Desh Piyar "ਦੇਸ ਪਿਆਰ " Punjabi Essay, Paragraph for Class 8, 9, 10, 11 and 12 Students Examination in 1100 Words.

ਪੰਜਾਬੀ ਨਿਬੰਧ - ਦੇਸ ਪਿਆਰ 
Desh Piyar




ਰੂਪ-ਰੇਖਾ

ਭੂਮਿਕਾ, ਦੇਸ ਪਿਆਰ ਤੇ ਘਰ, ਦੇਸ ਪਿਆਰ ਦਾ ਜਜ਼ਬਾ ਤੇ ਮਹੱਤਵ, ਮੁਸੀਬਤਾਂ ਅਤੇ ਦੇਸ ਪਿਆਰ, ਸਵਾਰਥ ਦਾ ਤਿਆਗ, ਮਹਾਨ ਦੇਸ ਭਗਤ, ਸਾਰੰਸ਼।


ਭੂਮਿਕਾ

ਦੇਸ ਪਿਆਰ ਦਾ ਅਰਥ ਆਪਣੇ ਦੇਸ ਨਾਲ ਪਿਆਰ ਕਰਨਾ ਹੈ। ਹਰ ਦੇਸ ਵਾਸੀ ਵਿੱਚ ਦੇਸ ਪਿਆਰ ਦਾ ਇਹ ਜਜ਼ਬਾ ਕੁਦਰਤੀ ਹੁੰਦਾ ਹੈ।ਦੇਸ ਪਿਆਰ ਦੇ ਜਜ਼ਬੇ ਸਦਕਾ ਹੀ ਦੇਸ 'ਤੇ ਭੀੜ ਬਣਨ 'ਤੇ ਦੇਸ ਵਾਸੀ ਆਪਣੀ ਜਾਨ ਤੱਕ ਕੁਰਬਾਨ ਕਰ ਜਾਂਦੇ ਹਨ।ਅਜਿਹੀ ਭੀੜ ਸਮੇਂ ਹਰ ਕੋਈ ਆਪਣਾ ਸਾਰਾ ਕੁਝ ਭੁੱਲ-ਭੁਲਾ ਕੇ ਦੇਸ ਬਾਰੇ ਹੀ ਸੋਚਦਾ ਹੈ। ਜਦੋਂ ਕੋਈ ਦੁਸ਼ਮਣ ਸਾਡੇ ਦੇਸ ਵੱਲ ਕੈਰੀ ਅੱਖ ਨਾਲ ਵੇਖਦਾ ਹੈ ਤਾਂ ਸਾਰੇ ਦੇਸ ਵਾਸੀ ਇੱਕ-ਜੁੱਟ ਹੋ ਕੇ ਉਸ ਦਾ ਮੁਕਾਬਲਾ ਕਰਦੇ ਹਨ। ਦੇਸ ਵਾਸੀਆਂ ਦੀ ਅਜਿਹੀ ਸੋਚ ਜਾਂ ਜਜ਼ਬੇ ਕਾਰਨ ਹੀ ਦੇਸ ਸ਼ਕਤੀਸ਼ਾਲੀ ਬਣਦਾ ਹੈ। ਇਸ ਤਰ੍ਹਾਂ ਦੇਸ ਵਾਸੀ ਦੇਸ ਦਾ ਨੁਕਸਾਨ ਜਾਂ ਬਦਨਾਮੀ ਨੂੰ ਕਦੇ ਵੀ ਨਹੀਂ ਸਹਾਰਦੇ। 


ਦੇਸ ਪਿਆਰ ਤੇ ਘਰ

ਬਹੁਤ ਸਾਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਦੇਸ ਪਿਆਰ ਦੇ ਜਜ਼ਬੇ ਦੀ ਨੀਂਹ ਘਰ ਦੇ ਪਿਆਰ ਵਿੱਚੋਂ ਹੀ ਰੱਖੀ ਜਾਂਦੀ ਹੈ। ਮਨੁੱਖ ਜਿੱਥੇ ਜਨਮਦਾ ਹੈ ਤੇ ਜਿੱਥੇ ਉਸ ਦਾ ਬਚਪਨ ਗੁਜ਼ਰਦਾ ਹੈ ਉਸ ਨਾਲ ਉਸ ਦਾ ਸਹਿਜੇ ਹੀ ਪਿਆਰ ਹੋ ਜਾਂਦਾ ਹੈ।ਇਹ ਅਜਿਹਾ ਕੁਦਰਤੀ ਪਿਆਰ ਹੁੰਦਾ ਹੈ ਕਿ ਮਨੁੱਖ ਨਾ ਤਾਂ ਉਸ ਥਾਂ ਨੂੰ ਤੇ ਨਾ ਹੀ ਆਪਣੇ ਮਾਪਿਆਂ, ਭੈਣ-ਭਰਾਵਾਂ ਤੇ ਉਨ੍ਹਾਂ ਲੋਕਾਂ ਨੂੰ ਭੁਲਾ ਸਕਦਾ ਹੈ ਜਿਨ੍ਹਾਂ ਵਿੱਚ ਉਸ ਨੇ ਆਪਣਾ ਬਚਪਨ ਗੁਜ਼ਾਰਿਆ ਹੁੰਦਾ ਹੈ।ਇਸ ਕਰਕੇ ਹਰ ਮਨੁੱਖ ਭਾਵੇਂ ਕਿਤੇ ਵੀ ਰਹੇ ਉਸ ਦੇ ਮਨ ਵਿੱਚ ਘਰ ਆ ਕੇ ਰਹਿਣ ਦੀ ਰੀਝ ਹਮੇਸ਼ਾ ਬਣੀ ਰਹਿੰਦੀ ਹੈ।ਉਸ ਨੂੰ ਘਰ ਵਿੱਚੋਂ ਜਿਹੜਾ ਅਨੰਦ ਤੇ ਸੁਖ ਮਿਲਦਾ ਹੈ ਉਹ ਬਾਹਰੋਂ ਕਿਤੋਂ ਨਹੀਂ ਮਿਲਦਾ। ਇਸੇ ਲਈ ਕਿਹਾ ਗਿਆ ਹੈ:

ਜੋ ਸੁਖ ਛੱਜੂ ਦੇ ਚੁਬਾਰੇ, ਨਾ ਬਲਖ਼ ਨਾ ਬੁਖ਼ਾਰੇ।

ਇਸ ਤਰ੍ਹਾਂ ਘਰ ਨਾਲ ਇਹ ਪਿਆਰ ਹੀ ਅੱਗੋਂ ਆਪਣੇ ਸਮਾਜ, ਪਿੰਡ, ਸ਼ਹਿਰ ਤੇ ਦੇਸ ਨਾਲ ਪੈਦਾ ਕਰਨ ਦਾ ਆਧਾਰ ਬਣਦਾ ਹੈ।


ਦੇਸ ਪਿਆਰ ਦਾ ਜਜ਼ਬਾ ਤੇ ਮਹੱਤਵ

ਹਰ ਕੌਮ ਵਿੱਚ ਆਪਣੇ ਦੇਸ ਲਈ ਪਿਆਰ ਕੁਦਰਤੀ ਹੁੰਦਾ ਹੈ।ਇਸੇ ਲਈ ਜਿਹੜਾ ਵੀ ਦੇਸ ਗ਼ੁਲਾਮ ਹੁੰਦਾ ਹੈ ਉਸ ਦੇ ਦੇਸ ਵਾਸੀਆਂ ਵਿੱਚ ਉਸ ਨੂੰ ਅਜ਼ਾਦ ਕਰਵਾਉਣ ਦਾ ਜਜ਼ਬਾ ਪੈਦਾ ਹੋ ਹੀ ਜਾਂਦਾ ਹੈ।ਸਾਡੇ ਭਾਰਤ ਦੇਸ ਉੱਪਰ ਵੀ ਜਦੋਂ ਸਮੇਂ-ਸਮੇਂ ਵਿਦੇਸ਼ੀ ਹਮਲਾਵਰਾਂ ਨੇ ਹਮਲਾ ਕਰ ਕੇ ਕਬਜ਼ੇ ਕੀਤੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਝਾਂਸੀ ਦੀ ਰਾਣੀ ਲਕਸ਼ਮੀ ਬਾਈ ਤੇ ਸ਼ਿਵਾ ਜੀ ਮਰਹੱਟਾ ਵਰਗਿਆਂ ਨੇ ਦੁਸ਼ਮਣਾਂ ਨੂੰ ਮੂੰਹ-ਤੋੜ ਜਵਾਬ ਦਿੱਤਾ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਮੁਗ਼ਲਾਂ ਨਾਲ ਲੜਦਿਆਂ ਆਪਣੇ ਧਰਮ, ਕੌਮ ਤੇ ਦੇਸ ਲਈ ਆਪਣਾ ਸਰਬੰਸ ਹੀ ਕੁਰਬਾਨ ਕਰ ਦਿੱਤਾ।

ਜਦੋਂ ਭਾਰਤ ਗ਼ੁਲਾਮ ਸੀ ਤਾਂ ਦੇਸ ਨੂੰ ਅਜ਼ਾਦ ਕਰਵਾਉਣ ਲਈ ਅਣਗਿਣਤ ਨੌਜਵਾਨਾਂ ਨੇ ਤਸੀਹੇ ਝੱਲਦਿਆਂ ਕੁਰਬਾਨੀਆਂ ਦਿੱਤੀਆਂ। ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਭਗਤ ਸਿੰਘ, ਰਾਜਗੁਰੂ, ਸੁਖਦੇਵ ਆਦਿ ਨੇ ਦੇਸ ਪਿਆਰ ਦੇ ਜਜ਼ਬੇ ਵਿੱਚ ਹੀ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਇਨ੍ਹਾਂ ਦੇਸ ਭਗਤਾਂ, ਯੋਧਿਆਂ ਦੀ ਕੁਰਬਾਨੀ ਸਦਕਾ ਹੀ ਅਸੀਂ ਅੱਜ ਅਜ਼ਾਦੀ ਦੇ ਨਿੱਘ ਨੂੰ ਮਾਣ ਰਹੇ ਹਾਂ। ਜਦੋਂ ਕਦੇ ਸਾਡੇ ਦੇਸ ਨੂੰ ਕਿਸੇ ਗੁਆਂਢੀ ਦੁਸ਼ਮਣ ਤੋਂ ਖ਼ਤਰਾ ਹੋਇਆ ਹੈ ਤਾਂ ਮਾਵਾਂ ਹੱਸ-ਹੱਸ ਕੇ ਆਪਣੇ ਪੁੱਤਰਾਂ ਨੂੰ ਮੈਦਾਨੇ ਜੰਗ ਲਈ ਤੋਰਦੀਆਂ ਰਹੀਆਂ ਹਨ। ਇਸੇ ਤਰ੍ਹਾਂ ਸੱਜ ਵਿਆਹੀਆਂ ਮੁਟਿਆਰਾਂ ਵੀ ਆਪਣੇ ਪਤੀ ਨੂੰ ਦੇਸ ਦੀ ਅਣਖ ਲਈ ਮਰ ਮਿਟਣ ਵਾਸਤੇ ਖ਼ੁਸ਼ੀ-ਖ਼ੁਸ਼ੀ ਭੇਜਦੀਆਂ ਰਹੀਆਂ ਹਨ। ਅਜਿਹੇ ਸਮੇਂ ਨੌਜਵਾਨ ਵੀ ਦੇਸ ਪਿਆਰ ਦੇ ਠਾਠਾਂ ਮਾਰਦੇ ਜਜ਼ਬੇ ਅਧੀਨ ਆਪਣੀ ਸੱਜ ਵਿਆਹੀ ਨੂੰ ਇਹ ਆਖ ਕੇ ਵਿਦਾ ਹੁੰਦੇ ਹਨ :

ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ,

ਪੈਰ ਧਰਨ ਦੇ ਮੈਨੂੰ ਰਕਾਬ ਉੱਤੇ,

ਮੇਰੇ ਦੇਸ 'ਤੇ ਬਣੀ ਏ ਭੀੜ ਭਾਰੀ

ਟੁੱਟ ਪਏ ਨੇ ਵੈਰੀ ਪੰਜਾਬ ਉੱਤੇ

ਸਰੂ ਵਰਗੀ ਜਵਾਨੀ ਮੈਂ ਫੂਕਣੀ ਏ,

ਬਹਿ ਗਏ ਭੂੰਡ ਜੇ ਆ ਗੁਲਾਬ ਉੱਤੇ। (ਪ੍ਰੋ. ਮੋਹਨ ਸਿੰਘ)


ਮੁਸੀਬਤਾਂ ਅਤੇ ਦੇਸ ਪਿਆਰ

ਸਾਡੇ ਦੇਸ ਉੱਪਰ ਜਦੋਂ ਕਦੀ ਵੀ ਕੋਈ ਮੁਸੀਬਤ ਆਈ ਹੈ ਤਾਂ ਭਾਰਤ ਵਾਸੀਆਂ ਨੇ ਉਸ ਦਾ ਇਕੱਠੇ ਹੋ ਕੇ ਮੁਕਾਬਲਾ ਕੀਤਾ ਹੈ। ਸਾਡੇ ਦੇਸ ਨੂੰ ਅਜ਼ਾਦੀ ਤੋਂ ਮਗਰੋਂ 1962, 1965, 1971 ਤੇ ਕਾਰਗਿਲ ਯੁੱਧ ਗੁਆਂਢੀ ਦੇਸਾਂ ਨਾਲ ਲੜਨੇ ਪਏ ਹਨ।ਉਸ ਸਮੇਂ ਹਰ ਦੇਸ ਵਾਸੀ ਨੇ ਹਰ ਪੱਧਰ 'ਤੇ ਦੇਸ ਪਿਆਰ ਦੇ ਜਜ਼ਬੇ ਅਧੀਨ ਹੀ ਫ਼ੌਜੀ ਜਵਾਨਾਂ ਤੇ ਸਰਕਾਰਾਂ ਦੀ ਤਨ, ਮਨ, ਧਨ ਨਾਲ ਸਹਾਇਤਾ ਕੀਤੀ ਹੈ। ਇਸੇ ਤਰ੍ਹਾਂ ਹੀ ਜਦੋਂ ਕਦੇ ਵੀ ਭਾਰਤ ਵਾਸੀਆਂ ਨੂੰ ਕੁਦਰਤੀ ਆਫ਼ਤਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ ਤਾਂ ਭਾਰਤ ਵਾਸੀਆਂ ਨੇ ਇੱਕ-ਮੁੱਠ ਹੋ ਕੇ ਇਨ੍ਹਾਂ ਮੁਸੀਬਤਾਂ ਦਾ ਮੁਕਾਬਲਾ ਕੀਤਾ ਹੈ। ਉਦਾਹਰਨ ਵਜੋਂ ਅਸੀਂ ਵੇਖ ਸਕਦੇ ਹਾਂ ਕਿ ਪਹਿਲਾਂ ਬੰਗਾਲ ਵਿਚਲੇ ਕਾਲ ਸਮੇਂ, ਫਿਰ ਗੁਜਰਾਤ ਵਿੱਚ ਭੁਚਾਲ ਨਾਲ ਹੋਈ ਤਬਾਹੀ ਸਮੇਂ ਤੇ ਹੁਣ ਉਤਰਾਖੰਡ ਵਿਚਲੀਆਂ ਕੁਦਰਤੀ ਆਫ਼ਤਾਂ ਸਮੇਂ ਦੇਸ ਵਾਸੀਆਂ ਨੇ ਜਿਸ ਜਜ਼ਬੇ ਤੇ ਪਿਆਰ ਦਾ ਪ੍ਰਗਟਾਵਾ ਕਰਦਿਆਂ ਦੁਖੀਆਂ ਦੀ ਸਹਾਇਤਾ ਕੀਤੀ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅੱਜ ਜਦੋਂ ਵੀ ਕਿਤੇ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਨੇੜੇ ਤੇ ਦੁਰਾਡੇ ਦੇ ਲੋਕ ਉੱਥੇ ਪਹੁੰਚ ਕੇ ਲੋਕਾਂ ਦੀ ਲੋੜੀਂਦੀ ਸਹਾਇਤਾ ਕਰਦੇ ਹਨ।


ਸਵਾਰਥ ਦਾ ਤਿਆਗ

ਦੇਸ ਪਿਆਰ ਦੇ ਜਜ਼ਬੇ ਨਾਲ ਅਣਗਿਣਤ ਨੌਜਵਾਨਾਂ ਨੇ ਆਪਣੇ ਦੇਸ ਨੂੰ ਕੁਰਬਾਨੀਆਂ ਦੇ ਕੇ ਅਜ਼ਾਦ ਕਰਵਾਇਆ ਸੀ।ਪਰ ਅੱਜ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਉਨ੍ਹਾਂ ਸ਼ਹੀਦਾਂ ਨੇ ਜਿਸ ਤਰ੍ਹਾਂ ਦਾ ਸਮਾਜ ਜਾਂ ਦੇਸ ਸਿਰਜਣ ਦੇ ਸੁਪਨੇ ਲਏ ਸਨ, ਉਹ ਸਾਕਾਰ ਨਹੀਂ ਹੋਏ । ਅੱਜ ਅਖੌਤੀ ਆਗੂ ਆਪਣੇ ਸਵਾਰਥ ਲਈ ਕਰੋੜਾਂ ਨਹੀਂ ਅਰਬਾਂ ਰੁਪਇਆ ਘੁਟਾਲਿਆਂ ਰਾਹੀਂ ਇਕੱਠਾ ਕਰਨ ਵਿੱਚ ਲੱਗੇ ਹੋਏ ਹਨ।ਅਜਿਹੇ ਆਗੂਆਂ ਨੂੰ ਆਪਣੀ ਸੋਚ ਜਲਦੀ ਬਦਲਣ ਦੀ ਲੋੜ ਹੈ।ਜੇਕਰ ਉਹ ਇਸ ਦੇ ਗੰਭੀਰ ਸਿੱਟਿਆਂ ਪ੍ਰਤੀ ਸੁਚੇਤ ਨਾ ਹੋਏ ਤਾਂ ਇਹ ਉਨ੍ਹਾਂ ਲਈ ਵੀ ਤੇ ਦੇਸ ਲਈ ਵੀ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ।ਇਸੇ ਕਾਰਨ ਹਰ ਵਿਅਕਤੀ-ਵਿਸ਼ੇਸ਼ ਨੂੰ ਆਪਣੇ ਸਵਾਰਥ ਦਾ ਤਿਆਗ ਕਰ ਕੇ ਦੇਸ ਪਿਆਰ ਦੇ ਜਜ਼ਬੇ ਨੂੰ ਆਪਣੇ ਤੇ ਦੂਸਰਿਆਂ ਦੇ ਮਨਾਂ ਵਿੱਚ ਹੋਰ ਪੱਕਿਆਂ ਕਰਨਾ ਚਾਹੀਦਾ ਹੈ। ਦੇਸ ਪਿਆਰ ਦੇ ਅਜਿਹੇ ਜਜ਼ਬੇ ਸੰਬੰਧੀ ਹੀ ਪੰਜਾਬੀ ਦਾ ਇੱਕ ਮਹਾਨ ਕਵੀ ਲਿਖਦਾ ਹੈ :

ਜਿਸ ਦੇ ਦਿਲ ਵਿੱਚ ਦੇਸ ਦਾ ਦਰਦ ਨਹੀਂ,

ਮੈਂ ਤੇ ਕਹਾਂਗਾ ਉਹ ਇਨਸਾਨ ਹੀ ਨਹੀਂ ।

ਜਿਸ ਦੀ ਮਾਂ ਦੀਆਂ ਮੀਢੀਆਂ ਗ਼ੈਰ ਪੁੱਟਣ,

ਬਾਪ ਆਪਣੇ ਦੀ ਉਹ ਸੰਤਾਨ ਹੀ ਨਹੀਂ।

 

(ਹਰਭਜਨ ਸਿੰਘ ਹੁੰਦਲ)


ਮਹਾਨ ਦੇਸ ਭਗਤ

ਸਾਡੇ ਭਾਰਤ ਦੇਸ ਵਾਂਗ ਵਿਸ਼ਵ ਭਰ ਵਿੱਚ ਹੋਰ ਵੀ ਬਹੁਤ ਸਾਰੀਆਂ ਸ਼ਖ਼ਸੀਅਤਾਂ ਹੋਈਆਂ ਹਨ ਜਿਨ੍ਹਾਂ ਨੇ ਆਪਣੇ ਦੇਸ ਪਿਆਰ ਦੇ ਜਜ਼ਬੇ ਸਦਕਾ ਹੀ ਬੇਮਿਸਾਲ ਕੁਰਬਾਨੀਆਂ ਕੀਤੀਆਂ ਜਾਂ ਮੁਸੀਬਤਾਂ ਨੂੰ ਸਹਾਰਿਆ। ਇਸ ਸੰਬੰਧ ਵਿੱਚ ਰੂਸ ਦੇ ਮਹਾਨ ਨੇਤਾ ਵੀ, ਆਈ, ਲੈਨਿਨ, ਇਟਲੀ ਦੇ ਗੈਰੀਬਾਲਡੀ, ਆਇਰਲੈਂਡ ਦੇ ਡੀ-ਵਲੇਰਾ, ਫਲਸਤੀਨ ਦੇ ਯਾਸਰ ਅਰਾਫ਼ਾਤ, ਦੱਖਣੀ ਅਫ਼ਰੀਕਾ ਦੇ ਨੈਲਸਨ ਮੰਡੇਲਾ ਤੇ ਕਿਊਬਾ ਦੇ ਫੀਦਲ ਕਾਸਟਰੋ ਪ੍ਰਮੁੱਖ ਹਨ। ਸਾਡੇ ਭਾਰਤ ਵਿੱਚ ਵੀ ਅਜਿਹੇ ਜਜ਼ਬੇ ਵਾਲੇ ਆਗੂਆਂ ਦੀ ਗਿਣਤੀ ਬਹੁਤ ਹੈ, ਜਿਨ੍ਹਾਂ ਨੇ ਦੇਸ ਦੀ ਅਜ਼ਾਦੀ ਲਈ ਅੰਗਰੇਜ਼ਾਂ ਨੂੰ ਵੰਗਾਰਦਿਆਂ ਕਿਹਾ ਸੀ :

ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ,

ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਲ ਮੇਂ ਹੈ।


ਸਾਰੰਸ਼

ਇੰਜ ਦੇਸ ਪਿਆਰ ਦਾ ਜਜ਼ਬਾ ਕੁਦਰਤੀ ਜਜ਼ਬਾ ਹੈ। ਇਸ ਦੀ ਨੀਂਹ ਘਰ ਦੇ ਪਿਆਰ ਵਿੱਚੋਂ ਰੱਖੀ ਜਾਂਦੀ ਹੈ।ਭਾਰਤ ਵਾਸੀਆਂ ਨੇ ਇਸੇ ਜਜ਼ਬੇ ਅਧੀਨ ਪਹਿਲਾਂ ਦੇਸ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਵਾਇਆ ਤੇ ਫਿਰ ਗੁਆਂਢੀ ਦੇਸਾਂ ਵੱਲੋਂ ਕੀਤੇ ਹਮਲੇ ਦਾ ਮੂੰਹ-ਤੋੜ ਜੁਆਬ ਦਿੱਤਾ। ਅਜਿਹੇ ਜਜ਼ਬੇ ਸਦਕਾ ਹੀ ਅੱਜ ਭਾਰਤ ਦੀ ਵਿਸ਼ਵ ਭਰ ਵਿੱਚ ਆਪਣੀ ਪਛਾਣ ਹੈ।ਪਰ ਅਫ਼ਸੋਸ ਕਿ ਕੁਝ ਲੋਕ ਸਵਾਰਥ ਵੱਸ ਧਨ ਕੁਬੇਰ ਬਣ ਰਹੇ ਹਨ।ਇਹ ਅਜਿਹੀ ਸੋਚ ਵਾਲਿਆਂ ਲਈ ਕਿਸੇ ਲਾਹਨਤ ਨਾਲੋਂ ਘੱਟ ਨਹੀਂ। ਦੂਸਰੇ ਪਾਸੇ ਦੇਸ ਲਈ ਕੁਰਬਾਨੀਆਂ ਕਰਨ ਵਾਲਿਆਂ ਨੂੰ ਵੀ ਦੇਸ ਵਾਸੀ ਹਮੇਸ਼ਾ ਯਾਦ ਰੱਖਣਗੇ।ਇਸ ਸੰਬੰਧੀ ਇੱਕ ਕਵੀ ਲਿਖਦਾ ਹੈ : ‘ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਰਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।


Post a Comment

0 Comments