Computer di Mahatata "ਕੰਪਿਊਟਰ ਦੀ ਮਹੱਤਤਾ" Punjabi Essay, Paragraph for Class 8, 9, 10, 11 and 12 Students Examination in 1000 Words.

ਕੰਪਿਊਟਰ ਦੀ ਮਹੱਤਤਾ 
Computer di Mahatata




ਰੂਪ-ਰੇਖਾ

ਭੂਮਿਕਾ, ਮਨੁੱਖ ਅਤੇ ਵਿਗਿਆਨ, ਕੰਪਿਊਟਰ ਦੀ ਖੋਜ ਤੇ ਤਕਨੀਕ ਵਿਚਲੀ ਕ੍ਰਾਂਤੀ, ਕੰਪਿਊਟਰ ਦੇ ਹਿੱਸੇ, ਕੰਪਿਊਟਰ ਦੇ ਲਾਭ, ਕੰਪਿਊਟਰ ਦੁਆਰਾ ਗ਼ਲਤੀਆਂ, ਵਿਦਿਆਰਥੀਆਂ ਨੂੰ ਲਾਭ, ਕੰਪਿਊਟਰ ਦੀ ਦੁਰਵਰਤੋਂ, ਸਾਰੰਸ਼। 


ਭੂਮਿਕਾ

ਇੱਕੀਵੀਂ ਸਦੀ ਨੂੰ ਵਿਗਿਆਨ ਦੀ ਸਦੀ ਕਿਹਾ ਜਾ ਰਿਹਾ ਹੈ। ਹੁਣ ਤੱਕ ਵਿਗਿਆਨ ਨੇ ਅਜਿਹੀਆਂ ਕਾਢਾਂ ਸਾਡੇ ਸਾਹਮਣੇ ਲਿਆਂਦੀਆਂ ਹਨ ਜਿਨ੍ਹਾਂ ਤੋਂ ਹਰ ਆਮ ਤੇ ਸਧਾਰਨ ਮਨੁੱਖ ਵੀ ਹੈਰਾਨ ਹੋ ਰਿਹਾ ਹੈ। ਇੰਜ ਵਿਗਿਆਨ ਦੀਆਂ ਕਾਢਾਂ ਨੇ ਮਨੁੱਖੀ ਜੀਵਨ ਜਾਚ ਤੇ ਵਿਹਾਰ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਹੈ। ਵਿਗਿਆਨ ਦੀਆਂ ਅਣਗਿਣਤ ਕਾਢਾਂ ਵਿੱਚੋਂ ਕੰਪਿਊਟਰ ਵੀ ਇੱਕ ਬਹੁਤ ਹੀ ਮਹੱਤਵਪੂਰਨ ਕਾਢ ਹੈ। ਕੰਪਿਊਟਰ ਇੱਕ ਅਜਿਹੀ ਮਸ਼ੀਨ ਜਾਂ ਯੰਤਰ ਹੈ ਜੋ ਔਖੇ ਤੋਂ ਔਖੇ ਪ੍ਰਸ਼ਨਾਂ ਤੇ ਹਿਸਾਬ- ਕਿਤਾਬ ਨੂੰ ਮਿੰਟਾਂ-ਸਕਿੰਟਾਂ ਵਿੱਚ ਹੱਲ ਕਰ ਦਿੰਦਾ ਹੈ। ਅਜੋਕੇ ਸਮੇਂ ਵਿੱਚ ਹਰ ਦਫ਼ਤਰ ਤੇ ਕਾਰਖ਼ਾਨਿਆਂ ਵਿੱਚ ਕੰਪਿਊਟਰ ਦੀ ਵਰਤੋਂ ਕੀਤੀ ਜਾ ਰਹੀ ਹੈ। 


ਮਨੁੱਖ ਅਤੇ ਵਿਗਿਆਨ

ਅਜੋਕੇ ਸਮੇਂ ਵਿੱਚ ਜ਼ਿੰਦਗੀ ਦੇ ਹਰ ਵਿਹਾਰ ਵਿੱਚ ਵਿਗਿਆਨ ਦਾ ਮਹੱਤਵ ਬਹੁਤ ਹੀ ਵਧ ਗਿਆ ਹੈ। ਵਿਸ਼ਵ ਭਰ ਦੇ ਵਿਗਿਆਨੀ ਤਰ੍ਹਾਂ-ਤਰ੍ਹਾਂ ਦੀਆਂ ਖੋਜਾਂ ਲਈ ਨਿਰੰਤਰ ਯਤਨਸ਼ੀਲ ਹਨ। ਅਜੋਕੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਕੰਪਿਊਟਰ ਦੀ ਕਾਢ ਨੇ ਮਨੁੱਖੀ ਮਨ ਉੱਪਰੋਂ ਕਾਫ਼ੀ ਭਾਰ ਹੌਲਾ ਕੀਤਾ ਹੈ। ਮੁਢਲੀ ਖੋਜ ਸਮੇਂ ਕੰਪਿਊਟਰ ਨੂੰ ਅੰਕੜਿਆਂ ਦੀ ਸਾਂਭ- ਸੰਭਾਲ ਲਈ ਵਧੇਰੇ ਵਰਤਿਆ ਜਾਂਦਾ ਸੀ ਪਰ ਹੁਣ ਇਸ ਦੀ ਵਰਤੋਂ ਦੇ ਖੇਤਰ ਦੀ ਕੋਈ ਸੀਮਾ ਨਿਸਚਤ ਨਹੀਂ ਕੀਤੀ ਜਾ ਸਕਦੀ।


ਕੰਪਿਊਟਰ ਦੀ ਖੋਜ ਤੇ ਤਕਨੀਕ ਵਿਚਲੀ ਕ੍ਰਾਂਤੀ

1840 ਈ: ਵਿੱਚ ਚਾਰਲਸ ਬੇਬਜ਼ ਨੇ ਰਾਇਲ ਸੁਸਾਇਟੀ ਦੇ ਕਹਿਣ 'ਤੇ ਵਿਸ਼ਲੇਸ਼ਣਾਤਮਕ ਜੰਤਰ ਦਾ ਨਿਰਮਾਣ ਅੰਕੜਿਆਂ ਦੀ ਗਿਣਤੀ ਲਈ ਕੀਤਾ ਸੀ। ਇਸੇ ਲਈ ਚਾਰਲਸ ਬੇਬਜ਼ ਨੂੰ ਹੀ ਆਧੁਨਿਕ ਕੰਪਿਊਟਰ ਦਾ ਜਨਮਦਾਤਾ ਅਤੇ ਲੇਡੀ ਏੜਾ ਨੂੰ ਇਸ ਦੀ ਜਨਮਦਾਤੀ ਸਵੀਕਾਰ ਕੀਤਾ ਜਾਂਦਾ ਹੈ। ਇਸ ਮਗਰੋਂ ਸਮੇਂ- ਸਮੇਂ ਮਿਸਟਰ ਹਰਮਨ ਹਾਲਰਥ ਅਤੇ ਮਿਸਟਰ ਬਾਟਸਨ ਨੇ ਇਸੇ ਯੰਤਰ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਕਰਦਿਆਂ ਇਸ ਦੀ ਸਮਰੱਥਾ ਵਿੱਚ ਵਾਧਾ ਕੀਤਾ। ਇਸ ਮਗਰੋਂ ਅਮਰੀਕਾ ਦੇ ‘ਹਾਵਰਡ ਏਕਨ' ਨੇ ਕੰਪਿਊਟਰ ਦੀ ਕਾਰਗੁਜ਼ਾਰੀ ਵਿੱਚ ਬੇਸ਼ੁਮਾਰ ਵਾਧਾ ਕੀਤਾ। ਲਗਪਗ ਪਿਛਲੇ ਚਾਰ ਦਹਾਕਿਆਂ ਤੋਂ ਕੰਪਿਊਟਰ ਦੀ ਤਕਨੀਕ ਵਿੱਚ ਬਹੁਤ ਸਾਰੀ ਤਰੱਕੀ ਹੋਈ ਹੈ ਤੇ ਇਹ ਵਿਕਾਸ ਨਿਰੰਤਰ ਜਾਰੀ ਹੈ। ਅੱਜ ਸਾਰੇ ਸੰਸਾਰ ਵਿੱਚ ਕੰਪਿਊਟਰ ਕ੍ਰਾਂਤੀ ਦੇ ਪ੍ਰਭਾਵ ਨੂੰ ਵੇਖਿਆ ਜਾ ਸਕਦਾ ਹੈ। ਜ਼ਿੰਦਗੀ ਦੇ ਛੋਟੇ-ਛੋਟੇ ਕੰਮਾਂ ਤੋਂ ਲੈ ਕੇ ਵੱਡੇ-ਵੱਡੇ ਕਾਰਖ਼ਾਨਿਆਂ ਵਿੱਚ ਕੰਪਿਊਟਰ ਆਪਣੀ ਉਸਾਰੂ ਭੂਮਿਕਾ ਨਿਭਾ ਰਹੇ ਹਨ। ਅੱਜ ਬੈਂਕਾਂ, ਰੇਲਵੇ, ਸਕੂਲਾਂ, ਕਾਲਜਾਂ, ਦਫ਼ਤਰਾਂ, ਸੰਚਾਰ ਸਾਧਨਾਂ, ਸਿਹਤ ਸਹੂਲਤਾਂ, ਰੋਬੋਟ ਆਦਿ ਵਿੱਚ ਕੰਪਿਊਟਰ ਦੀ ਲੋੜ ਅਨੁਸਾਰ ਵਰਤੋਂ ਕੀਤੀ ਜਾ ਰਹੀ ਹੈ।


ਕੰਪਿਊਟਰ ਦੇ ਹਿੱਸੇ

ਕੰਪਿਊਟਰ ਮਨੁੱਖ ਵੱਲੋਂ ਬਣਾਈ ਗਈ ਇੱਕ ਅਜਿਹੀ ਮਸ਼ੀਨ ਹੈ ਜਿਹੜੀ ਕਿ ਆਪਣੀਆਂ ਭਾਸ਼ਾਵਾਂ ਜਾਂ ਸੰਕੇਤਾਂ ਰਾਹੀਂ ਬਹੁਤ ਵੱਡੇ-ਵੱਡੇ ਤੇ ਔਖੇ-ਔਖੇ ਹਿਸਾਬ-ਕਿਤਾਬ ਤੇ ਹੋਰ ਕੰਮ ਬਹੁਤ ਹੀ ਤੇਜ਼ੀ ਤੇ ਨਿਪੁੰਨਤਾ ਸਹਿਤ ਕਰਦੀ ਹੈ। ਕੰਪਿਊਟਰ ਦੇ ਮੁੱਖ ਤੌਰ 'ਤੇ ਪੰਜ ਅੰਗ ਹੁੰਦੇ ਹਨ ਜਿਵੇਂ ਅੰਤਰਕ ਯੰਤਰ, ਯਾਦ ਯੰਤਰ, ਨਿਯੰਤਰਕ ਯੰਤਰ, ਅੰਕ ਗਣਿਤ ਯੂਨਿਟ ਅਤੇ ਬਾਹਰੀ ਯੰਤਰ ।ਇਨ੍ਹਾਂ ਨੂੰ ਮੋਨੀਟਰ, ਕੀ-ਬੋਰਡ, ਸੀ.ਪੀ.ਯੂ, ਯੂ.ਪੀ.ਐਸ. ਵੀ ਆਖਦੇ ਹਨ। ਅਸਲ ਵਿੱਚ ਇਹ ਕੰਪਿਊਟਰ ਦੇ ਕੰਮ ਕਰਨ ਨਾਲ ਸੰਬੰਧਤ ਉਸ ਦੇ ਵੱਖ-ਵੱਖ ਭਾਗ ਹੀ ਹਨ ਜੋ ਇਕੱਠੇ ਮਿਲ ਕੇ ਹੀ ਕੰਮ ਕਰਦੇ ਹਨ।


ਕੰਪਿਊਟਰ ਦੇ ਲਾਭ

ਮੁਢਲੇ ਸਮੇਂ ਵਿੱਚ ਭਾਵੇਂ ਕੰਪਿਊਟਰ ਦੀ ਵਰਤੋਂ ਕੇਵਲ ਅੰਕੜਿਆਂ ਨਾਲ ਸੰਬੰਧਤ ਹਿਸਾਬ-ਕਿਤਾਬ ਤੱਕ ਸੀਮਤ ਸੀ ਪਰ ਅਜੋਕੇ ਸਮੇਂ ਵਿੱਚ ਕੰਪਿਊਟਰ ਦੀ ਸਹਾਇਤਾ ਜੀਵਨ ਦੇ ਹਰ ਖੇਤਰ ਵਿੱਚ ਲਈ ਜਾ ਰਹੀ ਹੈ। ਅੱਜ ਹਰ ਪ੍ਰਕਾਰ ਦੇ ਦਫ਼ਤਰਾਂ ਵਿੱਚ ਹਿਸਾਬ-ਕਿਤਾਬ ਕਰਨ ਤੇ ਸਾਂਭ ਕੇ ਰੱਖਣ ਲਈ ਕੰਪਿਊਟਰ ਦੀ ਵਰਤੋਂ ਕੀਤੀ ਜਾ ਰਹੀ ਹੈ। ਅੱਜ ਕੰਪਿਊਟਰ ਹੀ ਵੱਡੀਆਂ-ਵੱਡੀਆਂ ਮਸ਼ੀਨਾਂ ਦੀ ਕਾਰਜ ਕੁਸ਼ਲਤਾ ਦੀ ਨਿਗਰਾਨੀ ਕਰਦੇ ਹਨ।ਪੁਲਾੜ ਵਿਚਲੇ ਸੈਟੇਲਾਈਟ ਵੀ ਇਸੇ ਦੀ ਦੇਖ ਰੇਖ ਹੇਠ ਕੰਮ ਕਰਦੇ ਹਨ।ਸਿਹਤ ਸਹੂਲਤਾਂ ਦੇ ਖੇਤਰ ਵਿੱਚ ਵੀ ਇਸ ਦੀ ਬਹੁਤ ਵੱਡੀ ਭੂਮਿਕਾ ਹੈ। ਸੰਚਾਰ ਸਾਧਨਾਂ ਦੀ ਕ੍ਰਾਂਤੀ ਦਾ ਆਧਾਰ ਇਹ ਕੰਪਿਊਟਰ ਹੀ ਹਨ।ਅੱਜ ਅਖ਼ਬਾਰਾਂ ਦੀ ਦੁਨੀਆ ਵਿੱਚ ਕੰਪਿਊਟਰ ਤੋਂ ਬਿਨਾਂ ਅਖ਼ਬਾਰ ਕੱਢਣਾ ਸੋਚਿਆ ਵੀ ਨਹੀਂ ਜਾ ਸਕਦਾ। ਅਜੋਕੇ ਸਮੇਂ ਵਿੱਚ ਮੌਸਮ ਸੰਬੰਧੀ ਕੀਤੀ ਜਾਣ ਵਾਲੀ ਭਵਿੱਖਬਾਣੀ ਦਾ ਆਧਾਰ ਵੀ ਇਹੋ ਕੰਪਿਊਟਰ ਹੀ ਹੈ।

ਡਿਜ਼ਾਈਨ ਦੇ ਖੇਤਰ ਵਿੱਚ ਵੀ ਕੰਪਿਊਟਰ ਦੀ ਭੂਮਿਕਾ ਨੇ ਨਵੀਂ ਕ੍ਰਾਂਤੀ ਲਿਆਂਦੀ ਹੈ। ਭਵਿੱਖ ਵਿੱਚ ਜ਼ਿੰਦਗੀ ਦੇ ਹਰ ਵਿਹਾਰ ਵਿੱਚ ਇਸ ਦੀ ਭੂਮਿਕਾ ਹੋਰ ਵਧਣ ਦੇ ਅਸਾਰ ਹਨ। ਕੰਪਿਊਟਰ ਨੇ ਵੱਡੇ-ਵੱਡੇ ਰਜਿਸਟਰਾਂ ਦੀ ਥਾਂ ਲੈ ਲਈ ਹੈ। ਇਸ ਵਿੱਚ ਹਰ ਤਰ੍ਹਾਂ ਦੀਆਂ ਸੂਚਨਾਵਾਂ ਨੂੰ ਸਾਂਭਣ ਦੀ ਅਸੀਮ ਸਮਰੱਥਾ ਹੈ। ਸਮੁੱਚੇ ਤੌਰ 'ਤੇ ਅਸੀਂ ਵੇਖਦੇ ਹਾਂ ਕਿ ਮਨੁੱਖੀ ਜ਼ਿੰਦਗੀ ਦਾ ਕੋਈ ਵੀ ਅਜਿਹਾ ਖੇਤਰ ਲੱਭਿਆਂ ਵੀ ਨਹੀਂ ਲੱਭਦਾ ਜਿੱਥੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਕੰਪਿਊਟਰ ਦੀ ਵਰਤੋਂ ਨਾ ਕੀਤੀ ਜਾਂਦੀ ਹੋਵੇ। ਅੱਜ ਕੰਪਿਊਟਰ ਹਰ-ਖੇਤਰ ਵਿੱਚ ਮਨੁੱਖ ਨੂੰ ਬਹੁਤ ਹੀ ਸਹਿਯੋਗ ਦੇ ਰਿਹਾ ਹੈ।


ਕੰਪਿਊਟਰ ਦੁਆਰਾ ਗ਼ਲਤੀਆਂ

ਆਮ ਤੌਰ 'ਤੇ ਵਿਗਿਆਨੀਆਂ ਦੀ ਇਹੋ ਧਾਰਨਾ ਹੈ ਕਿ ਕੰਪਿਊਟਰ ਅਜਿਹੀ ਮਸ਼ੀਨ ਜਿਹੜੀ ਗ਼ਲਤੀਆਂ ਨਹੀਂ ਕਰਦੀ। ਦੂਸਰੇ ਪਾਸੇ ਇਹ ਵਿਸ਼ਵਾਸ ਕਈ ਵਾਰੀ ਟੁੱਟਦਾ ਵੀ ਹੈ। ਅਸਲ ਵਿੱਚ ਕੰਪਿਊਟਰ ਨੂੰ ਚਲਾਉਣ ਵਾਲਾ ਤਾਂ ਮਨੁੱਖ ਹੀ ਹੈ। ਇੰਜ ਕੰਪਿਊਟਰ ਉਪਰੇਟਰ ਕੰਪਿਊਟਰ ਨੂੰ ਜੋ ਕਰਨ ਲਈ ਹੁਕਮ ਦਿੰਦਾ ਹੈ ਕੰਪਿਊਟਰ ਓਹੋ ਕੁਝ ਕਰ ਦਿੰਦਾ ਹੈ। ਜੇਕਰ ਉਹ ਉਪਰੇਟਰ ਕੋਈ ਗ਼ਲਤੀ ਕਰਦਾ ਹੈ ਤਾਂ ਇਸ ਦਾ ਖ਼ਮਿਆਜ਼ਾ ਬਹੁਤ ਵੱਡੀ ਪੱਧਰ 'ਤੇ ਭੁਗਤਣਾ ਪੈ ਸਕਦਾ ਹੈ। ਇਸ ਤਰ੍ਹਾਂ ਕੰਪਿਊਟਰ ਦੀ ਸਮੁੱਚੀ ਕਾਰਜ ਪ੍ਰਣਾਲੀ ਆਖ਼ਰ ਮਨੁੱਖੀ ਵਰਤੋਂ 'ਤੇ ਹੀ ਨਿਰਭਰ ਕਰਦੀ ਹੈ। ਇਸ ਤਰ੍ਹਾਂ ਜੇਕਰ ਕੰਪਿਊਟਰ ਉਪਰੇਟਰ ਪੂਰੀ ਤਰ੍ਹਾਂ ਸੁਚੇਤ ਹੋਵੇ ਤਾਂ ਇਸ ਤੋਂ ਠੀਕ ਕੰਮ ਲਿਆ ਜਾ ਸਕਦਾ ਹੈ।


ਵਿਦਿਆਰਥੀਆਂ ਨੂੰ ਲਾਭ

ਵਿਦਿਆਰਥੀ ਲਈ ਕੰਪਿਊਟਰ ਬਹੁਤ ਹੀ ਲਾਭਦਾਇਕ ਹੈ। ਅੱਜ ਦੁਨੀਆ ਭਰ ਦਾ ਗਿਆਨ ਇਸੇ ਮਸ਼ੀਨ ਦੀ ਵਰਤੋਂ ਨਾਲ ਹੀ ਤੁਹਾਡੇ ਸਾਹਮਣੇ ਹੁੰਦਾ ਹੈ। ਵਿਦਿਆਰਥੀ ਤਰ੍ਹਾਂ-ਤਰ੍ਹਾਂ ਦੇ ਪ੍ਰੋਜੈਕਟ ਤੇ ਸੂਚਨਾਵਾਂ ਸੰਬੰਧੀ ਕੰਪਿਊਟਰ ਤੋਂ ਸਹਾਇਤਾ ਲੈ ਸਕਦੇ ਹਨ। ਰੁਜ਼ਗਾਰ ਦੇ ਸੰਬੰਧ ਵਿੱਚ ਕੰਪਿਊਟਰ ਦੀ ਪੜ੍ਹਾਈ ਨੇ ਵਿਦਿਆਰਥੀਆਂ ਲਈ ਬਹੁਤ ਮੌਕੇ ਪੈਦਾ ਕੀਤੇ ਹਨ। ਅੱਜ ਦੇਸ ਅਤੇ ਵਿਦੇਸ ਵਿੱਚ ਕੰਪਿਊਟਰ ਇੰਜੀਨੀਅਰਾਂ ਦੀ ਬਹੁਤ ਮੰਗ ਹੈ। ਭਾਰਤ ਵਿੱਚ ਬੰਗਲੌਰ, ਨੋਇਡਾ, ਗੁੜਗਾਓਂ, ਹੈਦਰਾਬਾਦ ਤੇ ਮੁਹਾਲੀ ਆਦਿ ਸ਼ਹਿਰ ਤਾਂ ਆਈ. ਟੀ. ਦੇ ਬਹੁਤ ਵੱਡੇ ਕੇਂਦਰ ਬਣ ਚੁੱਕੇ ਹਨ।


ਕੰਪਿਊਟਰ ਦੀ ਦੁਰਵਰਤੋਂ

ਇਸ ਗੱਲ ਵਿੱਚ ਕੋਈ ਸੰਦੇਹ ਨਹੀਂ ਕਿ ਕੰਪਿਊਟਰ ਦੇ ਲਾਭ ਬਹੁਤ ਹੀ ਜ਼ਿਆਦਾ ਹਨ।ਪਰ ਇਸ ਦੀ ਦੁਰਵਰਤੋਂ ਦੀਆਂ ਬਹੁਤ ਸੰਭਾਵਨਾਵਾਂ ਹਨ। ਮਾਹਰਾਂ ਵੱਲੋਂ ਕਿਸੇ ਇੱਕ ਦੇਸ ਜਾਂ ਕੰਪਨੀ ਦੀ ਸਮੁੱਚੀ ਗੁਪਤ ਜਾਣਕਾਰੀ ਨੂੰ ਵੀ ਚੁਰਾ ਲਿਆ ਜਾਂਦਾ ਹੈ।ਤਰ੍ਹਾਂ ਤਰ੍ਹਾਂ ਦੇ ਕੰਪਿਊਟਰ ਵਾਇਰਸ ਵਿਸ਼ਵ ਭਰ ਦੇ ਕੰਪਿਊਟਰ ਨੂੰ ਵੱਡਾ ਨੁਕਸਾਨ ਪਹੁੰਚਾ ਦਿੰਦੇ ਹਨ। ਕਈਆਂ ਦਫ਼ਤਰਾਂ ਵਿੱਚ ਕੰਪਿਊਟਰ ਦੀ ਖ਼ਰਾਬੀ ਕਾਰਨ ਆਮ ਕੰਮ ਵਿੱਚ ਵਿਘਨ ਪੈ ਜਾਂਦਾ ਹੈ ਜਿਸ ਨਾਲ ਆਮ ਮਨੁੱਖ ਨੂੰ ਪਰੇਸ਼ਾਨੀ ਹੁੰਦੀ ਹੈ। ਕੰਪਿਊਟਰ ਨਾਲ ਸੰਬੰਧਤ ਸੋਸ਼ਲ ਸਾਈਟਸ ਦੀ ਕਈ ਲੋਕਾਂ ਵੱਲੋਂ ਗ਼ਲਤ ਵਰਤੋਂ ਵੀ ਕੀਤੀ ਜਾਂਦੀ ਹੈ। ਇਸੇ ਲਈ ਕੰਪਿਊਟਰ ਦੀ ਦੁਰਵਰਤੋਂ ਪ੍ਰਤੀ ਸੁਚੇਤ ਹੋਣ ਦੀ ਵੱਡੀ ਲੋੜ ਹੈ। ਕੰਪਿਊਟਰ ਦੀ ਸਮੁੱਚੀ ਸ਼ਕਤੀ ਵੀ ਮਨੁੱਖਤਾ ਦੀ ਭਲਾਈ ਅਤੇ ਵਿਕਾਸ ਵਾਲੇ ਪਾਸੇ ਹੀ ਲਾਉਣ ਦੀ ਲੋੜ ਹੈ। ਕੰਪਿਊਟਰ ਦੀ ਗ਼ਲਤ ਵਰਤੋਂ ਓਨੀ ਹੀ ਨੁਕਸਾਨਦਾਇਕ ਵੀ ਹੋ ਸਕਦੀ ਹੈ ਜਿੰਨੇ ਇਸ ਦੇ ਲਾਭ ਹਨ।


ਸਾਰੰਸ਼

ਵਿਗਿਆਨ ਦੀ ਅਜੋਕੀ ਸਦੀ ਵਿੱਚ ਕੰਪਿਊਟਰ ਦੀ ਵਰਤੋਂ ਤੋਂ ਬਿਨਾਂ ਗੁਜ਼ਾਰਾ ਕਰਨ ਬਾਰੇ ਸੋਚਣਾ ਵੀ ਔਖਾ ਲੱਗਦਾ ਹੈ। ਜ਼ਿੰਦਗੀ ਦੇ ਛੋਟੇ ਤੋਂ ਛੋਟੇ ਕੰਮ ਤੋਂ ਲੈ ਕੇ ਵੱਡੇ ਤੋਂ ਵੱਡੇ ਕੰਮਾਂ ਵਿੱਚ ਕੰਪਿਊਟਰ ਦੀ ਵਰਤੋਂ ਨੂੰ ਵੇਖਿਆ ਜਾ ਸਕਦਾ ਹੈ।ਇਸੇ ਸਦਕਾ ਹੀ ਅੱਜ ਹਰ ਮਨੁੱਖ ਤੇ ਵਿਦਿਆਰਥੀ ਲਈ ਕੰਪਿਊਟਰ ਦੀ ਸਿਖਲਾਈ ਬਹੁਤ ਜ਼ਰੂਰੀ ਹੋ ਗਈ ਹੈ।ਸੋ ਲੋੜ ਹੈ ਕਿ ਕੰਪਿਊਟਰ ਦੀ ਵਰਤੋਂ ਮਨੁੱਖੀ ਜੀਵਨ ਨੂੰ ਸੁਖਾਲਾ ਤੇ ਹੁਸੀਨ ਬਣਾਉਣ ਲਈ ਹੀ ਕੀਤੀ ਜਾਵੇ।


Post a Comment

0 Comments