ਤੁਸੀਂ ਹੋਸਟਲ ਵਿੱਚ ਰਹਿੰਦੇ ਹੋ। ਆਪਣੇ ਪਿਤਾ ਜੀ ਨੂੰ ਚਿੱਠੀ ਲਿਖ ਕੇ ਸਕੂਲ ਵੱਲੋਂ ਜਾ ਰਹੇ ਵਿੱਦਿਅਕ ਟੂਰ 'ਤੇ ਜਾਣ ਦੀ ਪ੍ਰਵਾਨਗੀ ਤੇ ਕੁਝ ਰੁਪਏ ਭੇਜਣ ਦੀ ਬੇਨਤੀ ਕਰੋ।
ਪਰੀਖਿਆ ਭਵਨ,
ਸ਼ਹਿਰ।
14.03.20..
ਸਤਿਕਾਰਯੋਗ ਪਿਤਾ ਜੀ,
ਸਤਿ ਸ੍ਰੀ ਅਕਾਲ।
ਮੈਂ ਠੀਕ ਹਾਂ ਅਤੇ ਤੁਹਾਡੀ ਰਾਜ਼ੀ-ਖੁਸ਼ੀ ਦੀ ਹਮੇਸ਼ਾ ਪਰਮਾਤਮਾ ਤੋਂ ਕਾਮਨਾ ਕਰਦਾ ਹਾਂ। ਮੇਰੀ ਪੜ੍ਹਾਈ ਬਿਲਕੁਲ ਠੀਕ ਚੱਲ ਰਹੀ ਹੈ। ਅਗਲੇ ਹਫ਼ਤੇ ਸਾਡੇ 'ਹਾਊਸ ਟੈਸਟ' ਸ਼ੁਰੂ ਹੋ ਜਾਣੇ ਹਨ।ਮੈਂ ਇਨ੍ਹਾਂ ਦੀ ਪੂਰੀ ਤਿਆਰੀ ਕਰ ਰਿਹਾ ਹਾਂ।ਦੋ ਹਫ਼ਤਿਆਂ ਵਿੱਚ ਇਹ ਟੈਸਟ ਖ਼ਤਮ ਹੋ ਜਾਣੇ ਹਨ। ਸਾਡੀ ਜਮਾਤ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਸਲਾਹ ਨਾਲ ਇਨ੍ਹਾਂ ਇਮਤਿਹਾਨਾਂ ਤੋਂ ਪਿੱਛੋਂ ਆਗਰੇ ਵਿੱਦਿਅਕ ਟੂਰ ਲੈ ਕੇ ਜਾਣ ਦਾ ਪ੍ਰੋਗਰਾਮ ਬਣਾਇਆ ਹੈ।ਮੈਂ ਵੀ ਇਸ ਟੂਰ ਵਿੱਚ ਸ਼ਾਮਲ ਹੋਣਾ ਚਾਹੁੰਦਾ ਹਾਂ। ਇੱਕ ਤਾਂ ਮੈਂ ਅੱਜ ਤੱਕ ਆਗਰਾ ਨਹੀਂ ਵੇਖਿਆ। ਇਹ ਟੂਰ ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਇੱਕ 'ਤਾਜ ਮਹੱਲ' ਨੂੰ ਵੇਖਣ ਦੀ ਇੱਕ ਵੱਖਰੀ ਹੀ ਖੁਸ਼ੀ ਦੇਵੇਗਾ। ਦੂਜਾ ਕਈ ਹਫ਼ਤਿਆਂ ਤੱਕ ਪੜ੍ਹਾਈ ਵੱਲ ਵਧੇਰੇ ਧਿਆਨ ਦੇਣ ਕਰਕੇ ਮਨ ਨੂੰ ਵੀ ਕੁਝ ਸਕੂਨ ਵੀ ਮਿਲੇਗਾ। ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਵਿੱਦਿਅਕ ਟੂਰ ਵਿੱਚ ਸ਼ਾਮਲ ਹੋਣ ਲਈ ਨਾਂਹ ਨਹੀਂ ਆਖੋਗੇ। ਇਸ ਦੇ ਨਾਲ ਹੀ ਤੁਸੀਂ ਮੇਰੇ ਵੱਲੋਂ ਵਿੱਦਿਅਕ ਟੂਰ ਵਿੱਚ ਸ਼ਾਮਲ ਹੋਣ ਲਈ ਆਪਣੇ ਵੱਲੋਂ ਲਿਖਤੀ ਪ੍ਰਵਾਨਗੀ ਵੀ ਭੇਜਣੀ ਹੈ। ਸੋ ਇਹ ਪ੍ਰਵਾਨਗੀ ਵੀ ਛੇਤੀ ਭੇਜ ਦੇਣੀ।
ਬਾਕੀ ਵਿੱਦਿਅਕ ਟੂਰ 'ਤੇ ਜਾਣ ਲਈ ਪ੍ਰਤੀ ਵਿਦਿਆਰਥੀ ਇੱਕ ਹਜ਼ਾਰ ਰੁਪਇਆ ਖ਼ਰਚਾ ਆਉਣਾ ਹੈ। ਇਹ ਖ਼ਰਚਾ ਦੇ ਹਫ਼ਤਿਆਂ ਤੱਕ ਸਕੂਲ ਵਿੱਚ ਜਮ੍ਹਾ ਕਰਵਾਉਣਾ ਹੈ। ਇਸ ਤੋਂ ਇਲਾਵਾ ਸਰਦੀ ਬਹੁਤ ਵਧ ਗਈ ਹੈ। ਮੈਂ ਇੱਕ ਜੈਕਟ ਵੀ ਲੈਣੀ ਹੈ। ਇਸ ਕਾਰਨ ਮੈਨੂੰ ਇਸ ਵਾਰ ਖ਼ਰਚੇ ਲਈ ਪਹਿਲਾਂ ਨਾਲੋਂ ਦੋ ਹਜ਼ਾਰ ਰੁਪਏ ਵਧੇਰੇ ਭੇਜਣਾ। ਮੈਂ ਆਪਣੀ ਸਿਹਤ ਤੇ ਪੜ੍ਹਾਈ ਦਾ ਪੂਰਾ ਖ਼ਿਆਲ ਰੱਖ ਰਿਹਾ ਹਾਂ। ਮੇਰੇ ਵੱਲੋਂ ਤੁਹਾਨੂੰ ਕਦੇ ਵੀ ਕੋਈ ਸ਼ਿਕਾਇਤ ਸੁਣਨ ਦਾ ਮੌਕਾ ਨਹੀਂ ਮਿਲੇਗਾ। ਮੇਰੇ ਵੱਲੋਂ ਛੋਟੀ ਭੈਣ ਰੰਜਨਾ ਨੂੰ ਪਿਆਰ ਤੇ ਮਾਤਾ ਜੀ ਨੂੰ ਵੀ ਚਰਨ ਪ੍ਰਣਾਮ।
ਤੁਹਾਡਾ ਸੁਪੁੱਤਰ,
ਕ, ਖ, ਗ,
0 Comments