Berojgari "ਬੇਰੁਜ਼ਗਾਰੀ" Punjabi Essay, Paragraph for Class 8, 9, 10, 11 and 12 Students Examination in 1200 Words.

ਪੰਜਾਬੀ ਨਿਬੰਧ - ਬੇਰੁਜ਼ਗਾਰੀ 
Berojgari

ਰੂਪ-ਰੇਖਾ
ਭੂਮਿਕਾ, ਅੰਤਰ-ਰਾਸ਼ਟਰੀ ਸਮੱਸਿਆ, ਅਨੇਕਾਂ ਸਮੱਸਿਆਵਾਂ ਦੀ ਜੜ੍ਹ, ਮਾਨਸਕ ਪੀੜਾ ਦਾ ਕਾਰਨ, ਦੇਸ਼ਪੂਰਨ ਸਿੱਖਿਆ ਪ੍ਰਣਾਲੀ, ਬੇਰੁਜ਼ਗਾਰੀ ਖ਼ਤਮ ਕਰਨ ਦੇ ਯਤਨ, ਕੰਮ ਦੀ ਕਦਰ ਕਰਨੀ, ਸਾਰੰਸ਼।

ਭੂਮਿਕਾ

ਮਨੁੱਖ ਇੱਕ ਸਮਾਜਕ ਪ੍ਰਾਣੀ ਹੈ। ਸਮਾਜ ਵਿੱਚ ਰਹਿੰਦਿਆਂ ਮਨੁੱਖ ਨੂੰ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਰੁਪਏ ਪੈਸੇ ਦੀ ਲੋੜ ਹੁੰਦੀ ਹੈ।ਇਹ ਧਨ ਪ੍ਰਾਪਤ ਕਰਨ ਲਈ ਕਿਸੇ ਕੰਮ-ਧੰਦੇ ਜਾਂ ਨੌਕਰੀ ਦਾ ਮਿਲਣਾ ਜ਼ਰੂਰੀ ਹੁੰਦਾ ਹੈ।ਇਸ ਕੰਮ-ਧੰਦੇ ਜਾਂ ਨੌਕਰੀ ਨੂੰ ਹੀ ਰੁਜ਼ਗਾਰ ਕਿਹਾ ਜਾਂਦਾ ਹੈ।ਮਨੁੱਖੀ ਜੀਵਨ ਦੀਆਂ ਤਿੰਨ ਮੁਢਲੀਆਂ ਤੇ ਜ਼ਰੂਰੀ ਲੋੜਾਂ ਕੁੱਲੀ, ਗੁੱਲੀ, ਜੁੱਲੀ ਨੂੰ ਪੂਰਿਆਂ ਕਰਨ ਵਾਸਤੇ ਕੰਮ ਦਾ ਮਿਲਣਾ ਜ਼ਰੂਰੀ ਹੁੰਦਾ ਹੈ।ਪਰ ਜਦੋਂ ਸਥਿਤੀਆਂ ਅਜਿਹੀਆਂ ਹੋਣ ਕਿ ਮਨੁੱਖ ਕੰਮ ਕਰਨਾ ਚਾਹਵੇ ਪਰ ਉਸ ਨੂੰ ਕੰਮ ਹੀ ਨਾ ਮਿਲੇ ਤੇ ਇਸ ਸਥਿਤੀ ਜਾਂ ਸਮੱਸਿਆ ਨੂੰ ਬੇਰੁਜ਼ਗਾਰੀ ਕਿਹਾ ਜਾਂਦਾ ਹੈ। ‘ਬੇ' ਦਾ ਸ਼ਬਦੀ ਅਰਥ ‘ਬਿਨਾਂ’ ਹੁੰਦਾ ਇਸ ਸਥਿਤੀ ਨੂੰ ਬੇਰੁਜ਼ਗਾਰੀ ਆਖਦੇ ਹਨ। ਹੈ ਤੇ ਰੁਜ਼ਗਾਰ ਦਾ ਅਰਥ 'ਕੰਮ' ਹੁੰਦਾ ਹੈ।ਇਸ ਤਰ੍ਹਾਂ ਜਿਹੜਾ ਮਨੁੱਖ ਕੰਮ ਤੋਂ ਬਿਨਾਂ ਹੁੰਦਾ ਹੈ, ਉਸ ਨੂੰ ਬੇਰੁਜ਼ਗਾਰ ਕਿਹਾ ਜਾਂਦਾ ਹੈ।


ਅੰਤਰ-ਰਾਸ਼ਟਰੀ ਸਮੱਸਿਆ

ਅਜੋਕੇ ਸਮੇਂ ਵਿੱਚ ਬੇਰੁਜ਼ਗਾਰੀ ਕਿਸੇ ਇੱਕ ਦੇਸ ਦੀ ਸਮੱਸਿਆ ਨਹੀਂ ਸਗੋਂ ਇੱਕ ਅੰਤਰ-ਰਾਸ਼ਟਰੀ ਸਮੱਸਿਆ ਬਣ ਚੁੱਕੀ ਹੈ।ਜਿਹੜੇ ਦੇਸ ਵਿਕਾਸ ਕਰ ਰਹੇ ਹਨ, ਉਨ੍ਹਾਂ ਵਿੱਚ ਇਸ ਸਮੱਸਿਆ ਦੀ ਸਥਿਤੀ ਵਧੇਰੇ ਗੰਭੀਰ ਹੈ।ਇਸ ਦਾ ਪ੍ਰਮੁੱਖ ਕਾਰਨ ਭਾਰਤ ਵਿੱਚ ਤਾਂ ਤੇਜ਼ੀ ਨਾਲ ਵਧ ਰਹੀ ਅਬਾਦੀ ਹੀ ਹੈ।ਅੱਜ ਭਾਰਤ ਦੀ 123 ਕਰੋੜ ਤੋਂ ਉੱਪਰ ਦੀ ਅਬਾਦੀ ਲਈ ਰੁਜ਼ਗਾਰ ਦੇ ਮੌਕਿਆਂ ਅਤੇ ਅਬਾਦੀ ਦੀ ਰਫ਼ਤਾਰ ਵਿੱਚ ਵੱਡਾ ਅੰਤਰ ਹੋਣ ਕਰਕੇ ਬੇਰੁਜ਼ਗਾਰੀ ਦਿਨੋ-ਦਿਨ ਵਧ ਰਹੀ ਹੈ।

ਵਧਦੀ ਅਬਾਦੀ ਤੋਂ ਇਲਾਵਾ ਕਈ ਅਜਿਹੇ ਦੇਸਾਂ ਵਿੱਚ ਵੀ ਪਿਛਲੇ ਸਾਲਾਂ ਵਿੱਚ ਬੇਰੁਜ਼ਗਾਰੀ ਵਧੀ ਹੈ ਜਿੱਥੇ ਅਬਾਦੀ ਘੱਟ ਰਹੀ ਹੈ।ਇਸ ਦੇ ਬਹੁਤ ਸਾਰੇ ਗੰਭੀਰ ਕਾਰਨ ਹਨ ਜੋ ਸਮੁੱਚੇ ਸੰਸਾਰ ਦੀ ਰਾਜਨੀਤਕ ਸਥਿਤੀ ਤੇ ਅਰਥ-ਵਿਵਸਥਾ ਨਾਲ ਜੁੜੇ ਹੋਏ ਹਨ।ਅੱਜ ਜਦੋਂ ਵੱਡੇ ਦੇਸਾਂ ਵਿੱਚ ਕੋਈ ਘਟਨਾ ਵਾਪਰਦੀ ਹੈ ਜਾਂ ਕੋਈ ਤਬਦੀਲੀ ਹੁੰਦੀ ਹੈ ਤਾਂ ਇਸ ਦਾ ਸਿੱਧਾ ਪ੍ਰਭਾਵ ਵਿਸ਼ਵ ਭਰ ਦੇ ਵਿਕਾਸਸ਼ੀਲ ਦੇਸਾਂ 'ਤੇ ਪੈਂਦਾ ਹੈ।ਅਜਿਹੇ ਕਾਰਨਾਂ ਕਰਕੇ ਹੀ ਪਿਛਲੇ ਦਹਾਕੇ ਵਿੱਚ ਅੰਤਰਰਾਸ਼ਟਰੀ ਕੰਪਨੀਆਂ ਤੇ ਸਰਕਾਰਾਂ ਨੇ ਆਪਣੇ ਮੁਲਾਜ਼ਮਾਂ ਨੂੰ ਵੱਡੀ ਗਿਣਤੀ ਵਿੱਚ ਨੌਕਰੀ ਤੋਂ ਜਵਾਬ ਦੇ ਦਿੱਤਾ ਹੈ। ਇਸ ਤਰ੍ਹਾਂ ਇਹ ਇੱਕ ਗੰਭੀਰ ਅੰਤਰਰਾਸ਼ਟਰੀ ਸਮੱਸਿਆ ਹੈ।


ਅਨੇਕਾਂ ਸਮੱਸਿਆਵਾਂ ਦੀ ਜੜ੍ਹ

ਬੇਰੁਜ਼ਗਾਰੀ ਅਨੇਕਾਂ ਹੋਰ ਸਮੱਸਿਆਵਾਂ ਦੀ ਜੜ੍ਹ ਹੈ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਜਦੋਂ ਕੰਮ ਨਾ ਮਿਲੇ ਤੇ ਪੈਸੇ ਦੀ ਵੀ ਲੋੜ ਹੋਵੇ ਤਾਂ ਬੰਦਾ ਕਈ ਤਰ੍ਹਾਂ ਦੀਆਂ ਬੁਰਾਈਆਂ ਵੱਲ ਪ੍ਰੇਰਿਤ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਉਹ ਚੋਰੀਆਂ, ਡਾਕਿਆਂ ਤੇ ਹੋਰ ਬੁਰੇ ਕੰਮਾਂ ਵਿੱਚ ਪੈ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਕਈ ਸਮਾਜਕ ਬੁਰਾਈਆਂ ਪੈਦਾ ਹੋ ਜਾਂਦੀਆਂ ਹਨ ਜੋ ਸਮਾਜ ਅਤੇ ਸਰਕਾਰ ਲਈ ਸਿਰਦਰਦੀ ਦਾ ਕਾਰਨ ਹੀ ਬਣਦੀਆਂ ਹਨ। ਅਜਿਹੀ ਸਥਿਤੀ ਸੰਬੰਧੀ ਹੀ ਇੱਕ ਕਵੀ ਨੇ ਲਿਖਿਆ ਹੈ:

ਹਾਏ ਨੀ ਬੇਰੁਜ਼ਗਾਰੀਏ, ਤਪਦਿਕ ਦੀਏ ਮਾਰੀਏ 

ਨਾ ਬਣਾ ਸਾਨੂੰ ਚੋਰ, ਡਾਕੂ ਅਤੇ ਜੁਆਰੀਏ।


ਮਾਨਸਕ ਪੀੜਾ ਦਾ ਕਾਰਨ

ਬੇਰੁਜ਼ਗਾਰ ਮਨੁੱਖ ਨੂੰ ਕਈ ਤਰ੍ਹਾਂ ਦੇ ਮਾਨਸਕ ਸੰਤਾਪ ਝੱਲਣੇ ਪੈਂਦੇ ਹਨ। ਵਿਹਲੇ ਮਨੁੱਖ ਨੂੰ ਸਮਾਜ ਵੀ ਚੰਗਾ ਨਹੀਂ ਸਮਝਦਾ। ਵਿਹਲੇ ਮਨੁੱਖ ਕੋਲੋਂ ਸਾਰੇ ਲੋਕ ਪਾਸਾ ਵੱਟ ਕੇ ਹੀ ਲੰਘਦੇ ਹਨ ਕਿ ਕਿਤੇ ਉਹ ਕੁਝ ਮੰਗ ਹੀ ਨਾ ਲਵੇ।ਇੰਜ ਜਦੋਂ ਬੇਰੁਜ਼ਗਾਰ ਕੋਲੋਂ ਆਪਣੇ ਵੀ ਦੂਰ ਹੋਣ ਲੱਗਦੇ ਹਨ ਤਾਂ ਉਹ ਬਹੁਤ ਹੀ ਮਾਨਸਕ ਪੀੜਾ ਹੰਢਾਉਣ ਵਾਲੀ ਸਥਿਤੀ ਨਾਲ ਦੋ ਚਾਰ ਹੋ ਰਿਹਾ ਹੁੰਦਾ ਹੈ। ਅਜਿਹੀ ਸਥਿਤੀ ਹੀ ਉਸ ਨੂੰ ਗ਼ੈਰ-ਕਾਨੂੰਨੀ ਤੇ ਅਨੈਤਿਕ ਕੰਮ ਕਰਨ ਲਈ ਮਜਬੂਰ ਕਰਦੀ ਹੈ। ਅਜਿਹੀ ਸਾਰੀ ਸਥਿਤੀ ਕਰਕੇ ਬੇਰੁਜ਼ਗਾਰ ਮਨੁੱਖ ਦੀ ਮਾਨਸਿਕਤਾ ਉੱਪਰ, ਪਰਿਵਾਰ ਦੀ ਸੁਖ-ਸ਼ਾਂਤੀ ਉੱਪਰ ਤੇ ਸਰਕਾਰ ਦੀ ਆਰਥਿਕਤਾ ਅਤੇ ਅਮਨ ਵਿਵਸਥਾ ਉੱਪਰ ਬਹੁਤ ਹੀ ਬੁਰੇ ਪ੍ਰਭਾਵ ਪੈਂਦੇ ਹਨ। ਚਿੰਤਕਾਂ ਵੱਲੋਂ ਵਿਸ਼ਵ ਭਰ ਵਿੱਚ ਜਾਂ ਭਾਰਤ ਵਿੱਚ ਵੀ ਕਈ ਥਾਵਾਂ 'ਤੇ ਪੈਦਾ ਹੋਏ ਵੱਖਵਾਦ ਤੇ ਅੱਤਵਾਦ ਨੂੰ ਅਸਲ ਵਿੱਚ ਬੇਰੁਜ਼ਗਾਰੀ ਵਿੱਚੋਂ ਪੈਦਾ ਹੋਇਆ ਹੀ ਮੰਨਿਆ ਜਾ ਰਿਹਾ ਹੈ


ਦੋਸ਼ਪੂਰਨ ਸਿੱਖਿਆ ਪ੍ਰਣਾਲੀ

ਬੇਰੁਜ਼ਗਾਰੀ ਦੇ ਕਈ ਕਾਰਨਾਂ ਵਿੱਚੋਂ ਸਾਡੀ ਦੋਸ਼ਪੂਰਨ ਸਿੱਖਿਆ ਪ੍ਰਣਾਲੀ ਵੀ ਇੱਕ ਵੱਡਾ ਕਾਰਨ ਹੈ। ਭਾਰਤ ਵਿੱਚ ਇਹ ਸਿੱਖਿਆ ਪ੍ਰਣਾਲੀ ਬੇਰੁਜ਼ਗਾਰੀ ਦੀ ਗਿਣਤੀ ਵਿੱਚ ਨਿਰੰਤਰ ਵਾਧਾ ਕਰ ਰਹੀ ਹੈ। ਗ਼ੁਲਾਮ ਭਾਰਤ ਵਿੱਚ ਅੰਗਰੇਜ਼ਾਂ ਨੇ ਕੇਵਲ ਦਫ਼ਤਰੀ ਬਾਬੂ ਪੈਦਾ ਕਰਨ ਲਈ ਹੀ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪਾਠ-ਕ੍ਰਮ ਨਿਸਚਤ ਕੀਤੇ ਸਨ। ਸਾਡੇ ਲੋਕ ਵੀ ਅਜਿਹੀ ਨੌਕਰੀ ਜਾਂ ਕੰਮ ਕਰ ਕੇ ਖ਼ੁਸ਼ ਸਨ ਜਿਸ ਵਿੱਚ ਅਰਾਮ ਪ੍ਰਮੁੱਖ ਹੋਏ। ਅਜਿਹੀ ਨੌਕਰੀ ਨੂੰ ਵਾਈਟ ਕਾਲਰ ਜੌਬ ਕਿਹਾ ਜਾਂਦਾ ਸੀ। ਇਸੇ ਨੀਤੀ ਤਹਿਤ ਵਿੱਦਿਅਕ ਅਦਾਰਿਆਂ ਵਿੱਚ ਕੇਵਲ ਅੱਖਰੀ ਗਿਆਨ ਤੇ ਕਿਤਾਬੀ ਗਿਆਨ ਉੱਪਰ ਹੀ ਜ਼ੋਰ ਦਿੱਤਾ ਜਾਂਦਾ ਰਿਹਾ ਹੈ। ਅਜਿਹੇ ਗਿਆਨ ਨਾਲ ਸਿਰਫ਼ ਕਲਰਕੀ ਜਾਂ ਛੋਟੀ-ਮੋਟੀ ਨੌਕਰੀ ਦੇ ਯੋਗ ਹੀ ਬਣਿਆ ਜਾ ਸਕਦਾ ਹੈ।ਇਸ ਤਰ੍ਹਾਂ ਵਿਦਿਆਰਥੀਆਂ ਨੂੰ ਨਾ ਹੱਥੀਂ ਕੰਮ ਕਰਨਾ ਸਿਖਾਉਣਾ ਤੇ ਨਾ ਉਨ੍ਹਾਂ ਦੇ ਸਿੱਖਣ ਦੀ ਨੀਅਤ ਹੋਣ ਕਾਰਨ ਇਹ ਸਮੱਸਿਆ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ।


ਬੇਰੁਜ਼ਗਾਰੀ ਖ਼ਤਮ ਕਰਨ ਦੇ ਯਤਨ

ਭਾਰਤ ਵਿੱਚੋਂ ਬੇਰੁਜ਼ਗਾਰੀ ਖ਼ਤਮ ਕਰਨ ਲਈ ਬਹੁਤ ਹੀ ਗੰਭੀਰ ਉਪਰਾਲੇ ਕਰਨ ਦੀ ਲੋੜ ਹੈ। ਇਸ ਸੰਬੰਧੀ ਸਰਕਾਰ ਨੂੰ ਬਹੁਤ ਹੀ ਦੂਰ ਅੰਦੇਸ਼ੀ ਵਾਲੀਆਂ ਨੀਤੀਆਂ ਬਣਾਉਣ ਦੀ ਲੋੜ ਹੈ। ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਸਾਡੀ ਵਿੱਦਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਦੀ ਲੋੜ ਹੈ ਜਿਸ ਵੱਲ ਸਰਕਾਰ ਕੁਝ ਯਤਨ ਕਰਦੀ ਵਿਖਾਈ ਵੀ ਦੇ ਰਹੀ ਹੈ। ਇਸ ਲਈ ਵਿਦਿਆਰਥੀਆਂ ਨੂੰ ਅੱਖਰੀ ਜਾਂ ਕਿਤਾਬੀ ਗਿਆਨ ਦੇ ਨਾਲ ਕਿੱਤਾ ਮੁਖੀ ਸਿੱਖਿਆ ਦੇਣ ਉੱਪਰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

ਕੇਂਦਰੀ ਸਰਕਾਰ ਤੇ ਸੂਬਾਈ ਸਰਕਾਰਾਂ ਨੂੰ ਨਵੇਂ-ਨਵੇਂ ਵੱਡੇ ਤੇ ਛੋਟੇ ਉਦਯੋਗ ਲਾਉਣੇ ਚਾਹੀਦੇ ਹਨ। ਛੋਟੇ ਉਦਯੋਗਾਂ ਵਿੱਚ ਘਰੇਲੂ ਦਸਤਕਾਰੀ ਨੂੰ ਪ੍ਰਫੁਲਤ ਕਰਨ ਲਈ ਲੋੜੀਂਦੇ ਯਤਨ ਕਰਨੇ ਚਾਹੀਦੇ ਹਨ।ਭਾਰਤ ਖੇਤੀ ਪ੍ਰਧਾਨ ਦੇਸ ਹੈ ਤੇ ਇਸ ਦੀ ਬਹੁਤੀ ਅਬਾਦੀ ਪਿੰਡਾਂ ਵਿੱਚ ਵੱਸਦੀ ਹੈ। ਇਸ ਲਈ ਪਿੰਡਾਂ ਵਿੱਚ ਨੌਜਵਾਨਾਂ ਨੂੰ ਖੇਤੀ ਨਾਲ ਸੰਬੰਧਤ ਸਹਾਇਕ ਧੰਦਿਆਂ ਨਾਲ ਜੋੜਨਾ ਚਾਹੀਦਾ ਹੈ। ਅਜਿਹੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਬਸਿਡੀਆਂ ਦੇ ਕੇ ਉਤਸ਼ਾਹਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਨੌਜਵਾਨਾਂ ਨੂੰ ਆਪਣੇ ਛੋਟੇ ਧੰਦਿਆਂ ਵੱਲ ਉਤਸ਼ਾਹਤ ਕਰ ਕੇ ਇਸ ਸਮੱਸਿਆ ਤੋਂ ਕੁਝ ਹੱਦ ਤੱਕ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਵਧ ਰਹੀ ਅਬਾਦੀ ਦੀ ਰਫ਼ਤਾਰ ਨੂੰ ਘਟਾਉਣ ਲਈ ਚੀਨ ਵਰਗੇ ਦੇਸਾਂ ਤੋਂ ਪ੍ਰੇਰਨਾ ਲੈ ਕੇ ਸਖ਼ਤ ਕਾਨੂੰਨ ਬਣਾ ਤੇ ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਅਜਿਹਾ ਕਰ ਕੇ ਵੀ ਬੇਰੁਜ਼ਗਾਰਾਂ ਦੀ ਗਿਣਤੀ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ। ਅਜਿਹਾ ਕਰਦੇ ਸਮੇਂ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਕਿਸੇ ਵਿਅਕਤੀ ਨੂੰ ਆਪਣੀ ਯੋਗਤਾ ਤੋਂ ਥੱਲੇ ਦਾ ਕੰਮ ਕਰਨਾ ਪੈਂਦਾ ਹੈ ਤਾਂ ਉਹ ਵੀ ਬੇਰੁਜ਼ਗਾਰਾਂ ਦੀ ਕਤਾਰ ਵਿੱਚ ਹੀ ਹੁੰਦਾ ਹੈ।


ਕੰਮ ਦੀ ਕਦਰ ਕਰਨੀ

ਇਹ ਸਾਡੇ ਸਮਾਜ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਅਸੀਂ ਕੰਮ ਦੀ ਕਦਰ ਕਰਨ ਵਾਲਾ ਸੱਭਿਆਚਾਰ ਜਾਂ ਦ੍ਰਿਸ਼ਟੀਕੋਣ ਪੈਦਾ ਹੀ ਨਹੀਂ ਕਰ ਸਕੇ। ਅਸੀਂ ਉਸ ਧੰਦੇ ਜਾਂ ਨੌਕਰੀ ਨੂੰ ਚੰਗਾ ਸਮਝਦੇ ਹਾਂ ਜਿੱਥੇ ਮਿਹਨਤ ਨਾ ਕਰਨੀ ਪਵੇ। ਸਾਡੇ ਨੌਜਵਾਨ ਵਿਦੇਸੀ ਜੀਵਨ ਜਾਚ ਵਿਚਲੀਆਂ ਕਈ ਮਨ ਲੁਭਾਉਣੀਆਂ ਗੱਲਾਂ ਤੋਂ ਤਾਂ ਬਹੁਤ ਜਲਦੀ ਪ੍ਰਭਾਵਿਤ ਹੋ ਜਾਂਦੇ ਹਨ ਪਰ ਉਹ ਉਨ੍ਹਾਂ ਦੇਸਾਂ ਵਿੱਚ ਹਰ ਵਿਅਕਤੀ ਵਿੱਚ ਕੰਮ ਕਰਨ ਦੀ ਲਗਨ ਨੂੰ ਭੁੱਲ ਜਾਂਦੇ ਹਨ। ਇਸ ਦੇ ਨਾਲ ਹੀ ਵਿਦੇਸਾਂ ਵਿੱਚ ਕਿਸੇ ਕੰਮ ਨੂੰ ਵੀ ਬੁਰਾ ਨਹੀਂ ਸਮਝਿਆ ਜਾਂਦਾ ।ਉੱਥੇ ਹਰ ਕੰਮ ਨੂੰ ਇੱਕੋ ਜਿਹੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਪਰ ਸਾਡੇ ਸਮਾਜ ਵਿੱਚ ਲੋਕ ਛੋਟੇ ਕੰਮ ਕਰਨ ਨੂੰ ਬੁਰਾ ਸਮਝਦੇ ਹਨ ਜਿਸ ਕਾਰਨ ਨੌਜਵਾਨ ਅਜਿਹੇ ਕੰਮ ਕਰਨ ਤੋਂ ਕੰਨੀ ਕਤਰਾਉਂਦੇ ਹਨ।ਇਸ ਲਈ ਸਾਡੇ ਸਮਾਜ ਵਿੱਚ ਕੰਮ ਕਰਨ ਤੇ ਹਰ ਛੋਟੇ ਵੱਡੇ ਕੰਮ ਨੂੰ ਬਰਾਬਰ ਤੇ ਚੰਗਾ ਸਮਝਣ ਵਾਲੀ ਸੋਚ ਪੈਦਾ ਕਰਨ ਦੀ ਗੰਭੀਰ ਲੋੜ ਹੈ।


ਸਾਰੰਸ਼

ਸਪਸ਼ਟ ਹੈ ਕਿ ਬੇਰੁਜ਼ਗਾਰੀ ਦੀ ਸਮੱਸਿਆ ਇੱਕ ਬਹੁਤ ਹੀ ਗੰਭੀਰ ਤੇ ਅਹਿਮ ਸਮੱਸਿਆ ਹੈ ਜੋ ਅੱਗੋਂ ਹੋਰ ਕਈ ਗੰਭੀਰ ਸਮੱਸਿਆਵਾਂ ਦੀ ਜਨਮਦਾਤੀ ਵੀ ਹੈ। ਸਰਕਾਰ ਨੂੰ ਇਸ ਸੰਬੰਧੀ ਦੂਰ-ਦ੍ਰਿਸ਼ਟੀ ਵਾਲੀਆਂ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ। ਇਸ ਸਮੱਸਿਆ ਨਾਲ ਅੰਤਰਰਾਸ਼ਟਰੀ ਸਥਿਤੀਆਂ ਦਾ ਜੁੜੇ ਹੋਣਾ ਸਮੱਸਿਆ ਦੀ ਗੰਭੀਰਤਾ ਨੂੰ ਹੋਰ ਵਧਾ ਦਿੰਦਾ ਹੈ। ਨੌਜਵਾਨਾਂ ਨੂੰ ਵੀ ਆਪਣੀ ਸੋਚ ਤੇ ਸਮਾਜ ਨੂੰ ਆਪਣੀ ਦ੍ਰਿਸ਼ਟੀ ਬਦਲਣ ਦੀ ਲੋੜ ਹੈ। ਇੰਜ ਸਾਰੇ ਰਲ-ਮਿਲ ਕੇ ਹੀ ਇਸ ਸਮੱਸਿਆ ਦਾ ਹੱਲ ਕੱਢਣ ਦੀ ਸਥਿਤੀ ਵਿੱਚ ਪਹੁੰਚ ਸਕਦੇ ਹਨ।


Post a Comment

0 Comments