ਬਿਜਲੀ ਦੀਆਂ ਵੱਧ ਰਹੀਆਂ ਕੀਮਤਾਂ ਬਾਰੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪਰੀਖਿਆ ਭਵਨ,
ਸ਼ਹਿਰ
04.04.20..
ਸੇਵਾ ਵਿਖੇ,
ਸੰਪਾਦਕ ਜੀ,
ਰੋਜ਼ਾਨਾ ਅਜੀਤ,
ਜਲੰਧਰ।
ਵਿਸ਼ਾ : ਬਿਜਲੀ ਦੀਆਂ ਵੱਧ ਰਹੀਆਂ ਕੀਮਤਾਂ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਬਿਜਲੀ ਦੀਆਂ ਦਿਨੋ-ਦਿਨ ਵਧ ਰਹੀਆਂ ਕੀਮਤਾਂ ਸੰਬੰਧੀ ਆਪਣੇ ਵਿਚਾਰ ਤੁਹਾਡੀ ਅਖ਼ਬਾਰ ਰਾਹੀਂ ਸਰਕਾਰ ਤੱਕ ਪਹੁੰਚਾਉਣਾ ਚਾਹੁੰਦਾ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਇਨ੍ਹਾਂ ਵਿਚਾਰਾਂ ਨੂੰ ਆਮ ਲੋਕਾਂ ਦੇ ਵਿਚਾਰ ਸਮਝ ਕੇ ਆਪਣੀ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ।
ਮੈਂ ਆਮ ਲੋਕਾਂ ਦੀ ਗੱਲ ਕਰਦਿਆਂ ਇਹ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ ਪਿਛਲੇ ਦੋ ਸਾਲਾਂ ਵਿੱਚ ਕਈ ਵਾਰੀ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਬੇਸ਼ੱਕ ਮਹਿਕਮੇ ਵੱਲੋਂ ਸਮੇਂ ਸਮੇਂ ਕੀਤੇ ਜਾ ਰਹੇ ਵਾਧੇ ਦੇ ਪੱਖ ਵਿੱਚ ਆਪਣੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਹਨ, ਪਰ ਮਹਿੰਗਾਈ ਦੇ ਇਸ ਜ਼ਮਾਨੇ ਵਿੱਚ ਆਮ ਲੋਕਾਂ ਲਈ ਬਿਜਲੀ ਦੇ ਬਿੱਲ ਦੇਣੇ ਇੱਕ ਬਹੁਤ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ। ਸਾਡੇ ਗੁਆਂਢੀ ਪ੍ਰਾਂਤਾਂ ਤੇ ਸਾਡੇ ਪ੍ਰਾਂਤ ਵਿੱਚ ਬਿਜਲੀ ਦੀਆਂ ਕੀਮਤਾਂ ਵਿੱਚ ਬਹੁਤ ਫ਼ਰਕ ਹੈ। ਬਿਜਲੀ ਦੀਆਂ ਕੀਮਤਾਂ ਦੇ ਵਾਧੇ ਕਾਰਨ ਆਮ ਲੋਕ ਤਾਂ ਦੁਖੀ ਹੀ ਹਨ ਪਰ ਕਾਰਖ਼ਾਨੇਦਾਰ ਵੀ ਆਪੋ-ਆਪਣੇ ਕਾਰੋਬਾਰ ਦੂਸਰੇ ਪ੍ਰਾਂਤਾਂ ਵਿੱਚ ਲਿਜਾ ਰਹੇ ਹਨ।
ਪੰਜਾਬ ਵਿੱਚ ਇੱਕ ਤਾਂ ਬਿਜਲੀ ਦੇ ਬਹੁਤ ਲੰਮੇ ਕੱਟ ਲੱਗਦੇ ਹਨ। ਪੰਜਾਬ ਵਿੱਚ ਗਰਮੀਆਂ ਵਿੱਚ ਬਿਜਲੀ ਦੀ ਮੰਗ ਤੇ ਪੈਦਾਵਾਰ ਵਿੱਚ ਵੱਡਾ ਅੰਤਰ ਹੋਣ ਕਰਕੇ ਮਹਿਕਮਾ ਬਿਜਲੀ ਦੇ ਕੱਟ ਲਾਉਣ ਨੂੰ ਆਪਣੀ ਮਜਬੂਰੀ ਸਮਝਦਾ ਹੈ। ਬਿਜਲੀ ਅੱਜ ਜੀਵਨ ਦੀ ਅਹਿਮ ਲੋੜ ਹੈ।ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਲੋਕਾਂ ਨੂੰ ਘੱਟ ਕੀਮਤਾਂ 'ਤੇ ਬਿਜਲੀ ਦੇਣੀ ਚਾਹੀਦੀ ਹੈ। ਕਿਸਾਨਾਂ ਜਾਂ ਹੋਰ ਵਰਗਾਂ ਨੂੰ ਜੋ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਉਸ ਦਾ ਵੀ ਸਰਕਾਰ ਨੂੰ ਢੁਕਵਾਂ ਤੇ ਬਦਲਵਾਂ ਪ੍ਰਬੰਧ ਕਰਨਾ ਚਾਹੀਦਾ ਹੈ।ਇਸੇ ਤਰ੍ਹਾਂ ਬਿਜਲੀ ਚੋਰੀ ਰੋਕ ਕੇ ਵੀ ਕੁਝ ਖ਼ਰਚਾ ਪੂਰਾ ਕੀਤਾ ਜਾ ਸਕਦਾ ਹੈ। ਸੋ ਲੋੜ ਹੈ ਕਿ ਮਹਿਕਮਾ ਆਮ ਲੋਕਾਂ ਦੀਆਂ ਮਜਬੂਰੀਆਂ ਨੂੰ ਧਿਆਨ 'ਚ ਰੱਖ ਕੇ ਹੀ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕਰੇ। ਜੇਕਰ ਅਜਿਹਾ ਵਾਧਾ ਨਿਰੰਤਰ ਹੁੰਦਾ ਰਿਹਾ ਤਾਂ ਇਹ ਆਮ ਲੋਕਾਂ ਲਈ ਅਸਹਿ ਹੋ ਜਾਵੇਗਾ।
ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰੀ ਇਹ ਚਿੱਠੀ ਜ਼ਰੂਰ ਅਖ਼ਬਾਰ ਵਿੱਚ ਛਾਪੋਗੇ। ਮੈਂ ਇਸ ਲਈ ਤੁਹਾਡਾ ਬਹੁਤ ਧੰਨਵਾਦੀ
ਹੋਵਾਂਗਾ।
ਤੁਹਾਡਾ ਵਿਸ਼ਵਾਸ ਪਾਤਰ।
ੳ ਅ ੲ
0 Comments