Anpadhta Ek Shrap Hai "ਅਨਪੜ੍ਹਤਾ ਇੱਕ ਸਰਾਪ ਹੈ " Punjabi Essay, Paragraph for Class 8, 9, 10, 11 and 12 Students Examination in 1000 Words.

ਪੰਜਾਬੀ ਨਿਬੰਧ - ਅਨਪੜ੍ਹਤਾ ਇੱਕ ਸਰਾਪ ਹੈ 
Anpadhta Ek Shrap Hai



ਰੂਪ-ਰੇਖਾ

ਭੂਮਿਕਾ, ਅਨਪੜ੍ਹਤਾ ਦੇ ਨੁਕਸਾਨ, ਅਨਪੜ੍ਹਤਾ ਕਿਵੇਂ ਦੂਰ ਹੋਵੇ, ਅਨਪੜ੍ਹਤਾ ਅਤੇ ਗ਼ਰੀਬੀ, ਅਜ਼ਾਦੀ ਮਿਲਣ ਸਮੇਂ ਦੀ ਅਵਸਥਾ, ਵਿੱਦਿਆ ਦੇ ਪਸਾਰ ਲਈ ਕੀਤੇ ਗਏ ਯਤਨ, ਬਾਲਗ ਵਿੱਦਿਆ, ਸਾਰੰਸ਼।


ਭੂਮਿਕਾ

ਭਾਰਤ ਇੱਕ ਵਿਸ਼ਾਲ ਦੇਸ ਹੈ। ਅਬਾਦੀ ਦੇ ਲਿਹਾਜ਼ ਨਾਲ ਇਸ ਦਾ ਵਿਸ਼ਵ ਵਿੱਚ ਦੂਸਰਾ ਸਥਾਨ ਹੈ। ਭਾਰਤ ਵਿਕਾਸਸ਼ੀਲ ਦੇਸ਼ ਹੈ। ਇਸ ਨੇ ਬਹੁਤ ਸਾਰੇ ਖੇਤਰਾਂ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ ਤਾਂ ਵੀ ਇੱਥੇ ਗ਼ਰੀਬੀ ਦੇ ਨਾਲ-ਨਾਲ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਤੇ ਵਧਦੀ ਹੋਈ ਜਨਸੰਖਿਆ ਵਰਗੀਆਂ ਸਮੱਸਿਆਵਾਂ ਮੌਜੂਦ ਹਨ। ਅਜਿਹੀਆਂ ਸਮੱਸਿਆਵਾਂ ਵਿੱਚੋਂ ਇੱਕ ਸਮੱਸਿਆ ਅਨਪੜ੍ਹਤਾ ਹੈ ਜੋ ਬਾਕੀ ਸਾਰੀਆਂ ਸਮੱਸਿਆਵਾਂ ਦੀ ਜਨਨੀ ਹੈ। ਇਹ ਸਾਡੀ ਕੌਮ ਲਈ ਇੱਕ ਸਰਾਪ ਹੈ। ਸਾਡੇ ਦੇਸ ਵਿੱਚ ਲਗਪਗ 40% ਲੋਕ ਪੜ੍ਹਨਾ-ਲਿਖਣਾ ਨਹੀਂ ਜਾਣਦੇ। ਸੋ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅਜਿਹੇ ਲੋਕ ਦੇਸ ਦੀ ਤਰੱਕੀ ਵਿੱਚ ਕੀ ਯੋਗਦਾਨ ਦੇ ਸਕਦੇ ਹਨ।ਜਦੋਂ ਭਾਰਤ ਅਜ਼ਾਦ ਹੋਇਆ ਤਾਂ ਉਦੋਂ ਬਹੁਗਿਣਤੀ ਵਿੱਚ ਲੋਕ ਅਨਪੜ੍ਹ ਸਨ। ਇਸਤਰੀਆਂ ਤਾਂ ਵੱਡੇ ਪੱਧਰ 'ਤੇ ਵਿੱਦਿਆ ਪ੍ਰਾਪਤੀ ਤੋਂ ਦੂਰ ਸਨ।ਆਮ ਵਿਅਕਤੀ ਘੱਟ ਹੀ ਪੜ੍ਹੇ-ਲਿਖੇ ਸਨ। ਕੁਝ ਖ਼ਾਸ ਵਰਗ ਦੇ ਵਿਅਕਤੀ ਹੀ ਪੜ੍ਹੇ ਹੁੰਦੇ ਸਨ ਪਰ ਹੌਲੀ-ਹੌਲੀ ਇਸ ਪਾਸੇ ਸਰਕਾਰ ਨੇ ਉਚੇਚਾ ਧਿਆਨ ਵੀ ਦੇਣਾ ਅਰੰਭ ਕੀਤਾ ਹੈ।


ਅਨਪੜ੍ਹਤਾ ਦੇ ਨੁਕਸਾਨ

ਅਨਪੜ੍ਹਤਾ ਅਜਾਦ ਭਾਰਤ ਲਈ ਇੱਕ ਸਰਾਪ ਹੈ। ਅਨਪੜ੍ਹ ਆਦਮੀ ਨਾ ਤਾਂ ਚੰਗੇ ਨਾਗਰਿਕ ਦੇ ਕਰਤੱਵਾਂ ਦੀ ਠੀਕ ਪਾਲਣਾ ਕਰ ਸਕਦਾ ਹੈ ਤੇ ਨਾ ਹੀ ਆਪਣੇ ਫ਼ਰਜ਼ਾਂ ਦੀ ਚੰਗੀ ਤਰ੍ਹਾਂ ਪਛਾਣ ਕਰ ਸਕਦਾ ਹੈ । ਉਹ ਅੰਧ- ਵਿਸ਼ਵਾਸੀ, ਲਕੀਰ ਦਾ ਫ਼ਕੀਰ ਤੇ ਲਾਈਲੱਗ ਹੁੰਦਾ ਹੈ। ਉਹ ਆਪਣੀ ਅਵਿਕਸਿਤ ਬੁੱਧੀ ਕਾਰਨ ਛੂਤ-ਛਾਤ, ਜਾਤ-ਪਾਤ, ਫਿਰਕੂਪੁਣੇ ਤੇ ਪ੍ਰਾਂਤਵਾਦ ਦਾ ਸ਼ਿਕਾਰ ਹੁੰਦਾ ਹੈ।ਉਹ ਨਾ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਠੀਕ ਤਰ੍ਹਾਂ ਸਮਝ ਸਕਦਾ ਹੈ ਤੇ ਨਾ ਹੀ ਉਸ ਦੇ ਕਲਿਆਣ ਵਿੱਚ ਕੋਈ ਠੋਸ ਯੋਗਦਾਨ ਪਾ ਸਕਦਾ ਹੈ।ਉਹ ਵਹਿਮਾਂ-ਭਰਮਾਂ ਵਿੱਚ ਗ੍ਰਸਿਆ ਹੋਇਆ, ਜਾਦੂ-ਟੂਣਿਆਂ ਤੇ ਝਾੜ- ਫੂਕ ਵਿੱਚ ਵਿਸ਼ਵਾਸ ਕਰਨ ਵਾਲਾ ਹੁੰਦਾ ਹੈ।ਉਹ ਦੇਸ ਦੀਆਂ ਮਹੱਤਵਪੂਰਨ ਸਮੱਸਿਆਵਾਂ ਨੂੰ ਹੱਲ ਕਰਨ ਤੇ ਵਿਕਾਸ-ਕਾਰਜਾਂ ਵਿੱਚ ਵੀ ਯੋਗ ਹਿੱਸਾ ਨਹੀਂ ਪਾ ਸਕਦਾ, ਸਗੋਂ ਉਹ ਪਿਛਾਂਹ-ਖਿੱਚੂ ਤੇ ਅਵਿਗਿਆਨਕ ਸੂਝ ਵਾਲਾ ਹੁੰਦਾ ਹੈ।


ਅਨਪੜ੍ਹਤਾ ਅਤੇ ਗ਼ਰੀਬੀ

ਵਰਤਮਾਨ ਸਮੇਂ ਵਿੱਚ ਇੱਕ ਅਨਪੜ੍ਹ ਆਦਮੀ ਆਮ ਕਰਕੇ ਗ਼ਰੀਬੀ ਹੀ ਭੋਗਦਾ ਹੈ ਕਿਉਂਕਿ ਉਨ੍ਹਾਂ ਤਰੀਕਿਆਂ ਬਾਰੇ ਨਾ ਸੋਚ ਸਕਦਾ ਹੈ ਤੇ ਨਾ ਹੀ ਉਨ੍ਹਾਂ ਉੱਤੇ ਅਮਲ ਕਰ ਸਕਦਾ ਹੈ, ਜਿਨ੍ਹਾਂ ਨਾਲ ਉਹ ਆਪਣੀ ਆਮਦਨ ਵਿੱਚ ਵਾਧਾ ਕਰ ਸਕੇ। ਇੱਕ ਅਨਪੜ੍ਹ ਕਿਸਾਨ ਆਪਣੀ ਉਪਜ ਨੂੰ ਵਧਾਉਣ ਲਈ ਨਵੀਆਂ ਤਕਨੀਕਾਂ ਨੂੰ ਸਮਝਣ ਤੋਂ ਅਸਮਰਥ ਹੁੰਦਾ ਹੈ। ਅਨਪੜ੍ਹਤਾ ਹੀ ਮਨੁੱਖ ਨੂੰ ਲੋਕ-ਰਾਜ ਵਿੱਚ ਸਾਰਥਕ ਭੂਮਿਕਾ ਅਦਾ ਨਹੀਂ ਕਰਨ ਦਿੰਦੀ ਤੇ ਮਨੁੱਖ ਗ਼ੈਰ-ਸਮਾਜੀ ਤੇ ਚੁਸਤ ਚਲਾਕ ਅਨਸਰਾਂ ਦੇ ਹੱਥਾਂ ਵਿੱਚ ਖੇਡਣ ਜੋਗਾ ਰਹਿ ਜਾਂਦਾ ਹੈ। ਮੁੱਕਦੀ ਗੱਲ ਇਹ ਹੈ ਕਿ ਅਨਪੜ੍ਹਤਾ ਆਦਮੀ ਦੇ ਸਰੀਰਕ, ਮਾਨਸਕ ਤੇ ਨੈਤਿਕ ਵਿਕਾਸ ਵਿੱਚ ਰੁਕਾਵਟ ਪੈਦਾ ਕਰਦੀ ਹੈ।ਇਸੇ ਕਾਰਨ ਹੀ ਅਨਪੜ੍ਹਤਾ ਨੂੰ ਬਾਕੀ ਦੂਸਰੀਆਂ ਸਮੱਸਿਆਵਾਂ ਦੀ ਜੜ੍ਹ ਮੰਨਿਆ ਜਾਂਦਾ ਹੈ। ਭਾਰਤ ਦੇ ਪ੍ਰਸਿੱਧ ਅਰਥ-ਸ਼ਾਸਤਰੀ ਤੇ ਨੋਬਲ ਪੁਰਸਕਾਰ ਵਿਜੇਤਾ ਅਮਰਤਿਆ ਸੇਨ ਨੇ ਇੱਕ ਵਾਰੀ ਕਿਹਾ ਸੀ ਕਿ ਭਾਰਤੀਆਂ ਨੂੰ ਪੜ੍ਹਾ ਦੇਵੋ ਬਾਕੀ ਛੋਟੀਆਂ ਮੋਟੀਆਂ ਸਮੱਸਿਆਵਾਂ ਆਪੇ ਹੱਲ ਹੋ ਜਾਣਗੀਆਂ।ਇਸ ਲਈ ਉਨ੍ਹਾਂ ਨੇ ਮੁਢਲੀ ਵਿੱਦਿਆ ਉੱਪਰ ਵਧੇਰੇ ਧਿਆਨ ਦੇਣ ਲਈ ਕਿਹਾ ਹੈ।


ਅਜ਼ਾਦੀ ਮਿਲਣ ਸਮੇਂ ਵੀ ਅਵਸਥਾ

ਸਾਡੇ ਦੇਸ ਦੇ ਅਜ਼ਾਦ ਹੋਣ ਸਮੇਂ ਇਹ ਸਮੱਸਿਆ ਬੜੀ ਗੰਭੀਰ ਸੀ। ਸਮਾਜ ਦੇ ਇਸਤਰੀ ਵਰਗ ਨੂੰ ਆਮ ਕਰਕੇ ਵਿੱਦਿਆ ਤੋਂ ਵਾਂਝਾ ਹੀ ਰੱਖਿਆ ਜਾਂਦਾ ਸੀ। ਬਾਲਗ਼ ਤੇ ਬਾਲਕ ਆਮ ਕਰਕੇ ਅਨਪੜ੍ਹ ਹੀ ਹੁੰਦੇ ਸਨ।ਬਹੁਤ ਘੱਟ ਲੋਕ ਅਜਿਹੇ ਹੁੰਦੇ ਸਨ, ਜਿਨ੍ਹਾਂ ਨੇ ਉਚੇਰੀ ਵਿੱਦਿਆ ਪ੍ਰਾਪਤ ਕੀਤੀ ਹੋਵੇ। ਬਹੁਤਿਆਂ ਨੂੰ ਤਾਂ ਆਪਣੇ ਦਸਖ਼ਤ ਕਰਨੇ ਵੀ ਨਹੀਂ ਸਨ ਆਉਂਦੇ। ਇਸ ਤਰ੍ਹਾਂ ਅੰਗਰੇਜ਼ ਸਰਕਾਰ ਨੇ ਇੱਕ ਵਿਸ਼ੇਸ਼ ਨੀਤੀ ਅਧੀਨ ਭਾਰਤੀ ਨੂੰ ਵਿੱਦਿਆ ਤੇ ਖ਼ਾਸ ਕਰਕੇ ਚੰਗੇਰੀ ਵਿੱਦਿਆ ਤੋਂ ਦੂਰ ਹੀ ਰੱਖਿਆ।


ਵਿੱਦਿਆ ਦੇ ਪਸਾਰ ਲਈ ਕੀਤੇ ਗਏ ਯਤਨ

ਅਜ਼ਾਦ ਭਾਰਤ ਦੀ ਸਰਕਾਰ ਨੇ ਦੇਸ ਵਿੱਚ ਵਿੱਦਿਆ ਦੇ ਪਸਾਰ ਲਈ ਯੋਗ ਕਦਮ ਉਠਾਏ ਹਨ। ਸੰਵਿਧਾਨ ਅਨੁਸਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਇਹ ਪ੍ਰਾਇਮਰੀ ਵਿੱਦਿਆ ਨੂੰ ਮੁਫ਼ਤ ਤੇ ਲਾਜ਼ਮੀ ਬਣਾਏ। ਬਹੁਤ ਸਾਰੇ ਪ੍ਰਦੇਸਾਂ ਦੀਆਂ ਸਰਕਾਰਾਂ ਨੇ ਹਰ ਪਿੰਡ ਵਿੱਚ ਇੱਕ-ਇੱਕ ਪ੍ਰਾਇਮਰੀ ਸਕੂਲ ਖੋਲ੍ਹ ਦਿੱਤਾ ਹੈ ਹਰ ਬਾਲਕ ਦਾ ਉਸ ਵਿੱਚ ਮੁਢਲੀ ਵਿੱਦਿਆ ਪ੍ਰਾਪਤ ਕਰਨਾ ਲਾਜ਼ਮੀ ਬਣਾ ਦਿੱਤਾ ਹੈ। ਪੰਜਾਬ ਵਿੱਚ ਕੋਈ ਪਿੰਡ ਹੀ ਅਜਿਹਾ ਹੋਵੇਗਾ ਜਿੱਥੋਂ ਦੇ ਬਾਲਕ ਸਕੂਲ ਵਿੱਚ ਪੜ੍ਹਨ ਨਾ ਜਾਂਦੇ ਹੋਣ। ਹਾਂ ਦੇਸ ਵਿੱਚ ਕੁਝ ਅਜਿਹੇ ਦੂਰ-ਦੁਰਾਡੇ ਸਥਿਤ ਪਿੰਡ ਜ਼ਰੂਰ ਹਨ, ਜਿੱਥੇ ਅਜੇ ਤੱਕ ਅਜਿਹਾ ਪ੍ਰਬੰਧ ਨਹੀਂ ਪਰ ਅਜੇ ਵੀ ਪੰਜਾਬ ਵਿੱਚ ਵਿੱਦਿਆ ਦੀ ਦਰ 82% ਹੀ ਹੈ। ਅਜੋਕੇ ਦੌਰ ਵਿੱਚ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਵੱਲੋਂ ਮੁਢਲੀ ਪੜ੍ਹਾਈ ਲਈ ਬਹੁਤ ਹੀ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਗ਼ਰੀਬ ਲੋਕਾਂ ਤੇ ਲੜਕੀਆਂ ਨੂੰ ਮੁਫ਼ਤ ਵਿੱਦਿਆ ਦੇ ਨਾਲ-ਨਾਲ ਸਕੂਲਾਂ ਵਿੱਚ ਦੁਪਹਿਰ ਦਾ ਖਾਣਾ ਵੀ ਮੁਫ਼ਤ ਦਿੱਤਾ ਜਾ ਰਿਹਾ ਹੈ। ਅਜਿਹੀਆਂ ਯੋਜਨਾਵਾਂ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ।


ਬਾਲਗ਼ ਵਿੱਦਿਆ

ਭਾਰਤ ਵਿੱਚ ਸਭ ਤੋਂ ਵੱਡੀ ਸਮੱਸਿਆ ਅਨਪੜ੍ਹ ਬਾਲਗ਼ਾਂ ਦੀ ਹੈ। ਸਰਕਾਰ ਨੇ ਉਨ੍ਹਾਂ ਲਈ ਬਾਲਗ਼ ਵਿੱਦਿਆ ਪ੍ਰੋਗਰਾਮ ਅਧੀਨ ਸਕੀਮਾਂ ਚਲਾਈਆਂ ਹਨ। ਨਹਿਰੂ ਯੁਵਕ ਕੇਂਦਰ, ਯੁਵਕ ਭਲਾਈ ਕੇਂਦਰ ਅਤੇ ਐੱਨ. ਐੱਸ. ਐੱਸ. ਦੇ ਰਾਹੀਂ ਸਰਕਾਰ ਨੇ ਬਾਲਗਾਂ ਨੂੰ ਪੜ੍ਹਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੈ। ਬਹੁਤ ਸਾਰੇ ਅਨਪੜ੍ਹ ਬਾਲਗ਼ਾਂ ਨੇ ਇਨ੍ਹਾਂ ਕੇਂਦਰਾਂ ਤੋਂ ਲਾਭ ਉਠਾਇਆ ਹੈ। ਪਰੰਤੂ ਫਿਰ ਵੀ ਇਹ ਅਦਾਰੇ ਫੰਡਾਂ ਦੀ ਕਮੀ ਤੇ ਢਿੱਲੀਆਂ ਮਿੱਠੀਆਂ ਸਰਕਾਰੀ ਨੀਤੀਆਂ ਕਾਰਨ ਭਾਵੇਂ ਬਹੁਤੇ ਸਫਲ ਨਹੀਂ ਹੋ ਸਕੇ ਪਰ ਤਾਂ ਵੀ ਅਜਿਹੀਆਂ ਯੋਜਨਾਵਾਂ ਕੁਝ ਹੱਦ ਤੱਕ ਆਪਣੇ ਉਦੇਸ਼ ਵਿੱਚ ਸਫਲ ਰਹੀਆਂ ਹਨ।


ਅਨਪੜ੍ਹਤਾ ਕਿਵੇਂ ਦੂਰ ਹੋਵੇ

ਸਰਕਾਰ ਨੂੰ ਦੇਸ ਵਿੱਚ ਅਨਪੜ੍ਹਤਾ ਨੂੰ ਖ਼ਤਮ ਕਰਨ ਲਈ ਬਹੁਤ ਸਾਰੇ ਕਦਮ ਵਧੇਰੇ ਸੰਜੀਦਗੀ ਨਾਲ ਉਠਾਉਣੇ ਚਾਹੀਦੇ ਹਨ। ਇਸ ਸੰਬੰਧ ਵਿੱਚ ਦੇਸ ਵਿੱਚ ਸਕੂਲਾਂ ਅਤੇ ਕਾਲਜਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਦਸਵੀਂ ਤੱਕ ਵਿੱਦਿਆ ਲਾਜ਼ਮੀ ਤੇ ਬਿਲਕੁਲ ਮੁਫ਼ਤ ਹੋਣੀ ਚਾਹੀਦੀ ਹੈ। ਬਾਲਗਾਂ ਦੀ ਵਿੱਦਿਆ ਲਈ ਸ਼ਾਮ ਦੇ ਸਕੂਲ ਖੋਲ੍ਹੇ ਜਾਣ ਤਾਂ ਜੋ ਉਹ ਦਿਨੇ ਆਪਣਾ ਕੰਮ-ਕਾਰ ਤੇ ਸ਼ਾਮ ਵੇਲੇ ਆਪਣੀ ਪੜ੍ਹਾਈ ਕਰ ਸਕਣ। ਇਸਤਰੀਆਂ ਦੀ ਵਿੱਦਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਕੇਵਲ ਪੜ੍ਹੀਆਂ-ਲਿਖੀਆਂ ਇਸਤਰੀਆਂ ਹੀ ਬੱਚਿਆਂ ਦੀ ਯੋਗ ਢੰਗ ਨਾਲ ਪਾਲਣਾ ਕਰ ਸਕਦੀਆਂ ਹਨ।ਇਸੇ ਲਈ ਆਖਦੇ ਹਨ ਕਿ ਜੇਕਰ ਇੱਕ ਔਰਤ ਪੜ੍ਹ ਜਾਵੇ ਤਾਂ ਸਾਰਾ ਪਰਿਵਾਰ ਹੀ ਪੜ੍ਹ ਜਾਂਦਾ ਹੈ ਤੇ ਉਨ੍ਹਾਂ ਨੂੰ ਵਿੱਦਿਆ ਪ੍ਰਾਪਤੀ ਲਈ ਪ੍ਰੇਰ ਸਕਦੀਆਂ ਹਨ। ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਵਿੱਦਿਆ ਦੇ ਪਸਾਰ ਲਈ ਕੰਮ ਕਰਨ ਵਾਲੀਆ ਸਭਾਵਾਂ ਤੇ ਕਮੇਟੀਆਂ ਦੀ ਦਿਲ ਖੋਲ੍ਹ ਕੇ ਸਹਾਇਤਾ ਕਰੇ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਇਨਾਮ ਅਤੇ ਵਜ਼ੀਫ਼ੇ ਦੇਵੇ। ਪਰ ਅਜਿਹਾ ਹੋਣ ਦੀ ਥਾਂ ਸਰਕਾਰ ਵੱਲੋਂ ਵਿੱਦਿਆ ਦੇ ਨਿੱਜੀਕਰਨ ਨੂੰ ਉਤਸ਼ਾਹ ਦੇ ਕੇ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਦਿੱਤੀ ਜਾਣ ਵਾਲੀ ਮਾਇਕ ਸਹਾਇਤਾ ਤੇ ਅਧਿਆਪਕਾਂ ਦੀ ਗਿਣਤੀ ਨੂੰ ਘਟਾਇਆ ਜਾ ਰਿਹਾ ਹੈ।ਜਿਸ ਨਾਲ ਦਿਨੋ-ਦਿਨ ਵਿੱਦਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ।


ਸਾਰੰਸ਼

ਇੰਜ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਦੇਸ ਵਿੱਚ ਅਨਪੜ੍ਹਤਾ ਇੱਕ ਗੰਭੀਰ ਸਮੱਸਿਆ ਹੈ। ਇਸ ਨੂੰ ਦੂਰ ਕੀਤੇ ਬਿਨਾਂ ਅਸੀਂ ਵਿਕਸਤ ਦੇਸਾਂ ਨਾਲ ਕਦਮ ਨਹੀਂ ਮਿਲਾ ਸਕਦੇ। ਇਸ ਕਰਕੇ ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਬੁਰਾਈ ਨੂੰ ਜੜ੍ਹਾਂ ਤੋਂ ਪੁੱਟਣ ਲਈ ਹਰ ਲੋੜੀਂਦਾ ਕਦਮ ਚੁੱਕੇ। ਇਸ ਸੰਬੰਧ ਵਿੱਚ ਸਰਕਾਰ ਨੂੰ ਬਹੁਤ ਹੀ ਲੰਬੇ ਸਮੇਂ ਦੀਆਂ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ। ਸਰਕਾਰ ਨੂੰ ਆਪਣੇ ਸਲਾਨਾ ਬਜਟ ਵਿੱਚ ਇਸ ਲਈ ਢੁਕਵੇਂ ਆਰਥਕ ਸਾਧਨਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਅਨਪੜ੍ਹਤਾ ਦੇ ਘਟਣ ਨਾਲ ਹੀ ਸਾਡੀਆਂ ਹੋਰ ਸਮਾਜਕ ਸਮੱਸਿਆਵਾਂ ਵੀ ਆਪਣੇ ਆਪ ਹੀ ਘੱਟ ਜਾਣਗੀਆਂ ਕਿਉਂਕਿ ਪੜ੍ਹਿਆ ਲਿਖਿਆ ਇਨਸਾਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਹੀ ਸੰਜੀਦਗੀ ਨਾਲ ਸਮਝਣ ਦੇ ਸਮਰੱਥ ਹੁੰਦਾ ਹੈ।


Post a Comment

0 Comments