ਪੰਜਾਬੀ ਨਿਬੰਧ - ਡਾ. ਬੀ. ਆਰ. ਅੰਬੇਦਕਰ
Dr. B. R. Ambedkar
ਰੂਪ-ਰੇਖਾ (Outline)
ਮੁਢਲਾ ਜੀਵਨ, ਮੁਢਲੀ ਵਿੱਦਿਆ, ਵਿਆਹ, ਉਚੇਰੀ ਵਿੱਦਿਆ, ਸਮਾਜ ਸੁਧਾਰਕ, ਸੰਵਿਧਾਨ ਬਣਾਉਣਾ, ਦੇਹਾਂਤ, ਸਾਰੰਸ਼।
ਮੁਢਲਾ ਜੀਵਨ (Early life)
ਭਾਰਤ ਵਿੱਚ ਸਮੇਂ-ਸਮੇਂ ਪੀਰਾਂ, ਫ਼ਕੀਰਾਂ, ਯੋਧਿਆਂ ਤੇ ਵਿਦਵਾਨਾਂ ਦਾ ਜਨਮ ਹੋਇਆ ਹੈ। ਇਨ੍ਹਾਂ ਸਾਰਿਆਂ ਨੇ ਆਪਣੇ-ਆਪਣੇ ਜੀਵਨ ਕਾਲ ਵਿੱਚ ਭਾਰਤ ਵਿਚਲੀਆਂ ਅਨੇਕਾਂ ਸਮੱਸਿਆਵਾਂ ਦਾ ਨਾਸ਼ ਕਰਦਿਆਂ ਆਪੋ-ਆਪਣੀ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਉਸਾਰੂ ਭੂਮਿਕਾ ਨਿਭਾਈ ਹੈ।ਜਦੋਂ ਭਾਰਤ ਵਿੱਚ ਜਾਤ-ਪਾਤ ਦਾ ਕੋਹੜ ਬੇਹੱਦ ਵਧ ਗਿਆ ਸੀ ਤਾਂ ਉਸ ਸਮੇਂ ਮਹਾਰਾਸ਼ਟਰ ਦੇ ਇੱਕ ਪਿੰਡ ਵਿੱਚ ਭੀਮ ਰਾਓ ਦਾ ਜਨਮ ਇੱਕ ਦਲਿਤ ਜਾਤੀ ਵਿੱਚ ਪਿਤਾ ਰਾਮ ਜੀ ਅਤੇ ਭੀਮਾ ਬਾਈ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਜੀ ਫ਼ੌਜ ਵਿੱਚ ਸਿਪਾਹੀ ਭਰਤੀ ਹੋਏ ਸਨ ਜੋ ਮਗਰੋਂ ਤਰੱਕੀ ਕਰਦੇ-ਕਰਦੇ ਸੂਬੇਦਾਰ ਮੇਜਰ ਦੇ ਅਹੁਦੇ 'ਤੇ ਪਹੁੰਚ ਗਏ ਸਨ। ਉਹ ਆਪਣੇ ਮਾਤਾ-ਪਿਤਾ ਦੀ ਚੌਦਵੀਂ ਔਲਾਦ ਸਨ।
ਮੁਢਲੀ ਵਿੱਦਿਆ (Basic education)
ਭੀਮ ਰਾਓ ਨੇ ਮੁਢਲੀ ਵਿੱਦਿਆ ‘ਸਤਾਰਾ' ਵਿਖੇ ਪ੍ਰਾਪਤ ਕੀਤੀ।ਨੌਵੀਂ ਜਮਾਤ ਤੱਕ ਉਨ੍ਹਾਂ ਦੇ ਨਾਂ ਨਾਲ 'ਅੰਬੇਦਕਰ' ਵੀ ਜੁੜ ਗਿਆ ਸੀ। ਪ੍ਰਾਇਮਰੀ ਤੋਂ ਅਗਲੀ ਪੜ੍ਹਾਈ ਉਨ੍ਹਾਂ ਬੰਬਈ ਦੇ ਮਰਾਠਾ ਸਕੂਲ ਤੋਂ ਪ੍ਰਾਪਤ ਕੀਤੀ ਸੀ।
ਉਹ ਰਾਤ ਦੋ ਵਜੇ ਤੋਂ ਸਵੇਰ ਹੋਣ ਤੱਕ ਪੜ੍ਹਿਆ ਕਰਦੇ ਸਨ। ਇਸ ਮਗਰੋਂ ਭੀਮ ਰਾਓ ਅੰਬੇਦਕਰ ਨੂੰ ਐਲਫਿੰਸਟੋਨ ਹਾਈ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ।ਉਸ ਸਮੇਂ ਸਾਰੇ ਦੇਸ ਵਿੱਚ ਜਾਤ-ਪਾਤ ਦਾ ਵਿਤਕਰਾ ਬਹੁਤ ਵਧ ਚੁੱਕਾ ਸੀ ਇਸ ਕਾਰਨ ਉਨ੍ਹਾਂ ਨੂੰ ਸਕੂਲ ਵਿੱਚ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਸਕੂਲ ਵਿੱਚ ਉਨ੍ਹਾਂ ਨੂੰ ਪੜ੍ਹਨ ਸਮੇਂ ਜਮਾਤ ਵਿੱਚ ਦੂਸਰੇ ਵਿਦਿਆਰਥੀਆਂ ਨਾਲ ਨਹੀਂ ਬੈਠਣ ਦਿੱਤਾ ਜਾਂਦਾ ਸੀ ਤੇ ਨਾ ਹੀ ਉਨ੍ਹਾਂ ਨਾਲ ਖੇਡਣ ਦਿੱਤਾ ਜਾਂਦਾ ਸੀ। ਬਾਲਕ ਭੀਮ ਰਾਓ ਅੰਬੇਦਕਰ ਜਮਾਤ ਤੋਂ ਬਾਹਰ ਟਾਟ 'ਤੇ ਬੈਠਣ ਲਈ ਮਜਬੂਰ ਹੁੰਦਾ ਸੀ। ਭੀਮ ਰਾਓ ਦਾ ਰੋਟੀ ਵਾਲਾ ਡੱਬਾ ਵੀ ਦੂਸਰੇ ਬੱਚਿਆਂ ਦੇ ਡੱਬਿਆਂ ਤੋਂ ਵੱਖ ਰੱਖਿਆ ਜਾਂਦਾ ਸੀ। ਇੱਥੋਂ ਤੱਕ ਕਿ ਉਸ ਨੂੰ ਸਕੂਲ ਦੇ ਨਲ ਤੋਂ ਪਾਣੀ ਪੀਣ ਦੀ ਵੀ ਮਨਾਹੀ ਹੁੰਦੀ ਸੀ। ਅਧਿਆਪਕ ਵੀ ਉਸ ਨਾਲ ਵਿਤਕਰਾ ਕਰਦੇ ਸਨ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੁੰਦਿਆਂ ਵੀ ਉਨ੍ਹਾਂ ਨੇ 1907 ਈ. ਵਿੱਚ ਦਸਵੀਂ ਪਾਸ ਕਰ ਲਈ ਸੀ।
ਵਿਆਹ (Marriage)
ਭੀਮ ਰਾਓ ਅੰਬੇਦਕਰ ਦਾ ਵਿਆਹ ਸਤਾਰਾਂ ਸਾਲ ਦੀ ਛੋਟੀ ਉਮਰ ਵਿੱਚ ਹੀ ਰਾਮਾ ਬਾਈ ਨਾਲ ਕਰ ਦਿੱਤਾ ਗਿਆ।ਉਨ੍ਹਾਂ ਨੂੰ ਦਾਜ ਵਿੱਚ ਰਸਮੀ ਤੌਰ 'ਤੇ ਕੇਵਲ ਇੱਕ ਬਾਟੀ ਮਿਲੀ ਜਿਸ ਨੂੰ ਉਨ੍ਹਾਂ ਨੇ ਇੱਕ ਨਿਸ਼ਾਨੀ ਵਜੋਂ ਸਾਰੀ ਉਮਰ ਸੰਭਾਲ ਕੇ ਰੱਖਿਆ। ਉਨ੍ਹਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ, ਜਿਸ ਦਾ ਨਾਂ ਯਸ਼ਵੰਤ ਰਾਓ ਰੱਖਿਆ ਗਿਆ।
ਉਚੇਰੀ ਵਿੱਦਿਆ (Higher education)
ਉਨ੍ਹਾਂ ਨੇ ਬਹੁਤ ਸਾਰੀਆਂ ਸਮਾਜਕ ਅਤੇ ਆਰਥਕ ਸਮੱਸਿਆਵਾਂ ਦਾ ਸਾਹਮਣਾ ਕਰਦਿਆਂ ਹੋਇਆਂ ਅਖ਼ੀਰ 1912 ਤੱਕ ਬੀ.ਏ. ਦੀ ਡਿਗਰੀ ਪ੍ਰਾਪਤ ਕਰ ਲਈ ਸੀ। ਜਨਵਰੀ 1913 ਈ: ਵਿੱਚ ਉਹ ਬੜੌਦਾ ਸਟੇਟ ਫੋਰਸ ਵਿੱਚ ਲੈਫ਼ਟੀਨੈਂਟ ਭਰਤੀ ਹੋ ਗਏ। ਕੁਝ ਸਮੇਂ ਮਗਰੋਂ ਉਨ੍ਹਾਂ ਦੇ ਪਿਤਾ ਜੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। 1913 ਈ: ਵਿੱਚ ਹੀ ਆਪ ਬੜੌਦਾ ਰਿਆਸਤ ਦੇ ਮਹਾਰਾਜਾ ਦੀ ਸਹਾਇਤਾ ਨਾਲ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਦਾਖ਼ਲ ਹੋ ਗਏ। ਉਨ੍ਹਾਂ ਨੇ ਪੜ੍ਹਾਈ ਨੂੰ ਆਪਣਾ ਹਥਿਆਰ ਬਣਾਉਣ ਦੇ ਇਰਾਦੇ ਨਾਲ ਦੋ ਸਾਲ ਸਖ਼ਤ ਮਿਹਨਤ ਕੀਤੀ ਤੇ ਮਗਰੋਂ ਐੱਮ.ਏ. ਦੀ ਡਿਗਰੀ ਪ੍ਰਾਪਤ ਕੀਤੀ।ਇਸ ਤੋਂ ਮਗਰੋਂ ਉਨ੍ਹਾਂ ਅਗਲੇ ਹੀ ਸਾਲ ਪੀਐੱਚ. ਡੀ. (ਡਾਕਟਰ ਆਫ਼ ਫ਼ਿਲਾਸਫ਼ੀ ਦੀ ਡਿਗਰੀ ਪ੍ਰਾਪਤੀ ਕੀਤੀ ਤੇ ਉਹ ਭੀਮ ਰਾਓ ਅੰਬੇਦਕਰ ਦੀ ਥਾਂ ਡਾ. ਭੀਮ ਰਾਓ ਅੰਬੇਦਕਰ ਬਣ ਗਏ।ਇਸ ਮਗਰੋਂ ਉਹ ਆਪਣੇ ਦੋਸਤਾਂ ਮਿੱਤਰਾਂ ਦੀ ਸਹਾਇਤਾ ਨਾਲ 1920 ਈ: ਵਿੱਚ ਕਾਨੂੰਨ ਅਤੇ ਅਰਥ-ਸ਼ਾਸਤਰ ਦੀ ਪੜ੍ਹਾਈ ਕਰਨ ਲਈ ਲੰਡਨ ਚਲੇ ਗਏ।
ਸਮਾਜ ਸੁਧਾਰਕ (Social reformer)
ਡਾ. ਭੀਮ ਰਾਓ ਅੰਬੇਦਕਰ ਨੇ 1923 ਈ: ਵਿੱਚ ਵਕੀਲ ਦੇ ਪੇਸ਼ੇ ਨਾਲ ਆਪਣਾ ਜੀਵਨ ਸ਼ੁਰੂ ਕੀਤਾ।ਉਨ੍ਹਾਂ ਨੇ ਇਸ ਕਿੱਤੇ 'ਤੇ ਹੁੰਦਿਆਂ ਹੀ ਸਮਾਜ ਸੁਧਾਰਨ ਦੇ ਕ ੰਮ ਕੀਤੇ। ਇਸੇ ਕਾਰਨ ਉਨ੍ਹਾਂ ਨੂੰ ਇੱਕ ਮਹਾਨ ਸਮਾਜ ਸੁਧਾਰਕ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਆਪਣੀਆਂ ਅਣਥੱਕ ਕੋਸ਼ਿਸ਼ਾਂ ਨਾਲ ਦੱਬੇ ਕੁਚਲੇ ਲੋਕਾਂ ਨੂੰ ਵਿੱਦਿਅਕ ਸਹੂਲਤਾਂ ਪ੍ਰਾਪਤ ਕਰਵਾਈਆਂ। ਉਨ੍ਹਾਂ ਨੇ ਅਜਿਹੇ ਲੋੜ-ਵੰਦ ਲੋਕਾਂ ਦੀਆਂ ਆਰਥਕ ਸਮੱਸਿਆਵਾਂ ਵੱਲ ਵੀ ਧਿਆਨ ਦਿੱਤਾ। ਇਸੇ ਤਰ੍ਹਾਂ ਉਨ੍ਹਾਂ ਗ਼ਰੀਬ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਨ ਲਈ ਸਹੂਲਤਾਂ ਸਥਾਪਤ ਕਰਵਾਈਆਂ। ਗ਼ੁਲਾਮਾਂ ਪ੍ਰਤੀ ਉਨ੍ਹਾਂ ਨੇ ਕਿਹਾ ਸੀ:
“ਗ਼ੁਲਾਮ ਨੂੰ ਇਹ ਦਰਸਾ ਦਿਓ ਕਿ ਉਹ
ਗ਼ੁਲਾਮ ਹੈ, ਫੇਰ ਉਹ ਬਗ਼ਾਵਤ ਕਰ ਦੇਵੇਗਾ”
ਉਨ੍ਹਾਂ ਨੇ ਆਪਣੀ ਵਿੱਦਿਆ ਅਤੇ ਗਿਆਨ ਦੇ ਸਦਕਾ ਮੁਰਦਾ ਹੋ ਚੁੱਕੀ ਕੌਮ ਵਿੱਚ ਜਾਨ ਪਾਉਣ ਦੀ ਬਹੁਤ ਹੀ ਮਹੱਤਵਪੂਰਨ ਤੇ ਸਫਲ ਕੋਸ਼ਸ਼ ਕੀਤੀ।
ਮਗਰੋਂ ਉਹ ਆਪ ਬੰਬਈ ਵਿਧਾਨ ਸਭਾ ਦੇ ਮੈਂਬਰ ਵੀ ਬਣੇ ਤੇ ਗੌਰਮਿੰਟ ਸਰਕਾਰੀ ਕਾਲਜ ਬੰਬਈ ਵਿੱਚ ਪ੍ਰੋਫੈਸਰ ਦੀ ਨੌਕਰੀ ਵੀ ਕੀਤੀ। ਭਾਵੇਂ ਉਹ ਆਪ ਨੌਕਰੀ ਕਰਦੇ ਸਨ ਪਰ ਉਨ੍ਹਾਂ ਨੇ ਅਛੂਤਾਂ ਲਈ ਸੰਵਿਧਾਨ ਵਿੱਚ ਆਬਾਦੀ ਦੀ ਅਨੁਪਾਤ ਅਨੁਸਾਰ ਰਿਜ਼ਰਵੇਸ਼ਨ ਕਰਵਾਈ। ਉਨ੍ਹਾਂ ਦੀ ਅਜਿਹੀ ਕ੍ਰਾਂਤੀਕਾਰੀ ਭੂਮਿਕਾ ਸਦਕਾ ਹੀ ਉਨ੍ਹਾਂ ਦਾ ਹਿੰਦੂ ਧਰਮ ਦੇ ਮੋਹਤਬਰਾਂ ਨਾਲ ਕਾਫ਼ੀ ਲੰਮਾ ਸਮਾਂ ਤਕਰਾਰ ਚਲਦਾ ਰਿਹਾ ਜਿਸ ਤੋਂ ਅੱਕ ਕੇ ਉਨ੍ਹਾਂ ਬੁੱਧ ਧਰਮ ਗ੍ਰਹਿਣ ਕਰ ਲਿਆ ਸੀ।
ਸੰਵਿਧਾਨ ਬਣਾਉਣਾ (Constitution making)
ਡਾ. ਭੀਮ ਰਾਓ ਅੰਬੇਦਕਰ ਅਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਸਨ। ਉਨ੍ਹਾਂ ਨੂੰ ਸੰਵਿਧਾਨ ਬਣਾਉਣ ਵਾਲੀ ਖਰੜਾ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ। ਉਨ੍ਹਾਂ ਦੀ ਅਣਥੱਕ ਮਿਹਨਤ ਤੇ ਸੁਯੋਗ ਅਗਵਾਈ ਸਦਕਾ ਹੀ 2 ਸਾਲ 11 ਮਹੀਨੇ ਤੇ 18 ਦਿਨ ਵਿੱਚ ਇਸ ਕਮੇਟੀ ਨੇ ਸੰਵਿਧਾਨ ਬਣਾ ਕੇ ਸੰਵਿਧਾਨ ਸਭਾ ਸਾਹਮਣੇ ਪੇਸ਼ ਕਰ ਦਿੱਤਾ ਸੀ। ਇਸੇ ਸੰਵਿਧਾਨ ਨੂੰ 26 ਜਨਵਰੀ, 1950 ਈ: ਵਿੱਚ ਲਾਗੂ ਕਰ ਦਿੱਤਾ ਗਿਆ ਸੀ।
ਦੇਹਾਂਤ (Death)
ਡਾ. ਭੀਮ ਰਾਓ ਅੰਬੇਦਕਰ ਦੀ ਵਿਲੱਖਣ ਸ਼ਖ਼ਸੀਅਤ ਤੇ ਲੋਕਾਂ ਵਿੱਚ ਉਨ੍ਹਾਂ ਦੇ ਬੇਹੱਦ ਸਤਿਕਾਰ ਸਦਕਾ ਲੋਕ ਉਨ੍ਹਾਂ ਦੇ ਨਾਂ ਅੱਗੇ ਬਾਬਾ ਸ਼ਬਦ ਦੀ ਵਰਤੋਂ ਵੀ ਕਰਨ ਲੱਗੇ ਸਨ। ਉਨ੍ਹਾਂ ਨੇ ਉਮਰ ਭਰ ਆਪਣੇ ਜੀਵਨ ਵਿੱਚ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕੀਤਾ, ਸਰਕਾਰ ਨਾਲ ਲੋਹਾ ਲਿਆ, ਧਰਮ ਸੰਬੰਧੀ ਕੱਟੜ ਪੰਥੀਆਂ ਨਾਲ ਲੋਹਾ ਲਿਆ ਪਰੰਤੂ ਕੋਈ ਵੀ ਉਸ ਦਾ ਕੁਝ ਨਾ ਵਿਗਾੜ ਸਕਿਆ ਪਰ ਇਹ ਲੋਹ ਪੁਰਸ਼ 5 ਦਸੰਬਰ, 1957 ਈ: ਨੂੰ ਹਮੇਸ਼ਾ ਲਈ ਸਾਡੇ ਕੋਲੋਂ ਚਲਾ ਗਿਆ। ਪਰ ਉਨ੍ਹਾਂ ਦੀਆਂ ਪ੍ਰਾਪਤੀਆਂ ਸਾਡੇ ਮਨਾਂ ਵਿੱਚ ਉਨ੍ਹਾਂ ਲਈ ਹਮੇਸ਼ਾ ਸਤਿਕਾਰ ਬਣਾਈ ਰੱਖਣਗੀਆਂ।
ਸਾਰੰਸ਼ (Summary)
ਡਾ. ਭੀਮ ਰਾਓ ਅੰਬੇਦਕਰ ਦੀ ਸ਼ਖ਼ਸੀਅਤ ਬਹੁਤ ਵਿਲੱਖਣ ਸੀ। ਉਨ੍ਹਾਂ ਬੇਮਿਸਾਲ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਅਛੂਤ ਤੇ ਨਿਤਾਣੇ ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਉਪਰਾਲੇ ਕੀਤੇ। 'ਭਾਰਤੀ ਸੰਵਿਧਾਨ' ਨੂੰ ਬਣਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਵੀ ਕਦੇ ਨਹੀਂ ਭੁਲਾਇਆ ਜਾ ਸਕਦਾ। ਨਿਰਸੰਦੇਹ ਆਪਣੇ ਕੰਮਾਂ ਕਾਰਨ ਉਹ ਭਾਰਤ ਵਾਸੀਆਂ ਲਈ ਹਮੇਸ਼ਾ ਅਮਰ ਰਹਿਣਗੇ।
1 Comments
Very nice 👍👍👍👍
ReplyDelete