ਰਹਿਣ ਦੇ ਕਿੰਨੇ ਲਾਭ ਹਨ, ਵਰਗਾ ਭੇਦ ਛੁਪਿਆ ਹੋਇਆ ਹੈ।ਪੰਜਾਬੀ ਦਾ ਅਖਾਣ ਹੋਣ ਕਰਕੇ ਇਹ ਵਿਚਾਰ ਪੰਜਾਬੀ ਦਾ ਹੀ ਨਹੀਂ ਸਗੋਂ ਹੋਰ ਦੇਸਾਂ ਵਿੱਚ ਵੀ ਚੁੱਪ ਰਹਿਣ ਦੀ ਵਡਿਆਈ ਕੀਤੀ ਗਈ ਹੈ। ਚੁੱਪ ਰਹਿਣ ਤੋਂ ਇਹ ਭਾਵ ਨਹੀਂ ਕਿ ਮਨੁੱਖ ਆਪਣੀ ਜੀਭ ਨੂੰ ਜਿੰਦਰਾ ਲਾ ਛੱਡੇ ਤੇ ਉੱਕਾ ਹੀ ਨਾ ਬੋਲੇ। ਇਸ ਦਾ ਭਾਵ ਹੈ ਕਿ ਜ਼ਿਆਦਾ ਬੜ-ਬੜ ਨਾ ਕਰੋ, ਫ਼ਜ਼ੂਲ ਤੇ ਬੇਲੋੜਾ ਨਾ ਬੋਲੋ। ਕਈ ਵਾਰੀ ਤਾਂ ਲੋਕ ਬਹੁਤਾ ਬੋਲਣ ਵਾਲੇ ਨੂੰ ਮੂਰਖ ਕਹਿ ਕੇ ਪਿੱਛਾ ਛੁਡਾਉਂਦੇ ਹਨ।


ਬਹੁਤਾ ਬੋਲਣ ਦੇ ਨੁਕਸਾਨ

ਲੜਾਈ-ਝਗੜੇ ਦਾ ਮੁੱਖ ਕਾਰਨ ਹੀ ਬਹੁਤਾ ਬੋਲਣ ਨਾਲ ਬਣਦਾ ਹੈ। ਘਰ ਵਿੱਚ ਨੂੰਹ-ਸੱਸ ਦੀ ਲੜਾਈ ਜ਼ਿਆਦਾ ਬੋਲਣ ਦਾ ਹੀ ਨਤੀਜਾ ਹੈ। ਸੱਸ ਆਪਣੀ ਆਦਤ ਮੁਤਾਬਕ ਨੂੰਹ ਦੇ ਕੰਮਾਂ ਦੀ ਨੁਕਤਾ-ਚੀਨੀ ਕਰਦੀ ਹੈ।ਨੂੰਹ ਨੂੰ ਇਹ ਨੁਕਤਾ-ਚੀਨੀ ਪਸੰਦ ਨਹੀਂ। ਇਸ ਤਰ੍ਹਾਂ ਦੋਹਾਂ ਦਾ ਲੜਾਈ-ਝਗੜਾ ਹੋਣਾ ਕੁਦਰਤੀ ਹੋ ਜਾਂਦਾ ਹੈ।ਜਿਸ ਘਰ ਵਿੱਚ ਸੱਸ ਆਪਣੇ ਆਪ ਨੂੰ ਸਮੇਂ ਮੁਤਾਬਕ ਢਾਲ ਲੈਂਦੀ ਹੈ ਤੇ ਬਹੁਤੀ ਬੁੜ-ਬੁੜ ਨਹੀਂ ਕਰਦੀ ਜਾਂ ਨੂੰਹ, ਸੱਸ ਨੂੰ ਮਾਂ ਜਿਹਾ ਪਿਆਰ ਦਿੰਦੀ ਹੈ, ਉਸ ਦੀ ਹਰ ਗੱਲ ਨੂੰ ਨਸੀਹਤ ਸਮਝ ਕੇ ਸਵੀਕਾਰਦੀ ਹੈ, ਉਸ ਘਰ ਵਿੱਚ ਨੂੰਹ-ਸੱਸ ਦਾ ਝਗੜਾ ਕਦੇ ਵੀ ਨਹੀਂ ਹੁੰਦਾ।

ਤਰ੍ਹਾਂ ਕਿ ਕਬੀਰ ਜੀ ਦਾ ਕਥਨ ਹੈ : 

ਬੋਲਤ ਬੋਲਤ ਬਢਹਿ ਬਿਕਾਰਾ।


ਬਹੁਤਾ ਬੋਲਣ ਵਾਲੇ ਨੂੰ ਨਜ਼ਰ

ਅੰਦਾਜ਼ ਕਰਨਾ- ਬਹੁਤਾ ਬੋਲਦਿਆਂ-ਬੋਲਦਿਆਂ ਝਗੜਾ ਵਧ ਜਾਂਦਾ ਹੈ। ਇਹ ਇੱਕ ਕੌੜੀ ਸਚਾਈ ਹੈ ਕਿ ਤਾੜੀ ਦੋਹੀਂ ਹੱਥੀਂ ਵੱਜਦੀ ਹੈ।ਮੰਨ ਲਓ ਇੱਕ ਆਦਮੀ ਊਟ-ਪਟਾਂਗ ਬੋਲੀ ਜਾ ਰਿਹਾ ਹੈ ਜਾਂ ਕੋਈ ਤੁਹਾਨੂੰ ਗਾਲ੍ਹਾ ਕੱਢੀ ਜਾ ਰਿਹਾ ਹੈ ਤਾਂ ਤੁਸੀਂ ਬਿਲਕੁਲ ਚੁੱਪ ਧਾਰ ਲਓ। ਬੁਰਾ-ਭਲਾ ਬੋਲਣ ਵਾਲੇ ਨੂੰ ਬਿਲਕੁਲ ਨਜ਼ਰ-ਅੰਦਾਜ਼ ਕਰ ਦੇਵੋ ਤਾਂ ਅੰਤ ਬੋਲਣ ਵਾਲਾ ਹਾਰ ਕੇ ਚੁੱਪ ਕਰ ਹੀ ਜਾਂਦਾ ਹੈ।ਦੇਖਣ-ਚਾਖਣ ਵਾਲੇ ਲੋਕ ਵੀ ਉਸ ਨੂੰ ਮੂਰਖ ਸਮਝਣ ਲੱਗ ਜਾਂਦੇ ਹਨ।ਇਸ ਤਰ੍ਹਾਂ ਉਹ ਆਪਣੀ ਹੇਠੀ ਸਮਝਦਾ ਹੋਇਆ ਚੁੱਪ ਕਰ ਜਾਂਦਾ ਹੈ ਤੇ ਲੜਾਈ ਟਲ ਜਾਂਦੀ ਹੈ।ਵਿਦਵਾਨਾਂ ਨੇ ਬੋਲਣ ਤੇ ਚੁੱਪ ਰਹਿਣ ਬਾਰੇ ਜੋ ਗੁਣ ਦੱਸੇ ਹਨ ਉਨ੍ਹਾਂ ਵਿੱਚ ਸਭ ਤੋਂ ਮੁੱਖ ਗੁਣ ਇਹ ਹੈ ਕਿ ਮੂਰਖ ਬੰਦੇ ਨਾਲ ਕਦੇ ਵੀ ਬਹਿਸ ਵਿੱਚ ਨਾ ਪਵੋ। ਭਾਈ ਗੁਰਦਾਸ ਜੀ ਵੀ ਕਹਿੰਦੇ ਹਨ-

‘‘ਮੂਰਖ ਨਾਲੋ ਚੰਗੇਰੀ ਚੁੱਪ।''

ਗੁਰੂ ਸਾਹਿਬ ਵੀ ਫ਼ਰਮਾਉਂਦੇ ਹਨ-

'ਸੰਤਨ ਸਿਉ ਬੋਲੇ ਉਪਕਾਰੀ,

ਮੂਰਖ ਸਿਉ ਬੋਲੇ ਝਖ ਮਾਰੀ।''


ਮੂਰਖ ਬੰਦੇ ਨਾਲ ਘੱਟ ਬੋਲਣਾ

ਮੂਰਖ ਨਾ ਤਾਂ ਆਪ ਹੀ ਸੋਚ-ਸਮਝ ਕੇ ਬੋਲਦਾ ਹੈ ਤੇ ਨਾ ਹੀ ਅਗਲੇ ਦੀ ਕੋਈ ਗੱਲ ਸ਼ਾਂਤੀ- ਪੂਰਵਕ ਸੁਣਦਾ ਹੈ। ਸੋ ਉਹਦੇ ਨਾਲ ਵਧੇਰੇ ਬੋਲਣਾ ਪਾਣੀ ਨੂੰ ਰਿੜਕਣ ਵਾਲੀ ਗੱਲ ਹੈ।ਇਸ ਲਈ ਉਸ ਨਾਲ ਬਹੁਤ ਘੱਟ ਬੋਲਣਾ ਚਾਹੀਦਾ ਹੈ।


ਚੰਗੇ ਬੰਦਿਆਂ ਨਾਲ ਗੱਲਬਾਤ ਕਰਨਾ

ਭਲੇ ਪੁਰਖਾਂ ਦੀ ਸੰਗਤ ਹਮੇਸ਼ਾ ਕਰਨੀ ਚਾਹੀਦੀ ਹੈ। ਸਾਨੂੰ ਉਨ੍ਹਾਂ ਦੀਆਂ ਚੰਗੀਆਂ ਗੱਲਾਂ ਵੱਲ ਜ਼ਰੂਰ ਪ੍ਰੇਰਤ ਹੋਣਾ ਚਾਹੀਦਾ ਹੈ।ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨ ਵਿੱਚ ਕੋਈ ਹਰਜ ਨਹੀਂ। ਉਹ ਸਾਨੂੰ ਸਿਆਣੀਆਂ ਤੇ ਉਪਯੋਗੀ ਗੱਲਾਂ ਦੱਸਣਗੇ, ਜਿਨ੍ਹਾਂ ਤੋਂ ਫ਼ਾਇਦਾ ਲਿਆ ਜਾ ਸਕਦਾ ਹੈ।ਪਰੰਤੂ ਜੇ ਕਿਸੇ ਬੁਰੇ ਨਾਲ ਵਾਹ ਪੈ ਜਾਵੇ ਤਾਂ ਚੁੱਪ ਰਹਿਣਾ ਹੀ ਚੰਗਾ ਹੈ। ਗੁਰੂ ਸਾਹਿਬ ਦੱਸਦੇ ਹਨ-

''ਸੰਤ ਮਿਲੇ ਕੁਝ ਸੁਣੀਏ ਕਹੀਏ,

ਮਿਲੇ ਸੰਤ ਮਸਤ ਹੋਇ ਰਹੀਐ।''

ਜਿੱਥੇ ਬੋਲਣ ਨਾਲ ਕੋਈ ਚੰਗਾ ਨਤੀਜਾ ਨਾ ਨਿਕਲੇ ਉੱਥੇ ਖ਼ਾਮੋਸ਼ ਰਹਿਣਾ ਹੀ ਚੰਗਾ ਹੁੰਦਾ ਹੈ। ਨਹੀਂ ਤਾਂ ਅਜਿਹੀ ਸਥਿਤੀ ਵਿੱਚ ਆਪਣੀ ਮਨ ਦੀ ਸ਼ਾਂਤੀ ਨੂੰ ਭੰਗ ਕਰਨ ਦਾ ਕੋਈ ਲਾਭ ਨਹੀਂ ਹੁੰਦਾ।ਜਿਵੇਂ ਗੁਰਬਾਣੀ ਵਿੱਚ ਲਿਖਿਆ ਹੈ—

''ਜਿੱਥੇ ਸੁਣਿਕੇ ਹਾਰੀਐ, ਤਿਥੈ ਭਲੀ ਚੁੱਪ।''

ਪਹਿਲਾਂ ਤੋਲੋ ਫਿਰ ਬੋਲੋ- ਇਹ ਕਹਾਵਤ ਬੜੀ ਪ੍ਰਸਿੱਧ ਹੈ ਕਿ ਸਾਨੂੰ ਕੁਝ ਵੀ ਬੋਲਣ ਲੱਗਿਆਂ ਸੋਚ ਜ਼ਰੂਰ ਲੈਣਾ ਚਾਹੀਦਾ ਹੈ। ਵੈਸੇ ਤਜਰਬੇ ਦੀ ਗੱਲ ਹੈ ਕਿ ਜ਼ਿਆਦਾ ਬੋਲਣ ਵਾਲਾ ਬਹੁਤ ਘੱਟ ਸੋਚ ਕੇ ਬੋਲਦਾ ਹੈ।ਉਹ ਬਿਨਾਂ ਸੋਚ-ਸਮਝੇ ਹੀ ਚਪੜ-ਚਪੜ ਬੋਲੀ ਜਾਂਦਾ ਹੈ।ਉਸ ਦੇ ਬੋਲ ਨਿਰਾਰਥਕ, ਬੇਲੋੜੇ ਤੇ ਅਪ੍ਰਸੰਗਿਕ ਹੁੰਦੇ ਹਨ, ਜਿਨ੍ਹਾਂ ਦਾ ਕੋਈ ਸਿਰ-ਪੈਰ ਨਹੀਂ ਹੁੰਦਾ।


ਜ਼ਿਆਦਾ ਬੋਲਣ ਦੇ ਸਰੀਰ ਨੂੰ ਨੁਕਸਾਨ

ਜ਼ਿਆਦਾ ਬੋਲਣ ਨਾਲ ਸਰੀਰ ਦੀ ਸ਼ਕਤੀ ਘਟਦੀ ਹੈ। ਇਸ ਸ਼ਕਤੀ ਨੂੰ ਜਿੰਨਾ ਬਚਾ ਕੇ ਰੱਖਿਆ ਜਾਵੇ ਉਨਾ ਹੀ ਲਾਭ ਹੈ। ਮਹਾਤਮਾ ਗਾਂਧੀ ਜੀ ਹਫ਼ਤੇ ਵਿੱਚ ਇੱਕ ਦਿਨ ਮੌਨ-ਵਰਤ ਰੱਖਦੇ ਸਨ ਤੇ ਆਚਾਰੀਆ ਵਿਨੋਭਾ ਭਾਵੇ ਤਾਂ ਕਈ-ਕਈ ਦਿਨ ਚੁੱਪ ਰਹਿੰਦੇ ਸਨ। ਦੂਸਰੀ ਗੱਲ ਜੋ ਲੋਕ ਘੱਟ ਬੋਲਦੇ ਹਨ ਲੋਕ ਉਨ੍ਹਾਂ ਦੀ ਕਦਰ ਵੀ ਕਰਦੇ ਹਨ ਤੇ ਉਨ੍ਹਾਂ ਦੀ ਗੱਲ ਨੂੰ ਬੜੇ ਧਿਆਨਪੂਰਵਕ ਸੁਣਦੇ ਹਨ। ਜਿਸ ਤਰ੍ਹਾਂ ਕਾਂ-ਕਾਂ ਵੀ ਚੰਗੀ ਨਹੀਂ ਲੱਗਦੀ ਉਸੇ ਤਰ੍ਹਾਂ ਜ਼ਿਆਦਾ ਬੋਲਣ ਵਾਲਾ ਆਦਮੀ ਵੀ ਚੰਗਾ ਨਹੀਂ ਲੱਗਦਾ।ਕੋਇਲ ਦੀ ਕੂਹ ਕੂਹ ਦੀ ਸੁਰੀਲੀ ਅਵਾਜ਼ ਮਨ ਨੂੰ ਚੰਗੀ ਲੱਗਦੀ ਹੈ।


ਝੂਠੇ ਦਾ ਜ਼ਿਆਦਾ ਬੋਲਣਾ

ਝੂਠਾ ਆਦਮੀ ਆਪਣੇ ਝੂਠ ਨੂੰ ਛੁਪਾਉਣ ਦੀ ਖ਼ਾਤਰ ਵਧੇਰੇ ਬੋਲਦਾ ਹੈ। ਇਹ ਕਹਾਵਤ ਹੈ “ਥੋਥਾ ਚਨਾ ਬਾਜੇ ਘਨਾ ਵਾਂਗ ਮਤਲਬ ਬੇ-ਸਮਝ ਆਦਮੀ ਹੀ ਜ਼ਿਆਦਾ ਬੋਲਦਾ ਹੈ, ਪਰੰਤੂ ਉਸ ਦੀਆਂ ਗੱਲਾਂ ਦਾ ਅਸਰ ਕੁਝ ਨਹੀਂ ਹੁੰਦਾ।ਸਿਆਣੇ ਲੋਕ ਡੂੰਘੇ ਪਾਣੀ ਚੁੱਪ-ਚਾਪ ਚਲਦੇ ਹਨ ਜਦਕਿ ਮੂਰਖ ਲੋਕ ਪੇਤਲੇ ਪਾਣੀ ਵਾਂਗ ਖਾੜ-ਖਾੜ ਕਰਦੇ ਜਾਂਦੇ ਹਨ। 113 ਸਾਰੰਸ਼- ਮੁੱਕਦੀ ਗੱਲ ਅਸੀਂ ਕਹਿ ਸਕਦੇ ਹਾਂ ਕਿ ਚੁੱਪ ਰਹਿਣ ਦੇ ਬਹੁਤ ਸਾਰੇ ਲਾਭ ਹਨ ਜਦਕਿ ਜ਼ਿਆਦਾ ਬੋਲਣ ਦੇ ਨੁਕਸਾਨ ਹੀ ਨੁਕਸਾਨ ਹਨ। ਅਸਲ ਵਿੱਚ ਨਾ ਤਾਂ ਅਤਿ ਦਾ ਬੋਲਣਾ ਹੀ ਚੰਗਾ ਹੁੰਦਾ ਹੈ ਤੇ ਨਾ ਹੀ ਅਤਿ ਦੀ ਚੁੱਪ। ਇਸ ਲਈ ਵਿਚਕਾਰਲਾ ਰਾਹ ਅਪਣਾਉਣਾ ਹੀ ਠੀਕ ਹੁੰਦਾ ਹੈ। ਅੰਤ ਅਸੀਂ ਕਹਿ ਸਕਦੇ ਹਾਂ : - 


‘ਜਿੰਨਾ ਲੋੜ ਹੋਵੇ ਉੱਨਾ ਬੋਲੋ, 

ਪਹਿਲਾਂ ਤੋਲੋ ਤੇ ਫਿਰ ਬੋਲੋ।''


Post a Comment

0 Comments