ਤੁਸੀਂ ਹਰਦੇਵ ਸਿੰਘ ਹੋ। ਤੁਸੀਂ ਆਪਣੇ ਛੋਟੇ ਭਰਾ ਬਲਕਾਰ ਨੂੰ ਪੱਤਰ ਲਿਖੇ ਕਿ ਉਹ ਪੜ੍ਹਾਈ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਖ਼ਿਆਲ ਰੱਖੇ।
ਪਰੀਖਿਆ ਭਵਨ,
ਸ਼ਹਿਰ।
10.04.20...
ਪਿਆਰੇ ਬਲਕਾਰ,
ਬਹੁਤ-ਬਹੁਤ ਪਿਆਰ।
ਮੈਂ ਠੀਕ ਹਾਂ ਅਤੇ ਮੈਨੂੰ ਮਾਤਾ ਜੀ ਵੱਲੋਂ ਲਿਖੀ ਚਿੱਠੀ ਤੋਂ ਤੁਹਾਡੀ ਸਾਰਿਆਂ ਦੀ ਰਾਜ਼ੀ ਖ਼ੁਸ਼ੀ ਦਾ ਪਤਾ ਲੱਗ ਗਿਆ ਹੈ। ਬਾਕੀ ਮਾਤਾ ਜੀ ਨੇ ਚਿੱਠੀ ਵਿੱਚ ਕੁਝ ਗੱਲਾਂ ਲਿਖੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਮੈਨੂੰ ਨਿਰਾਸ਼ਾ ਹੀ ਹੋਈ ਹੈ।ਮਾਤਾ ਜੀ ਨੇ ਲਿਖਿਆ ਹੈ ਕਿ ਤੇਰੀ ਪੜ੍ਹਾਈ ਤਾਂ ਠੀਕ ਚੱਲ ਰਹੀ ਹੈ ਪਰ ਤੇਰੀ ਸਿਹਤ ਪਿਛਲੇ ਮਹੀਨੇ ਤੋਂ ਠੀਕ ਨਹੀਂ ਹੈ, ਇਸ ਦਾ ਕਾਰਨ ਮਾਤਾ ਜੀ ਨੇ ਤੇਰੇ ਵੱਲੋਂ ਸਿਹਤ ਪ੍ਰਤੀ ਅਵੇਸਲਾ ਹੋਣਾ ਹੀ ਦੱਸਿਆ ਹੈ।
ਵੇਖ ਬਲਕਾਰ, ਇਹ ਬਹੁਤ ਚੰਗੀ ਗੱਲ ਹੈ ਕਿ ਤੂੰ ਪੜ੍ਹਾਈ ਵੱਲ ਬਹੁਤ ਧਿਆਨ ਦਿੰਦਾ ਹੈਂ।ਮੈਨੂੰ ਪਤਾ ਹੈ ਕਿ ਤੂੰ ਉਚੇਰੀ ਪੜ੍ਹਾਈ ਕਰਨ ਉਪਰੰਤ ਚੰਗੀ ਨੌਕਰੀ ਪ੍ਰਾਪਤ ਕਰਨ ਦਾ ਸੁਪਨਾ ਲਿਆ ਹੋਇਆ ਹੈ। ਮੈਨੂੰ ਪੂਰੀ ਉਮੀਦ ਹੈ ਕਿ ਜਿਸ ਲਗਨ, ਦ੍ਰਿੜ੍ਹਤਾ ਤੇ ਮਿਹਨਤ ਨਾਲ ਤੂੰ ਲੱਗਾ ਹੋਇਆ ਹੈਂ, ਸਫਲਤਾ ਜ਼ਰੂਰ ਤੇਰੇ ਪੈਰ ਚੁੰਮੇਗੀ। ਬਾਕੀ ਜਿਹੜੀ ਚਿੰਤਾ ਵਾਲੀ ਗੱਲ ਹੈ ਉਹ ਇਹੋ ਹੈ ਕਿ ਜ਼ਿੰਦਗੀ ਵਿੱਚ ਸਭ ਤੋਂ ਪਹਿਲਾਂ ਚੰਗੀ ਸਿਹਤ ਹੋਣੀ ਜ਼ਰੂਰੀ ਹੈ। ਸਿਹਤਮੰਦ ਰਹਿਣ ਲਈ ਆਪਣੇ ਸਰੀਰ ਵੱਲ ਬਹੁਤ ਧਿਆਨ ਦੇਣਾ ਪੈਂਦਾ ਹੈ।
ਇੰਜ ਸਿਹਤ ਚੰਗੀ ਰੱਖਣ ਲਈ ਚੰਗੀ ਖ਼ੁਰਾਕ ਤੇ ਕਸਰਤ ਵੱਲ ਧਿਆਨ ਦੇਣਾ ਜ਼ਰੂਰੀ ਹੈ।ਮਾਤਾ ਜੀ ਨੇ ਦੱਸਿਆ ਹੈ ਕਿ ਤੂੰ ਖਾਣ-ਪੀਣ ਦੇ ਮਾਮਲੇ ਵਿੱਚ ਬਹੁਤ ਨੱਕ ਮੂੰਹ ਵੱਟਦਾ ਹੈਂ, ਇਹ ਖਾਣਾ ਹੈ, ਇਹ ਨਹੀਂ ਖਾਣਾ ਆਦਿ। ਇਹ ਸੋਚ ਗ਼ਲਤ ਹੈ, ਘਰ ਜੋ ਬਣਦਾ ਹੈ ਉਹ ਹੀ ਖਾਵੋ। ਪੜ੍ਹਾਈ ਦੇ ਨਾਲ ਕਿਸੇ ਖੇਡ ਵਿੱਚ ਵੀ ਭਾਗ ਲਿਆ ਕਰ।ਜੇ ਇਹ ਨਹੀਂ ਸੰਭਵ ਤਾਂ ਸਵੇਰੇ ਸ਼ਾਮ ਸੈਰ ਤੇ ਹਲਕੀ ਕਸਰਤ ਜ਼ਰੂਰ ਕਰਿਆ ਕਰ। ਉਮੀਦ ਹੈ ਤੂੰ ਇਨ੍ਹਾਂ ਗੱਲਾਂ 'ਤੇ ਅਮਲ ਕਰਕੇ ਮੇਰੀ ਤੇ ਆਪਣੇ ਪਰਿਵਾਰ ਦੀ ਫ਼ਿਕਰਮੰਦੀ ਦੂਰ ਕਰੇਗਾ। ਮੇਰੇ ਵੱਲੋਂ ਮਾਤਾ ਜੀ ਅਤੇ ਪਿਤਾ ਜੀ ਨੂੰ ਚਰਨ ਪ੍ਰਣਾਮ ਤੇ ਛੋਟੇ ਗੁਲਜ਼ਾਰ ਨੂੰ ਪਿਆਰ।
ਤੇਰਾ ਵੱਡਾ ਵੀਰ,
ਕ ਖ ਗ
0 Comments