Dino-Din Vadh Rahi Mahingai "ਦਿਨੋ-ਦਿਨ ਵਧ ਰਹੀ ਮਹਿੰਗਾਈ " Punjabi Essay, Paragraph for Class 8, 9, 10, 11 and 12 Students Examination in 600 Words.

ਦਿਨੋ-ਦਿਨ ਵਧ ਰਹੀ ਮਹਿੰਗਾਈ 
Dino-Din Vadh Rahi Mahingai



ਭੂਮਿਕਾ

ਸਾਡੇ ਦੇਸ ਭਾਰਤ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿੱਚ ਵਧਦੀ ਅਬਾਦੀ, ਗ਼ਰੀਬੀ, ਆਤੰਕਵਾਦ ਆਦਿ ਪ੍ਰਮੁੱਖ ਹਨ। ਇਨ੍ਹਾਂ ਦੇ ਨਾਲ ਹੀ ਵਧ ਰਹੀ ਮਹਿੰਗਾਈ ਭਾਰਤ ਲਈ ਦਿਨੋ-ਦਿਨ ਇੱਕ ਬਹੁਤ ਹੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਭਾਵੇਂ ਇਸ ਸਮੱਸਿਆ ਦੇ ਕਈ ਅੰਤਰਰਾਸ਼ਟਰੀ ਕਾਰਨ ਹਨ, ਪਰ ਇਸ ਸਮੱਸਿਆ ਨੇ ਆਪਣਾ ਬਹੁਤ ਹੀ ਵਿਕਰਾਲ ਰੂਪ ਗ੍ਰਹਿਣ ਕਰ ਲਿਆ ਹੈ।


ਵਧਦੀਆਂ ਕੀਮਤਾਂ

ਅਸੀਂ ਵੇਖਦੇ ਹਾਂ ਕਿ ਸਾਡੇ ਦੇਸ ਵਿੱਚ ਲਗਪਗ ਸਭ ਵਸਤਾਂ ਦੀਆਂ ਕੀਮਤਾਂ ਨਿਰੰਤਰ ਵਧ ਰਹੀਆਂ ਹਨ। ਆਮ ਆਦਮੀ ਦੀ ਆਮਦਨ ਥੋੜ੍ਹੀ ਤੇ ਸੀਮਤ ਹੁੰਦੀ ਹੈ, ਪਰ ਮਹਿੰਗਾਈ ਜਿਸ ਰਫ਼ਤਾਰ ਨਾਲ ਵਧ ਰਹੀ ਹੈ ਉਸ ਅਨੁਸਾਰ ਆਮ ਮਨੁੱਖ ਨੂੰ ਆਰਥਕ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ। ਆਰਥਕ ਤੌਰ 'ਤੇ ਟੁੱਟਿਆ ਮਨੁੱਖ ਹੀ ਕਦੇ ਜੁਰਮ ਵਾਲੇ ਪਾਸੇ ਪੈਂਦਾ ਹੈ ਤੇ ਜਾਂ ਫਿਰ ਆਤਮ-ਹੱਤਿਆ ਦਾ ਰਾਹ ਵੀ ਚੁਣ ਲੈਂਦਾ ਹੈ।


ਵਪਾਰੀ ਵਰਗ ਦੀ ਭੂਮਿਕਾ

ਸਾਡੇ ਦੇਸ ਵਿੱਚ ਨਿਰੰਤਰ ਵਧ ਰਹੀਆਂ ਕੀਮਤਾਂ ਲਈ ਮੁੱਖ ਤੌਰ 'ਤੇ ਵਪਾਰੀ ਵਰਗ ਦੋਸ਼ੀ ਹੈ। ਇਹ ਵਰਗ ਨੇਤਾਵਾਂ ਤੇ ਸਰਕਾਰੀ ਅਫ਼ਸਰਾਂ ਦੀ ਮਿਲੀ ਭੁਗਤ ਨਾਲ ਪਹਿਲਾਂ ਜਮ੍ਹਾਖੋਰੀ ਕਰਕੇ ਬਜ਼ਾਰ ਵਿੱਚ ਵਸਤੂ ਦੀ ਘਾਟ ਪੈਦਾ ਕਰਦਾ ਹੈ ਤੇ ਫਿਰ ਮਨਮਰਜ਼ੀ ਦੀ ਕੀਮਤ 'ਤੇ ਵਸਤਾਂ ਵੇਚਦਾ ਹੈ।ਅਜਿਹੀ ਸਥਿਤੀ ਵਿੱਚ ਸਰਕਾਰੀ ਤੰਤਰ ਕੋਈ ਹਾਂ ਪੱਖੀ ਭੂਮਿਕਾ ਨਿਭਾਉਣ ਤੋਂ ਅਸਮਰੱਥ ਹੁੰਦਾ ਹੈ। ਇਹੋ ਕਾਰਨ ਹੈ ਕਿ ਦੇਸ ਵਿੱਚ ਬੇਹਿਸਾਬ ਭੰਡਾਰਾਂ ਦੇ ਹੁੰਦਿਆਂ ਵੀ ਕਦੇ ਖੰਡ ਤੇ ਕਦੇ ਪਿਆਜ਼ ਦੀਆਂ ਕੀਮਤਾਂ ਅਸਮਾਨ ਛੋਹ ਲੈਂਦੀਆਂ ਹਨ।


ਵਿਚੋਲਿਆਂ ਦੀ ਭੂਮਿਕਾ

ਮੰਡੀ ਵਿੱਚ ਵਸਤਾਂ ਦੀ ਭਰਮਾਰ ਹੁੰਦੀ ਹੈ। ਜਿਵੇਂ ਕਿਸਾਨ ਦਿਨ-ਰਾਤ ਮਿਹਨਤ ਕਰ ਕੇ ਫ਼ਸਲ ਮੰਡੀ ਵਿੱਚ ਲਿਆਉਂਦੇ ਹਨ। ਜਿਹੜੀ ਕੀਮਤ ਉਨ੍ਹਾਂ ਨੂੰ ਸਵੇਰੇ ਮੰਡੀ ਵਿੱਚ ਮਿਲਦੀ ਹੈ ਦੋ ਘੰਟੇ ਮਗਰੋਂ ਉਹ ਵਸਤ ਦੁਕਾਨਾਂ 'ਤੇ ਦਸ ਗੁਣਾਂ ਕੀਮਤ 'ਤੇ ਵੇਚੀ ਜਾ ਰਹੀ ਹੁੰਦੀ ਹੈ। ਇੰਜ ਵਿਚੋਲੇ ਆਪਣੀ ਛੋਟੀ ਜਿਹੀ ਭੂਮਿਕਾ ਨਿਭਾ ਕੇ ਹੀ ਬਹੁਤ ਜ਼ਿਆਦਾ ਕਮਾਈ ਕਰ ਜਾਂਦੇ ਹਨ। ਇਸ ਨਾਲ ਪੈਦਾ ਕਰਨ ਵਾਲੇ ਕਿਸਾਨਾਂ ਤੇ ਖਪਤਕਾਰ ਦੋਹਾਂ ਨੂੰ ਨੁਕਸਾਨ ਹੁੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਵਿਚੋਲਿਆਂ ਦੀ ਭੂਮਿਕਾ ਵੱਲ ਉਚੇਚਾ ਧਿਆਨ ਦੇਵੇ।


ਭ੍ਰਿਸ਼ਟਾਚਾਰ ਦਾ ਵਧਣਾ

ਭ੍ਰਿਸ਼ਟਾਚਾਰ ਵੀ ਮਹਿੰਗਾਈ ਨੂੰ ਵਧਾਉਣ ਵਿੱਚ ਖ਼ਾਸ ਭੂਮਿਕਾ ਨਿਭਾ ਰਿਹਾ ਹੈ। ਅੱਜ ਇਹ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਹਰ ਪਾਸੇ ਫੈਲੇ ਭ੍ਰਿਸ਼ਟਾਚਾਰ ਕਾਰਨ ਜਿਹੜੇ ਲੋਕ ਭ੍ਰਿਸ਼ਟ ਅਫ਼ਸਰਾਂ ਤੇ ਆਗੂਆਂ ਨੂੰ ਪੈਸੇ ਦੇ ਕੇ ਕੁਦਰਤੀ ਸਰੋਤਾਂ 'ਤੇ ਕਬਜ਼ੇ ਕਰਦੇ ਹਨ ਜਾਂ ਠੇਕੇ ਲੈਂਦੇ ਹਨ, ਉਹ ਮਗਰੋਂ ਅੰਨ੍ਹੀ ਕਮਾਈ ਕਰਦੇ ਹਨ।ਪੰਜਾਬ ਵਿੱਚ ਰੇਤੇ ਤੇ ਬੱਜਰੀ ਦੀਆਂ ਵਧੀਆਂ ਕੀਮਤਾਂ ਨੂੰ ਇਸੇ ਪ੍ਰਸੰਗ ਵਿੱਚ ਵੇਖਿਆ ਜਾ ਸਕਦਾ ਹੈ।


ਕੁਦਰਤੀ ਕਾਰਨ

ਕਦੇ-ਕਦੇ ਕੁਦਰਤੀ ਕਾਰਨਾਂ ਸਦਕਾ ਵੀ ਮਹਿੰਗਾਈ ਵਧ ਜਾਂਦੀ ਹੈ, ਜਿਵੇਂ ਹੜ੍ਹ ਤਾਂ ਸੋਕੇ ਕਾਰਨ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ ਤਾਂ ਇਨ੍ਹਾਂ ਦੀ ਥੁੜ ਤੇ ਮੰਗ ਵਿੱਚ ਅੰਤਰ ਹੋਣ ਕਾਰਨ ਵਪਾਰੀ ਇਨ੍ਹਾਂ ਦੀ ਕੀਮਤ ਵਧਾ ਦਿੰਦੇ ਹਨ।


ਸਰਕਾਰ ਦੀ ਭੂਮਿਕਾ

ਸਰਕਾਰ ਲੋਕਾਂ ਤੋਂ ਟੈਕਸ ਲੈ ਕੇ ਹੀ ਉਨ੍ਹਾਂ ਦੀਆਂ ਸਹੂਲਤਾਂ ਲਈ ਖ਼ਰਚਦੀ ਹੈ। ਕਈ ਵਾਰੀ ਸਰਕਾਰ ਆਪਣੇ ਹਿਤਾਂ ਸਦਕਾ ਖ਼ਰਚਾ ਉਸ ਪਾਸੇ ਕਰ ਬੈਠਦੀ ਹੈ ਜਿਸ ਨਾਲ ਆਮ ਲੋਕਾਂ ਨੂੰ ਵਧੇਰੇ ਲਾਭ ਨਹੀਂ ਹੁੰਦੇ। ਇਸ ਨਾਲ ਸਰਕਾਰ ਆਮ ਲੋਕਾਂ ਨੂੰ ਸਹੂਲਤਾਂ ਦੇਣ ਤੋਂ ਵੀ ਅਸਮਰੱਥ ਰਹਿੰਦੀ ਹੈ। ਅਜੋਕੇ ਸਮੇਂ ਵਿੱਚ ਅਸੀਂ ਵੇਖਦੇ ਹਾਂ ਕਿ ਭਾਵੇਂ ਭਾਰਤ ਸਰਕਾਰ ਜਾਂ ਪ੍ਰਾਂਤ ਸਰਕਾਰ ਆਮ ਲੋਕਾਂ ਲਈ ਤਰ੍ਹਾਂ-ਤਰ੍ਹਾਂ ਦੀਆਂ ਯੋਜਨਾਵਾਂ ਬਣਾ ਕੇ ਉਨ੍ਹਾਂ ਦੀ ਆਰਥਿਕਤਾ ਸੁਧਾਰਨ ਲਈ ਯਤਨਸ਼ੀਲ ਹਨ, ਪਰ ਇਸ ਦੇ ਵਧੀਆ ਨਤੀਜੇ ਅਜੇ ਸਾਹਮਣੇ ਨਜ਼ਰ ਨਹੀਂ ਆਏ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਧਦੀਆਂ ਕੀਮਤਾਂ 'ਤੇ ਨਿਯੰਤਰਣ ਰੱਖਣ ਲਈ ਹਰ ਹੀਲਾ ਵਰਤੇ। ਇਸ ਦੇ ਨਾਲ ਹੀ ਸਰਕਾਰ ਨੂੰ ਗ਼ਰੀਬਾਂ ਦੇ ਪੱਖ ਵਿੱਚ ਵਿਸ਼ੇਸ਼ ਯੋਜਨਾਵਾਂ ਬਣਾ ਕੇ ਉਨ੍ਹਾਂ ਨੂੰ ਠੀਕ ਰੂਪ ਵਿੱਚ ਲਾਗੂ ਕਰਨ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।


ਸਾਰੰਸ਼

ਦਿਨੋ-ਦਿਨ ਵਧ ਰਹੀ ਮਹਿੰਗਾਈ ਨਿਰਸੰਦੇਹ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ। ਇਹ ਕਈ ਹੋਰ ਸਮੱਸਿਆਵਾਂ ਦੀ ਜੜ੍ਹ ਹੈ। ਸਰਕਾਰ ਨੂੰ ਇਸ ਸਮੱਸਿਆ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਆਮ ਲੋਕ ਵੀ ਆਪਣਾ ਜੀਵਨ ਠੀਕ ਤਰ੍ਹਾਂ ਗੁਜ਼ਾਰ ਸਕਣ।


Post a Comment

0 Comments