Bijli Di Bachat "ਬਿਜਲੀ ਦੀ ਬਚਤ " Punjabi Essay, Paragraph for Class 8, 9, 10, 11 and 12 Students Examination in 900 Words.

ਪੰਜਾਬੀ ਨਿਬੰਧ - ਬਿਜਲੀ ਦੀ ਬਚਤ 
Bijli Di Bachat 




ਰੂਪ-ਰੇਖਾ

ਭੂਮਿਕਾ, ਬਿਜਲੀ ਦੀ ਬਚਤ ਦਾ ਮਹੱਤਵ, ਬਿਜਲੀ ਅਤੇ ਸਾਡਾ ਜੀਵਨ, ਬਿਜਲੀ ਦੀ ਘਾਟ, ਬਿਜਲੀ ਦੀ ਲੋੜ ਅਨੁਸਾਰ ਵਰਤੋਂ, ਸਰਕਾਰੀ ਯਤਨ, ਸਾਰੰਸ਼।


ਭੂਮਿਕਾ

ਬਚਤ ਤੋਂ ਭਾਵ ਕਿਸੇ ਵਸਤੂ ਦਾ ਕੁਝ ਹਿੱਸਾ ਬਚਾਉਣਾ ਹੁੰਦਾ ਹੈ ਜੋ ਲੋੜ ਸਮੇਂ ਕੰਮ ਆਉਂਦਾ ਹੈ। ਵਸਤੂਆਂ ਦੀ ਬਚਤ ਦੇ ਨਾਲ ਹੀ ਸਮੇਂ ਦੀ ਬਚਤ ਦਾ ਵੀ ਆਪਣਾ ਮਹੱਤਵ ਹੁੰਦਾ ਹੈ। ਮਨੁੱਖੀ ਜੀਵਨ ਵਿੱਚ ਬਚਤ ਦੀ ਆਪਣੀ ਵਿਸ਼ੇਸ਼ ਉਸਾਰੂ ਭੂਮਿਕਾ ਹੁੰਦੀ ਹੈ। ਵਸਤਾਂ ਦੀ ਬਚਤ ਨਾਲ ਅਸੀਂ ਆਪਣੇ-ਆਪ ਨੂੰ ਅਤੇ ਸਮੁੱਚੇ ਦੇਸ ਨੂੰ ਲਾਭ ਪਹੁੰਚਾ ਸਕਦੇ ਹਾਂ।


ਬਿਜਲੀ ਦੀ ਬਚਤ ਦਾ ਮਹੱਤਵ

ਬਹੁਤ ਸਾਰੀਆਂ ਬਚਤਾਂ ਵਿੱਚੋਂ ਬਿਜਲੀ ਦੀ ਬਚਤ ਵੀ ਪ੍ਰਮੁੱਖ ਸਥਾਨ ਰੱਖਦੀ ਹੈ। ਵਿਗਿਆਨ ਦੀਆਂ ਬਹੁਤ ਹੀ ਮਹੱਤਵਪੂਰਨ ਕਾਢਾਂ ਵਿੱਚੋਂ ਬਿਜਲੀ ਇੱਕ ਹੈ। ਇੱਥੋਂ ਤੱਕ ਕਿ ਵਿਗਿਆਨ ਦੀਆਂ ਹੋਰ ਬਹੁਤ ਸਾਰੀਆਂ ਕਾਢਾਂ ਬਿਜਲੀ ਉੱਪਰ ਹੀ ਨਿਰਭਰ ਹਨ।ਅਜੋਕੀ ਜੀਵਨ ਜਾਚ ਦੇ ਅੰਤਰਗਤ ਬਿਜਲੀ ਦਾ ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਬਹੁਤ ਹੀ ਅਹਿਮ ਮਹੱਤਵ ਹੈ।ਅੱਜ ਹਰ ਘਰ, ਦਫ਼ਤਰ ਤੇ ਕਾਰਖਾਨੇ ਵਿੱਚ ਬਹੁਤੇ ਕੰਮ ਬਿਜਲੀ ਦੇ ਯੰਤਰਾਂ ਨਾਲ ਹੀ ਕੀਤੇ ਜਾਂਦੇ ਹਨ।ਇਸੇ ਕਾਰਨ ਹੀ ਬਿਜਲੀ ਸਾਡੇ ਸਮੁੱਚੇ ਜੀਵਨ ਦਾ ਮਹੱਤਵਪੂਰਨ ਅੰਗ ਬਣ ਚੁੱਕੀ ਹੈ। ਘਰ ਵਿੱਚ ਵਰਤੇ ਜਾਣ ਵਾਲੇ ਸਾਰੇ ਯੰਤਰ ਕੂਲਰ, ਪੱਖੇ, ਫਰਿਜ, ਏ.ਸੀ., ਮਿਕਸੀ, ਪਰੈੱਸ, ਗੀਜ਼ਰ, ਟੀ.ਵੀ, ਇੰਟਰਨੈੱਟ ਆਦਿ ਬਿਜਲੀ ਨਾਲ ਹੀ ਚਲਦੇ ਹਨ। ਬਿਜਲੀ ਦੀ ਕਾਢ ਨੇ ਮਨੁੱਖੀ ਜੀਵਨ ਜਾਚ ਨੂੰ ਬਦਲ ਕੇ ਰੱਖ ਦਿੱਤਾ ਹੈ।

ਸਾਡੇ ਦੇਸ ਵਿੱਚ ਬਿਜਲੀ ਦੀ ਪੈਦਾਵਾਰ ਦੇ ਸਾਧਨ ਸੀਮਤ ਹਨ।ਇਸੇ ਕਾਰਨ ਬਿਜਲੀ ਦੀ ਪੈਦਾਵਾਰ ਤੇ ਖ਼ਪਤ ਵਿਚਕਾਰ ਇੱਕ ਵੱਡਾ ਪਾੜਾ ਹੈ। ਇਸੇ ਲਈ ਲੋਕਾਂ ਨੂੰ ਬਿਜਲੀ ਦੀ ਵਰਤੋਂ ਬਹੁਤ ਸੰਜਮ ਨਾਲ ਕਰਨ ਲਈ ਪ੍ਰੇਰਿਆ ਜਾਂਦਾ ਹੈ। ਬਿਜਲੀ ਦੀ ਵਰਤੋਂ ਵਿਚਲਾ ਇਹ ਸੰਜਮ ਹੀ ਬਿਜਲੀ ਦੀ ਬਚਤ ਹੈ।


ਬਿਜਲੀ ਅਤੇ ਸਾਡਾ ਜੀਵਨ

ਅਜੋਕੇ ਸਮੇਂ ਵਿੱਚ ਬਿਜਲੀ ਦਾ ਸਾਡੇ ਜੀਵਨ ਨਾਲ ਸੰਬੰਧ ਬਹੁਤ ਮਹੱਤਵਪੂਰਨ ਬਣ ਚੁੱਕਾ ਹੈ। ਇਸੇ ਕਾਰਨ ਬਿਜਲੀ ਦੇ ਬੰਦ ਹੋਣ ਨਾਲ, ਸਹਿਜਤਾ ਸਹਿਤ ਜੀਵਨ ਚੱਲਣਾ ਬਹੁਤ ਔਖਾ ਹੋ ਜਾਂਦਾ ਹੈ। ਸਾਡੀਆਂ ਘਰੇਲੂ ਵਸਤਾਂ ਤੋਂ ਇਲਾਵਾ ਹਸਪਤਾਲਾਂ, ਟੀ.ਵੀ, ਸਟੇਸ਼ਨਾਂ, ਕਾਰਖ਼ਾਨਿਆਂ, ਰੇਲਾਂ, ਦਫ਼ਤਰਾਂ, ਬੈਂਕਾਂ ਆਦਿ ਵਿੱਚ ਬਹੁਤੇ ਕੰਮ ਬਿਜਲੀ ਨਾਲ ਹੀ ਹੋ ਰਹੇ ਹਨ। ਇੰਜ ਦੇਸ ਦੀ ਉਸਾਰੀ ਵਿੱਚ ਬਿਜਲੀ ਦੀ ਅਹਿਮ ਭੂਮਿਕਾ ਹੈ। ਬਿਜਲੀ ਦੀ ਘਾਟ ਕਾਰਨ ਜਿੱਥੇ ਆਮ ਮਨੁੱਖ ਨੂੰ ਮੁਸ਼ਕਲ ਹੁੰਦੀ ਹੈ ਉੱਥੇ ਦੇਸ ਦੇ ਸਮੁੱਚੇ ਉਤਪਾਦਨ ਵਿੱਚ ਵੀ ਬਹੁਤ ਨੁਕਸਾਨ ਹੁੰਦਾ ਹੈ।


ਬਿਜਲੀ ਦੀ ਘਾਟ

ਸਾਡੇ ਦੇਸ ਵਿੱਚ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਬਿਜਲੀ ਦੀ ਘਾਟ ਨੂੰ ਦੂਰ ਨਹੀਂ ਕੀਤਾ ਜਾ ਸਕਿਆ। ਵਿਕਾਸਸ਼ੀਲ ਦੇਸਾਂ ਵਿੱਚ ਬਿਜਲੀ ਦੀ ਬਹੁਤ ਥੁੜ੍ਹ ਹੈ।ਇਸ ਥੁੜ੍ਹ ਕਾਰਨ ਹੀ ਬਿਜਲੀ ਵਿਭਾਗ ਵੱਲੋਂ ਸਮੇਂ- ਸਮੇਂ 'ਤੇ ਬਿਜਲੀ ਦੇ ਲੰਮੇ-ਲੰਮੇ ਕੱਟ ਲਾਉਣੇ ਪੈਂਦੇ ਹਨ।ਇਸ ਨਾਲ ਜਿੱਥੇ ਆਮ ਮਨੁੱਖ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਸਰਕਾਰ ਨੂੰ ਵੀ ਬਹੁਤ ਨੁਕਸਾਨ ਹੁੰਦਾ ਹੈ। ਬਿਜਲੀ ਦੀ ਇਸ ਘਾਟ ਨੂੰ ਪੂਰਿਆਂ ਕਰਨ ਲਈ ਸਰਕਾਰ ਨੂੰ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ ਅਤੇ ਵਿਅਕਤੀਗਤ ਤੌਰ 'ਤੇ ਹੀ ਹਰ ਮਨੁੱਖ ਨੂੰ ਇਸ ਪਾਸੇ ਆਪਣੀ ਉਸਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ।


ਬਿਜਲੀ ਦੀ ਲੋੜ ਅਨੁਸਾਰ ਵਰਤੋਂ

ਹਰ ਮਨੁੱਖ ਨੂੰ ਬਿਜਲੀ ਦੀ ਵਰਤੋਂ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ। ਬਿਜਲੀ ਨਾਲ ਚੱਲਣ ਵਾਲੇ ਸਾਰੇ ਯੰਤਰਾਂ ਨੂੰ ਘਰ ਵਿੱਚ ਲੋੜ ਪੈਣ 'ਤੇ ਹੀ ਚਲਾਉਣਾ ਚਾਹੀਦਾ ਹੈ। ਵਿਆਹ ਸ਼ਾਦੀਆਂ ਉੱਪਰ ਬਿਜਲੀ ਦੀ ਵਧੇਰੇ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸ਼ਹਿਰਾਂ ਤੇ ਪਿੰਡਾਂ ਵਿੱਚ ਸਟਰੀਟ ਲਾਈਟਾਂ ਦੇ ਜਗਾਉਣ ਬੁਝਾਉਣ ਦੇ ਠੀਕ ਸਮੇਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਸਰਕਾਰੀ ਸਮਾਗਮ ਸਮੇਂ ਵੀ ਫ਼ਜ਼ੂਲ ਦੀ ਸ਼ਾਨੋ-ਸ਼ੌਕਤ ਲਈ ਬਿਜਲੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਹਰ ਮਨੁੱਖ ਘਰ ਵਿੱਚ ਵਰਤੀ ਜਾਣ ਵਾਲੀ ਬਿਜਲੀ ਵੱਲ ਥੋੜ੍ਹਾ ਧਿਆਨ ਦੇ ਕੇ ਬਹੁਤ ਸਾਰੀ ਬਿਜਲੀ ਦੀ ਬਚਤ ਕਰ ਸਕਦਾ ਹੈ। ਜਿਸ ਤਰ੍ਹਾਂ ਪਰਿਵਾਰ ਦੇ ਸਾਰੇ ਜੀਅ ਵੱਖ-ਵੱਖ ਕਮਰਿਆਂ ਵਿੱਚ ਬੈਠਣ ਦੀ ਥਾਂ ਇੱਕ ਕਮਰੇ ਵਿੱਚ ਬੈਠ ਕੇ ਗੁਜ਼ਾਰਾ ਕਰ ਸਕਦੇ ਹਨ। ਜਿੱਥੇ ਲੋੜ ਨਾ ਹੋਵੇ ਉੱਥੇ ਬਿਜਲੀ ਦੀਆਂ ਲਾਈਟਾਂ ਬੰਦ ਰੱਖਣੀਆਂ ਚਾਹੀਦੀਆਂ ਹਨ।

ਏ.ਸੀ. ਦੀ ਵਰਤੋਂ ਵੀ ਲੋੜ ਪੈਣ 'ਤੇ ਹੀ ਕਰਨੀ ਚਾਹੀਦੀ ਹੈ। ਬਿਜਲੀ ਦੇ ਸਾਰੇ ਯੰਤ੍ਰ ਆਈ. ਐੱਸ. ਆਈ. ਮਾਰਕ ਦੇ ਹੀ ਲੈਣੇ ਚਾਹੀਦੇ ਹਨ ਜੋ ਕਿ ਬਿਜਲੀ ਦੀ ਖਪਤ ਘੱਟ ਕਰਦੇ ਹਨ। ਇਸੇ ਤਰ੍ਹਾਂ ਬਲਬਾਂ ਦੀ ਥਾਂ ਸੀ.ਐੱਫ.ਐਲ. ਲਾਈਟਾਂ ਦੀ ਵਰਤੋਂ ਕਰਕੇ ਵੀ ਬਚਤ ਕੀਤੀ ਜਾ ਸਕਦੀ ਹੈ।


ਸਰਕਾਰੀ ਯਤਨ

ਬਿਜਲੀ ਦੀ ਘਾਟ ਨੂੰ ਪੂਰਿਆਂ ਕਰਨ ਦੇ ਲਈ ਸਰਕਾਰ ਨੂੰ ਵੀ ਖ਼ਾਸ ਯਤਨ ਕਰਨੇ ਚਾਹੀਦੇ ਹਨ। ਸਰਕਾਰ ਨੂੰ ਬਿਜਲੀ ਦੀ ਪੈਦਾਵਾਰ ਸੰਬੰਧੀ ਬਹੁਤ ਲੰਮੀਆਂ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ। ਸਰਕਾਰ ਨੂੰ ਬਿਜਲੀ ਦੇ ਟਰਾਂਸਮਿਸ਼ਨ ਵੱਲ ਵੀ ਖ਼ਾਸ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸਰਕਾਰ ਦੇ ਆਪਣਿਆਂ ਅੰਕੜਿਆਂ ਅਨੁਸਾਰ ਬਿਜਲੀ ਦਾ 16% ਪੈਦਾਵਾਰ ਦੇ ਸਥਾਨ ਤੋਂ ਲੈ ਕੇ ਖਪਤਕਾਰ ਤੱਕ ਰਸਤੇ ਵਿੱਚ ਵੀ ਵਿਅਰਥ ਜਾਂ ਨਸ਼ਟ ਹੋ ਜਾਂਦਾ ਹੈ। ਸਰਕਾਰ ਨੂੰ ਬਿਜਲੀ ਦੀ ਚੋਰੀ ਰੋਕਣ ਵੱਲ ਵੀ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਚੋਰੀ ਦੀ ਬਿਜਲੀ ਦੀ ਅਕਸਰ ਨਜਾਇਜ਼ ਵਰਤੋਂ ਹੀ ਹੁੰਦੀ ਹੈ। ਇਸੇ ਤਰ੍ਹਾਂ ਸਰਕਾਰਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਮੁਫ਼ਤ ਜਾਂ ਸਬਸਿਡੀ 'ਤੇ ਬਿਜਲੀ ਦੇਣ ਦੇ ਫ਼ੈਸਲੇ ਨੂੰ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ ਕਿਉਂਕਿ ਮੁਫ਼ਤ ਦੀ ਬਿਜਲੀ ਦੀ ਵੀ ਬੇਲੋੜੀ ਵਰਤੋਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਮੇਂ-ਸਮੇਂ 'ਤੇ ਲੋਕਾਂ ਨੂੰ ਬਿਜਲੀ ਬਚਤ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਰੇਡੀਓ ਅਤੇ ਟੀ.ਵੀ. 'ਤੇ ਪ੍ਰੋਗਰਾਮ ਪੇਸ਼ ਕਰੇ।ਇਸੇ ਪ੍ਰਕਾਰ ਹੀ ਸਕੂਲਾਂ ਕਾਲਜਾਂ ਵਿੱਚ ਬਿਜਲੀ ਦੇ ਮਹੱਤਵ ਸੰਬੰਧੀ ਭਾਸ਼ਣ ਪ੍ਰਤੀਯੋਗਤਾਵਾਂ ਕਰਵਾਉਣੀਆਂ ਚਾਹੀਦੀਆਂ ਹਨ। ਸਰਕਾਰ ਨੂੰ ਕਿਸਾਨਾਂ ਨੂੰ ਉਨ੍ਹਾਂ ਫ਼ਸਲਾਂ ਦੀ ਬਿਜਾਈ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਜਿਹੜੀਆਂ ਫ਼ਸਲਾਂ ਦੀ ਪੈਦਾਵਾਰ ਲਈ ਬਹੁਤ ਘੱਟ ਪਾਣੀ ਦੀ ਲੋੜ ਪੈਂਦੀ ਹੈ। ਇਸੇ ਪ੍ਰਕਾਰ ਸਰਕਾਰ ਨੂੰ ਅਜਿਹੇ ਕਾਰਖਾਨ ਸਥਾਪਤ ਕਰਨੇ ਚਾਹੀਦੇ ਹਨ ਜੋ ਬਿਜਲੀ ਦੇ ਮਿਆਰੀ ਉਪਕਰਨ ਬਣਾਉਣ ਤਾਂ ਜੋ ਉਨ੍ਹਾਂ ਦੇ ਚੱਲਣ ਸਮੇਂ ਬਿਜਲੀ ਦੀ ਦੇਸੀ ਉਪਕਰਨਾਂ ਨਾਲੋਂ ਖਪਤ ਘੱਟ ਹੋਵੇ।


ਸਾਰੰਸ਼

ਇਹ ਗੱਲ ਸਪਸ਼ਟ ਹੈ ਕਿ ਅੱਜ ਬਿਜਲੀ ਦੀ ਪੈਦਾਵਾਰ ਤੇ ਮੰਗ ਵਿੱਚ ਵੱਡਾ ਖੱਪਾ ਹੋਣ ਕਾਰਨ ਬਿਜਲੀ ਦੀ ਬਚਤ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਇਸ ਲਈ ਹਰ ਵਿਅਕਤੀ ਨੂੰ ਆਪਣੇ ਪੱਧਰ 'ਤੇ ਬਿਜਲੀ ਦੀ ਬਚਤ ਸੰਬੰਧੀ ਦਰਸਾਏ ਸਾਰੇ ਪੱਖਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਹਰ ਘਰ ਵਿੱਚ ਥੋੜ੍ਹੀ-ਥੋੜ੍ਹੀ ਬਚਤ ਨਾਲ ਵੱਡੀ ਬਚਤ ਸੰਭਵ ਹੋ ਸਕਦੀ ਹੈ। ਮਾਹਰਾਂ ਦਾ ਵਿਚਾਰ ਹੈ ਕਿ ਜੇਕਰ ਅਸੀਂ ਸਾਰੇ ਬਿਜਲੀ ਦੀ ਬਚਤ ਪ੍ਰਤੀ ਸੁਚੇਤ ਹੋ ਕੇ ਇਸ ਨੂੰ ਲੋਕ ਲਹਿਰ ਦਾ ਰੂਪ ਦੇ ਦਿੱਤਾ ਜਾਵੇ ਤਾਂ ਇਸ ਦੀ ਥੁੜ੍ਹ ਉੱਪਰ ਸਹਿਜੇ ਹੀ ਕਾਬੂ ਪਾਇਆ ਜਾ ਸਕਦਾ ਹੈ। ਖ਼ਪਤਕਾਰਾਂ ਵਿੱਚੋਂ ਬਿਜਲੀ ਦੀ ਬਚਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਿਆਂ ਨੂੰ ਸਰਕਾਰ ਵੱਲੋਂ ਸਨਮਾਨਿਤ ਕਰਨਾ ਚਾਹੀਦਾ ਹੈ।ਇਸ ਨਾਲ ਵੀ ਲੋਕਾਂ ਵਿੱਚ ਬਿਜਲੀ ਦੀ ਬਚਤ ਸੰਬੰਧੀ ਅਹਿਮ ਸੁਨੇਹਾ ਪਹੁੰਚਾਇਆ ਜਾ ਸਕਦਾ ਹੈ।


Post a Comment

0 Comments