ਆਪਣੇ ਪਿੰਡ ਵਿੱਚ ਡਿਸਪੈਂਸਰੀ ਖੋਲ੍ਹਣ ਲਈ ਸਿਹਤ ਮੰਤਰੀ, ਪੰਜਾਬ ਨੂੰ ਪੱਤਰ ਲਿਖੋ।
ਪਰੀਖਿਆ ਭਵਨ,
ਸ਼ਹਿਰ।
29.06.20.
ਸੇਵਾ ਵਿਖੇ,
ਮੰਤਰੀ ਸਾਹਿਬ,
ਸਿਹਤ ਵਿਭਾਗ (ਪੰਜਾਬ ਸਰਕਾਰ),
ਚੰਡੀਗੜ੍ਹ।
ਵਿਸ਼ਾ : ਪਿੰਡ ਵਿੱਚ ਡਿਸਪੈਂਸਰੀ ਖੋਲ੍ਹਣ ਸੰਬੰਧੀ।
ਸ਼੍ਰੀਮਾਨ ਜੀ,
ਬੇਨਤੀ ਹੈ ਕਿ ਮੁਕਤਸਰ ਸ਼ਹਿਰ ਤੋਂ ਅੱਠ ਕਿਲੋਮੀਟਰ ਦੂਰ ਵਸੇ ਛੋਟੇ ਜਿਹੇ ਪਿੰਡ ਹਸਨਪੁਰ ਦਾ ਵਸਨੀਕ ਹਾਂ। ਸਾਡੇ ਪਿੰਡ ਦੀ ਅਬਾਦੀ 950 ਦੇ ਕਰੀਬ ਹੈ। ਸਾਡੇ ਪਿੰਡ ਦੇ ਚਾਰ-ਪੰਜ ਕਿਲੋਮੀਟਰ ਦੇ ਘੇਰੇ ਵਿੱਚ ਕੋਈ ਵੀ ਸਰਕਾਰੀ ਡਿਸਪੈਂਸਰੀ ਜਾਂ ਹਸਪਤਾਲ ਨਹੀਂ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਆਪਣੀਆਂ ਛੋਟੀਆਂ-ਮੋਟੀਆਂ ਬਿਮਾਰੀਆਂ ਸਦਕਾ ਵੀ ਬਹੁਤ ਦੂਰ ਸ਼ਹਿਰ ਜਾਣਾ ਪੈਂਦਾ ਹੈ। ਸ਼ਹਿਰ ਦੂਰ ਹੋਣ ਕਰਕੇ ਕਈ ਵਾਰੀ ਮਰੀਜ਼ਾਂ ਨੂੰ ਮੌਤ ਦੇ ਮੂੰਹ ਵੀ ਪੈਣਾ ਪਿਆ ਹੈ। ਪਿੰਡ ਵਿੱਚ ਇੱਕ ਦੋ ਝੋਲਾ ਛਾਪ ਡਾਕਟਰ ਹਨ ਜੋ ਮਰੀਜ਼ਾਂ ਦਾ ਇਲਾਜ ਕਰਨ ਦੀ ਥਾਂ ਪਿੰਡ ਵਿੱਚ ਨਸ਼ਿਆਂ ਦੀਆਂ ਦਵਾਈਆਂ ਵੇਚਣ ਦਾ ਧੰਦਾ ਹੀ ਕਰਦੇ ਹਨ।
ਇਸ 21ਵੀਂ ਸਦੀ ਦੇ ਭਾਰਤ ਵਿੱਚ ਮੇਰੇ ਪਿੰਡ ਦੇ ਲੋਕ ਅਜਿਹੀਆਂ ਮੁਢਲੀਆਂ ਸਹੂਲਤਾਂ ਲਈ ਵੀ ਲਾਚਾਰ ਹਨ। ਇਸ ਪਿੰਡ ਬਹੁਤ ਸਾਰੇ ਨੌਜਵਾਨ ਜਿੱਥੇ ਦੇਸ ਦੀਆਂ ਸੈਨਾਵਾਂ ਵਿੱਚ ਭਰਤੀ ਹੋ ਕੇ ਭਾਰਤ ਮਾਂ ਦੀ ਸੇਵਾ ਕਰ ਰਹੇ ਹਨ ਉੱਥੇ ਇਸ ਪਿੰਡ ਦੇ ਕਿਸਾਨ ਵੀ ਆਪਣਾ ਖ਼ੂਨ ਪਸੀਨਾ ਇੱਕ ਕਰ ਕੇ ਦੇਸ ਦੀ ਖ਼ੁਸ਼ਹਾਲੀ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ।
ਮੇਰੀ ਆਪ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਆਪ ਇਸ ਪਿੰਡ ਵਿੱਚ ਦੌਰੇ 'ਤੇ ਆਓ। ਜੇ ਇਹ ਸੰਭਵ ਨਹੀਂ ਤਾਂ ਸੰਬੰਧਤ ਅਧਿਕਾਰੀਆਂ ਨੂੰ ਇਹ ਜ਼ਿੰਮੇਵਾਰੀ ਸੌਂਪ ਕੇ ਮੇਰੇ ਪਿੰਡ ਵਿੱਚ ਡਿਸਪੈਂਸਰੀ ਜ਼ਰੂਰ ਖੋਲ੍ਹੀ ਜਾਵੇ। ਪਿੰਡ ਦੀ ਪੰਚਾਇਤ ਨੇ ਪਹਿਲਾਂ ਵੀ ਇਸ ਸੰਬੰਧੀ ਮਤਾ ਪਾ ਕੇ ਸਰਕਾਰ ਨੂੰ ਭੇਜਿਆ ਸੀ ਜਿਸ ਵਿੱਚ ਡਿਸਪੈਂਸਰੀ ਲਈ ਇਮਾਰਤ ਪੰਚਾਇਤ ਵੱਲੋਂ ਸੁਣਾ ਕੇ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਸਰਕਾਰ ਵੱਲੋਂ ਇਸ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਹੁਣ ਜਦੋਂ ਦਾ ਤੁਹਾਡੇ ਕੋਲ ਇਹ ਵਿਭਾਗ ਆਇਆ ਹੈ ਤੇ ਜਿਸ ਲਗਨ ਨਾਲ ਤੁਸੀਂ ਇਸ ਪਾਸੇ ਧਿਆਨ ਦੇ ਰਹੇ ਹੋ ਉਦੋਂ ਤੋਂ ਮੈਨੂੰ ਆਸ ਬੱਝੀ ਹੈ ਕਿ ਤੁਸੀਂ ਅਜਿਹੇ ਛੋਟੇ ਪਿੰਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇਵੋਗੇ ਤੇ ਸਾਡੀ ਮੰਗ ਪੂਰੀ ਕਰੋਗੇ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸ ਪਾਤਰ,
ੳ, ਅ, ੲ
0 Comments